ਕੁੱਲੀ ਨੂੰ ਕਿਲ੍ਹਾ ਬਣਾਉਂਦਾ ਸ਼ਾਇਰ ( ਪੰਜਾਬੀ ਜਾਗਰਣ –– 20th April, 2025)
ਵਰਿੰਦਰ ਵਾਲੀਆ
‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੀ ਰਚਨਾ ਕਰਨ ਵਾਲੇ ਮਕਬੂਲ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876-18 ਦਸੰਬਰ 1954) ਦੀ ਫ਼ੌਤ ਵੇਲੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਮਹਿਜ਼ ਪੰਦਰਾਂ ਸਾਲਾਂ ਦਾ ਗੱਭਰੂ ਸੀ। ਉਦਾਸੀ ਦਾ ਜਨਮ ਸੰਗਰੂਰ (ਹੁਣ ਬਰਨਾਲਾ) ਜ਼ਿਲ੍ਹੇ ਦੇ ਅਦਨੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ 20 ਅਪ੍ਰੈਲ 1939 ਨੂੰ ਹੋਇਆ ਸੀ। ਦੋਨਾਂ ਸ਼ਾਇਰਾਂ ਦੇ ਜਨਮ ਵਿਚ 63 ਸਾਲ ਦਾ ਅੰਤਰ ਸੀ। ਕਿਰਸਾਨੀ ਸ਼ੁਰੂ ਤੋਂ ਹੀ ਮਿੱਟੀ ਨਾਲ ਮਿੱਟੀ ਹੋ ਕੇ ਕਰਨ ਵਾਲਾ ਕਿੱਤਾ ਰਿਹਾ ਹੈ।
‘ਖੇਤੀ ਕਰਮਾਂ ਸੇਤੀ’ ਦੇ ਅਖਾਣ ਮੁਤਾਬਕ ਖੇਤੀਬਾੜੀ ਮੌਸਮ ਦੇ ਮਿਜ਼ਾਜ ਨਾਲ ਜੁੜੀ ਹੋਈ ਹੈ। ਪੱਕੀ ਫ਼ਸਲ ਵੇਖ ਕੇ ਕਿਸਾਨ ਗਰਵ ਕਰਦਾ ਹੈ ਪਰ ਜਦੋਂ ਖੜ੍ਹੀ ਫ਼ਸਲ ’ਤੇ ਗੜੇਮਾਰੀ ਹੁੰਦੀ ਹੈ ਤਾਂ ਉਸ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਬਾਵਜੂਦ ਇਸ ਦੇ, ਸੋਨ-ਵੰਨੀਆਂ ਲਹਿਰਾਉਂਦੀਆਂ ਕਣਕ ਦੀਆਂ ਬੱਲੀਆਂ ਅੰਨਦਾਤੇ ਨੂੰ ਝੂਮਣ ਲਾ ਦਿੰਦੀਆਂ ਹਨ। ਚਾਤ੍ਰਿਕ ਦੇ ਸਮੇਂ ਵਿਸਾਖੀ ਨੂੰ ਜਦੋਂ ਕਣਕਾਂ ਦੀ ਵਾਢੀ ਹੁੰਦੀ ਤਾਂ ਇਹ ਪੰਜਾਬ ਦਾ ਵੱਡਾ ਉਤਸਵ ਹੁੰਦਾ ਸੀ। ਤੂੜੀ ਤੰਦ ਸਾਂਭ ਤੇ ਹਾੜੀ ਵੇਚ-ਵੱਟਣ ਤੋਂ ਬਾਅਦ ਉਸ ਦੀ ਖ਼ੁਸ਼ੀ ਦੀ ਕੋਈ ਸੀਮਾ ਨਾ ਹੁੰਦੀ। ਵਜਦ ਵਿਚ ਆਇਆ ਕਿਸਾਨ ਬੋਲੀਆਂ ਤੇ ਭੰਗੜੇ ਪਾਉਂਦਾ। ਚਾਤ੍ਰਿਕ ਨੇ ਇਸ ਦ੍ਰਿਸ਼ ਨੂੰ ਸ਼ਬਦਾਂ ਵਿਚ ਪਰੋਇਆ ਹੈ, ‘‘ਸਰੂ ਵਾਂਗ ਝੂਮ ਵੰਝਲੀ ਵਜਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।’’
ਚਾਤ੍ਰਿਕ ਦੀ ਮੌਤ ਤੋਂ ਪੰਜ ਸਾਲ ਬਾਅਦ ਪੰਜਾਬੀ ਫਿਲਮ ‘ਦੋ ਲੱਛੀਆਂ’ ਦਾ ਕਣਕਾਂ ਬਾਰੇ ਗੀਤ, ‘ਤੇਰੀ ਕਣਕ ਦੀ ਰਾਖੀ ਮੁੰਡਿਆ, ਹੁਣ ਮੈਂ ਨਹੀਓ ਬਹਿੰਦੀ’’ ਵੀ ਵਿਸਾਖ ਦੇ ਮਹੀਨੇ ਨੂੰ ਆਰਥਿਕ ਖ਼ੁਸ਼ਹਾਲੀ ਨਾਲ ਜੋੜਦੀ ਹੈ। ਇਹ ਗੀਤ ਫਿਰੋਜ਼ਪੁਰ ਦੇ ਜਨਮੇ ਬਰਕਤ ਰਾਏ ਮਲਿਕ (ਵਰਮਾ ਮਲਿਕ) ਨੇ ਲਿਖਿਆ ਤੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸ਼ਮਸ਼ਾਦ ਬੇਗਮ ਤੇ ਮੁਹੰਮਦ ਰਫ਼ੀ (ਕੋਟਲਾ ਸੁਲਤਾਨ ਸਿੰਘ) ਨੇ ਗਾਇਆ ਜੋ ਪੰਜਾਬੀ ਲੋਕ ਗੀਤ ਵਾਂਗ ਮਕਬੂਲ ਹੋ ਗਿਆ। ਵਰਮਾ ਮਲਿਕ ਨੇ ਭਾਵੇਂ ‘ਆਜ ਮੇਰੇ ਯਾਰ ਕੀ ਸ਼ਾਦੀ ਹੈ’ ਅਤੇ ‘ਇਕ ਤਾਰਾ ਬੋਲੇ ਤੁਨ ਤੁਨ ਤੁਨ’ ਵਰਗੇ ਅਨੇਕ ਗੀਤ ਲਿਖੇ ਪਰ ਪੰਜਾਬੀ ਵਿਚ ਲਿਖੇ ਨਗਮਿਆਂ ਨੇ ਅੰਤਾਂ ਦੀ ਸ਼ੁਹਰਤ ਉਸ ਦੀ ਝੋਲੀ ਪਾਈ ਸੀ।
ਕਣਕ ਦੀ ਰਾਖੀ ਤੋਂ ਇਨਕਾਰ ਕਰਦੀ ਔਰਤ ਨੂੰ ਵਾਸਤੇ ਘੱਤੇ ਜਾਂਦੇ, ‘ਮੇਰੀ ਕਣਕ ਮੋਤੀਆਂ ਵਰਗੀ, ਤੇਰੇ ਪੈਰੀਂ ਪੈਂਦੀ।’’ ਸਮੇਂ ਦੇ ਨਾਲ ਵਾਢੀ ਦਾ ਰਵਾਇਤੀ ਮੰਜ਼ਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਉਦਾਸੀ ਨੇ ਜਦੋਂ ਕਲਮ ਫੜੀ ਤਾਂ ਖੇਤੀਬਾੜੀ ਦਾ ਮੁਹਾਂਦਰਾ ਬਦਲ ਚੁੱਕਾ ਸੀ। ਹਲ਼ ਦੀ ਥਾਂ ਟਰੈਕਟਰਾਂ ਨੇ ਲੈ ਲਈ ਸੀ। ਕਣਕਾਂ ਨੂੰ ਦਾਤੀ ਪੈਣਾ ਬੀਤੇ ਦੀ ਬਾਤ ਹੋ ਗਈ। ਕੰਬਾਈਨਾਂ ਦੇ ਸ਼ੋਰ-ਸ਼ਰਾਬੇ ਨੇ ਵਾਢੀ ਦਾ ਤਲਿਸਮ ਤਹਿਸ-ਨਹਿਸ ਕਰ ਕੇ ਰੱਖ ਦਿੱਤਾ। ਕੀਟਨਾਸ਼ਕਾਂ/ਨਦੀਨਨਾਸ਼ਕਾਂ ਦੇ ਅੰਧਾ-ਧੁੰਦ ਛਿੜਕਾਅ ਨੇ ਧਰਤੀ ਮਾਂ ਨੂੰ ਜ਼ਹਿਰੀਲੀ ਕਰ ਦਿੱਤਾ। ਖੇਤੀਬਾੜੀ ਲਾਹੇਵੰਦ ਧੰਦਾ ਨਾ ਰਹੀ।
ਖ਼ੁਦਕੁਸ਼ੀਆਂ ਦੀ ਖੇਤੀ ਨੇ ਪੰਜਾਬ ਨੂੰ ਬਦਨਾਮ ਕਰ ਦਿੱਤਾ। ਬਦਨੀਅਤੀਆਂ ਨਾਲ ਘੜੀਆਂ ਨੀਤੀਆਂ ਨੇ ਅੰਨਦਾਤੇ ਦੇ ਹੱਥ ਠੂਠਾ ਫੜਾ ਦਿੱਤਾ। ਅਜਿਹੇ ਹਾਲਾਤ ਨੇ ਉਦਾਸੀ ਨੂੰ ਉਦਾਸ ਕਰ ਦਿੱਤਾ। ਲਾਚਾਰ ਕਿਰਤੀ-ਕਿਸਾਨਾਂ ਦੇ ਚਿਹਰਿਆਂ ਦੀਆਂ ਤਿਉੜੀਆਂ ਤੇ ਝੁਰੜੀਆਂ ਦੀ ਉਦਾਸ ਇਬਾਰਤ ਪੜ੍ਹ ਕੇ ਉਹ ਗੀਤਾਂ ਦੇ ਮੁਖੜੇ ਉਲੀਕਣ ਲੱਗ ਪਿਆ। ‘ਮਾਰਦਾ ਦਮਾਮੇ’ ਦੇ ਉਲਟ ਉਹ ਲਿਖਦਾ ਹੈ,‘‘ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ।’’ ਉਸ ਦੀਆਂ ਨਜ਼ਮਾਂ ਵਿਚ ਰਚਨਾਤਮਿਕ ਟੇਢ ਮਨਫ਼ੀ ਸੀ। ਉਸ ਦੇ ਮੋਟੇ-ਠੁੱਲ੍ਹੇ ਲੋਕ-ਮੁਹਾਵਰੇ ਵਿਚ ਲਿਖੇ ਤੇ ਲੰਮੀ ਹੇਕ ਵਿਚ ਗਾਏ ਗੀਤ ਹਾਕਮਾਂ ਦੀਆਂ ਹਿੱਕਾਂ ਨੂੰ ਵਿੰਨ੍ਹਦੇ ਸਨ। ਲੋਕਾਂ ਦੇ ਸੰਤਾਪੇ ਜੀਵਨ ਦਾ ਬਿਰਤਾਂਤ ਸਿਰਜਣ ਲਈ ਉਹ ਖੌਰੂ ਪਾਉਂਦੇ ਸਰਲ ਸ਼ਬਦਾਂ ਦਾ ਸਹਾਰਾ ਲੈਂਦਾ। ਅਨੂਠਾ ਸੁਹਜ-ਸਿਰਜਣ ਦੇ ਆਹਰ ਤੋਂ ਉਹ ਕੋਹਾਂ ਦੂਰ ਸੀ।

ਨਕਸਲਬਾੜੀ ਲਹਿਰ ਆਪਣੇ ਜੋਬਨ ’ਤੇ ਸੀ। ਤੀਜੇ ਸੰਸਾਰ ਦੇ ਪੀੜਤਾਂ ਦੀ ਪੀੜ ਹਰਨ ਲਈ ਉਸ ਨੇ ਲੁੱਟਚੋਂਘਾਂ ਨੂੰ ਲਲਕਾਰਿਆ। ਗੀਤ ਗਾ ਕੇ ਉਹ ਲੁੱਟ ਦਾ ਸ਼ਿਕਾਰ ਹੁੰਦੇ ਲੋਕਾਂ ਨੂੰ ਊਰਜਿਤ ਕਰੀ ਰੱਖਦਾ। ਹਤਾਸ਼ ਹੋ ਕੇ ਵੀ ਢੇਰੀ ਨਾ ਢਾਹੁੰਦਾ। ਚੁੱਪ ਦੀ ਕਥਾ ਸੁਣਾਉਣ ਲਈ ਉਸ ਨੇ ਲੋਕ-ਮੁਹਾਵਰੇ ਨੂੰ ਚੁਣਿਆ। ਕਠਿਨ ਸ਼ਬਦਾਂ ਦੀ ਗਹਿਰਾਈ ਵਿਚ ਡੁੱਬਣ ਦੀ ਬਜਾਏ ਉਹ ਲੱਠ-ਮਾਰ ਭਾਸ਼ਾ ਵਰਤਦਾ ਜਿਸ ਦਾ ਖੜਾਕ ਦੂਰ ਤੱਕ ਜਾਂਦਾ। ਉਸ ਦੇ ਸ਼ਬਦਾਂ ਦੇ ਇਕਹਿਰੇਪਣ ਨਾਲ ਉਹ ਆਪਣੇ ਸਮੇਂ ਦੇ ਵੱਡੇ ਤੋਂ ਵੱਡੇ ਕਵੀਆਂ/ਗੀਤਕਾਰਾਂ ਨਾਲ ਬਰ ਮੇਚਣ ਜੋਗਾ ਹੋ ਗਿਆ ਸੀ। ਫਿਰ ਕੀ ਸੀ, ਜਿੱਥੇ ਉਸ ਨੇ ਹਾਜ਼ਰੀ ਲਗਾਉਣੀ ਹੁੰਦੀ, ਉਹ ਮੁਸ਼ਾਇਰਾ ਮੇਲੇ ਦੇ ਨਿਆਈਂ ਲੱਗਦਾ। ਲੋਕ ਵਹੀਰਾਂ ਘੱਤ ਕੇ ਉਸ ਨੂੰ ਸੁਣਨ ਜਾਂਦੇ। ਉਸ ਦੇ ਗੀਤ ਰਾਠਾਂ ਤੇ ਜਗੀਰਦਾਰਾਂ ਦੇ ਪੈਰਾਂ ਹੇਠਾਂ ਅੱਗ ਮਚਾਉਂਦੇ।
ਮਾਨਵਤਾ ਦੇ ਨਗਮੇ ਗਾਉਂਦਾ ਹੋਇਆ ਉਹ ਹਰ ਦਿਲ ਅਜ਼ੀਜ਼ ਬਣ ਗਿਆ। ਸਥਾਪਤੀ ਦੇ ਹੱਥਠੋਕੇ ਉਸ ਤੋਂ ਭੈਅ ਖਾਣ ਲੱਗੇ। ਉਸ ਦੀ ਘੋਲ ਕਮਾਈ ਨੇ ਸਮਾਜਿਕ ਘੋਲਾਂ ਨੂੰ ਵੱਡਾ ਹੁਲਾਰਾ ਦਿੱਤਾ ਸੀ। ਠਾਕੀ ਗਈ ਆਵਾਜ਼, ਪੀੜਤਾਂ ਦੇ ਹੌਕੇ ਤੇ ਚੀਸਾਂ ਉਸ ਦੇ ਸ਼ਬਦਾਂ ਦੀ ਚੌਂਕੀ ਭਰਦੇ ਸਨ। ਇਸ ਦਾ ਕਾਰਨ ਇਹ ਸੀ ਕਿ ਉਹ ਮੁੜ੍ਹਕੇ ਦੇ ਮੋਤੀ ਚੁਗ ਕੇ ਉਨ੍ਹਾਂ ਨੂੰ ਗੀਤਾਂ ਦੀ ਮਾਮਲਾ ਵਿਚ ਪਰੌਂਦਾ ਸੀ। ਫ਼ਸਲਾਂ ਤੇ ਨਸਲਾਂ ਦੀ ਬਰਬਾਦੀ ਦਾ ਦਰਦ ਆਪ-ਮੁਹਾਰੇ ਕਾਗਜ਼ਾਂ ’ਤੇ ਉਤਰ ਜਾਂਦਾ। ਉਹ ਕਹਿਣੀ ਤੇ ਕਰਨੀ ਦੇ ਸੁਮੇਲ ’ਚ ਯਕੀਨ ਰੱਖਣ ਵਾਲਾ ਸ਼ਾਇਰ ਸੀ। ਉਸ ਦਾ ਪਰਿਵਾਰਕ ਪਿਛੋਕੜ ਨਾਮਧਾਰੀ ਸੀ। ਨਾਮਧਾਰੀ ਲਹਿਰ ਨੂੰ ਯਾਦ ਕਰਦਿਆਂ ਉਹ ਊਰਜਿਤ ਹੋ ਜਾਂਦਾ ਸੀ।
