VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਦਿਲਾਂ ’ਤੇ ਖੁਣਿਆ ਮਨਮੋਹਨ ਸਿੰਘ ( ਪੰਜਾਬੀ ਜਾਗਰਣ –– 28th December, 2024)

ਵਰਿੰਦਰ ਵਾਲੀਆ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਮੌਤ ਨਾਲ ਦਰਵੇਸ਼ ਸਿਆਸਤਦਾਨਾਂ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ (1982-85) ਹੁੰਦਿਆਂ ਉਨ੍ਹਾਂ ਦੇ ਦਸਤਖ਼ਤ ਭਾਰਤ ਦੇ ਕਰੰਸੀ ਨੋਟਾਂ ’ਤੇ ਹੁੰਦੇ ਸਨ। ਪਰ ਕੇਂਦਰੀ ਵਿੱਤ ਮੰਤਰੀ ਤੇ ਫਿਰ ਲਗਾਤਾਰ 10 ਸਾਲ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਉਨ੍ਹਾਂ ਦਾ ਨਾਂ ਦੇਸ਼ ਵਾਸੀਆਂ ਦੇ ਦਿਲਾਂ ’ਤੇ ਖੁਣਿਆ ਗਿਆ। ਪ੍ਰਧਾਨ ਮੰਤਰੀ ਹੁੰਦਿਆਂ ਵੀ ਉਹ ਆਮ ਆਦਮੀ ਵਾਂਗ ਵਿਚਰਦੇ ਰਹੇ। ਦੇਸ਼ ਦੇ ਵਿੱਤ ਮੰਤਰੀ ਹੁੰਦਿਆਂ ਉਹ ਨਿੱਜੀ ਕੰਮਾਂ ਲਈ ਸਰਕਾਰੀ ਗੱਡੀ ਦੀ ਥਾਂ ਆਪਣੀ ਮਾਰੂਤੀ-800 ਖ਼ੁਦ ਡਰਾਈਵ ਕਰਦੇ ਰਹੇ।

ਤਾਉਮਰ ਅਸਮਾਨੀ ਰੰਗ ਦੀ ਦਸਤਾਰ ਸਜਾਉਣ ਵਾਲੇ ਡਾ. ਮਨਮੋਹਨ ਸਿੰਘ ਦਾ ਦਿਲ ਤੇ ਦਿਮਾਗ ਵੀ ਅੰਬਰ ਜੇਡਾ ਵਿਸ਼ਾਲ ਸੀ। ਉਹ ਸਮਰਪਿਤ ਸਿੱਖ ਸਨ ਪਰ ਕੱਟੜਤਾ ਦੇ ਕੱਟੜ ਵਿਰੋਧੀ ਸਨ। ਉੱਚ ਅਹੁਦਿਆਂ ’ਤੇ ਬਿਰਾਜਮਾਨ ਹੁੰਦਿਆਂ ਉਨ੍ਹਾਂ ਨੇ ਕਿਸੇ ਜਮਾਤ, ਫ਼ਿਰਕੇ ਜਾਂ ਖੇਤਰ ਨਾਲ ਵਿਤਕਰਾ ਨਹੀਂ ਕੀਤਾ। ਸੰਨ 2004 ਵਿਚ ਜਦੋਂ ਉਹ 13ਵੇਂ ਪ੍ਰਧਾਨ ਮੰਤਰੀ ਬਣੇ ਤਾਂ ਕਈਆਂ ਨੇ ਉਨ੍ਹਾਂ ਨੂੰ ਮੁਕੱਦਰ ਦਾ ਸਿਕੰਦਰ ਤੇ ਵਿਰੋਧੀਆਂ ਨੇ ਐਕਸੀਡੈਂਟਲ ਪ੍ਰਧਾਨ ਮੰਤਰੀ ਕਿਹਾ। ਮੁਕੱਦਰ ਦੇ ਇਸ ਸਿਕੰਦਰ ਨੇ ਦੇਸ਼ ਦੇ ਮੁਕੱਦਰ ਨੂੰ ਸੰਵਾਰਨ ਲਈ ਅਹਿਮ ਯੋਗਦਾਨ ਪਾਇਆ ਸੀ। ਚੰਦਰ ਸ਼ੇਖ਼ਰ ਜਦ ਪ੍ਰਧਾਨ ਮੰਤਰੀ ਬਣੇ ਤਾਂ ਉਸ ਵੇਲੇ ਦੇਸ਼ ਦਾ ਸੋਨਾ ਗਹਿਣੇ ਪਾਉਣ ਦੀ ਨੌਬਤ ਆ ਗਈ ਸੀ।

