ਮੈਂ ਨਹੀਂ ਰਹਾਂਗਾ... ( ਪੰਜਾਬੀ ਜਾਗਰਣ –– 12th May, 2024)
ਵਰਿੰਦਰ ਵਾਲੀਆ
ਆਧੁਨਿਕ ਪੰਜਾਬੀ ਅਦਬ ਦਾ ਅੱਧਾ ਅੰਬਰ ਮਾਂ-ਬੋਲੀ ਦੀ ਮਾਣ-ਮੱਤੀ ਤ੍ਰੈਮੂਰਤੀ ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਤੇ ਪਾਸ਼ (ਅਵਤਾਰ ਸਿੰਘ ਸੰਧੂ) ਨੇ ਮੱਲਿਆ ਹੋਇਆ ਹੈ। ‘ਬਿਰਹਾ ਦਾ ਸੁਲਤਾਨ’ ਵਜੋਂ ਮਕਬੂਲ ਹੋਇਆ ਸ਼ਿਵ ਤੇ ਰੱਤ ’ਚੋਂ ਉੱਠੇ ਲਾਵੇ ਦਾ ਤਰਜਮਾ ਕਰਨ ਵਾਲਾ ਪਾਸ਼ ਕ੍ਰਮਵਾਰ 37 ਤੇ 38 ਸਾਲਾਂ ਦੀ ਉਮਰ ਹੰਢਾ ਕੇ ਭਰ ਜਵਾਨੀ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸ਼ਿਵ ਤੋਂ ਨੌਂ ਸਾਲ ਪਿੱਛੋਂ 14 ਜਨਵਰੀ 1945 ਨੂੰ ਕਪੂਰਥਲਾ ਨੇੜੇ ਘੁੱਗ ਵਸਦੇ ਪਿੰਡ ਪੱਤੜ ਕਲਾਂ ਵਿਚ ਪਹਿਲੀ ਕਿਲਕਾਰੀ ਮਾਰਨ ਵਾਲਾ ਪਾਤਰ 79 ਸਾਲ ਦੀ ਅਉਧ ਹੰਢਾ ਕੇ ਇਸ ਦੁਨੀਆ ਤੋਂ ਰੁਖ਼ਸਤ ਹੋਇਆ ਹੈ।
ਪਾਤਰ ਆਪਣੇ ਸਮਕਾਲੀ ਪਾਸ਼ ਤੋਂ ਪੰਜ ਸਾਲ ਵੱਡਾ ਸੀ। ਪਾਸ਼ ਦੀ ਜਨਮ ਭੋਇੰ ਤਲਵੰਡੀ ਸਲੇਮ (ਜਲੰਧਰ) ਦੀ ਦੂਰੀ ਪਾਤਰ ਦੇ ਜੱਦੀ ਪਿੰਡ ਪੱਤੜ ਕਲਾਂ ਤੋਂ ਮਹਿਜ਼ 27 ਕਿੱਲੋਮੀਟਰ ਹੈ। ਸੱਤਰਵਿਆਂ ਦੀ ਨਕਸਲਬਾੜੀ ਲਹਿਰ ਵੇਲੇ ਪਾਸ਼ ਤੇ ਪਾਤਰ ਦਾ ਇਕਬਾਲ ਬੁਲੰਦੀਆਂ ਛੋਹ ਰਿਹਾ ਸੀ। ਪਾਸ਼ ਦੀ ਰਗ਼ ਵੱਖਰੀ ਸੀ ਤੇ ਪਾਤਰ ਦਾ ਰਾਗ। ਸ਼ਿਵ ਕੁਮਾਰ ਬਿਰਹਾ ਦੀਆਂ ਲੇਰਾਂ ਨਾਲ ਅੱਲ੍ਹੜ ਨੌਜਵਾਨਾਂ ਦੇ ਦਿਲਾਂ ਨੂੰ ਟੁੰਬ ਰਿਹਾ ਸੀ। ਪਾਸ਼ ਤੇ ਪਾਤਰ ਭੂਗੋਲਿਕ ਤੌਰ ’ਤੇ ਨੇੜੇ ਹੋਣ ਦੇ ਨਾਲ-ਨਾਲ ਇਕ-ਦੂਜੇ ਦੇ ਕਰੀਬ ਵੀ ਸਨ। ਇਕ-ਦੂਜੇ ਦੀ ਕਵਿਤਾ ਦੇ ਉਪਾਸ਼ਕ ਹੋਣ ਦੇ ਬਾਵਜੂਦ ਉਹ ਕਈ ਵਾਰ ਵਿੱਥ ਬਣਾ ਕੇ ਤੁਰਦੇ। ਉਨ੍ਹਾਂ ਦੇ ਤੁਰਸ਼ ਅਤੇ ਸ਼ੀਰੀ ਰਿਸ਼ਤਿਆਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ।

ਅਪ੍ਰੈਲ 1975 ਨੂੰ ਜਲੰਧਰ ਜੇਲ੍ਹ ’ਚੋਂ ਲਿਖੇ ਪੱਤਰ ਰਾਹੀਂ ਪਾਸ਼ ਨੇ ਲਿਖਿਆ, ‘ਪਾਤਰ ਤੂੰ ਨਿਰਸੰਦੇਹ ਮੇਰੇ ਸਮੇਂ ਦਾ ਬਹੁਤ ਵੱਡਾ ਕਵੀ ਏਂ। ਇਹ ਤੇਰੀ ਤਾਕਤ ਈ ਏ ਜੋ ਮੇਰੇ ਵਰਗੇ ਵੱਖਰੀ ਵਿਚਾਰਧਾਰਾ ਵਾਲੇ ਬੰਦੇ ਨੂੰ ਇੰਜ ਕਹਿਣ ’ਤੇ ਮਜਬੂਰ ਕਰਦੀ ਹੈ।’ ਗੁਰਬਚਨ ਦੇ ਕਥਨ ਦਾ ਹਵਾਲਾ ਦਿੰਦਿਆਂ ਉਹ ਪਾਤਰ ਨੂੰ ਕਹਿੰਦਾ ਹੈ, ‘ਲੋਕਪ੍ਰਿਅਤਾ ਇਕ ਤਸ਼ੱਦਦ ਹੈ, ਗਲੇ ਦਾ ਰੱਸਾ। ਸੋ ਭਰਾਵਾ ਇਸ ਦੇ ਭੁਲੇਖੇ ਵਿਚ ਨਾ ਆਵੀਂ-ਜਦ ਤੱਕ ਮੇਰੇ ਵਿਚ ਸੱਤਿਆ ਹੈ, ਮੈਂ ਇਨ੍ਹਾਂ ਖ਼ਤਰਨਾਕ ਸ਼ੁਭਚਿੰਤਕਾਂ ਦੀਆਂ ਕੈਦਾਂ ਤੋੜ ਕੇ ਫਰਾਰ ਹੁੰਦਾ ਰਹਾਂਗਾ।’
ਨਿਸਚੇ ਹੀ ਪਾਤਰ ਦੀ ਮਕਬੂਲੀਅਤ ਨੇ ਸਿਖ਼ਰਾਂ ਨੂੰ ਪਾਰ ਕੀਤਾ ਸੀ। ਇਸੇ ਵਜ੍ਹਾ ਕਰਕੇ ਉਸ ਦੇ ਪ੍ਰਸ਼ੰਸਕਾਂ ਦਾ ਘੇਰਾ ਲੋੜ ਤੋਂ ਕਿਤੇ ਵੱਧ ਸੀ। ਉਹ ਕਿਸੇ ਵੀ ਅਹੁਦੇ ਤੋਂ ਵੱਡਾ ਸੀ। ਇਸ ਦੇ ਬਾਵਜੂਦ ਕਲਾ ਪ੍ਰੀਸ਼ਦ ਦੀ ਚੇਅਰਮੈਨੀ ਅਤੇ ਹੋਰ ਅਹੁਦੇਦਾਰੀਆਂ ਨੇ ਪਾਤਰ ਨੂੰ ਲੋੜ ਤੋਂ ਵੱਧ ਮਸਰੂਫ਼ ਕੀਤਾ ਹੋਇਆ ਸੀ। ਉਹ ਆਪਣੇ ਚਾਹੁਣ ਵਾਲਿਆਂ ਦਾ ਸੱਦਾ ਪੱਤਰ ਖਿੜੇ ਮੱਥੇ ਸਵੀਕਾਰ ਕਰਦੇ। ਆਖ਼ਰੀ ਸਾਹ ਲੈਣ ਤੋਂ ਕੁਝ ਘੰਟੇ ਪਹਿਲਾਂ ਉਨ੍ਹਾਂ ਨੇ ਬਰਨਾਲਾ ਤੇ ਜਗਰਾਓਂ ਦੋ ਸਮਾਗਮਾਂ ਵਿਚ ਹਿੱਸਾ ਲਿਆ। ਬਰਨਾਲੇ ਉਨ੍ਹਾਂ ਨੇ ਆਪਣੀ ਆਖ਼ਰੀ ਇੰਟਰਵਿਊ ਰਿਕਾਰਡ ਕਰਵਾਈ।
ਕਈ ਸਾਲ ਪਹਿਲਾਂ ਵੀ ਪਾਤਰ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਹੱਥੀਂ ਛਾਵਾਂ ਕਰਨ ਵਾਲੇ ਆਰਾਮ ਨਾ ਕਰਨ ਦਿੰਦੇ। ਪਾਸ਼ ਦੇ ਲਗਪਗ ਅੱਧੀ ਸਦੀ ਪਹਿਲਾਂ ਦਿੱਤੇ ਮਸ਼ਵਰੇ ਦੀ ਪਾਤਰ ਨੇ ਕਦੇ ਪਰਵਾਹ ਨਾ ਕੀਤੀ। ਫਿਰ ਵੀ ਇਸ ਗੱਲ ਦਾ ਸਕੂਨ ਹੈ ਕਿ ਉਹ ਪਾਸ਼ ਤੇ ਸ਼ਿਵ ਨਾਲੋਂ ਦੁੱਗਣੀ ਤੋਂ ਵੀ ਵੱਧ ਉਮਰ ਭੋਗ ਕੇ ਰੱਬ ਨੂੰ ਪਿਆਰਾ ਹੋਇਆ ਹੈ। ਲੰਮੀ ਉਮਰ ਦੀ ਬਦੌਲਤ ਉਸ ਨੇ ਪੰਜਾਬ ਦੇ ਕਈ ਦੌਰ ਦੇਖੇ। ਕਾਲੇ ਦੌਰ ਦੌਰਾਨ ਚੰਗਿਆੜਿਆਂ ਦੀਆਂ ਲੈਆਂ ਸਿਰਜਣ ਵਾਲੇ ਪਾਸ਼ ਨੂੰ ਅੱਤਵਾਦੀਆਂ ਨੇ ਗੋਲ਼ੀਆਂ ਦਾ ਸ਼ਿਕਾਰ ਬਣਾਇਆ ਤਾਂ ਪਾਤਰ ਨੇ ਰੂਹ ਨੂੰ ਝੰਜੋੜਨ ਵਾਲੀ ਨਜ਼ਮ ਕਹਿ ਕੇ ਸ਼ਰਧਾਂਜਲੀ ਦਿੱਤੀ ਸੀ, ‘ਇਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ/ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ।