ਆਜ਼ਾਦੀ ਲਹਿਰ ਵਿਚ ਕੂਕਾ ਲਹਿਰ ਦਾ ਜ਼ਿਕਰ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ ਜਿਸ ’ਤੇ ਉਸ ਨੂੰ ਮਾਣ ਸੀ। ਬੁੱਚੜਖਾਨੇ ਬੰਦ ਕਰਵਾਉਣ ਵਾਲੇ ਕੂਕਿਆਂ ਨੂੰ ਗੋਰਿਆਂ ਨੇ ਬੰਬਾਂ ਨਾਲ ਉਡਾਇਆ ਸੀ। ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦਾ ਸਰਬੰਸ ਉਦਾਸੀ ਨੂੰ ਲੋਕਾਂ ਖ਼ਾਤਰ ਲੜਨ-ਮਰਨ ਲਈ ਪ੍ਰੇਰਦਾ। ਨੀਲੇ ਦੇ ਸ਼ਾਹ ਅਸਵਾਰ ਬਾਰੇ ਉਸ ਨੇ ਕਈ ਨਜ਼ਮਾਂ ਤੇ ਗੀਤ ਲਿਖੇ। ਉਸ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਵਾਜਾਂ ਮਾਰਦੀ ਪ੍ਰਤੀਤ ਹੁੰਦੀ। ਸਿੱਖ ਸ਼ਹਾਦਤਾਂ ਦੀ ਰੱਤ ਭਿੱਜੀ ਗਾਥਾ ਨੂੰ ਉਸ ਨੇ ਰੋਹੀਲੇ ਸ਼ਬਦ ਦਿੱਤੇ ਜਿਨ੍ਹਾਂ ਨੂੰ ਪੜ੍ਹ-ਸੁਣ ਕੇ ਯੱਖ ਖ਼ੂਨ ਵੀ ਉਬਾਲੇ ਮਾਰਦਾ। ਪੰਜਾਬੀ ਸਾਹਿਤ ਵਿਚ ਅਜਿਹਾ ਜੁਝਾਰਵਾਦੀ ਕਾਵਿ ਲੰਬੀ ਰਾਤ ਤੋਂ ਬਾਅਦ ਆਈ ਨਵੀਂ ਪ੍ਰਭਾਤ ਵਰਗਾ ਸੀ। ਉਦਾਸੀ ਜੇ ਕਲਾ ਨੂੰ ਕਲਾ ਦੇ ਤੌਰ ’ਤੇ ਵਰਤਦਾ ਤਾਂ ਪੰਜਾਬੀ ਕਵਿਤਾ ਦਾ ਇਤਿਹਾਸ ਊਣਾ ਹੋਣਾ ਸੀ। ਪਾਠਕ ਉਦਾਸ ਹੋਣੇ ਸਨ।
ਉਦਾਸੀ ਨੇ ‘ਕਲਾ ਲੋਕਾਂ ਲਈ’ ਦੀ ਧਾਰਨਾ ਨੂੰ ਅਪਣਾ ਕੇ ਪੰਜਾਬੀ ਸਾਹਿਤ ਨੂੰ ਅਮੀਰੀ ਬਖ਼ਸ਼ੀ ਹੈ। ਉਸ ਦੇ ਧੁਰ ਅੰਦਰ ਵਹਿੰਦੇ ਝਰਨੇ ਦਾ ਪਾਣੀ ਪਾਠਕਾਂ ਤੇ ਸਰੋਤਿਆਂ ਦੇ ਨੈਣਾਂ ਥੀ ਵਗਦਾ ਮਹਿਸੂਸ ਹੁੰਦਾ ਸੀ। ਉਸ ਨੇ ਤਾਉਮਰ ਕਲਮ ਨੂੰ ਮਸ਼ਾਲ ਵਾਂਗ ਵਰਤਿਆ। ਉਸ ਦੇ ਸ਼ਬਦ ਘੁੱਪ ਹਨੇਰਿਆਂ ਵਿਚ ਜੁਗਨੂੰ ਬਣ ਕੇ ਚਮਕਦੇ। ਲੋਕ-ਘੋਲ ਨੂੰ ਤਿੱਖਾ ਕਰਨ ਲਈ ਉਹ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਚ ਲਿਖਿਆ ਪੱਕਾ ਇਤਿਹਾਸ ਸੁਣਾਉਂਦਾ ਹੈ ਜਿਸ ਨੇ ਸਿੱਖੀ ਦੀ ਬੁਨਿਆਦ ਪੱਕੀ ਕਰਨ ਲਈ ਇੱਟਾਂ ਚਿਣੀਆਂ ਸਨ : ‘ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।.........ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ।’ ਉਦਾਸੀ ਆਪਣੀਆਂ ਰਚਨਾਵਾਂ ਰਾਹੀਂ ਜਮਾਤੀ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਦਾ ਹੈ। ਆਪਣੇ ਲਿਖੇ ਹੋਏ ਗੀਤ ਆਪ ਗਾਉਂਦਾ। ਫਿਰ ਉਸ ਦੇ ਗੀਤ ਆਮ ਲੋਕਾਂ ਦੀ ਜ਼ੁਬਾਨ ’ਤੇ ਆ ਗਏ।
ਸੱਤਿਅਮ, ਸ਼ਿਵਮ, ਸੁੰਦਰਮ ਦੀ ਪਰਿਭਾਸ਼ਾ ਦੀ ਕੈਦ ਤੋਂ ਉਸ ਦੀਆਂ ਰਚਨਾਵਾਂ ਮੁਕਤ ਸਨ। ਮੁੱਖ ਮੰਤਰੀ ਭਗਵੰਤ ਮਾਨ ਵਰਗੇ ਨੇਤਾ ਵੀ ਸਮਾਜਿਕ ਇਕੱਠਾਂ ਵਿਚ ਉਦਾਸੀ ਦਾ ਗੀਤ, ‘‘ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ/ਤੂੰ ਮਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ’’ ਗਾਉਂਦੇ ਸੁਣਾਈ ਦਿੰਦੇ ਹਨ। ਉਦਾਸੀ ਨੇ ਲੋਕ ਸੰਘਰਸ਼ ਦਾ ਬਿਖੜਾ ਰਾਹ ਖ਼ੁਦ ਚੁਣਿਆ ਸੀ। ਉਸ ਨੂੰ ਪਤਾ ਸੀ ਕਿ ਇਸ ਪੰਧ ’ਤੇ ਚੱਲਦਿਆਂ ਨੂੰ ਉਸ ਨੂੰ ਤਸੀਹੇ ਵੀ ਝੱਲਣੇ ਪੈਣਗੇ। ਉਸ ਦੀ ਸੱਧਰ ਸੀ ਕਿ ਉਸ ਦੀਆਂ ਰਚਨਾਵਾਂ ਉਸ ਦੀ ਮੌਤ ਤੋਂ ਬਾਅਦ ਵੀ ਲੋਕਾਂ ਦਾ ਰਾਹ ਰੁਸ਼ਨਾਉਂਦੀਆਂ ਰਹਿਣ।
ਉਹ ਲਿਖਦਾ ਹੈ,‘‘ਮੇਰੀ ਮੌਤ ’ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ ਕੇਸਰ ਰੇਤੇ ਵਿਚ ਨਾ ਰਲਾਇਓ।’’ ਪ੍ਰਿੰਸੀਪਲ ਸਰਵਣ ਸਿੰਘ ਦੇ ਕਥਨ ਅਨੁਸਾਰ, ‘ਸ਼ਿਵ ਕੁਮਾਰ ਬਟਾਲਵੀ ਦਰਦੀਲਾ ਤੇ ਉਦਾਸੀ ਰੋਹੀਲਾ ਸ਼ਾਇਰ ਸੀ।’ ਛੇ ਨਵੰਬਰ 1986 ਨੂੰ ਭਾਵੇਂ ਇਹ ਸੂਰਜ ਸਦਾ ਲਈ ਛਿਪ ਗਿਆ ਪਰ ਕੰਮੀਆਂ ਦੇ ਵਿਹੜਿਆਂ ਵਿਚ ਉਹ ਅੱਜ ਵੀ ਚੜ੍ਹਦਾ ਹੈ।