VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਬਰਾਸਤਾ ਦੁਬਈ ( ਪੰਜਾਬੀ ਜਾਗਰਣ –– 2nd February, 2025)

ਵਰਿੰਦਰ ਵਾਲੀਆ

ਮੁਰਦਿਆਂ ਵਿਚ ਜਾਨ ਪਾਉਣ ਵਾਲਾ ਚਮਤਕਾਰੀ ਪੈਗੰਬਰ, ਮਸੀਹਾ ਅਖਵਾਉਂਦਾ ਹੈ। ਇਹ ਮਨਸਬ ਘੋਰ ਤਪੱਸਿਆ ਤੇ ਸਮਰਪਣ ਨਾਲ ਹੀ ਹਾਸਲ ਹੁੰਦਾ ਹੈ। ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇਹ ਉੱਚਾ ਮਰਤਬਾ ਸਦੀਆਂ ਤੋਂ ਪੀੜਤ ਸਮਾਜ ਦੀ ਪੀੜਾ ਦਾ ਤਰਜਮਾ ਕਰ ਕੇ ਹਾਸਲ ਕੀਤਾ ਸੀ। ਉਨ੍ਹਾਂ ਨੇ ਮਸ਼ਾਲ ਵਾਂਗ ਖ਼ੁਦ ਮਚ ਕੇ ਸਮਾਜ ਦੀਆਂ ਹਨੇਰੀਆਂ ਗੁੱਠਾਂ ਤੇ ਕੁੰਦਰਾਂ ਨੂੰ ਰੁਸ਼ਨਾਉਣ ਦਾ ਮਿਸਾਲੀ ਕਾਰਜ ਕੀਤਾ ਸੀ। ਮਸ਼ਾਲਾਂ ਮਚਾ ਕੇ ਸ਼ੋਸ਼ਣ ਕਰਨ ਵਾਲਿਆਂ ਖ਼ਿਲਾਫ਼ ਚੋਬਦਾਰੀ ਕਰਨ ਲਈ ਉਨ੍ਹਾਂ ਨੇ ਪੂਰਾ ਜੀਵਨ ਸਮਰਪਿਤ ਕੀਤਾ।

ਬਰਤਾਨਵੀ ਸਾਮਰਾਜ ਦੀ ਗ਼ੁਲਾਮੀ ਦਾ ਜੂਲਾ ਲਾਹ ਕੇ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਪਰ ਸੰਪੂਰਨ ਆਜ਼ਾਦੀ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰ ਕੇ ਹੀ ਮਿਲੀ ਸੀ। ਇਸੇ ਲਈ ‘ਜਨ-ਗਣ’ ਦੀ ਜੈਕਾਰ ਵਾਲਾ ਗਣਤੰਤਰ ਦਿਵਸ ਉਤਸਵ ਵਾਂਗ ਮਨਾਇਆ ਜਾਂਦਾ ਹੈ। ਸ੍ਰੀ ਅੰਮਿ੍ਤਸਰ ਸਾਹਿਬ ਦੀ ਹੈਰੀਟੇਜ ਸਟਰੀਟ ਵਿਚ ਲੱਗੇ ਬਾਬਾ ਸਾਹਿਬ ਦੇ ਬੁੱਤ ਦੀ ਗਣਤੰਤਰ ਵਾਲੇ ਦਿਵਸ ਹੋਈ ਬੇਹੁਰਮਤੀ ਨੂੰ ਕਿਸੇ ਸਿਰ–ਫਿਰੇ ਦੀ ਹਿਮਾਕਤ ਕਹਿ ਕੇ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਨਿਸਚੇ ਹੀ ਇਹ ਬੇਹੱਦ ਡੂੰਘੀ ਸਾਜ਼ਿਸ਼ ਹੈ।

ਦੇਸ਼ ਭਰ ਵਿਚ ਡਾ. ਅੰਬੇਡਕਰ ਦੇ ਹਜ਼ਾਰਾਂ ਬੁੱਤ ਲੱਗੇ ਹੋਏ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੁਝ ਫਰਲਾਂਗ ਦੀ ਦੂਰੀ ’ਤੇ ਲੱਗੇ ਬੁੱਤ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ? ਇਸ ਦਾ ਜਵਾਬ ਆਸਾਨੀ ਨਾਲ ਨਹੀਂ ਦਿੱਤਾ ਜਾ ਸਕਦਾ। ਆਜ਼ਾਦੀ ਤੋਂ ਪਹਿਲਾਂ ਡਾ. ਅੰਬੇਡਕਰ ਨੇ ਜਲ ਸਰੋਤਾਂ ’ਤੇ ਕਥਿਤ ਸਵਰਨ ਜਾਤੀਆਂ ਦੀ ਇਜਾਰੇਦਾਰੀ ਖ਼ਤਮ ਕਰਨ ਹਿੱਤ ਜ਼ਬਰਦਸਤ ਅੰਦੋਲਨ ਚਲਾਇਆ ਸੀ। ਇਸ ਤੋਂ ਸਦੀਆਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਨੇ ਸਮੁੱਚੀ ਮਾਨਵਤਾ ਲਈ ਸਾਂਝੇ ਸਰੋਵਰ ਖੁਦਵਾਏ ਸਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰ ਖੁੱਲ੍ਹੇ ਰੱਖ ਕੇ ਪ੍ਰਚਲਿਤ ਚਾਰ ਵਰਣਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ। ਪਵਿੱਤਰ ਰਾਮਦਾਸ ਸਰੋਵਰ ਵਿਚ ਇਸ਼ਨਾਨ ਕਰ ਕੇ ਸਾਰੇ ਪਾਪ ਉਤਰ ਜਾਣ ਦੀ ਰਮਜ਼ ਸਮਝਾਈ ਸੀ।

ਊਚ-ਨੀਚ, ਛੂਆ-ਛਾਤ ਦਾ ਭਰਮ ਖ਼ੁਦ-ਬ-ਖ਼ੁਦ ਮਿਟ ਜਾਂਦਾ। ਸਰੋਵਰ ’ਚੋਂ ਭਰੀ ਚੂਲੀ ਅੰਮ੍ਰਿਤ ਬਣ ਜਾਂਦੀ। ਪੰਗਤ ਵਿਚ ਬੈਠੀ ਸੰਗਤ ਵਿਚ ਗੁਰੂ ਦਾ ਦੀਦਾਰ ਹੁੰਦਾ। ਕੋਤਵਾਲੀ ਨੇੜੇ ਹੈਰੀਟੇਜ ਸਟਰੀਟ ਵਿਚ ਜਦੋਂ ਬੁੱਤ ਸਥਾਪਤ ਕੀਤਾ ਗਿਆ ਸੀ ਤਾਂ ਇਸ ਦਾ ਸਭ ਨੇ ਸਵਾਗਤ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦੀ ਤੋਂ ਪਹਿਲਾਂ ਹੀ ਹਾਸ਼ੀਏ ਤੋਂ ਹੇਠਾਂ ਜੀਵਨ ਬਸਰ ਕਰਨ ਵਾਲੇ ਵਰਗ ਨੂੰ ਬਰਾਬਰੀ ਦਾ ਹੱਕ ਦਿਵਾਉਣ ਲਈ ਆਵਾਜ਼ ਬੁਲੰਦ ਕਰਦੇ ਆਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ ਆਧਾਰ ਬਣਾ ਕੇ ਇਨ੍ਹਾਂ ਸਿੱਖ ਸੰਸਥਾਵਾਂ ਨੇ ਸ਼ੋਸ਼ਿਤ ਵਰਗ ਨੂੰ ਬਰਾਬਰੀ ਦਾ ਸਥਾਨ ਦਿਵਾਉਣ ਲਈ ਲੰਬਾ ਸੰਘਰਸ਼ ਵਿੱਢਿਆ ਸੀ। ਇਸ ਦਿਸ਼ਾ ਵਿਚ ਆਜ਼ਾਦੀ ਤੋਂ ਪਹਿਲਾਂ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਅਣਗਿਣਤ ਮਤੇ ਪਾਸ ਕੀਤੇ ਸਨ।

ਸੰਨ 1920 ਤੋਂ 1924 ਤੱਕ ਦੇ ਮਹੱਤਵਪੂਰਨ ਮਤੇ ਅਤੇ ਫ਼ੈਸਲੇ ਦਰਸਾਉਂਦੇ ਹਨ ਕਿ ਇਸ ਸਿੱਖ ਸੰਸਥਾ ਨੇ ਦੱਬੇ-ਕੁਚਲਿਆਂ ਨੂੰ ਬਰਾਬਰੀ ਦਾ ਹੱਕ ਦਿਵਾਉਣ ਲਈ ਲਗਾਤਾਰ ਕੰਮ ਕੀਤਾ ਹੈ। ਇਨ੍ਹਾਂ ਮਤਿਆਂ ਦਾ ਸੰਕਲਨ ਪੰਜਾਬੀ ਯੂਨੀਵਰਸਿਟੀ ਦੇ ਡਾ. ਪਰਮਵੀਰ ਸਿੰਘ ਅਤੇ ਰਵਿੰਦਰਪਾਲ ਸਿੰਘ ਨੇ ਕੀਤਾ ਹੈ। ਪੰਜ ਸੌ ਬੱਤੀ ਪੰਨਿਆਂ ਦੀ ਵੱਡ ਆਕਾਰੀ ਇਹ ਪੋਥੀ ਵੱਡਾ ਇਤਿਹਾਸਕ ਦਸਤਾਵੇਜ਼ ਹੈ। ਮਤਿਆਂ/ਫ਼ੈਸਲਿਆਂ ਤੋਂ ਇਲਮ ਹੁੰਦਾ ਹੈ ਕਿ ਮਹਾਰਾਸ਼ਟਰ ਵਿਚ ਡਾ. ਅੰਬੇਡਕਰ ਅਤੇ ਗੁਰੂਆਂ ਦੀ ਵਰੋਸਾਈ ਪੰਜਾਬ ਦੀ ਧਰਤੀ ’ਤੇ ਅਕਾਲੀ ਕਾਰਕੁੰਨ ਹਾਸ਼ੀਆਗਤ ਵਰਗ ਨੂੰ ਸਮਤਾ ਦਾ ਅਧਿਕਾਰ ਦਿਵਾਉਣ ਹਿੱਤ ਕ੍ਰਾਂਤੀਕਾਰੀ ਮੋਰਚੇ ਲਗਾ ਰਹੇ ਸਨ। ਇਨ੍ਹਾਂ ਮਤਿਆਂ ਦਾ ਪਾਠ ਕਰ ਕੇ ਖਵਾਬ ਵੀ ਨਹੀਂ ਲਿਆ ਜਾ ਸਕਦਾ ਕਿ ਕੋਈ ਨਾਨਕ ਨਾਮਲੇਵਾ ਅਜਿਹਾ ਕਾਰਾ ਕਰ ਸਕਦਾ ਹੈ ਜਿਸ ਨਾਲ ਦਲਿਤ ਵਰਗ ਦੇ ਮਨ ਨੂੰ ਭੋਰਾ ਵੀ ਠੇਸ ਪਹੁੰਚੇ।

