ਕਪਾਹ ’ਤੇ ਖ਼ੂਨ ਦੇ ਛਿੱਟ (ਪੰਜਾਬੀ ਜਾਗਰਣ –– 19th March, 2023)
ਵਰਿੰਦਰ ਵਾਲੀਆ
ਰੁੱਖਾਂ ਦੀ ਬੇਤਹਾਸ਼ਾ ਕਟਾਈ ਕਾਰਨ ਪੰਜਾਬ ਦਾ ਨਿਗੂਣਾ ਜੰਗਲ ਦਿਨ-ਬ-ਦਿਨ ਸੁੰਗੜ ਰਿਹਾ ਹੈ। ਰੁੱਖ ਤੇ ਮਨੁੱਖ ਦੀ ਟੁੱਟ ਰਹੀ ਮੁੱਢ-ਕਦੀਮੀ ਸਾਂਝ ਦਾ ਹਾਸਲ ‘ਕੰਕਰੀਟ ਦੇ ਜੰਗਲ’ ਹਨ ਜੋ ਚਾਰ-ਚੁਫੇਰੇ ਖੁੰਬਾਂ ਵਾਂਗ ਉੱਗ ਰਹੇ ਹਨ। ਕੰਕਰੀਟ ਦੇ ਜੰਗਲ ’ਚ ਰਹਿਣ ਵਾਲਿਆਂ ਦੇ ਦਿਲ ਵੀ ਪੱਥਰ ਵਰਗੇ ਹੋ ਗਏ ਜਾਪਦੇ ਹਨ। ਅਜਿਹਾ ਵਰਤਾਰਾ ਪੱਥਰ ਯੁੱਗ ਦੀ ਵਾਪਸੀ ਵਰਗਾ ਅਹਿਸਾਸ ਕਰਾਉਂਦਾ ਹੈ ਜਦੋਂ ਕਬਾਇਲੀ ਬਿਰਤੀ ਨੇ ਪੱਥਰ ਦੇ ਹਥਿਆਰ ਈਜਾਦ ਕਰ ਕੇ ਦਰਿੰਦਗੀ ਦਾ ਆਗਾਜ਼ ਕੀਤਾ ਸੀ। ਪੰਜਾਬ ਦੇ ਆਰਥਿਕ ਤੇ ਵਿੱਦਿਅਕ ਪੱਖੋਂ ਪੱਛੜੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ’ਚ ਰਾਤ ਸਮੇਂ ਪਰਿਵਾਰ ਨਾਲ ਸੈਰ ਕਰਦੇ ਛੇ ਸਾਲਾ ਬੱਚੇ ਉਦੈਵੀਰ ਸਿੰਘ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਘਟਨਾ ਨੇ ਇਨਸਾਨ ਅੰਦਰ ਉਸਲਵੱਟੇ ਲੈਂਦੇ ਹੈਵਾਨ ਨੂੰ ਇਕ ਵਾਰ ਫਿਰ ਜੱਗ ਜ਼ਾਹਰ ਕੀਤਾ ਹੈ।
ਉਦੈਵੀਰ ਦੀ 10 ਸਾਲਾ ਭੈਣ ਨਵਸੀਰਤ ਛਰ੍ਹੇ ਲੱਗਣ ਨਾਲ ਜ਼ਖ਼ਮੀ ਹੋ ਗਈ ਜਿਸ ਨੂੰ ਗੰਭੀਰ ਹਾਲਤ ’ਚ ਚੰਡੀਗੜ੍ਹ ਦੇ ਪੀਜੀਆਈ ’ਚ ਦਾਖ਼ਲ ਕਰਵਾ ਦਿੱਤਾ ਗਿਆ। ਜ਼ਾਲਮਾਨਾ ਤੇ ਅੱਤ ਕਾਇਰਤਾ ਵਾਲੀ ਘਟਨਾ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈ ਹੈ। ਮੰਦਭਾਗੀ ਘਟਨਾ ਵੇਲੇ ਮਿ੍ਰਤਕ ਆਪਣੇ ਪਿਤਾ ਅਤੇ ਭੈਣ ਦੀਆਂ ਉਂਗਲਾਂ ਫੜ ਕੇ ਦੁੜੰਗੇ ਮਾਰਦਾ ਤੁਰਿਆ ਜਾ ਰਿਹਾ ਸੀ ਕਿ ਬੁਲੇਟ ’ਤੇ ਸਵਾਰ ਦੋ ਨੌਜਵਾਨਾਂ ਨੇ ਪਿੱਛੋਂ ਆ ਕੇ ਉਨ੍ਹਾਂ ’ਤੇ ਫਾਇਰ ਖੋਲ੍ਹ ਦਿੱਤੇ। ਮਨਹੂਸ ਘਟਨਾ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤਾਂ ਪੱਥਰ ਦਿਲ ਵੀ ਪਿਘਲ ਗਏ। ਹਰ ਕਿਸੇ ਦੀਆਂ ਅੱਖਾਂ ’ਚੋਂ ਆਪ-ਮੁਹਾਰੇ ਹੰਝੂ ਵਹਿ ਤੁਰੇ। ਪੱਥਰ ਦਿਲ ਹਤਿਆਰਿਆਂ ਨੇ ਕਿਸੇ ਹੱਸਦੇ-ਵੱਸਦੇ ਘਰ ਦਾ ਚਿਰਾਗ਼ ਬੁਝਾਉਣ ਲੱਗਿਆ ਭੋਰਾ ਨਾ ਸੋਚਿਆ। ਮਾਨਸਾ ਓਹੀ ਜ਼ਿਲ੍ਹਾ ਹੈ ਜਿੱਥੇ ਮਕਬੂਲ ਗੀਤਕਾਰ, ਗਾਇਕ ਤੇ ਅਦਾਕਾਰ ਸ਼ੁਭਦੀਪ ਸਿੰਘ ਮੂਸੇਵਾਲਾ (11 ਜੂਨ 1993- 29 ਮਈ 2022) ਦਾ ਪਿਛਲੇ ਵਰ੍ਹੇ ਚਿੱਟੇ ਦਿਨ ਗੋਲ਼ੀਆਂ ਮਾਰ ਕੇ ਸਨਸਨੀਖੇਜ਼ ਕਤਲ ਹੋਇਆ ਸੀ। ਸਿੱਧੂ ਮੂਸੇਵਾਲ ਦੀ ਪਹਿਲੀ ਬਰਸੀ ਤੋਂ ਪਹਿਲਾਂ ਕਿਸੇ ਨੰਨ੍ਹੀ ਜਾਨ ਦੀ ਅਲਖ ਮੁਕਾਉਣ ਵਾਲੀ ਘਟਨਾ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਬੱਚੇ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਕਤਲ ਪਿੱਛੇ ਕੋਟਲੀ ਕਲਾਂ ਦੇ ਹੀ ਕੁਝ ਮੁਸ਼ਟੰਡੇ ਸ਼ਾਮਲ ਹਨ। ਕਾਤਲਾਂ ਨੇ ਜਦੋਂ ਪਿੰਡ ਦੀ ਹੀ ਨਾਬਾਲਗ ਧੀ-ਭੈਣ ਨਾਲ ਛੇੜਛਾੜ ਕੀਤੀ ਤਾਂ ਮਿ੍ਰਤਕ ਦੇ ਪਿਤਾ ਨੇ ਉਨ੍ਹਾਂ ਨੂੰ ਮੰਦਾ-ਚੰਗਾ ਬੋਲਿਆ ਸੀ ਜਿਸ ਦਾ ਬਦਲਾ ਲੈਣ ਲਈ ਉਨ੍ਹਾਂ ਨੇ ਅੱਤ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਸੀ। ਮਾਨਸਾ, ਦਰਅਸਲ 13 ਅਪ੍ਰੈਲ 1992 ਨੂੰ ਮਾਲਵੇ ਦਾ ਦਿਲ ਕਹੇ ਜਾਣ ਵਾਲੇ ਬਠਿੰਡਾ ਜ਼ਿਲ੍ਹੇ ’ਚੋਂ ਵੱਖ ਕਰ ਕੇ ਵੱਖਰਾ ਜ਼ਿਲ੍ਹਾ ਬਣਾਇਆ ਗਿਆ ਸੀ। ਇਕ ਉਹ ਸਮਾਂ ਸੀ ਜਦੋਂ ਕੋਈ ਅਫ਼ਸਰ ਜਾਂ ਮੁਲਾਜ਼ਮ ਬਠਿੰਡਾ ਤੇ ਮਾਨਸਾ ਵਿਚ ਬਦਲੀ ਕੀਤੇ ਜਾਣ ਨੂੰ ‘ਕਾਲੇ ਪਾਣੀ’ ਦੀ ਸਜ਼ਾ ਵਾਂਗ ਲੈਂਦਾ ਸੀ। ਸਾਖਰਤਾ ਦਰ ਵਿਚ ਵੀ ਅਣਵੰਡਿਆ ਬਠਿੰਡਾ ਜ਼ਿਲ੍ਹਾ ਸੂਬੇ ਦੇ ਆਖ਼ਰੀ ਪੌਡੇ ’ਤੇ ਹੁੰਦਾ ਸੀ। ਉਸ ਸਮੇਂ ਗਿਆਨੀ ਤੋਂ ਬਾਅਦ ਗ੍ਰੈਜੂਏਸ਼ਨ ਕਰਨ ਲਈ ਕੁਝ ਵਿਸ਼ਿਆਂ ਦੀ ਛੋਟ ਨੂੰ ‘ਬੀਏ ਬਰਾਸਤਾ ਬਠਿੰਡਾ’ ਦਾ ਲਕਬ ਦਿੱਤਾ ਜਾਂਦਾ ਸੀ। ਅਜਿਹਾ ਕੋਝਾ ਮਜ਼ਾਕ ਉਡਾਉਣ ਵਾਲੇ ਮਾਨਸਾ ਅਤੇ ਬਠਿੰਡਾ ਦੇ ਅਮੀਰ ਵਿਰਸੇ ਨੂੰ ਭੁੱਲ ਜਾਂਦੇ ਸਨ। ਇਸ ਖਿੱਤੇ ਦੇ ਲੋਕਾਂ ਨੇ ਦੇਸ਼ ਵਾਸੀਆਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਖ਼ਾਤਰ ਤੀਹਰੀ ਲੜਾਈ ਲੜੀ ਸੀ। ਆਜ਼ਾਦੀ ਸੰਗਰਾਮ ਤੋਂ ਇਲਾਵਾ ਬਠਿੰਡਾ, ਖ਼ਾਸ ਤੌਰ ’ਤੇ ਮਾਨਸਾ ਵਾਸੀਆਂ ਨੇ ਰਜਵਾੜਾਸ਼ਾਹੀ ਅਤੇ ਵਿਸਵੇਦਾਰੀ ਖ਼ਿਲਾਫ਼ ਲਹੂ-ਵੀਟਵੀਂ ਜੰਗ ਲੜੀ ਸੀ ਜਿਸ ਕਾਰਨ ਸਮੇਂ ਦੇ ਹਾਕਮਾਂ ਨੇ ਇਸ ਜ਼ਿਲ੍ਹੇ ਦੇ ਵਿਕਾਸ ਲਈ ਕੋਈ ਤਰੱਦਦ ਨਾ ਕੀਤਾ। ਮੁਜ਼ਾਰਾ ਲਹਿਰ ਨੇ ਵੀ ਸਮੇਂ ਦੇ ਹਾਕਮਾਂ ਦੀ ਨੀਂਦ ਉਡਾਈ ਰੱਖੀ ਸੀ। ਖਿਝੇ ਹੋਏ ਹਾਕਮਾਂ ਨੇ ਲੰਬਾ ਸਮਾਂ ਮਾਨਸੇ ਵਿਚ ਉੱਚ ਵਿੱਦਿਆ ਦੇਣ ਲਈ ਅਦਾਰੇ ਹੀ ਨਾ ਖੋਲ੍ਹੇ। ਸਮੇਂ ਨੇ ਕਰਵਟ ਬਦਲੀ। ਉਹ ਦਿਨ ਵੀ ਆਏ ਜਦੋਂ ਸਾਂਝੇ ਬਠਿੰਡੇ ਨੂੰ ਹਾਈ ਕੋਰਟ ਵਿਚ ਸਭ ਤੋਂ ਵੱਧ ਜੱਜ ਦੇਣ ਵਾਲਾ ਜ਼ਿਲ੍ਹਾ ਹੋਣ ਦਾ ਮਾਣ ਮਿਲਿਆ। ਇਸ ਧਰਤੀ ਦੇ ਜਾਇਆਂ ਨੇ ਬਾਲੀਵੁੱਡ ਗਾਇਕੀ, ਸਾਹਿਤ ਤੇ ਵਿੱਦਿਆ ਦੇ ਖੇਤਰਾਂ ਵਿਚ ਮਾਲਵੇ ਦਾ ਨਾਂ ਦੁਨੀਆ ਭਰ ਵਿਚ ਰੋਸ਼ਨ ਕੀਤਾ। ਉਹ ਸੁਨਹਿਰੀ ਦਿਨ ਵੀ ਆਏ ਜਦੋਂ ‘ਬਰਾਸਤਾ ਬਠਿੰਡਾ’ ਅਣਗਿਣਤ ਹੋਣਹਾਰ ਬੱਚਿਆਂ ਨੇ ਸਿਵਲ ਸਰਵਿਸਿਜ਼, ਆਈਆਈਟੀ, ਆਲ ਇੰਡੀਆ ਮੈਡੀਕਲ ਸਾਇੰਸਿਜ਼ ਤੋਂ ਇਲਾਵਾ ਦੇਸ਼-ਵਿਦੇਸ਼ ਵਿਚ ਉੱਚ ਪਦਵੀਆਂ ਹਾਸਲ ਕੀਤੀਆਂ। ‘ਕੱਕੀ ਰੇਤਾ’ ਜਾਂ ‘ਟਿੱਬਿਆਂ ਦਾ ਦੇਸ’ ਵਿਚ ਹਰ ਪਾਸੇ ਹੁਣ ਹਰਿਆਵਲ ਸੈਨਤਾਂ ਮਾਰਦੀ ਹੈ। ਮਾਲਵੇ ਦੇ ਇਸ ਖਿੱਤੇ ਵਿਚ ਜਦੋਂ ਕਪਾਹ ਖਿੜਦੀ ਹੈ ਤਾਂ ਹਰ ਕੋਈ ਬਾਗ਼ੋ-ਬਾਗ਼ ਹੋ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦਾ ਮੁਖੜਾ, ‘ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ, ਸਾਨੂੰ ਉਹ ਰੁੱਤ ਲੈ ਦਈਂ ਮੁੱਲ ਵੇ ਧਰਮੀਂ ਬਾਬਲਾ’ ਮਾਲਵੇ ਦੀ ਜਰਖ਼ੇਜ਼ ਧਰਤੀ ਨੂੰ ਸਿਜਦਾ ਕਰਦਾ ਪ੍ਰਤੀਤ ਹੁੰਦਾ ਹੈ। ਅੱਜਕੱਲ੍ਹ ਕਪਾਹ ਦੇ ਫੁੱਲਾਂ ’ਤੇ ਖ਼ੂਨ ਦੇ ਪੈ ਰਹੇ ਛੱਟੇ ਕਾਲਜੇ ਨੂੰ ਧੂਹ ਪਾਉਂਦੇ ਹਨ। ਛੇ ਸਾਲ ਦੇ ਬੱਚੇ ਦਾ ਕਤਲ ਹੋਣਾ ਪੰਜਾਬ ਦੇ ਅਮੀਰ ਸੱਭਿਆਚਾਰ ਨੂੰ ਪਲੀਤ ਕਰਨ ਵਾਲਾ ਹੈ। ਇਸ ਬੱਚੇ ਨੇ ਤਾਂ ਬਾਪੂ ਦੇ ਕੰਧਾੜੇ ਚੜ੍ਹ ਕੇ ਅਜੇ ਭਾਈ ਗੁਰਦਾਸ ਜੀ ਦੇ ਮੇਲੇ ਨੂੰ ਵੇਖਣਾ ਸੀ ਜਿੱਥੇ ਮਾਲਵੇ ਦੇ ਲੋਕ ਹਰ ਸਾਲ ਹੁੰਮ-ਹੁਮਾ ਕੇ ਪੁੱਜਦੇ ਸਨ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਜਾਂ ਉਨ੍ਹਾਂ ਦੇ ਗੁਰਗੇ ਕਈ ਨਿਰਆਧਾਰ ਤਰਕ ਦੇ ਸਕਦੇ ਹਨ ਪਰ ਇਕ ਤੋਤਲੀ ਜ਼ੁਬਾਨ ਵਾਲੇ ਬੱਚੇ ਦੇ ਖ਼ੂਨ ਨਾਲ ਹੱਥ ਰੰਗਣ ਵਾਲੇ ਕੀ ਕਹਿਣਗੇ? ਕੋਈ ਵੀ ਪੰਜਾਬੀ ਇਨ੍ਹਾਂ ਕਤਲਾਂ ਨੂੰ ਕਤਈ ਜਾਇਜ਼ ਨਹੀਂ ਠਹਿਰਾ ਸਕਦਾ। ਪੰਜਾਬ ਨੇ ਤਾਂ ਦੁੱਲਾ ਭੱਟੀ, ਜਿਊਣਾ ਮੌੜ ਅਤੇ ਜੱਗਾ ਡਾਕੂ ਵਰਗੇ ਇਖ਼ਲਾਕੀ ਨਾਇਕਾਂ ਨੂੰ ਜਨਮ ਦਿੱਤਾ ਹੈ ਜਿਹੜੇ ਗ਼ਰੀਬ-ਗਊ ਦੀ ਰੱਖਿਆ ਲਈ ਆਪਣੀਆਂ ਜਾਨਾਂ ਤਕ ਨਿਛਾਵਰ ਕਰਨ ਨੂੰ ਤਿਆਰ ਹੁੰਦੇ ਸਨ। ਸਮੇਂ ਦੇ ਹਾਕਮਾਂ ਦੀਆਂ ਨਜ਼ਰਾਂ ਵਿਚ ਡਾਕੂ ਜਾਂ ਖਲਨਾਇਕ ਹੋਣ ਦੇ ਬਾਵਜੂਦ ਉਹ ਲੋਕਾਂ ਦੇ ਨਾਇਕ ਸਨ। ਉਹ ਅਮੀਰਾਂ ਨੂੰ ਲੁੱਟਦੇ ਤੇ ਗ਼ਰੀਬ-ਗੁਰਬਿਆਂ ਤੇ ਲੋੜਵੰਦਾਂ ਦੀਆਂ ਝੋਲੀਆਂ ਭਰਦੇ ਸਨ। ਉਨ੍ਹਾਂ ਵੱਲੋਂ ਚੁੱਕੇ ਗਏ ਹਥਿਆਰਾਂ ਨੇ ਕਦੇ ਕਿਸੇ ਨਿਰਦੋਸ਼ ਜਾਂ ਮਾਸੂਮ ਦਾ ਖ਼ੂਨ ਨਹੀਂ ਸੀ ਡੋਲ੍ਹਿਆ। ਪੰਜਾਬ ਸਰਕਾਰ ਨੇ ਭਾਵੇਂ ਬੰਦੂਕ ਸੱਭਿਆਚਾਰ ਖ਼ਿਲਾਫ਼ ਵੱਡੀ ਮੁਹਿੰਮ ਵਿੱਢੀ ਹੋਈ ਹੈ, ਇਸ ਦੇ ਬਾਵਜੂਦ ਖ਼ੂਨ-ਖ਼ਰਾਬਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਹਥਿਆਰ ਚੁੱਕ ਕੇ ਫੋਟੋਆਂ ਖਿਚਵਾਉਣ ਵਾਲਿਆਂ ਜਾਂ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਰ ਕਰਨ ਵਾਲਿਆਂ ਖ਼ਿਲਾਫ਼ ਭਾਵੇਂ ਪਰਚੇ ਦਰਜ ਹੋ ਰਹੇ ਹਨ, ਫਿਰ ਵੀ ਨਾਜਾਇਜ਼ ਹਥਿਆਰ ਚੁੱਕੀ ਨੌਜਵਾਨ ਥਾਂ-ਥਾਂ ਸੱਥਰ ਵਿਛਾ ਰਹੇ ਹਨ। ਹਥਿਆਰਾਂ ਦਾ ਗੁਣਗਾਨ ਕਰਨ ਵਾਲੇ ਗੀਤ ਅਜੇ ਵੀ ਨੌਜਵਾਨੀ ਨੂੰ ਭੜਕਾ ਰਹੇ ਹਨ। ਸ਼ਸਤਰ ਅਤੇ ਸ਼ਾਸਤਰ ਦੇ ਸੁਮੇਲ ਵਾਲੀ ਧਰਤੀ ਦੇ ਜਾਇਆਂ ਨੂੰ ਆਪਣੀ ਮਾਣਮੱਤੀ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਸਾਡੇ ਜਾਂਬਾਜ਼ ਯੋਧਿਆਂ ਲਈ ਜ਼ੁਲਮ ਕਰਨ ਲਈ ਹਥਿਆਰ ਚੁੱਕਣਾ ਵਰਜਿਤ ਸੀ। ਸਾਡੇ ਯੋਧੇ ਕਦੇ ਕਿਸੇ ਬੱਚੇ, ਬੁੱਢੇ, ਅਬਲਾ ਜਾਂ ਨਿਹੱਥੇ ਵਿਰੁੱਧ ਹਥਿਆਰ ਨਹੀਂ ਸਨ ਚੁੱਕਦੇ। ਪਿੱਠ ਪਿੱਛੇ ਵਾਰ ਕਰਨ ਨੂੰ ਵੱਡੀ ਕਾਇਰਤਾ ਮੰਨਿਆ ਜਾਂਦਾ ਸੀ। ਅੱਜ ਸਾਡੀ ਨੌਜਵਾਨੀ ਔਝੜੇ ਰਾਹ ਪਈ ਪ੍ਰਤੀਤ ਹੁੰਦੀ ਹੈ। ਗੈਂਗਸਟਰਾਂ ਦਾ ਪੰਜਾਬ ਵਿਚ ਬੋਲਬਾਲਾ ਹੋਣਾ ਸ਼ੁਭ ਸ਼ਗਨ ਨਹੀਂ ਹੈ। ਖ਼ੁਦ ਨੂੰ ਵਿਰਸੇ ਦਾ ਵਾਰਿਸ ਸਮਝਣ ਵਾਲੇ ਵੀ ਬਲਦੀ ’ਤੇ ਤੇਲ ਪਾਉਣ ਵਾਲੇ ਕੰਮ ਕਰ ਰਹੇ ਹਨ। ਇਹ ਲੋਕ ਪੰਜਾਬ ਵਿਚ ਸੁਲਘ ਰਹੀ ਅੱਗ ਨੂੰ ਕਿਸੇ ਵੀ ਹਾਲਤ ’ਚ ਬੁਝਣ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਨ੍ਹਾਂ ਦੀਆਂ ਰੋਟੀਆਂ ਸਿਵਿਆਂ ’ਤੇ ਹੀ ਸੇਕੀਆਂ ਜਾਂਦੀਆਂ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਜੇਲ੍ਹਾਂ ਨੂੰ ‘ਸੁਧਾਰ ਘਰ’ ਦਾ ਨਾਂ ਦਿੱਤਾ ਗਿਆ ਸੀ ਜੋ ਅੱਜ-ਕੱਲ੍ਹ ਜੰਗ ਦਾ ਅਖਾੜਾ ਬਣੇ ਹੋਏ ਹਨ। ਜੇਲ੍ਹਾਂ ਵਿਚ ਗੈਂਗਵਾਰ ਤੇ ਕਤਲੋ-ਗਾਰਤ ਹੋਰ ਵੀ ਚਿੰਤਾ ਵਾਲੀ ਬਾਤ ਹੈ। ਜੇਲ੍ਹਾਂ ’ਚੋਂ ਹੀ ਕਤਲਾਂ ਤੇ ਗੈਂਗਵਾਰ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਜੇਲ੍ਹ ਅੰਦਰ ਬੈਠਾ ਗੈਂਗਸਟਰ ਲਾਰੈਂਸ ਬਿਸ਼ਨੋਈ ਮੰਦ-ਮੰਦ ਮੁਸਕਰਾਉਂਦਾ ਹੋਇਆ ਟੀਵੀ ਚੈਨਲ ਨੂੰ ਲੰਬੀਆਂ ਇੰਟਰਵਿਊਜ਼ ਦਿੰਦਾ ਹੈ। ਇਹ ਵਰਤਾਰਾ ਹਰ ਕਿਸੇ ਨੂੰ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਹੈ। ਉਹ ਬਾਲੀਵੁੱਡ ਦੇ ਮਕਬੂਲ ਹੀਰੋ ਸਲਮਾਨ ਖ਼ਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਕਾਲੇ ਹਿਰਨ ਨੂੰ ਮਾਰਨ ਵਾਲਾ ਸੁਪਨ ਨਗਰੀ ਦਾ ਹੀਰੋ, ‘ਖ਼ਲਨਾਇਕ’ ਅਤੇ ਕੁਰਖ਼ਤ ਗੈਂਗਸਟਰ ‘ਹਾਲਾਤ ਦਾ ਪੀੜਤ’, ‘ਨਾਇਕ’ ਵਜੋਂ ਪੇਸ਼ ਹੋਵੇ ਤਾਂ ਇਸ ਦਾ ਸਮਾਜ ’ਤੇ ਨਾਂਹ-ਪੱਖੀ ਪ੍ਰਭਾਵ ਪੈਣਾ ਕੁਦਰਤੀ ਵਰਤਾਰਾ ਹੈ।