VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਅਣਕਿਆਸੀ ਸੰਕਟ ਦੀ ਘੜੀ ( ਪੰਜਾਬੀ ਜਾਗਰਣ –– 17th November, 2024)

ਵਰਿੰਦਰ ਵਾਲੀਆ

ਮੁਸੀਬਤਾਂ ਇਕੱਲੀਆਂ ਨਹੀਂ ਬਲਕਿ ਕਾਫ਼ਲੇ ਦੇ ਰੂਪ ਵਿਚ ਆਉਂਦੀਆਂ ਹਨ। ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿਚ ਉਪਰੋਕਤ ਕਥਨ ਸੋਲਾਂ ਆਨੇ ਸੱਚ ਲੱਗਦਾ ਹੈ। ਵਿਰੋਧੀਆਂ ਦੀ ਜ਼ਬਰਦਸਤ ਘੇਰਾਬੰਦੀ ਵਿਚ ਘਿਰੇ ਸੁਖਬੀਰ ਨੂੰ ਆਖ਼ਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਨਾ ਪਿਆ। ਚੰਗਾ ਹੁੰਦਾ ਜੇ ਇਹ ਐਲਾਨ 30 ਅਗਸਤ 2024 ਨੂੰ ਹੀ ਕਰ ਦਿੱਤਾ ਜਾਂਦਾ ਜਦੋਂ ਉਨ੍ਹਾਂ ਨੂੰ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਤਨਖ਼ਾਹੀਆ ਕਰਾਰ ਦਿੱਤਾ ਸੀ। ਮਜਬੂਰੀ ਵਿਚ ਦਿੱਤੇ ਗਏ ਅਸਤੀਫ਼ੇ ਨੂੰ ਉਨ੍ਹਾਂ ਦੇ ਕਈ ਸ਼ੁਭ ਚਿੰਤਕ ‘ਦੇਰ ਆਇਦ-ਦਰੁਸਤ-ਆਇਦ’ ਕਹਿ ਰਹੇ ਹਨ।

ਅਕਾਲੀ ਦਲ ਦੀ ਵਰਕਿੰਗ ਕਮੇਟੀ ’ਚ ਜਦੋਂ ਅਸਤੀਫ਼ਾ ਰੱਖਿਆ ਜਾਵੇਗਾ ਤਾਂ ਸੁਖਬੀਰ ਸਿੰਘ ਬਾਦਲ ਦੇ ਕੁਝ ਕੱਟੜ ਹਮਾਇਤੀਆਂ ਵੱਲੋਂ ਇਸ ਦਾ ਵਿਰੋਧ ਕੀਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਕਮਨਾਮੇ ਅਨੁਸਾਰ ਉਨ੍ਹਾਂ ਨੂੰ ਸਾਲ 2007 ਤੋਂ 2017 ਤੱਕ ਸੱਤਾ ਵਿਚ ਰਹੇ ਅਕਾਲੀ-ਭਾਜਪਾ ਗੱਠਜੋੜ ਵੇਲੇ ਕੀਤੇ ਗਏ ਬੱਜਰ ਗੁਨਾਹਾਂ ਲਈ ਸਜ਼ਾ ਸੁਣਾਈ ਗਈ ਸੀ। ਇਸ ਸਮੇਂ ਦੌਰਾਨ ਸੁਖਬੀਰ ਸੂਬੇ ਦੇ ਡਿਪਟੀ ਚੀਫ ਮਨਿਸਟਰ ਤੇ ਅਕਾਲੀ ਦਲ ਦੇ ਪ੍ਰਧਾਨ ਸਨ। ਉਨ੍ਹਾਂ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਣ ਤੋਂ ਇਲਾਵਾ ਅਕਾਲੀ ਦਲ ਦੇ ਸਰਪ੍ਰਸਤ ਸਨ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫ਼ਖ਼ਰ-ਏ-ਕੌਮ’ ਦੇ ਖ਼ਿਤਾਬ ਨਾਲ ਸਨਮਾਨਤ ਕੀਤਾ ਸੀ। ਸਾਰੇ ਗੁਨਾਹਾਂ ਨੂੰ ਝੋਲੀ ਵਿਚ ਪਾਉਂਦਿਆਂ ਸੁਖਬੀਰ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਏ ਸਨ। ਢਾਈ ਮਹੀਨਿਆਂ ਤੱਕ ਜਦੋਂ ਉਨ੍ਹਾਂ ਨੂੰ ਦੋਸ਼-ਮੁਕਤ ਕਰਨ ਲਈ ਤਨਖ਼ਾਹ ਨਿਯਤ ਨਾ ਕੀਤੀ ਗਈ ਤਾਂ ਉਹ ਇਕ ਵਾਰ ਫਿਰ ਸ੍ਰੀ ਅਕਾਲ ਤਖ਼ਤ ਦੇ ਸਨਮੁੱਖ ਹੋ ਕੇ ਬੇਨਤੀ ਪੱਤਰ ਦੇਣ ਲਈ ਪੁੱਜੇ ਸਨ।

ਸੁਖਬੀਰ ਦੇ ਦਿਲ ’ਤੇ ਇਸ ਵੇਲੇ ਕੀ ਬੀਤ ਰਹੀ ਹੋਵੇਗੀ, ਇਹ ਤਾਂ ਬਸ ਉਹੀ ਜਾਣਦੇ ਹਨ ਜਾਂ ਉਨ੍ਹਾਂ ਦਾ ਵਾਹਿਗੁਰੂ। ਧਰਮ ਤੇ ਸਿਆਸਤ ਦੇ ਸੁਮੇਲ ਨੂੰ ਪਰਣਾਈ 104 ਸਾਲ ਪੁਰਾਣੀ ਪਾਰਟੀ ਦੇ ਕਿਸੇ ਪ੍ਰਧਾਨ ਨੂੰ ਅਜਿਹੇ ਨਮੋਸ਼ੀ ਭਰੇ ਦਿਨ ਕਦੇ ਨਹੀਂ ਸਨ ਦੇਖਣੇ ਪਏ। ਲੰਬੇ ਸਮੇਂ ਤੱਕ ਪੰਥ ਅੱਖਾਂ ਮੀਟ ਕੇ ਅਕਾਲੀ ਦਲ ਦੇ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਉਸ ’ਤੇ ਠੱਪੇ ਲਾਉਂਦਾ ਆਇਆ ਸੀ। ਅਕਾਲੀ ਦਲ ਨੇ ਦੇਸ਼ ਅਤੇ ਕੌਮ ਖ਼ਾਤਰ ਲਾਸਾਨੀ ਕੁਰਬਾਨੀਆਂ ਕਰ ਕੇ ਸੁਨਹਿਰੀ ਇਤਿਹਾਸ ਰਚਿਆ ਸੀ।

ਆਜ਼ਾਦ ਭਾਰਤ ਵਿਚ ਵੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਇਕਮਾਤਰ ਸਿਆਸੀ ਜਮਾਤ ਸੀ ਜਿਸ ਦੇ ਕਾਰਕੁੰਨਾਂ ਨੇ ਜੇਲ੍ਹਾਂ ਭਰ ਦਿੱਤੀਆਂ ਸਨ। ਅਕਾਲ ਤਖ਼ਤ ਤੋਂ ਲਗਾਏ ਜਾਂਦੇ ਮੋਰਚਿਆਂ ਦਾ ਐਲਾਨ ਸਮੇਂ ਦੇ ਹਾਕਮਾਂ ਨੂੰ ਕੰਬਣੀ ਛੇੜ ਦਿੰਦਾ ਸੀ। ਅਕਾਲ ਤਖ਼ਤ ਤੋਂ ਪਹਿਲਾਂ ਵੀ ਅਕਾਲੀ ਦਲ/ਸ਼੍ਰੋਮਣੀ ਅਕਾਲੀ ਦਲ ਦੇ ਕਈ ਪ੍ਰਧਾਨਾਂ ਤੇ ਸਾਬਕਾ ਪ੍ਰਧਾਨਾਂ ਨੂੰ ਸਜ਼ਾ ਲਗਾਈ ਗਈ ਸੀ ਜਿਨ੍ਹਾਂ ਵਿਚ ਮਾਸਟਰ ਤਾਰਾ ਸਿੰਘ ਤੇ ਵਰਕਿੰਗ ਕਮੇਟੀ ਮੈਂਬਰ (29 ਨਵੰਬਰ 1961), ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਜੀਵਨ ਸਿੰਘ ਉਮਰਾਨੰਗਲ (16 ਨਵੰਬਰ 1979), ਸੁਰਜੀਤ ਸਿੰਘ ਬਰਨਾਲਾ (9 ਫਰਵਰੀ 1987) ਤੇ ਬੀਬੀ ਜਗੀਰ ਕੌਰ (25 ਜਨਵਰੀ 2000) ਸ਼ਾਮਲ ਸਨ। ਇੱਥੋਂ ਤੱਕ ਕਿ ਤਤਕਾਲੀ ਜਥੇਦਾਰ ਅਕਾਲ ਤਖ਼ਤ ਗਿਆਨੀ ਪੂਰਨ ਸਿੰਘ ਨੇ ਦੋ ਤਖ਼ਤਾਂ ਦੇ ਜਥੇਦਾਰਾਂ ਤੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਵਿਵਾਦਤ ਹੁਕਮਨਾਮੇ ਰਾਹੀਂ ਪੰਥ ’ਚੋਂ ਛੇਕ ਦਿੱਤਾ ਸੀ (12 ਮਾਰਚ 2000)।

