VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਇਹ ਤਾਂ ਕਸ਼ਮੀਰੀਅਤ ਨਹੀਂ! ( ਪੰਜਾਬੀ ਜਾਗਰਣ –– 27th April, 2025)

ਵਰਿੰਦਰ ਵਾਲੀਆ

ਜੰਨਤ ਬਣੀ ਜਹੰਨਮ। ਪਹਿਲਗਾਮ ਹੋਇਆ ਲਹੂ-ਲੁਹਾਣ। ਬਾਈ ਅਪ੍ਰੈਲ ਨੂੰ ‘ਧਰਤੀ ਦਾ ਸਵਰਗ’ ਕਹੀ ਜਾਣ ਵਾਲੀ ਕਸ਼ਮੀਰ ਵਾਦੀ ਵਿਚ 28 ਮਰਦ ਸੈਲਾਨੀਆਂ ਦੇ ਕਤਲੇਆਮ ਨੇ ਹਰ ਸੰਵੇਦਨਸ਼ੀਲ ਵਿਅਕਤੀ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਬਹੁਤੀਆਂ ਅਖ਼ਬਾਰਾਂ ਦੇ ਪਹਿਲੇ ਪੰਨੇ ਸਿਆਹ ਸਨ। ਸੁਰਖੀਆਂ ’ਤੇ ਖ਼ੂਨ ਦੇ ਛਿੱਟੇ ਦਿਖਾਏ ਗਏ•। ਪਹਿਲਗਾਮ ਹਮਲੇ ਦੇ ਪੀੜਤਾਂ ਦੀਆਂ ਛਪੀਆਂ ਤਸਵੀਰਾਂ ਨੇ ਹਲੂਣ ਕੇ ਰੱਖ ਦਿੱਤਾ।

ਕਰਨਾਲ ਵਾਸੀ ਨੇਵੀ ਦੇ ਲੈਫਟੀਨੈਂਟ ਵਿਨੇ ਕੁਮਾਰ (26) ਦੀ ਦੇਹ ਕੋਲ ਲਾਲ ਚੂੜਾ ਪਾਈ ਪੱਥਰ ਬਣੀ ਬੈਠੀ ਉਸ ਦੀ ਨਵ-ਵਿਆਹੁਤਾ ਪਤਨੀ ਹਿਮਾਂਸ਼ੀ ਨੇ ਪੱਥਰ ਦਿਲਾਂ ਨੂੰ ਵੀ ਪਿਘਲਾ ਦਿੱਤਾ। ਕੁਝ ਮਿੰਟ ਪਹਿਲਾਂ ਹੀ ਤਾਂ ਉਸ ਦੀਆਂ ਵੀਣੀਆਂ ਵਿਚ ਚੂੜਾ ਛਣਕ ਰਿਹਾ ਸੀ। ਵਾਇਰਲ ਹੋਈ ਉਨ੍ਹਾਂ ਦੀ ਵੀਡੀਓ ਕਲਿੱਪ ਵਿਚ ਜੋੜੀ ਕੁਦਰਤ ਦੀ ਗੋਦ ਵਿਚ ਆਨੰਦ ਮਾਣ ਰਹੀ ਸੀ। ਛੇ ਦਿਨ ਪਹਿਲਾਂ ਉਹ ਵਿਆਹ ਦੇ ਬੰਧਨ ਵਿਚ ਬੱਝੇ ਸਨ। ਦੋ ਦਿਨ ਬਾਅਦ ਰਿਸੈਪਸ਼ਨ ਸੀ। ਮਹਿਜ਼ ਦੋ ਦਿਨ ਪਹਿਲਾਂ ਉਹ ਮਧੂ-ਚੰਦ੍ਰਿਕਾ ਲਈ ਕਸ਼ਮੀਰ ਆਏ ਸਨ। ਅੱਤਵਾਦੀਆਂ ਨੇ ਵਿਨੇ ਨੂੰ ਕਲਮਾ ਜਾਂ ਆਇਤਾਂ ਪੜ੍ਹਨ ਲਈ ਕਿਹਾ। ਗ਼ੈਰ-ਮੁਸਲਮਾਨ ਵਜੋਂ ਪਛਾਣ ਹੋਣ ’ਤੇ ਉਸ ਨੂੰ ਗੋਲ਼ੀਆਂ ਨਾਲ ਛਲਣੀ ਕਰ ਦਿੱਤਾ।

ਬਾਕੀ ਪੀੜਤਾਂ ਨਾਲ ਵੀ ਇੰਜ ਹੀ ਕੀਤਾ ਗਿਆ। ਮੁਹੰਮਦ ਇਕਬਾਲ ਦਾ ਤਰਾਨਾ ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ’ ਉਹ ਭੁੱਲ ਚੁੱਕੇ ਸਨ। ਢਾਈ ਦਹਾਕਿਆਂ ਬਾਅਦ ਅਜਿਹੀ ਹਿੰਸਕ ਵਾਰਦਾਤ ਹੋਈ ਸੀ। ਸਥਾਨਕ ਕਸ਼ਮੀਰੀ ਲੋਕ ਸੈਲਾਨੀਆਂ ਦਾ ਬੇਤਾਬੀ ਨਾਲ ਇੰਤਜ਼ਾਰ ਕਰਿਆ ਕਰਦੇ ਹਨ। ਸੀਜ਼ਨ ਵਿਚ ਉਹ ਪੂਰੇ ਸਾਲ ਦੀ ਕਮਾਈ ਕਰ ਲੈਂਦੇ ਹਨ। ਹਿੰਸਾ ਹੁੰਦੀ ਹੈ ਤਾਂ ਉਨ੍ਹਾਂ ਦੇ ਸ਼ਿਕਾਰਿਆਂ ’ਤੇ ਉਦਾਸੀ ਛਾ ਜਾਂਦੀ ਹੈ। ਝੀਲਾਂ ਦਾ ਜਲ-ਤਰੰਗ ਵੀ ਨਹੀਂ ਭਾਉਂਦਾ। ਸਰਹੱਦ ਪਾਰੋਂ ਦਹਿਸ਼ਤ ਤੇ ਵਹਿਸ਼ਤ ਫੈਲਾਉਣ ਦੀਆਂ ਗੋਂਦਾਂ ਗੁੰਦੀਆਂ ਜਾਂਦੀਆਂ ਹਨ। ਪਿਛਲੇ ਸਮੇਂ ਵਿਚ ਕੁਝ ਕਸ਼ਮੀਰੀ ਨੌਜਵਾਨ ਬਹਿਕਾਵੇ ਵਿਚ ਜ਼ਰੂਰ ਆਏ ਸਨ। ਗੁਆਂਢੀ ਮੁਲਕ ਦੇ ਦਹਿਸ਼ਤਗਰਦਾਂ ਨੇ ਉਨ੍ਹਾਂ ਦੇ ਮਨਾਂ ਵਿਚ ਜ਼ਹਿਰ ਭਰ ਦਿੱਤਾ ਤਾਂ ਉਹ ਪੱਥਰਬਾਜ਼ ਬਣ ਗਏ। ਲੰਬਾ ਸਮਾਂ ਮੌਤ ਦਾ ਤਾਂਡਵ ਹੁੰਦਾ ਰਿਹਾ।

ਦੋ ਅਗਸਤ 2000 ਨੂੰ ਅੱਤਵਾਦੀਆਂ ਨੇ ਅਮਰਨਾਥ ਗੁਫ਼ਾ ਵਿਚ ਬਰਫਾਨੀ ਬਾਬਾ ਦੇ ਦਰਸ਼ਨ ਕਰਨ ਜਾ ਰਹੇ ਨਿਹੱਥੇ 21 ਸ਼ਰਧਾਲੂਆਂ ਦੇ ਖ਼ੂਨ ਨਾਲ ਹੱਥ ਰੰਗੇ ਸਨ। ਅੰਨ੍ਹੇਵਾਹ ਕੀਤੀ ਫਾਇਰਿੰਗ ਵਿਚ ਸੱਤ ਮੁਸਲਮਾਨ ਦੁਕਾਨਦਾਰ, ਕੁਲੀ, ਸਥਾਨਕ ਬਕਰਵਾਲ, ਗੁੱਜਰ ਤੇ ਤਿੰਨ ਸੁਰੱਖਿਆ ਕਰਮੀਆਂ ਨੇ ਵੀ ਜਾਨ ਗੁਆਈ ਸੀ। ਅਗਲੇ ਸਾਲ ਫਿਰ ਦੋ ਦਰਜਨ ਤੀਰਥ ਯਾਤਰੀਆਂ ਦਾ ਕਤਲ ਕੀਤਾ ਗਿਆ ਸੀ। ਸੰਨ 2002 ਵਿਚ ਪਹਿਲਗਾਮ ਦੇ ਨੂਨਵਾਨ ਬੇਸ ਕੈਂਪ ’ਤੇ 11 ਸ਼ਰਧਾਲੂਆਂ ਦਾ ਕਤਲ ਕੀਤਾ ਗਿਆ। ਪਿਛਲੇ ਸਾਲ 2024 ਵਿਚ ਜੈਪੁਰ ਤੋਂ ਆਏ ਜੋੜੇ ’ਤੇ ਹਮਲਾ ਹੋਇਆ ਸੀ। ਇਨ੍ਹਾਂ ਵਾਰਦਾਤਾਂ ’ਚ ਪਛਾਣ ਪੁੱਛ ਕੇ ਕਿਸੇ ਨੂੰ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ।

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਹਿਲਗਾਮ ਕਾਂਡ ਨੂੰ ਬੇਹੱਦ ਮੰਦਭਾਗਾ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਸ਼ਮੀਰੀਅਤ ਨਹੀਂ ਹੈ ਕਿ ਮਹਿਮਾਨਾਂ ਨੂੰ ਤਾਬੂਤਾਂ ਵਿਚ ਬੰਦ ਕਰ ਕੇ ਉਨ੍ਹਾਂ ਦੇ ਘਰਾਂ ਵਿਚ ਭੇਜਿਆ ਜਾਵੇ। ਮੁੱਖ ਮੰਤਰੀ ਨੇ ਸਯਦ ਆਦਿਲ ਹੁਸੈਨ ਸ਼ਾਹ ਦੀ ਸ਼ਹਾਦਤ ਨੂੰ ਸਲਾਮ ਕੀਤਾ ਜਿਸ ਨੇ ਸੈਲਾਨੀਆਂ ਦੀ ਜਾਨ ਬਚਾਉਂਦਿਆਂ ਆਪਣਾ ਆਪ ਕੁਰਬਾਨ ਕਰ ਦਿੱਤਾ ਸੀ। ਕੱਟੜਪੰਥੀਆਂ ਨੇ ਆਪਣੇ ਦੀਨੀ ਭਾਈ ਨੂੰ ਵੀ ਨਾ ਬਖ਼ਸ਼ਿਆ। ਹੈਵਾਨੀਅਤ ਵੇਲੇ ਇਨਸਾਨੀਅਤ ਦਿਖਾਉਣ ਵਾਲੇ ਇਕ ਹੋਰ ਕਸ਼ਮੀਰੀ ਦੀ ਵੀਡੀਓ ਕਲਿੱਪ ਵੀ ਖ਼ੂਬ ਵਾਇਰਲ ਹੋਈ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਗ਼ੈਰ ਜ਼ਖ਼ਮੀ ਸੈਲਾਨੀ ਨੂੰ ਆਪਣੀ ਪਿੱਠ ’ਤੇ ਬਿਠਾ ਕੇ ਸੁਰੱਖਿਅਤ ਥਾਂ ਵੱਲ ਲਿਜਾ ਰਿਹਾ ਸੀ। ਬੈਸਰਨ (ਪਹਿਲਗਾਮ) ਦੇ ਉੱਚੇ ਦਿਉਦਾਰ ਜਿਵੇਂ ਉਸ ਨੂੰ ਝੁਕ-ਝੁਕ ਕੇ ਸਲਾਮ ਕਰਦੇ ਪ੍ਰਤੀਤ ਹੋ ਰਹੇ ਸਨ। ਪਹਿਲਗਾਮ ਤੋਂ ਛੇ ਕਿੱਲੋਮੀਟਰ ਦੂਰ ਬੈਸਰਨ ਦਰਅਸਲ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਖ਼ੂਬਸੂਰਤ ਖੇਤਰ ਹੈ। ਸਮੁੰਦਰੀ ਤਟ ਤੋਂ ਬਹੁਤ ਉੱਚਾਈ ਹੋਣ ਕਾਰਨ ਉੱਥੇ ਵਾਹਨ ਨਹੀਂ ਜਾ ਸਕਦੇ। ਘੋੜਿਆਂ-ਖੱਚਰਾਂ ਤੋਂ ਇਲਾਵਾ ਕਸ਼ਮੀਰੀ ਨੌਜਵਾਨ ਪਿੱਠੂ ਬਣ ਕੇ ਸੈਲਾਨੀਆਂ ਨੂੰ ਕੁਦਰਤ ਦੀ ਗੋਦ ਵਿਚ ਲੈ ਕੇ ਜਾਂਦੇ ਹਨ।

ਕਸ਼ਮੀਰੀ ਆਪਣੇ ਮਹਿਮਾਨਾਂ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਹਨ। ਉਨ੍ਹਾਂ ਦੇ ਚੁੱਲ੍ਹੇ ਸੈਲਾਨੀਆਂ ਦੀ ਬਦੌਲਤ ਹੀ ਤਾਂ ਬਲਦੇ ਨੇ! ