VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਇਕ ਤੋਂ ਸਵਾ ਲੱਖ ਬਣਾਉਂਦੀ ਨਗਰੀ ( ਪੰਜਾਬੀ ਜਾਗਰਣ –– 13th April, 2025)

ਵਰਿੰਦਰ ਵਾਲੀਆ

ਪੰਜਾਬ ’ਚ ਨਵਾਂ ਸਾਲ ਚੇਤਰ ਦੀ ਏਕਮ ਤੋਂ ਸ਼ੁਰੂ ਹੁੰਦਾ ਹੈ ਜਦੋਂ ਬਨਸਪਤੀ ਲੁੱਡੀਆਂ ਪਾਉਂਦੀ ਹੈ ਤੇ ਫੁੱਲਾਂ ਲੱਦੀਆਂ ਟਾਹਣੀਆਂ ਢੋਲੇ ਗਾਉਂਦੀਆਂ ਪ੍ਰਤੀਤ ਹੁੰਦੀਆਂ ਹਨ ਜਦਕਿ ਖ਼ਾਲਸੇ ਦਾ ਨਵਾਂ ਵਰ੍ਹਾ ਵਿਸਾਖੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਭਾਰਤੀ ਸੂਰਜੀ ਜੰਤਰੀ ਦਾ ਆਗਾਜ਼ ਵੀ ਇਸ ਦਿਹਾੜੇ ਤੋਂ ਹੀ ਹੁੰਦਾ ਹੈ। ਵਿਸਾਖੀ ਵਾਲੇ ਦਿਨ ਸੁਰਤ ਅਨੰਦਾਂ ਦੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਸੁਤੇਸਿੱਧ ਪਰਿਕਰਮਾ ਕਰਦੀ ਹੈ। ਸੰਨ 1999 ਦੀ ਵਿਸਾਖੀ ਨੂੰ ਇਸ ਨਗਰੀ ਵਿਚ ਅਲੋਕਾਰੀ ਕੌਤਿਕ ਖੇਡਿਆ ਗਿਆ ਜਿਸ ਨੇ ਤਵਾਰੀਖ਼ ਨੂੰ ਕੂਹਣੀ ਮੋੜ ਦੇ ਦਿੱਤਾ ਸੀ।

ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਨਾਲ ਘਿਰੀ ਇਸ ਛੋਟੀ ਜਿਹੀ ਨਗਰੀ ’ਚ ਨਾਨਕ ਨਾਮਲੇਵਾ ਵਹੀਰਾਂ ਘੱਤੀ ਆਏ ਸਨ। ਸੰਗਤ ਦੇ ਸੈਲਾਬ ਨਾਲ ਜੰਗਲ ’ਚ ਮੰਗਲ ਲੱਗ ਗਿਆ ਸੀ। ਨਾਲ ਵਹਿੰਦੇ ਸਤਿਲੁਜ ਦੀਆਂ ਉਤਾਵਲੀਆਂ ਛੱਲਾਂ ਮਹਿਕ-ਭਿੰਨੀ ਫ਼ਿਜ਼ਾ ਨਾਲ ਗੱਲਾਂ ਕਰ ਰਹੀਆਂ ਸਨ। ਸਮੇਂ ਨੇ ਅੰਗੜਾਈ ਲਈ। ਕੇਸਗੜ੍ਹ ਵਾਲੀ ਪਹਾੜੀ ’ਤੇ ਅਨੂਠਾ ਰੰਗ-ਮੰਚ ਸਜਿਆ ਹੋਇਆ ਸੀ। ਚੋਜੀ ਪ੍ਰੀਤਮ ਦੇ ਮੁੱਖੜੇ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਸੀ। ਤਾਜ਼ੀ ਸਾਣ ’ਤੇ ਚਾੜ੍ਹੀ ਸ਼ਮਸ਼ੀਰ ਅਚਨਚੇਤ ਮਿਆਨੋਂ ਨਿਕਲੀ। ਲਿਸ਼ਕਦੀ ਕਿਰਪਾਨ ਹਵਾ ’ਚ ਲਹਿਰਾਈ ਤਾਂ ਅੰਬਰ ’ਚ ਬਿਜਲੀ ਕੜਕੀ। ਨੀਲੇ ਦਾ ਸ਼ਾਹ ਅਸਵਾਰ ਬੱਦਲਾਂ ਤੋਂ ਵੱਧ ਗਰਜਿਆ, ‘‘ਹੈ ਕੋਈ ਗੁਰੂ ਦਾ ਬੇਟਾ, ਜੋ ਸੀਸ ਕਰੇ ਭੇਟ!’’

ਇਕੱਠ ਵਿਚ ਸਹਿਮ ਪਸਰ ਗਿਆ। ਰਵਾਇਤੀ ਮੇਲੇ ਦੇ ਭਰਮ ’ਚ ਇਕੱਠੇ ਹੋਏ ਬਹੁਤੇ ਲੋਕਾਂ ਦੇ ਧੜਾਂ ’ਤੇ ਸਿਰ ਨਹੀਂ ਸਨ। ਉਨ੍ਹਾਂ ਭਾਣੇ ਤਾਂ ਇਹ ਪਰੰਪਰਾਗਤ ਸੁਹਜ-ਸੁਆਦ ਪਰੋਸਣ ਵਾਲਾ ਮੇਲਾ ਹੋਵੇਗਾ। ਉਹ ਹੈਰਾਨ ਸਨ ਕਿ ਵੰਝਲੀਆਂ ਤੇ ਅਲਗੋਜ਼ਿਆਂ ਦੀ ਬਜਾਏ ਧੌਂਸੇ (ਨਗਾਰੇ) ’ਤੇ ਡਗੇ ਵੱਜ ਰਹੇ ਸਨ। ਚਿੱਟੇ ਬਾਜ਼ ਪਰਵਾਜ਼ ਭਰ ਕੇ ਨਿਲੱਤਣਾਂ ਵਿਚ ਵਿਭੌਰ ਹੋਏ ਫਿਰਦੇ ਸਨ। ਇਹ ਧੌਂਸਾ ਮਜ਼ਲੂਮਾਂ ’ਤੇ ਧੌਂਸ ਜਮਾਉਣ ਵਾਲੇ ਜ਼ਾਲਮ ਮੁਗ਼ਲਾਂ ਤੇ ਬਾਈਧਾਰ ਦੇ ਕਲੇਸ਼ੀ ਰਾਜਿਆਂ ਨੂੰ ਲਲਕਾਰ ਸੀ। ਕਈ ਲੋਕ ਕੰਧਾੜੇ ਚੁੱਕੀ ਆਪਣੇ ਜੁਆਕਾਂ ਨੂੰ ਨਾਲ ਲਿਆਏ ਸਨ। ਖਿਡੌਣਿਆਂ ਦੀ ਕੋਈ ਆਰਜ਼ੀ/ਪੱਕੀ ਦੁਕਾਨ ਨਜ਼ਰੀਂ ਨਾ ਪਈ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਉਦਾਸੀ ਛਾ ਗਈ ਸੀ। ਇਹ ਖਾਨਾਗਾਹਾਂ, ਹੁਜਰਿਆਂ ਤੇ ਪੀਰਾਂ ਦੇ ਤਕੀਆ ’ਤੇ ਲੱਗਣ ਵਾਲੇ ਮੇਲਿਆਂ ਤੋਂ ਵੱਖਰੀ ਭਾਂਤ ਦਾ ਸੀ। ਇਕਤਾਰੇ ਦੀਆਂ ਮਧੁਰ ਧੁਨਾਂ ਦੀ ਥਾਂ ਬੀਰ-ਰਸ ਹਾਵੀ ਸੀ।

ਬਾਜਾਂ ਵਾਲੇ ਨੇ ਫਿਰ ਸੀਸ ਦੀ ਮੰਗ ਦੁਹਰਾਈ। ਕਿਸੇ ਕੋਲ ਹੋਵੇ ਤਾਂ ਦੇਵੇ। ਦਰਵੇਸ਼ ਬਾਦਸ਼ਾਹ ਦੀ ਇਲਾਹੀ ਨਦਰ ਇਕੱਠ ’ਚੋਂ ਮਰਜੀਵੜੇ ਢੂੰਡ ਰਹੀ ਸੀ। ਅਗਲੀ ਕੜਕਦੀ ਆਵਾਜ਼ ਦਾ ਹੁੰਗਾਰਾ ਲਾਹੌਰ ਦੇ ਭਾਈ ਦਇਆ ਰਾਮ ਖੱਤਰੀ ਨੇ ਭਰਿਆ। ਉਹ ਮੁਗ਼ਲਾਂ ਦੇ ਸਤਾਏ ਹੋਏ ਸ਼ਹਿਰ ਤੋਂ ਆਇਆ ਸੀ (ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ)। ਗਲ ਵਿਚ ਪੱਲਾ ਪਾ ਕੇ ਉਹ ਆਜ਼ਜ਼ੀ ਵਿਚ ਬੋਲਿਆ, ‘‘ਸੱਚੇ ਪਾਤਸ਼ਾਹ, ਇਹ ਸੀਸ ਆਪ ਦੀ ਇਮਾਨਤ ਹੈ।’’ ਚੋਜੀ ਪਾਤਸ਼ਾਹ ਉਸ ਨੂੰ ਬਾਹੋਂ ਫੜ ਨਾਲ ਗੱਡੇ ਤੰਬੂ ਵਿਚ ਲੈ ਗਏ। ਰੱਤ ਲਿੱਬੜੀ ਸ਼ਮਸ਼ੀਰ ਲੈ ਕੇ ਫਿਰ ਮੰਚ ’ਤੇ ਪਧਾਰੇ। ਵਾਰ-ਵਾਰ ਮੰਗਣ ’ਤੇ ਚਾਰ ਹੋਰ ਗੁਰੂ ਦੇ ਪਿਆਰਿਆਂ ਨੇ ‘ਸੀਸ ਭੇਟ’ ਕੀਤੇ। ਇਨ੍ਹਾਂ ਵਿਚ ਹਸਤਿਨਾਪੁਰ ਦਾ ਭਾਈ ਧਰਮ ਚੰਦ, ਜਗਨਨਾਥ ਪੁਰੀ (ਉੜੀਸਾ) ਦਾ ਭਾਈ ਹਿੰਮਤ ਚੰਦ, ਦਵਾਰਕਾ ਦੇ ਭਾਈ ਮੋਹਕਮ ਚੰਦ ਤੇ ਬਿਦਰ ਦੇ ਭਾਈ ਸਾਹਿਬ ਚੰਦ ਅੱਗੇ ਆਏ। ਇਹ ਸਾਹਸ ਪਰਖਣ ਦੀ ਘੜੀ ਸੀ।

ਹਜ਼ਾਰਾਂ ਦੇ ਇਕੱਠ ’ਚੋਂ ਕੇਵਲ ਪੰਜ ਸੀਸ ਵਾਲੇ ਨਿਕਲੇ ਜਿਨ੍ਹਾਂ ਨੇ ਸਿੱਖੀ ਦੀ ਬੁਨਿਆਦ ਰੱਖਣੀ ਸੀ। ਇਹ ਸੀਸ ਇਮਾਨਤ ਵਜੋਂ ਕਲਗੀਆਂ ਵਾਲੇ ਕੋਲ ਜਮ੍ਹਾ ਹੋਏ ਜਿਨ੍ਹਾਂ ਨੂੰ ਕਿਸੇ ਵੀ ਬਿਖਮ ਘੜੀ ਵਰਤਿਆ ਜਾ ਸਕਦਾ ਸੀ। ਸ਼ਹਾਦਤ ਦੀ ਇਹ ਅਸਲੋਂ ਨਵੀਂ ਪਰਿਭਾਸ਼ਾ ਸੀ। ਸ਼ਹੀਦਾਂ ਦੇ ਸਿਰਤਾਜ ਪੰਜਵੇਂ ਨਾਨਕ, ਗੁਰੂ ਅਰਜਨ ਦੇਵ ਜੀ ਦਾ ਮਹਾਂਵਾਕ ‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸਾ’’ ਉਨ੍ਹਾਂ ਦੇ ਲਬਾਂ ’ਤੇ ਸੀ। ਇਸ ਕੌਤਕ ਨਾਲ ਜਿਵੇਂ ਮੋਈ ਮਿੱਟੀ ਜਾਗ ਪਈ ਸੀ। ਧਰਮ ਦੇ ਖਮੀਰ ਨਾਲ ਗੁੰਨ੍ਹੀ ਅਨੰਦਪੁਰ ਦੀ ਮਿੱਟੀ ਨੇ ਅੱਗੇ ਜਾ ਕੇ ਕ੍ਰਾਂਤੀ ਦੀ ਅਲੌਕਿਕ ਇਬਾਰਤ ਲਿਖਣੀ ਸੀ। ਬਾਜਾਂ ਵਾਲੇ ਨੇ ਤੰਬੂ ’ਚੋਂ ਪੰਜੇ ਪਿਆਰੇ ਮੰਚ ’ਤੇ ਲਿਆਂਦੇ ਤਾਂ ਇਕੱਠ ਵਿਚ ਬੈਠੇ ਲੋਕ ਹੈਰਾਨ ਹੋਏ। ਕਈ ਪਰੇਸ਼ਾਨ ਹੋਏ। ਮਨਬਚਨੀ ਕਰਦੇ ਹਨ, ‘ਜੇ ਇੰਜ ਹੀ ਹੋਣਾ ਸੀ ਤਾਂ ਉਨ੍ਹਾਂ ਨੂੰ ਵੀ ਸੀਸ ਦੀ ਪੇਸ਼ਕਸ਼ ਕਰ ਦੇਣੀ ਚਾਹੀਦੀ ਸੀ।’