ਮਿਤੀ 29 ਮਾਰਚ 2000 ਵਾਲੇ ਦਿਨ ਨਵੇਂ ਥਾਪੇ ਗਏ ਜਥੇਦਾਰ ਅਕਾਲ ਤਖ਼ਤ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੋਹਣ ਸਿੰਘ ਅਤੇ ਤਿੰਨ ਹੋਰ ਸਿੰਘ ਸਾਹਿਬਾਨ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਹੁਕਮਨਾਮੇ ਰਾਹੀਂ ਮਿਤੀ 25 ਜਨਵਰੀ 2000 ਤੋਂ ਲੈ ਕੇ 28 ਮਾਰਚ 2000 ਤੱਕ ਜਾਰੀ ਕੀਤੇ ਗਏ ਹੁਕਮਨਾਮਿਆਂ ਨੂੰ ਤਤਕਾਲੀ ਜਥੇਦਾਰ ਗਿਆਨੀ ਪੂਰਨ ਸਿੰਘ ਦੀ ‘ਸੌੜੀ ਸੋਚ’ ਅਤੇ ਨਿੱਜੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ ਸੀ। ਨਾਨਕਸ਼ਾਹੀ ਕੈਲੰਡਰ ਜਾਰੀ ਹੋਣ ਤੋਂ ਬਾਅਦ ਪੈਦਾ ਹੋਏ ਪੰਥਿਕ ਸੰਕਟ ਜਾਂ ਹੋਰ ਵਿਵਾਦਾਂ ’ਚੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਜੇਤੂ ਹੋ ਕੇ ਬਾਹਰ ਨਿਕਲੇ ਸਨ। ਸਾਕਾ ਨੀਲਾ ਤਾਰਾ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਅਕਾਲੀ ਸਰਕਾਰ ਬਣੀ।

ਸੰਨ 1997 ਤੋਂ 2002 ਤੱਕ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਬਣੀ। ਉਪਰੰਤ 2007 ਤੋਂ 2017 ਤੱਕ ਫਿਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ। ਅੱਜ ਅਕਾਲੀ ਦਲ ਦਾ ਲੋਕ ਸਭਾ ਵਿਚ ‘ਸਵਾ ਲੱਖ’ ਮੈਂਬਰ ਹੈ ਕਿਉਂਕਿ ਬਾਕੀ ਹਲਕਿਆਂ ਵਿਚ ਇਸ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਰਾਜ ਸਭਾ ਦੀਆਂ ਸਭ ਸੀਟਾਂ ਮੱਲੀਆਂ ਗਈਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਇਕ ਵੀ ਸੀਟ ਨਾ ਆਈ। ਵਿਧਾਨ ਸਭਾ ਵਿਚ ਇਸ ਨੂੰ ‘ਸਕੂਟਰ ਵਾਲੀ ਪਾਰਟੀ’ ਕਹਿ ਕੇ ਤਨਜ਼ ਕੀਤਾ ਜਾਂਦਾ ਹੈ। ਅਕਾਲੀ ਦਲ ਦੀ ਅਜਿਹੀ ਦਸ਼ਾ ਕਿਉਂ ਹੋਈ, ਇਸ ਦੀ ਪੜਚੋਲ ਕਰਨ ਲਈ ਅੰਤਰਝਾਤ ਤੇ ਪਿਛਲਝਾਤ ਦੀ ਲੋੜ ਹੈ।