ਦਸ ਮਾਰਚ 1939 ਨੂੰ ਪਾਸ ਕੀਤੇ ਗਏ ਇਕ ਮਤੇ ਰਾਹੀਂ ਕਿਹਾ ਗਿਆ ਸੀ ਕਿ ਅਖੌਤੀ ਅਛੂਤ ਸਿੰਘਾਂ ਦੇ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਤਾਂ ਜੋ ਉਹ ਖ਼ੁਦ ਨੂੰ ਭਾਈਚਾਰੇ ਦਾ ਅਨਿੱਖੜਵਾਂ ਅੰਗ ਸਮਝਣ। ‘ਛੂਤ ਤੇ ਭੂਤ’ ਨੂੰ ਦੂਰ ਕਰਨ ਤੇ (ਅਖੌਤੀ) ਅਛੂਤਾਂ ’ਚੋਂ ਸਿੰਘ ਸਜਿਆਂ ਨਾਲ ਅਭੇਦ ਵਰਤਣ ਅਰ ਸਭ ਸਿੱਖ ਸੰਗਤਾਂ ਖੂਹਾਂ ਆਦਿਕ ’ਤੇ ਚੜ੍ਹਾਣ, ਪੰਗਤਾਂ ਵਿਚ ਪ੍ਰਸ਼ਾਦੇ ਛਕਣ ਤੇ ਛਕਾਉਣ ਦੀ ਅਜਿਹੇ ਸੱਜਣਾਂ ਨੂੰ ਖੁੱਲ੍ਹ ਬਖ਼ਸ਼ਣ। ‘‘ਅਜਿਹੇ ਹੋਰ ਦਿਲਚਸਪ ਮਤੇ ਰਾਹੀਂ ਧਾਰਮਿਕ ਮੇਲਿਆਂ ਵਿਚ ਲੱਗਣ ਵਾਲੀਆਂ ਦੁਕਾਨਾਂ ਕੇਵਲ ਉਨ੍ਹਾਂ ਨੂੰ ਦੇਣ ਬਾਰੇ ਸਰਬਸੰਮਤੀ ਬਣੀ ਜੋ ਕਿਸੇ ਵੀ ਸਿੱਖ ਪਾਸੋਂ ਉਸ ਦੀ ਜਾਤ ਨਾ ਪੁੱਛਣ ਅਤੇ ਛੂਤਛਾਤ ਦਾ ਭਰਮ ਨਾ ਪਾਲਦੇ ਹੋਣ।

ਬਾਈ ਮਾਰਚ 1994 ਵਿਚ ਪਾਸ ਕੀਤੇ ਗਏ ਮਤੇ ਰਾਹੀਂ ਦੇਸ਼ ਭਰ ਵਿਚ ਦਲਿਤ ਸ਼ਕਤੀ ਦੇ ਉਭਾਰ ਦਾ ਸਮਰਥਨ ਕੀਤਾ ਗਿਆ ਸੀ। ਮਤੇ ਦੀ ਇਬਾਰਤ ਬੇਹੱਦ ਸਰਾਹੁਣਯੋਗ ਹੈ।’’ ਅਲੱਗ-ਅਲੱਗ ਰਾਜਾਂ ਵਿਚ ਦਲਿਤ ਸ਼ਕਤੀ ਦਾ ਨਵੀਂ ਸ਼ਕਤੀ ਵਜੋਂ ਉੱਭਰਨਾ ਸੰਤੁਸ਼ਟੀਜਨਕ ਅਤੇ ਤਸੱਲੀਪੂਰਨ ਹੈ। ਇਹ ਖ਼ੁਸ਼ੀ ਦੀ ਗੱਲ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੀਕ ‘ਨੀਚੋਂ ਊਚ ਕਰਨ’ ਦੀ ਜੋ ਕਰਾਮਾਤ ਹੋਈ ਹੈ, ਉਹ ਪ੍ਰਤੱਖ ਰੂਪ ਵਿਚ ਥਾਂ-ਥਾਂ ਪ੍ਰਗਟ ਹੋ ਰਹੀ ਹੈ ਪਰ ਪੰਧ ਅਜੇ ਵੀ ਲੰਮੇਰਾ ਹੈ ਅਤੇ ਬਿਖੜਾ ਵੀ। ਅਜਿਹੇ ਕਈ ਹੋਰ ਮਹੱਤਵਪੂਰਨ ਮਤੇ ਅਤੇ ਫ਼ੈਸਲੇ ਹਨ ਜਿਨ੍ਹਾਂ ਰਾਹੀਂ ਸ਼ੋਸ਼ਿਤ ਸ਼੍ਰੇਣੀਆਂ ਨੂੰ ਬਰਾਬਰ ਦੇ ਹੱਕ-ਹਕੂਕ ਦੇਣ ਦੀ ਵਕਾਲਤ ਕੀਤੀ ਗਈ ਹੈ।

ਅਫ਼ਸੋਸ! ਆਪਣੇ ਸ਼ਤਾਬਦੀ ਵਰ੍ਹੇ ਵਿਚ ਵੀ ਸ਼੍ਰੋਮਣੀ ਕਮੇਟੀ ਇਨ੍ਹਾਂ ਮਤਿਆਂ ਦਾ ਸੰਚਾਰ ਕਰਨ ਤੋਂ ਅਸਮਰੱਥ ਜਾਪਦੀ ਹੈ। ਚੰਗਾ ਹੁੰਦਾ ਜੇ ਸ਼ਤਾਬਦੀ ਵਰ੍ਹੇ ਵਿਚ ਆਲਮੀ ਪੱਧਰ ’ਤੇ ਸੈਮੀਨਾਰਾਂ ਤੇ ਸਮਾਗਮਾਂ ਦਾ ਆਯੋਜਨ ਕਰ ਕੇ ਸਮਾਜ ਦੀ ਸਮਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਪਾਏ ਗਏ ਯੋਗਦਾਨ ’ਤੇ ਭਰਪੂਰ ਚਰਚਾ ਹੁੰਦੀ। ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਉਨ੍ਹਾਂ ਮਹਾਨ ਬਾਣੀਕਾਰਾਂ ਬਾਰੇ ਭਰਪੂਰ ਚਾਨਣਾ ਪਾਇਆ ਜਾਂਦਾ ਜਿਨ੍ਹਾਂ ਨੂੰ ਜਾਤਪਾਤ ਦੇ ਆਧਾਰ ’ਤੇ ਖ਼ੁਦ ਨੂੰ ਸਵਰਨ ਜਾਤੀਆਂ ਦਾ ਭਰਮ ਪਾਲਣ ਵਾਲੇ ਵਰਗਾਂ ਨੇ ਨੀਵਾਂ ਦਿਖਾਉਣ ਲਈ ਹਰ ਤਰ੍ਹਾਂ ਦੇ ਹਰਬੇ ਵਰਤੇ ਸਨ।

ਸਿੱਖ ਗੁਰੂ ਸਾਹਿਬਾਨ ਨੇ ਮੱਧਕਾਲ ਵਿਚ ਚੱਲੀ ‘ਭਗਤੀ ਲਹਿਰ’ ਦੌਰਾਨ ਹਰ ਸ਼੍ਰੇਣੀ ਦੇ ਬਾਣੀਕਾਰ ਦੀ ਬਾਣੀ ਨੂੰ ਇਕੱਤਰ ਕਰ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ ਸੀ। ਵੱਖ-ਵੱਖ ਫ਼ਿਰਕਿਆਂ ਅਤੇ ਜਾਤਾਂ ਦੇ ਭਗਤਾਂ, ਸੂਫ਼ੀਆਂ-ਸੰਤਾਂ ਤੇ ਮਹਾਤਮਾਵਾਂ ਦੀ ਬਾਣੀ ਗੁਰੂ ਸਾਹਿਬਾਨ ਦੇ ਨਾਲ ਅੰਕਿਤ ਹੋਈ। ਦੇਸ਼ ਦੇ ਵੱਖ-ਵੱਖ ਖੇਤਰਾਂ ’ਚੋਂ ਵਹਿੰਦੇ ਦਰਿਆ ਸਮੁੰਦਰ ਵਿਚ ਸਮਾ ਗਏ। ਦਰਿਆਵਾਂ ਨੂੰ ਸਮੁੰਦਰ ’ਚੋਂ ਨਖੇੜਨਾ ਅਸੰਭਵ ਹੋ ਗਿਆ। ਕੋਈ ਵੀ ਨਾਨਕ ਨਾਮਲੇਵਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ ਹੈ ਤਾਂ ਉਸ ਲਈ ਸਾਰੇ ਬਾਣੀਕਾਰ ਗੁਰੂ ਦੇ ਅੰਗ-ਸੰਗ ਹੁੰਦੇ ਹਨ। ਜਿਸ ਪਵਿੱਤਰ ਨਗਰੀ ਵਿਚ ਇਲਾਹੀ ਬਾਣੀ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ ਹੋਵੇ, ਭਲਾ ਓਥੇ ਦਲਿਤਾਂ ਦੇ ਮਸੀਹਾ ਸਮਝੇ ਜਾਣ ਵਾਲੇ ਦੇ ਬੁੱਤ ਨੂੰ ਸ਼ਿਕਨ ਕਰਨ ਬਾਰੇ ਭਲਾ ਕੌਣ ਸੋਚੇਗਾ?