ਆਬੇ-ਹਯਾਤ ਦਾ ਅੰਮ੍ਰਿਤ ਤਿਆਰ ਕੀਤਾ ਗਿਆ। ਖੰਡੇ-ਬਾਟੇ ਦਾ ਅੰਮ੍ਰਿਤ ਛਕਾ ਕੇ ਉਹ ਸਿੰਘ ਸਜ ਗਏ ਸਨ। ‘ਆਪੇ ਗੁਰ ਚੇਲਾ’ ਦੀ ਮਹਾਨ ਸੰਸਥਾ ਕਾਇਮ ਕਰਨ ਹਿਤ ਗੁਰੂ ਜੀ ਨੇ ਪੰਜ ਪਿਆਰਿਆਂ ਕੋਲੋਂ ਖ਼ੁਦ ਅੰਮ੍ਰਿਤ ਛਕਿਆ। ਸਦੀਆਂ ਪਹਿਲਾਂ ਜਮਹੂਰੀਅਤ ਦੀ ਵਿਲੱਖਣ ਮਿਸਾਲ ਕਾਇਮ ਹੋ ਗਈ। ਊਚ-ਨੀਚ ਦਾ ਭੇਤ ਖ਼ਤਮ ਹੋ ਗਿਆ। ਬਾਟੇ ਵਿਚ ਨਿੱਕੇ-ਵੱਡੇ ਸਭ ਪਤਾਸੇ ਘੁਲ ਕੇ ਇਕਮਿਕ ਹੋ ਚੁੱਕੇ ਸਨ। ਮਾਤਾ ਜੀਤੋ ਜੀ ਵੱਲੋਂ ਬਾਟੇ ’ਚ ਪਏ ਨਿਰਮਲ ਜਲ ’ਚ ਖੰਡੇ ਨਾਲ ਪਤਾਸੇ ਘੋਲੇ ਗਏ। ਖੰਡਾ ਮੀਰੀ-ਪੀਰੀ ਤੇ ਸੰਤ-ਸਿਪਾਹੀ ਦਾ ਪ੍ਰਤੀਕ ਹੈ। ਬਾਟਾ ਹਿਰਦੇ ਦੀ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਸਤਿਲੁਜ ਦਰਿਆ ਕਿਨਾਰੇ ਪ੍ਰਗਟ ਹੋਏ ਖ਼ਾਲਸੇ ਦਾ ਦਿਲ ਵੀ ਦਰਿਆ ਬਣ ਗਿਆ।

ਅਨੰਦਪੁਰ ਸਾਹਿਬ ਸ਼ਸਤਰ ਤੇ ਸ਼ਾਸਤਰ ਦੇ ਸੁਮੇਲ ਦੀ ਧਰਤੀ ਬਣ ਕੇ ਉੱਭਰਿਆ। ਜਿੱਥੇ ਸਾਹਿਬਜ਼ਾਦਿਆਂ ਨੇ ਪੰਘੂੜੇ ਝੂਟੇ ਉਹ ਨਗਰੀ ਖ਼ਾਲਸਾ ਪੰਥ ਦਾ ਪੰਘੂੜਾ ਅਖਵਾਈ। ਇਹ ਉਹ ਨਗਰੀ ਹੈ ਜਿੱਥੇ ਗੋਬਿੰਦ ਰਾਏ ਤੇ ਚਾਰ ਸਾਹਿਬਜ਼ਾਦਿਆਂ ਦੀਆਂ ਨੰਨ੍ਹੀਆਂ ਸੰਦਲੀ ਪੈੜਾਂ ਪਈਆਂ। ਨੀਲੇ ਘੋੜੇ ਦੀਆਂ ਟਾਪਾਂ ਦੀ ਅੱਜ ਵੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਅੰਮ੍ਰਿਤ ਛਕ ਕੇ ਇਕ ਤੋਂ ਸਵਾ ਲੱਖ ਹੋਣ ਦੀ ਧਰਤੀ ਹੈ ਅਨੰਦਪੁਰ ਸਾਹਿਬ। ਇਸ ਧਰਤੀ ਤੋਂ ਨੌਵੇਂ ਨਾਨਕ, ਗੁਰੂ ਤੇਗ ਬਹਾਦਰ ਜੀ ਖ਼ੁਦ ਸੀਸ ਭੇਟ ਕਰਨ ਦਿੱਲੀ ਦੇ ਮਕਤਲ ’ਚ ਪੁੱਜੇ ਸਨ। ਸਿਰ ਅਰਪਣ ਕਰਨ ਕਰਨ ਦੀ ਇਹ ਨਵੀਂ ਰੀਤ ਸੀ। ਇਹ ਸੀਸ ਅਨੰਦਪੁਰ ਸਾਹਿਬ ਮੁੜ ਵਾਪਸ ਆਇਆ ਤਾਂ ਚੌਵੀ ਸਾਲ ਬਾਅਦ ਪੰਜ ਹੋਰ ਸੀਸ ਭੇਟਾ ਹੋ ਗਏ।