ਸੰਨ 2007 ਤੋਂ 2017 ਦੇ ਰਾਜ ਕਾਲ ਦੌਰਾਨ ‘ਪੰਥ ਤੇ ਗ੍ਰੰਥ’ ਦੀ ਪਰਿਕਰਮਾ ਕਰਨ ਵਾਲੀ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ (2015) ਵਿਚ ਘਿਰੀ ਤਾਂ ਇਸ ਨੂੰ ਵੱਡਾ ਪੰਥਕ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਸੁਮੇਧ ਸਿੰਘ ਸੈਣੀ ਤੇ ‘ਆਲਮ ਸੈਨਾ’ ਦੇ ਮੁਖੀਆ ਪ੍ਰਤੀ ਦਰਿਆਦਿਲੀ ਨੇ ਅਕਾਲੀ ਦਲ ਦੇ ਅਕਸ ਨੂੰ ਵੱਡੀ ਢਾਹ ਲਾਈ। ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਿਵਾਉਣ ਦੇ ਚੱਕਰ ਵਿਚ ਅਕਾਲੀ ਦਲ ਖ਼ੁਦ ਅਣਕਿਆਸੇ ਚੱਕਰਵਿਊ ਵਿਚ ਘਿਰ ਗਿਆ ਸੀ। ਸਰਕਾਰ ਤੇ ਸ਼੍ਰੋਮਣੀ ਕਮੇਟੀ ਵਿਚ ਸੱਤਾਧਾਰੀ ਹੋਣ ਕਾਰਨ ਬਾਦਲਾਂ ਦੀ ਤੂਤੀ ਬੋਲਦੀ ਸੀ। ਉਨ੍ਹਾਂ ’ਤੇ ਅਕਾਲ ਤਖ਼ਤ ਸਾਹਿਬ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲੱਗੇ ਸਨ।

ਡੇਰਾ ਮੁਖੀ ਰਾਮ ਰਹੀਮ ਨੂੰ ਮਾਫ਼ੀ ਦਿਵਾਉਣ ਲਈ ਸਿੰਘ ਸਾਹਿਬਾਨ ਨੂੰ ਮੁੱਖ ਮੰਤਰੀ ਨਿਵਾਸ ‘ਤਲਬ’ ਕਰਨ ਦਾ ਵੀ ਸੰਗੀਨ ਇਲਜ਼ਾਮ ਲੱਗਾ ਸੀ। ਕਹਿੰਦੇ ਹਨ ਕਿ ਸੰਕਟ ਵੇਲੇ ਸਾਇਆ ਵੀ ਸਾਥ ਛੱਡ ਦਿੰਦਾ ਹੈ। ਸੱਤਾ ਵਿਚ ਰਹਿੰਦਿਆਂ ‘ਮਲਾਈ ਛਕਣ’ ਵਾਲਿਆਂ ਨੇ ਬਾਦਲ ਪਰਿਵਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਸਰਬੰਸ ਦਾਨੀ ਦੀ ਵਿਚਾਰਧਾਰਾ ਦੇ ਵਾਰਿਸ ਅਖਵਾਉਣ ਵਾਲੇ ਅਕਾਲੀਆਂ ’ਤੇ ਪਰਿਵਾਰਵਾਦ ਦੇ ਇਲਜ਼ਾਮ ਵੀ ਲੱਗੇ। ਬਾਗ਼ੀ ਅਕਾਲੀਆਂ ਨੇ ‘ਸੁਧਾਰ ਲਹਿਰ’ ਚਲਾਈ। ਪਰਿਵਾਰਵਾਦ ਦਾ ਦੋਸ਼ ਮੜ੍ਹਨ ਵਾਲੇ ਸੁਧਾਰਵਾਦੀ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਭੁੱਲ ਗਏ। ਇਸ ਵੇਲੇ ਸ਼ਾਇਦ ਹੀ ਅਜਿਹਾ ‘ਟਕਸਾਲੀ’ ਅਕਾਲੀ ਹੋਵੇ ਜਿਸ ਨੇ ਆਪਣੀ ਅਗਲੀ ਪੀੜ੍ਹੀ ਨੂੰ ਪਾਰਟੀ ਸਫ਼ਾਂ ਵਿਚ ਨਹੀਂ ਬਿਠਾਇਆ। ਖ਼ੈਰ, ਪੱਕੀ ਫ਼ਸਲ ਚੁਗ ਕੇ ਉੱਡ-ਪੁੱਡ ਜਾਣ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਅੱਗੇ ਦਰਖ਼ਾਸਤ ਕੀਤੀ। ਅਰਦਾਸ ਜੋਦੜੀ ਕਰ ਕੇ ਕਿਹਾ ਕਿ ਉਹ ਭੁੱਲਣਹਾਰ ਹਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਬਖਸ਼ਣਹਾਰ ਹੈ। ਸੱਤਾ ਭੋਗਦਿਆਂ ਉਨ੍ਹਾਂ ਨੇ ਕਈ ਬੱਜਰ ਗੁਨਾਹਾਂ ਵਿਚ ਸ਼ਾਮਲ ਹੋਣ ਦਾ ਕਬੂਲਨਾਮਾ ਦੇ ਕੇ ਸੁਖਬੀਰ ਸਿੰਘ ਬਾਦਲ ਦੀ ਚੰਗੀ ਤਰ੍ਹਾਂ ਘੇਰਾਬੰਦੀ ਕਰ ਲਈ ਸੀ। ‘ਸੁਧਾਰ ਲਹਿਰ’ ਦੇ ਉਮੀਦਵਾਰ ਬੀਬੀ ਜਗੀਰ ਕੌਰ ਭਾਵੇਂ ਸ਼੍ਰੋਮਣੀ ਕਮੇਟੀ ਦੀ ਚੋਣ ਮਹਿਜ਼ 33 ਵੋਟਾਂ ਲੈ ਕੇ ਬੁਰੀ ਤਰ੍ਹਾਂ ਹਾਰ ਗਏ, ਫਿਰ ਵੀ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ।