ਪੀਵੀ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਦੇਸ਼ ਨੂੰ ਘੋਰ ਆਰਥਿਕ ਸੰਕਟ ’ਚੋਂ ਕੱਢਣ ਲਈ ਅਰਥ-ਸ਼ਾਸਤਰ ਦੇ ਮਹਾਨ ਸ਼ਾਸਤਰੀ ਡਾ. ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ। ਡਾ. ਮਨਮੋਹਨ ਸਿੰਘ ਨੇ ਰੇਖ ਵਿਚ ਮੇਖ ਜੜ ਕੇ ਮੁਲਕ ਦੀ ਤਕਦੀਰ ਬਦਲ ਦਿੱਤੀ। ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦੇ ਮੰਤਰ ਨੇ ਆਰਥਿਕਤਾ ਦੀ ਕਾਇਆਕਲਪ ਦਾ ਕਾਰਜ ਕੀਤਾ। ਵਿਰੋਧੀਆਂ ਨੇ ‘ਈਸਟ ਇੰਡੀਆ ਕੰਪਨੀ’ ਦਾ ਹਵਾਲਾ ਦੇ ਕੇ ਉਪਰੋਕਤ ਪਾਲਿਸੀ ਨੂੰ ਰੱਦ ਕੀਤਾ। ਡਾ. ਮਨਮੋਹਨ ਸਿੰਘ ਦੀ ਉਦਾਰੀਕਰਨ ਨੀਤੀ ਨਾਲ ਵਿਦੇਸ਼ੀ ਨਿਵੇਸ਼ ਦਾ ਹੜ੍ਹ ਆ ਗਿਆ ਸੀ।

ਦੇਸ਼ ਦੀ ਵੰਡ ਵੇਲੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਲਹਿੰਦੇ ਪੰਜਾਬ ਦੇ ਚੱਕਵਾਲ ਜ਼ਿਲ੍ਹੇ ’ਚ ਪੈਂਦੇ ਪਿੰਡ ਗਾਹ ਤੋਂ ਰਫਿਊਜੀ ਬਣ ਕੇ ਭਾਰਤ ਆਇਆ ਸੀ। ਉਨ੍ਹਾਂ ਦੇ ਪਿਤਾ ਨੇ ਅੰਮ੍ਰਿਤਸਰ ਦੀ ਮਜੀਠ ਮੰਡੀ ਵਿਚ ਡਰਾਈ ਫਰੂਟ ਦੀ ਛੋਟੀ ਜੇਹੀ ਦੁਕਾਨ ਪਾ ਲਈ। ਘਣੀ ਵਸੋਂ ਵਾਲੇ ਮੁਹੱਲੇ ਵਿਚ ਰਹਿੰਦਿਆਂ ਡਾ. ਮਨਮੋਹਨ ਸਿੰਘ ਨੇ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਪਿੱਛੋਂ ਹਿੰਦੂ ਕਾਲਜ ਵਿਚ ਦਾਖ਼ਲਾ ਲਿਆ। ਇਸੇ ਕਾਲਜ ’ਚੋਂ ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਨੇ ਉਚੇਰੀ ਸਿੱਖਿਆ ਹਾਸਲ ਕੀਤੀ ਸੀ। ਛੋਟੇ ਹੁੰਦਿਆਂ ਡਾ. ਮਨਮੋਹਨ ਸਿੰਘ ਦੇ ਘਰ ਵਿਚ ਬਿਜਲੀ ਨਹੀਂ ਸੀ ਤੇ ਉਹ ਗਲੀ ਦੇ ਖੰਭੇ ਦੀ ਬੱਤੀ ਹੇਠ ਪੜ੍ਹਿਆ ਕਰਦੇ ਸਨ।

ਹਰ ਵੇਲੇ ਪੜ੍ਹਾਈ ਵਿਚ ਖੁੱਭੇ ਰਹਿਣ ਕਰਕੇ ਉਨ੍ਹਾਂ ਦੇ ਪਿਤਾ ਸਹਿਜ ਸੁਭਾਅ ਕਹਿੰਦੇ ਕਿ ਪੁੱਤ ਤੂੰ ਇਕ ਦਿਨ ਜ਼ਰੂਰ ਪ੍ਰਧਾਨ ਮੰਤਰੀ ਬਣੇਗਾ। ਅਲਪ ਸੰਖਿਅਕ ਕੌਮ ਦਾ ਵਿਅਕਤੀ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਵਾਗਡੋਰ ਸੰਭਾਲੇਗਾ, ਇਹ ਸੁਪਨੇ ਤੋਂ ਘੱਟ ਨਹੀਂ ਸੀ। ਦਰਵੇਸ਼ ਪਿਤਾ ਦੇ ਬੋਲ ਰੱਬ ਨੇ ਪੁਗਾ ਦਿੱਤੇ ਤੇ ਉਨ੍ਹਾਂ ਦਾ ਪਾੜ੍ਹਾ ਪੁੱਤਰ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਤਾਰਿਆਂ ਨਾਲ ਬਾਤਾਂ ਪਾਉਣ ਲੱਗ ਪਿਆ। ਜਦੋਂ ਉਹ ਦੇਸ਼ ਦੇ ਵਿੱਤ ਮੰਤਰੀ ਬਣੇ ਤਾਂ ਉਨ੍ਹਾਂ ਵੱਲੋਂ ਪਹਿਲਾ ਕ੍ਰਾਂਤੀਕਾਰੀ ਬਜਟ ਬਣਾਉਣ ਵੇਲੇ ਉਨ੍ਹਾਂ ਦੇ ਪਿਤਾ ਉਨ੍ਹਾਂ ਕੋਲ ਠਹਿਰੇ ਹੋਏ ਸਨ।

ਬਜਟ ਦੀ ਪੂਰਵ ਸੰਧਿਆ ਵੇਲੇ ਨੇਮ ਅਨੁਸਾਰ ਗੁਰਮੁਖ ਪਿਤਾ, ਗੁਰਮੁਖ ਸਿੰਘ ਕੋਹਲੀ ਦੇ ਪੈਰ ਘੁੱਟ ਕੇ ਉਹ ਆਪਣੇ ਬੈੱਡਰੂਮ ਵਿਚ ਚਲੇ ਗਏ ਸਨ। ਬਜਟ ਵਿਚ ਪੇਸ਼ ਹੋਣ ਵਾਲੀਆਂ ਕ੍ਰਾਂਤੀਕਾਰੀ ਮਦਾਂ ਦਾ ਜ਼ਿਕਰ ਪਿਤਾ ਨਾਲ ਕਰਦੇ ਤਾਂ ਉਹ ਰਾਤੋ-ਰਾਤ ਕਰੋੜਾਂਪਤੀ ਹੋ ਸਕਦੇ ਸਨ। ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਸਨ। ਅੰਮ੍ਰਿਤਸਰ ਸਾਹਿਬ ਦੀ ਫੇਰੀ ਵੇਲੇ ਉਹ ਸਰਕਟ ਹਾਊਸ ਵਿਚ ਪੂਰੇ ਪਰਿਵਾਰ ਨੂੰ ਬੁਲਾਉਣਾ ਨਾ ਭੁੱਲਦੇ। ਦੁਨੀਆ ਜਾਣਦੀ ਹੈ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਨਵੇਂ ਪੈਸੇ ਦਾ ਫ਼ਾਇਦਾ ਨਹੀਂ ਸੀ ਦਿੱਤਾ।