ਆਪਣੀ ਹੀ ਚਰਬੀ ਨਾਲ ਬਾਲੀਆਂ ਜਾਂਦੀਆਂ ਮਸ਼ਾਲਾਂ ਨੇ ਅਨੰਦਪੁਰ ’ਚ ਕਈ ਮਿਸਾਲਾਂ ਕਾਇਮ ਕੀਤੀਆਂ। ਇਸ ਧਰਤੀ ਤੋਂ ਕਈ ਤਵਾਰੀਖ਼ੀ ਫ਼ੈਸਲੇ ਲਏ ਗਏ ਜਿਨ੍ਹਾਂ ਨੇ ਸਿੱਖ ਸਿਆਸਤ ਨੂੰ ਪ੍ਰਭਾਵਿਤ ਕੀਤਾ। ਇਸ ਧਰਤੀ ਨੇ ਸਰਬੰਸ ਦਾਨ ਕਰਨ ਦੀ ਪ੍ਰੇਰਨਾ ਦਿੱਤੀ। ਸਿੱਖ ਪੰਥ ਦੇ ਪ੍ਰਗਟਾਅ ਤੋਂ ਬਾਅਦ ਅਨੰਦਪੁਰ ਚਿੜੀਆਂ ਨਾਲ ਬਾਜ਼ ਲੜਾਉਣ ਦੀ ਧਰਤੀ ਬਣ ਗਈ। ਇੱਥੇ ਸਦਾ ਦੇਗ ਤੇਗ ਦੀ ਫ਼ਤਹਿ ਹੁੰਦੀ। ਨਿਂਵ ਕੇ ਆਇਆਂ ਲਈ ਦੇਗ ਤੇ ਚੜ੍ਹ ਕੇ ਆਇਆਂ ਲਈ ਤੇਗ ਤਿਆਰ ਹੁੰਦੀ। ਕਬੀਰ ਸਾਹਿਬ ਦਾ ਸ਼ਲੋਕ ‘ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦ/ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ’ ਦਿਲ ਦਿਮਾਗ ਦੀਆਂ ਤਰਬਾਂ ਛੇੜਦਾ। ਪ੍ਰੇਮ ਦੀ ਅਵੱਲੜੀ ਖੇਡ ਖੇਡਣ ਵੇਲੇ ਸੀਸ ਤਲੀਆਂ ’ਤੇ ਰੱਖੇ ਜਾਂਦੇ। ਸ਼ਿਵਾਲਕ ਦੀਆਂ ਪਹਾੜੀਆਂ ’ਚ ਹੁਆਂਕ ਰਹੇ ਗਿੱਦੜ ਸ਼ੇਰਾਂ ਵਾਂਗ ਦਹਾੜਨ ਲੱਗ ਪਏ ਸਨ। ਸ਼ਸਤਰਾਂ ਦੇ ਧਨੀ ਬਾਣੀ ਪੜ੍ਹਦੇ ਨੀਲੇ ਬਾਣੇ ਵਾਲੇ ਅਕਾਲ ਪੁਰਖ ਦੀ ਫ਼ੌਜ ਅਖਵਾਏ ਜੋ ਮਜ਼ਲੂਮਾਂ ਦੀ ਰੱਖਿਆ ਖ਼ਾਤਰ ਸਿਰ ਧੜ ਦੀ ਬਾਜ਼ੀ ਲਾਉਣ ਲਈ ਤਿਆਰ ਰਹਿੰਦੇ। ਦੂਜਿਆਂ ਖ਼ਾਤਰ ਸੀਸ ਕਲਮ ਕਰਵਾਉਣ ਵਾਲਿਆਂ ਦਾ ਜ਼ਿਕਰ ਕਰਦਿਆਂ ਹਰ ਕਲਮ ਦੀ ਅੱਖ ਡਲ੍ਹਕਦੀ ਹੈ।