ਸੰਨ 1992 ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦੇ ਬਾਈਕਾਟ ਤੋਂ 32 ਸਾਲ ਬਾਅਦ ਪਹਿਲੀ ਵਾਰ ਅਕਾਲੀ ਦਲ ਗਿੱਦੜਬਾਹਾ ਸਣੇ ਚਾਰ ਜ਼ਿਮਨੀ ਚੋਣਾਂ ਨਹੀਂ ਲੜ ਰਿਹਾ। ਅਕਾਲ ਤਖ਼ਤ ਵੱਲੋਂ ਸੁਖਬੀਰ ਨੂੰ ਤਨਖ਼ਾਹੀਆ ਘੋਸ਼ਿਤ ਕੀਤੇ ਜਾਣਾ ਇਸ ਦਾ ਬਹਾਨਾ ਬਣਿਆ। ਇਹ ਵੀ ਇਕ ਵਿਡੰਬਣਾ ਹੈ ਕਿ 1995 ਦੀ ਗਿੱਦੜਬਾਹਾ ਜ਼ਿਮਨੀ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਵਧਣਾ ਸ਼ੁਰੂ ਹੋਇਆ ਸੀ ਤੇ ਮਹਿਜ਼ ਦੋ ਸਾਲਾਂ ਵਿਚ ਇਸ ਨੇ ਸੱਤਾ ਹਾਸਲ ਕਰ ਲਈ ਸੀ। ਸਮੇਂ ਦੇ ਗੇੜ ਨਾਲ ਅਕਾਲੀ ਦਲ ਦੀ ਟਿਕਟ ’ਤੇ ਜ਼ਿਮਨੀ ਚੋਣ ਜਿੱਤਣ ਵਾਲਾ ਸੁਖਬੀਰ ਦਾ ਚਚੇਰਾ ਭਰਾ ਮਨਪ੍ਰੀਤ ਸਿੰਘ ਬਾਦਲ ਹੁਣ ਭਾਜਪਾ ਦੀ ਟਿਕਟ ’ਤੇ ਲੜ ਰਿਹਾ ਹੈ।

ਮਨਪ੍ਰੀਤ ਨਾਲ ਖੁੱਲ੍ਹੀ ਜੀਪ ’ਤੇ ਖੜ੍ਹ ਕੇ ਚੋਣ ਪ੍ਰਚਾਰ ਕਰਨ ਵਾਲਾ ਸੁਖਬੀਰ ਕਿਸੇ ਵੀ ਹਲਕੇ ਵਿਚ ਦਿਖਾਈ ਨਹੀਂ ਦੇ ਰਿਹਾ। ਇਹ ਉਹ ਸਮਾਂ ਹੈ ਜਦੋਂ ਹੱਥਾਂ ਨਾਲ ਦਿੱਤੀਆਂ ਪੀਚਵੀਆਂ ਗੰਢਾਂ ਮੂੰਹ ਨਾਲ ਵੀ ਨਹੀਂ ਖੁੱਲ੍ਹ ਰਹੀਆਂ। ਪੰਥ ਦਰਦੀਆਂ ਦਾ ਵਿਚਾਰ ਹੈ ਕਿ ਇਸ ਸੰਕਟ ਦੀ ਘੜੀ ਵਿਚ ਖੱਖੜੀ-ਖੱਖੜੀ ਹੋਏ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਅਕਾਲ ਤਖ਼ਤ ਹੀ ਅਹਿਮ ਭੂਮਿਕਾ ਨਿਭਾ ਸਕਦਾ ਹੈ।