ਕਥਿਤ ਦੋਸ਼ੀ ਅਕਾਸ਼ਦੀਪ ਦੀ ਨਿਰਪੱਖ ਜਾਂਚ-ਪੜਤਾਲ ਸਾਜ਼ਿਸ਼ ਘਾੜਿਆਂ ਨੂੰ ਬੇਨਕਾਬ ਕਰ ਸਕਦੀ ਹੈ। ਅਕਾਸ਼ਦੀਪ ਮੋਗਾ ਜ਼ਿਲ੍ਹੇ ਦੇ ਧਰਮਕੋਟ ਦਾ ਵਸਨੀਕ ਹੈ। ਗ਼ਰੀਬ ਘਰ ਦਾ ਇਹ ਨੌਜਵਾਨ ਕੁਝ ਮਹੀਨੇ ਪਹਿਲਾਂ ਹੀ ਦੁਬਈ ਤੋਂ ਵਤਨ ਪਰਤਿਆ ਸੀ। ਦੁਬਈ ਤੋਂ ਵਾਪਸ ਪਰਤਣ ਤੋਂ ਪਹਿਲਾਂ ਉਸ ਨੇ ਕੇਸ ਰੱਖ ਲਏ ਸਨ। ਪਿਛਲੇ ਲੰਬੇ ਸਮੇਂ ਤੋਂ ਉਸ ਨੇ ਆਪਣੇ ਘਰ ਵਾਲਿਆਂ ਨਾਲ ਸੰਪਰਕ ਨਹੀਂ ਸੀ ਕੀਤਾ। ਉਸ ਦੀ ਮਾਂ ਲੋਕਾਂ ਦੇ ਘਰਾਂ ਵਿਚ ਝਾੜੂ-ਪੋਚੇ ਦੀ ਕਿਰਤ ਕਰ ਕੇ ਪਰਿਵਾਰ ਨੂੰ ਪਾਲ ਰਹੀ ਹੈ।

ਪੁਲਿਸ ਕਈ ਪੱਖਾਂ ਤੋਂ ਜਾਂਚ ਕਰ ਰਹੀ ਹੈ। ਇਕ ਪੱਖ ਇਹ ਹੈ ਕਿ ਕੁਝ ਨੌਜਵਾਨ ਜਿਨ੍ਹਾਂ ਨੇ ਦੁਬਈ ਜਾਣ ਵੇਲੇ ਕੇਸ ਕਤਲ ਕੀਤੇ ਸਨ, ਉਨ੍ਹਾਂ ਨੇ ਦੇਸ਼ ਪਰਤਣ ਤੋਂ ਪਹਿਲਾਂ ਕਿਸੇ ‘ਮਿਸ਼ਨ’ ਤਹਿਤ ਕੇਸ ਤਾਂ ਨਹੀਂ ਸਨ ਰੱਖੇ? ਇਹ ਵੀ ਵਿਡੰਬਣਾ ਹੈ ਕਿ ਅਕਾਸ਼ਦੀਪ ਖ਼ੁਦ ਕਥਿਤ ਨਿਮਨ ਸ਼੍ਰੇਣੀ ਨਾਲ ਸਬੰਧਤ ਹੋਣ ਦੇ ਬਾਵਜੂਦ ਅਜਿਹਾ ਕਾਰਾ ਕਿਉਂ ਕਰਦਾ ਹੈ ਤੇ ਉਹ ਵੀ ਗੁਰੂ ਰਾਮਦਾਸ ਦੀ ਨਗਰੀ ਦੀ ਹੈਰੀਟੇਜ ਸਟਰੀਟ ’ਚ? ਅਜਿਹੀ ਡੂੰਘੀ ਸਾਜ਼ਿਸ਼ ਦੀ ਚੰਗੀ ਤਰ੍ਹਾਂ ਤਹਿਕੀਕਾਤ ਨਾ ਕੀਤੀ ਗਈ ਤਾਂ ਭਵਿੱਖ ਵਿਚ ਬਰਾਸਤਾ ਦੁਬਈ ਇਸ ਤੋਂ ਵੀ ਕਿਤੇ ਵੱਧ ਖ਼ਤਰਨਾਕ ਸ਼ਰਾਰਤਾਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।