ਅਜਿਹੇ ਕਈ ਦਿਲਚਸਪ ਕਿੱਸੇ-ਕਹਾਣੀਆਂ ਉਨ੍ਹਾਂ ਦੀ ਸ਼ਖ਼ਸੀਅਤ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਜਮਾਤੀ ਦਲਬੀਰ ਸਿੰਘ ਅਕਸਰ ਕਿਹਾ ਕਰਦੇ ਸਨ ਕਿ ਜੇ ਡਾ. ਮਨਮੋਹਨ ਸਿੰਘ ਕੋਲੋਂ ਕੋਈ ਫ਼ਾਇਦਾ ਚੁੱਕਣਾ ਹੋਵੇ ਤਾਂ ਉਨ੍ਹਾਂ ਨੂੰ ਜਚਾ ਦਿਉ ਕਿ ਇਹ ਦੇਸ਼ ਹਿੱਤ ਵਿਚ ਹੈ। ਸਿਆਸਤ ਉਨ੍ਹਾਂ ਦੀਆਂ ਰਗਾਂ ਵਿਚ ਨਹੀਂ ਸੀ, ਫਿਰ ਵੀ ਕਿਸਮਤ ਨੇ ਉਨ੍ਹਾਂ ਨੂੰ ਵੱਡੇ ਤੋਂ ਵੱਡੇ ਅਹੁਦੇ ’ਤੇ ਬਿਰਾਜਿਆ। ਜ਼ਿੰਦਗੀ ਵਿਚ ਉਨ੍ਹਾਂ ਨੇ ਇਕ ਚੋਣ ਲੜੀ ਜੋ ਉਹ ਬੁਰੀ ਤਰ੍ਹਾਂ ਹਾਰ ਗਏ। ਦਿੱਲੀ ਦੀ ਇਹ ਚੋਣ ਸਿੱਖਾਂ ਦੀ ਬਹੁਲਤਾ ਵਾਲੇ ਵਿਧਾਨ ਸਭਾ ਹਲਕੇ ’ਚੋਂ ਲੜੀ ਗਈ ਸੀ। ਚੋਣ ਹਾਰਨ ਤੋਂ ਬਾਅਦ ਉਹ ਉਧਾਰ ਲਈ ਮਾਇਆ ’ਚੋਂ ਬਚਦੀ ਰਕਮ ਖੁਸ਼ਵੰਤ ਸਿੰਘ ਨੂੰ ਵਾਪਸ ਕਰਨ ਲਈ ਆਪਣੀ ਮਾਰੂਤੀ ਕਾਰ ਵਿਚ ਗਏ ਸਨ। ਚੋਣ ਦੇ ਰੰਗ-ਢੰਗ ਆਉਂਦੇ ਹੁੰਦੇ ਤਾਂ ਉਨ੍ਹਾਂ ਨੇ ਵੱਧ ਤੋਂ ਵੱਧ ਦਿੱਲੀ ਦਾ ਮੁੱਖ ਮੰਤਰੀ ਹੀ ਬਣਨਾ ਸੀ। ਕਿਸਮਤ ਨੇ ਤਾਂ ਉਨ੍ਹਾਂ ਨੂੰ ਚੋਣ ਹਰਾ ਕੇ ਦੇਸ਼ ਦੇ ਉੱਚਤਮ ਅਹੁਦੇ ’ਤੇ ਪਹੁੰਚਾਉਣਾ ਸੀ।