ਤੀਸਰਾ ਇਸ ਹਾਦਸੇ ਨੂੰ ਕਰਨ ਲੱਗਿਆ ਸੀ ਬਿਆਨ, ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ। ਇਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜ਼ਦਾ/ਏਨੇ ਪੱਥਰ! ਉਹ ਗਿਣਤੀ ਕਰ ਕੇ ਪੱਥਰ ਹੋ ਗਿਆ।’ ਪਾਤਰ ਦੀ ਕਾਵਿ-ਸ਼ੈਲੀ ਦਾ ਕਾਇਲ ਹੋਣ ਦੇ ਬਾਵਜੂਦ ਪਾਸ਼ ਉਸ ਨੂੰ ਵਿਚਾਰਧਾਰਕ ਤੌਰ ’ਤੇ ਵੱਖਰੀ ਤੋਰ ਤੁਰਦਾ ਸ਼ਾਇਰ ਕਹਿੰਦਾ। ਪਾਤਰ ਬਾਰੇ ਪਾਸ਼ ਦੀ ਨਜ਼ਮ ‘ਮੈਂ ਤੇ ਪਾਤਰ ਸਕੇ ਭਰਾ’ ਸਾਹਿਤਕ ਹਲਕਿਆਂ ਵਿਚ ਬੇਹੱਦ ਚਰਚਾ ਦਾ ਵਿਸ਼ਾ ਰਹੀ, ‘ਰੇਤ ਦਿਆਂ ਟਿੱਬਿਆਂ ਵਿਚ, ਸਾਡਾ ਜਨਮ ਦੋਹਾਂ ਦਾ ਹੋਇਆ ਸੀ/ ਸਾਨੂੰ ਦੇਖ ਕੇ ਮਾਂ ਦਾ ਚੇਹਰਾ, ਹੱਸਿਆ ਤੇ ਫਿਰ ਰੋਇਆ ਸੀ... ਉਸ ਚਿੜੀਆਂ ਦੇ ਜ਼ਖ਼ਮ ਪਲੋਸੇ, ਮੈਂ ਰਿਹਾ ਟੋਹ ਵਿਚ ਬਾਜ਼ਾਂ ਦੀ/ਮੈਂ ਗਾਲ੍ਹਾਂ ਦੀ ਡਿਗਰੀ ਕੀਤੀ, ਤੇ ਉਸ ਕੀਤੀ ਰਾਗਾਂ ਦੀ/ ਉਹ ਸਾਜ਼ਾਂ ਦੇ ਨਾਲ ਹੈ ਸੌਂਦਾ, ਮੈਨੂੰ ਲੋੜ ਨਾ ਸਾਜ਼ਾਂ ਦੀ/ਮੇਰੀ ਹਿੱਕ ਵਿਚ ਪੱਥਰ ਉੱਗਦੇ, ਉਸ ਦੀ ਹਿੱਕੜੀ ਬਾਗ਼ਾਂ ਦੀ/ਉਹ ਫੁੱਲਾਂ ਦੀ ਛਾਵੇਂ ਬਹਿੰਦਾ, ਤੇ ਮੈਂ ਫਨੀਅਰ ਨਾਗਾਂ ਦੀ/ਚੱਲਦੇ-ਚੱਲਦੇ ਰਾਹਾਂ ਦੇ ਵਿਚ, ਆਇਆ ਐਸਾ ਇਕ ਪੜਾਅ/ਰੁਲਦੇ-ਰੁਲਦੇ ਰੁਲ ਗਏ ਯਾਰੋ, ਮੈਂ ਤੇ ਪਾਤਰ ਸਕੇ ਭਰਾ।’