ਦਸਮੇਸ਼ ਪਿਤਾ ਨੇ ਅਨੰਦਪੁਰ ਸਾਹਿਬ ’ਚ ਜੀਵਨ ਦੇ 29 ਸਾਲ ਬਤੀਤ ਕੀਤੇ ਸਨ। ਬਚਪਨ ’ਚ ਆਪ ਨੇ ਅੱਖਾਂ ਮੁੰਦ ਕੇ ਤੇ ਚੌਕੜਾ ਮਾਰ ਕੇ ਗੁਰੂ ਅਮਰਦਾਸ ਜੀ ਦੀ ਰਾਗ ਰਾਮਕਲੀ ’ਚ ਅਨੰਦ ਸਾਹਿਬ ਦੀ ਬਾਣੀ ਸੁਣੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਦਾ ਨਾਂ ਬਦਲ ਕੇ ਅਨੰਦਪੁਰ ਸਾਹਿਬ ਰੱਖ ਦਿੱਤਾ ਸੀ। ‘ਅਨੰਦੁ ਭਇਆ ਮੇਰੀ ਮਾਏ ਸਤਿਗੁਰੁ ਮੈ ਪਾਇਆ।। ਸਤਿਗੁਰੁ ਤਾਂ ਪਾਇਆ ਸਹਜ ਸੇਤੀ ਮਨਿ ਵਜੀਆ ਵਧਾਈਆ।। ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ।।’’ ਇਸ ਨਗਰੀ ’ਚ ਚੁਫੇਰੇ ਅਨੰਦ ਹੀ ਅਨੰਦ ਪਸਰ ਗਿਆ। ਰਾਗ-ਰਾਗਣੀਆਂ ਦਾ ਪਰਿਵਾਰਾਂ ਸਣੇ ਓਥੇ ਬਸੇਰਾ ਹੋ ਗਿਆ।

ਗੁਰੂ ਨਾਨਕ ਦੇਵ ਜੀ ਨੇ 12 ਸਾਲਾਂ ’ਚ ਦੇਸ਼-ਦੇਸ਼ਾਂਤਰਾਂ ਦੀਆਂ ਕੀਤੀਆਂ ਚਾਰ ਉਦਾਸੀਆਂ ਦੌਰਾਨ ਅਧਿਆਤਮਵਾਦ ਦੇ ਇਕੱਠੇ ਕਰ ਕੇ ਲਿਆਂਦੇ ਬੀਜ ਕਰਤਾਰਪੁਰ ਸਾਹਿਬ ਦੀ ਧਰਤੀ ’ਤੇ ਬੀਜੇ ਸਨ ਤੇ ਸ੍ਰੀ ਅਨੰਦਪੁਰ ਸਾਹਿਬ ਉਸ ਦਾ ਸਿਖਰ ਸੀ।‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ’ ਦਾ ਅਗਲਾ ਪੜਾਅ ਮਜ਼ਲੂਮਾਂ ਲਈ ਸਿਰ ਤਲੀ ’ਤੇ ਰੱਖਣਾ ਸੀ। ਸਮਦ੍ਰਿਸ਼ਟੀ ਤੇ ਸਮਤਾ ਦੀ ਵੀ ਇਹ ਸਿਖਰ ਸੀ। ਭਾਈ ਕਨ੍ਹਈਆ ਇਸ ਦੀ ਉਮਦਾ ਮਿਸਾਲ ਸੀ। ਰਣ-ਤੱਤੇ ’ਚ ਜ਼ਖ਼ਮੀਆਂ ਤੇ ਸਹਿਕਦਿਆਂ ਨੂੰ ਪਾਣੀ ਪਿਲਾਉਣ ਵੇਲੇ ਉਹ ਆਪਣੇ ਤੇ ਬੇਗਾਨੇ ਦਾ ਫ਼ਰਕ ਨਾ ਸਮਝਦੇ।