ਅੰਮ੍ਰਿਤਸਰ ਦੇ ਲੋਕਾਂ ਨੂੰ ਯਾਦ ਹੈ ਕਿ ਉਨ੍ਹਾਂ ਨੇ ਆਪਣੇ ਜੀਜੇ ਦਾ ਨਾਂ ਮਾਰਕਰ ਨਾਲ ਕੱਟਣ ਤੋਂ ਬਾਅਦ ਹੀ ਕਿਸੇ ਰਾਸ਼ਟਰੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮਨਜ਼ੂਰੀ ਦਿੱਤੀ ਸੀ। ‘ਤਿੰਨ ਸੌ ਸਾਲਾ ਗੁਰਤਾ ਗੱਦੀ’ ਸਮਾਗਮ ਲਈ ਡਾ. ਮਨਮੋਹਨ ਸਿੰਘ ਨੇ ਅਬਚਲ ਨਗਰ ਨਾਂਦੇੜ ਦਾ ਮੂੰਹ-ਮੁਹਾਂਦਰਾ ਸੰਵਾਰਨ ਲਈ ਅਰਬਾਂ ਰੁਪਏ ਦਾ ਫੰਡ ਦਿੱਤਾ ਸੀ। ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਪਦਮਸ੍ਰੀ ਨਾਲ ਸਨਮਾਨਤ ਕਰਨ ਲਈ ਉਨ੍ਹਾਂ ਨੇ ਵਿਸ਼ੇਸ਼ ਸਹਾਇਤਾ ਦਿੱਤੀ ਸੀ। ਡਾ. ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਵਿਰੋਧੀ ‘ਮੌਨ ਸਿੰਘ’ ਤੇ ਪ੍ਰਸ਼ੰਸਕ ‘ਸਿੰਘ ਇਜ਼ ਕਿੰਗ’ ਕਹਿ ਕੇ ਸੰਬੋਧਨ ਕਰਦੇ ਸਨ। ਸੰਨ 2010 ਵਿਚ ਕੈਨੇਡਾ ਵਿਖੇ ਹੋਏ ‘ਜੀ-20’ ਸਿਖਰ ਸੰਮੇਲਨ ਵੇਲੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਰਾਹਨਾ ਕਰਦਿਆਂ ਕਿਹਾ ਸੀ ਕਿ ਜਦੋਂ ਡਾ. ਮਨਮੋਹਨ ਸਿੰਘ ਬੋਲਦੇ ਹਨ ਤਾਂ ਦੁਨੀਆ ਸੁਣਦੀ ਹੈ। ਉਨ੍ਹਾਂ ਦੀ ਚੁੱਪ ਵਿਚ ਰੋਹਬ ਸੀ। ਅਸਰ ਸੀ।

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਨੇਤਾ ਹੁੰਦਿਆਂ ਉਨ੍ਹਾਂ ਦੀ ਚੁੱਪ ਦਾ ਮਜ਼ਾਕ ਉਡਾਇਆ ਸੀ ਪਰ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਨੇ ਬੋਲ-ਕੁਬੋਲ ਲਈ ਉਨ੍ਹਾਂ ਕੋਲੋਂ ਪੈਰੀਂ ਹੱਥ ਲਾ ਕੇ ਮਾਫ਼ੀ ਮੰਗੀ ਸੀ। ਸਿੱਧੂ ਨੇ ਕਿਹਾ, ‘ਆਪ ਸਰਦਾਰ ਵੀ ਹੋ, ਅਸਰਦਾਰ ਵੀ ਹੋ।’ ਆਪਣੀ ਗ਼ਲਤੀ ਸੁਧਾਰਦਿਆਂ ਸਿੱਧੂ ਨੇ ਕਿਹਾ, ‘ਜੋ ਆਪ ਦੇ ਮੌਨ ਨੇ ਕਰ ਦਿੱਤਾ, ਉਹ ਸ਼ੋਰ-ਸ਼ਰਾਬੇ ਨੇ ਨਹੀਂ ਕੀਤਾ।’’ ਆਰਥਿਕ ਨੀਤੀਆਂ ਦੇ ਮਹਾਨ ਸ਼ਿਲਪਕਾਰ ਡਾ. ਮਨਮੋਹਨ ਸਿੰਘ ਵਿਵਾਦਾਂ ਤੋਂ ਹਮੇਸ਼ਾ ਵਿੱਥ ਬਣਾ ਕੇ ਖੜ੍ਹਦੇ ਸਨ। ਉਨ੍ਹਾਂ ਦੇ ਕੈਬਨਿਟ ਸਾਥੀ ਭਾਵੇਂ ‘2ਜੀ’/ਕੋਲਾ ਆਦਿ ਘੁਟਾਲਿਆਂ ਆਦਿ ਵਿਚ ਫਸੇ ਰਹੇ ਪਰ ਉਨ੍ਹਾਂ ਦਾ ਆਪਣਾ ਦਾਮਨ ਹਮੇਸ਼ਾ ਬੇਦਾਗ਼ ਰਿਹਾ।

ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਦੀ ਚੀਸ ਉਨ੍ਹਾਂ ਦੇ ਦਿਲ ’ਚ ਉੱਠਦੀ ਰਹਿੰਦੀ ਸੀ। ਪ੍ਰਧਾਨ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਆਪਣੀ ਪਾਰਟੀ ਵੱਲੋਂ ਇਸ ਕਤਲੇਆਮ ਦੀ ਮਾਫ਼ੀ ਮੰਗੀ ਸੀ ਭਾਵੇਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਨ੍ਹਾਂ ’ਤੇ ਵੀ ਹਮਲਾ ਹੋਇਆ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ 100ਵੇਂ ਜਨਮ ਦਿਨ ’ਤੇ ਉਨ੍ਹਾਂ ਨੇ ਸਿੱਖਾਂ ਦੇ ਕਤਲੇਆਮ ਲਈ ਤਤਕਾਲੀ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜੇ ਗੁਜਰਾਲ ਸਾਹਿਬ ਦੇ ਮਸ਼ਵਰੇ ’ਤੇ ਅਮਲ ਕਰਦਿਆਂ ਰਾਓ ਫ਼ੌਜ ਬੁਲਾ ਲੈਂਦੇ ਤਾਂ ਸਿੱਖਾਂ ਨੂੰ ਦੇਸ਼ ਦੀ ਰਾਜਧਾਨੀ ਵਿਚ ਕੋਹ-ਕੋਹ ਕੇ ਨਾ ਮਾਰਿਆ ਜਾਂਦਾ।

ਸੌੜੀਆਂ ਸਿਆਸੀ ਸੋਚਾਂ ਤੋਂ ਉੱਪਰ ਉੱਠ ਕੇ ਵੱਖ-ਵੱਖ ਪਾਰਟੀਆਂ ਦੇ ਨੇਤਾ ਅੱਜ ਡਾ. ਮਨਮੋਹਨ ਸਿੰਘ ਨੂੰ ਮਹਾਨ ਨੀਤੀਵੇਤਾ ਕਹਿ ਕੇ ਸ਼ਰਧਾਂਜਲੀ ਅਰਪਿਤ ਕਰ ਰਹੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਰਾਜਸੀ ਗੁਰੂ ਤੇ ਮਹਾਨ ਨੇਤਾ ਸਦਾ ਲਈ ਗੁਆ ਲਿਆ ਹੈ। ਇਹ ਉਹੀ ਰਾਹੁਲ ਹਨ ਜਿਨ੍ਹਾਂ ਨੇ ਯੂਪੀਏ ਸਰਕਾਰ ਵੱਲੋਂ ਜਾਰੀ ਕੀਤੇ ਇਕ ਆਰਡੀਨੈਂਸ ਨੂੰ ਜਨਤਕ ਤੌਰ ’ਤੇ ਪਾੜ ਕੇ ਡਾ. ਮਨਮੋਹਨ ਸਿੰਘ ਨੂੰ ਜ਼ਲੀਲ ਕੀਤਾ ਸੀ। ਪਾਰਟੀ ਨੂੰ ਕੋਈ ਨੁਕਸਾਨ ਨਾ ਹੋਵੇ, ਇਸ ਲਈ ਉਨ੍ਹਾਂ ਨੇ ਅਪਮਾਨ ਦਾ ਕੌੜਾ ਘੁੱਟ ਸਹਿਜ ਰੂਪ ਵਿਚ ਭਰ ਲਿਆ ਸੀ। ਨਿਸ਼ਚੇ ਹੀ ਡਾ. ਮਨਮੋਹਨ ਸਿੰਘ ਉਹ ਸੂਰਜ ਹੈ ਜੋ ਅਸਤ ਹੋ ਕੇ ਵੀ ਦਿਲਾਂ ਨੂੰ ਰੁਸ਼ਨਾਉਂਦਾ ਰਹੇਗਾ।