ਤਿੱਖੀ ਸੁਰ ਵਾਲੀਆਂ ਨਜ਼ਮਾਂ ਕਾਰਨ ਪਾਸ਼ ਅੱਤਵਾਦੀਆਂ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ। ਨਸ਼ਤਰੀ ਸ਼ਬਦਾਂ ਦਾ ਖ਼ਮਿਆਜ਼ਾ ਉਸ ਨੂੰ ਸ਼ਹਾਦਤ ਦੇ ਕੇ ਭੁਗਤਣਾ ਪਿਆ। ਦੂਜੇ ਪਾਸੇ ਪਾਤਰ ਪੰਜਾਬ ਦੀ ਪੀੜਾ ਦਾ ਵੱਡਾ ਬੋਲਾਰਾ ਤੇ ਹਰਕਾਰਾ ਸੀ। ਸੰਵੇਦਨਸ਼ੀਲ ਕਵੀ ਦੀ ਅਥਾਹ ਸੂਖਮਤਾ ਤੇ ਉਸ ਦੇ ਗੀਤਾਂ/ਕਵਿਤਾਵਾਂ ਅੰਦਰਲਾ ਸਰੋਦ ਦਿਲਾਂ ਨੂੰ ਧੂਹ ਪਾਉਂਦਾ। ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਤੇ ਪੰਜਾਬੀਆਂ ਵੱਲੋਂ ਹੰਢਾਏ ਸੰਤਾਪ ਨੂੰ ਸ਼ਬਦ ਦਿੰਦਾ। ਤਰੰਨਮ ਵਿਚ ਗਾਏ ਗੀਤਾਂ ਨੂੰ ਸਰੋਤੇ ਮੰਤਰ-ਮੁਗਧ ਹੋ ਕੇ ਸੁਣਦੇ। ਵਿਦੇਸ਼ਾਂ ਵਿਚ ਉਹ ਗਾਇਕਾਂ ਨਾਲੋਂ ਵੀ ਵੱਧ ਸੁਣਿਆ ਜਾਂਦਾ। ਉਸ ਦੇ ਸ਼ੋਆਂ ਦੀਆਂ ਟਿਕਟਾਂ ਫਟਾਫਟ ਵਿਕ ਜਾਂਦੀਆਂ। ਤਾੜੀਆਂ ਦੀ ਗੜਗੜਾਹਟ ਦਾ ਸੰਗੀਤ ਉਸ ਨੂੰ ਊਰਜਾ ਦਿੰਦਾ। ਅੰਤਾਂ ਦੀ ਸ਼ੋਹਰਤ ਮਿਲਦੀ ਹੋਵੇ ਤਾਂ ਬੰਦੇ ਨੂੰ ਸਿਹਤ-ਸੰਭਾਲ ਦਾ ਖ਼ਿਆਲ ਹੀ ਨਹੀਂ ਆਉਂਦਾ।
ਕਾਵਿਕ ਆਭਾ ਦੇ ਜਲੌਅ ਵਿਚ ਪੰਜਾਬੀ ਦਾ ਕੋਹਿਨੂਰ ਹੀਰਾ ਇਵੇਂ ਸਾਥੋਂ ਵਿੱਛੜ ਜਾਵੇਗਾ, ਇਸ ਦਾ ਕਿਸੇ ਨੇ ਖ਼ਵਾਬ ਵੀ ਨਹੀਂ ਸੀ ਲਿਆ। ਪਾਤਰ ਦੇ ਉਨ੍ਹਾਂ ਪਸ਼ੰਸਕਾਂ ਲਈ ਅਜਿਹੀ ਮਨਹੂਸ ਖ਼ਬਰ ਅਸਮਾਨੀ ਬਿਜਲੀ ਡਿੱਗਣ ਵਾਂਗ ਸੀ ਜਿਨ੍ਹਾਂ ਨੇ ਕੁਝ ਘੰਟੇ ਪਹਿਲਾਂ ਉਸ ਦੇ ਕਲਾਮ ਦਾ ਆਨੰਦ ਮਾਣਿਆ ਸੀ। ਪਾਤਰ ਦੀਆਂ ਕਈ ਸਤਰਾਂ ਲੋਕ ਮੁਹਾਵਰਿਆਂ ਜਾਂ ਲਕੋਕਤੀਆਂ ਵਾਂਗ ਸੁਣੀਆਂ ਤੇ ਸੁਣਾਈਆਂ ਜਾਂਦੀਆਂ ਹਨ। ਕਿਸੇ ਦਾ ਹਾਲ-ਚਾਲ ਪੁੱਛਣ ’ਤੇ ਜਵਾਬ ਮਿਲਦਾ, ‘ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖ਼ੈਰ ਹੈ।’ ਕੌੜਾ ਸੱਚ ਬੋਲਣ ਵਾਲਿਆਂ ਨੂੰ ਪਾਤਰ ਦੀਆਂ ਸਤਰਾਂ ਰਾਹੀਂ ਤਾਕੀਦ ਕੀਤੀ ਜਾਂਦੀ, ‘ਇੰਨਾ ਸੱਚ ਨਾ ਬੋਲ ਕਿ ’ਕੱਲਾ ਰਹਿ ਜਾਵੇਂ/ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।’ ਸਿਰੜੀ ਬੰਦੇ ਦੀ ਤਾਰੀਫ਼ ਲਈ ਪਾਤਰ ਦੇ ਬੋਲ ਦੁਹਰਾਏ ਜਾਂਦੇ, ‘ਮੈਂ ਰਾਹਾਂ ’ਤੇ ਨਹੀਂ ਤੁਰਦਾ/ਮੈਂ ਤੁਰਦਾ ਤਾਂ ਰਾਹ ਬਣਦੇ।’
ਪਾਤਰ ਦੱਬਵੇਂ ਸੁਰ ਵਿਚ ਵਿਵਸਥਾ ਨਾਲ ਟਕਰਾਉਂਦਾ ਵਿਵੇਕ ਦੀਆਂ ਸਿਖ਼ਰਾਂ ਛੂਹੰਦਾ। ਰਿਹਾ। ਪਾਸ਼ ਪੰਜਾਬ ਦੇ ਕਾਲੇ ਦੌਰ ਦਾ ਪੀੜਤ ਬਣਿਆ। ਪਾਤਰ ਨੇ ਇਸ ਦੌਰ ਦੀ ਬਾਕਮਾਲ ਸ਼ਾਇਰੀ ਲਿਖੀ। ‘ਕੋਈ ਦਸਤਾਰ ਰੱਤ ਲਿੱਬੜੀ ਕੋਈ ਤਲਵਾਰ ਆਈ ਹੈ/ਲਿਆਓ ਸਰਦਲਾਂ ਤੋਂ ਚੁੱਕ ਕੇ ਅਖ਼ਬਾਰ ਆਈ ਹੈ।’ ਉਹ ਵਿਦੇਸ਼ਾਂ ਵਿਚ ਰੁਲ ਰਹੇ ਪੰਜਾਬ ਦੇ ਜਾਇਆਂ ਬਾਰੇ ਚਿੰਤਤ ਸੀ। ਅੱਖਾਂ ਵਿਚ ਆਉਂਦੇ ਹੰਝੂਆਂ ਨੂੰ ਉਹ ਆਮ ਆਦਮੀ ਦਾ ਚੋਣ ਨਿਸ਼ਾਨ ਦੱਸਦਾ। ‘ਲੱਗੀ ਨਜ਼ਰ ਪੰਜਾਬ ਨੂੰ’ ਦਾ ਜ਼ਿਕਰ ਕਰਦਾ। ਮਾਂ-ਬੋਲੀ ਦੇ ਬਦਲ ਰਹੇ ਮੁਹਾਂਦਰੇ ਦੀ ਬਾਤ ਛੋਂਹਦਾ, ‘ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ’। ਉਹ ਕਹਿੰਦਾ ਧਰਤੀ ਮਾਂ ਦੀ ਵੀ ਆਪਣੀ ਬੋਲੀ ਹੁੰਦੀ ਹੈ। ਇਸੇ ਲਈ ਬਿਹਾਰ ਤੋਂ ਰਿਜ਼ਕ ਦੀ ਭਾਲ ਵਿਚ ਆਏ ਨੰਦ ਕਿਸ਼ੋਰ ਦੀ ਔਲਾਦ ਊੜਾ-ਐੜਾ ਪੜ੍ਹਦੀ ਹੈ ਤੇ ਅਮੀਰ ਅੱਛਰ ਸਿੰਘ ਦਾ ਕਾਨਵੈਂਟ ਵਿਚ ਪੜ੍ਹਦਾ ਪੋਤਾ ‘ਏਬੀਸੀ’ ਪੜ੍ਹਦਾ ਹੈ। ਇਸ ’ਤੇ ਤਨਜ਼ ਕੱਸਦਾ ਉਹ ਕਹਿੰਦਾ ਹੈ, ‘ਕਿੰਨਾ ਗੂੜ੍ਹਾ ਸਾਕ ਹੈ, ਅੱਖਰਾਂ ਤੇ ਰਿਜ਼ਕ ਦਾ।’
ਪਾਤਰ ਅੱਖਰਾਂ ਰਾਹੀਂ ਚਾਨਣ ਵੰਡਣ ਵਾਲਾ ਵਣਜਾਰਾ ਸੀ। ਬਰਨਾਲੇ ਵਿਚ ਉਸ ਵੱਲੋਂ ਗਾਇਆ ਆਖ਼ਰੀ ਗੀਤ, ‘ਚੱਲ ਉੱਠ ਜਗਾ ਦੇ ਮੋਮਬੱਤੀਆਂ/ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਹਵਾਵਾਂ ਕੁਪੱਤੀਆਂ।’ ਇਹ ਗੀਤ ਪੰਜਾਬੀ ਦੇ ਬਹੁ-ਆਯਾਮੀ ਕਵੀ ਤਾਰਾ ਸਿੰਘ (1929-1993) ਦੀ ਨਜ਼ਮ ’ਚੋਂ ਝਲਕਦੀ ਉਦਾਸ ਸੁਰ, ‘ਕਾਹਨੂੰ ਬਾਲਦੈਂ ਬਨੇਰੇ ’ਤੇ ਮੋਮਬੱਤੀਆਂ/ਲੰਘ ਜਾਣ ਦੇ ਬਾਜ਼ਾਰ ’ਚੋਂ ਹਵਾਵਾਂ ਤੱਤੀਆਂ।’ ਦਾ ਸੁਹਜ ਭਰਪੂਰ ਪ੍ਰਤੀਕਰਮ ਹੈ। ਪਾਤਰ ਲੋਕ ਸਰੋਕਾਰਾਂ ਨਾਲ ਜੁੜਿਆ ਹੋਇਆ ਸ਼ਾਇਰ ਹੈ। ਉਸ ਨੂੰ ‘ਸੀ’ ਕਹਿਣਾ ਦਰੁਸਤ ਨਹੀਂ ਹੈ। ਬਲਦੇ ਹੱਥਾਂ ਨਾਲ ਸਮਿਆਂ ਦੀ ਹਿੱਕ ’ਤੇ ਲਿਖੀ ਸ਼ਾਇਰੀ ਅਮਿੱਟ ਹੈ। ‘‘ਮੈਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ/ਪਾਣੀ ਨੇ ਮੇਰੇ ਗੀਤ, ਮੈਂ ਪਾਣੀ ’ਤੇ ਲੀਕ ਹਾਂ।’’ ਸਤਰਾਂ ਅਨੁਸਾਰ ਉਹ ਆਪਣੇ ਗੀਤਾਂ/ਨਜ਼ਮਾਂ ਰਾਹੀਂ ਹਮੇਸ਼ਾ ਸਾਡੇ ਦਰਮਿਆਨ ਜਿਊਂਦੇ ਰਹਿਣਗੇ।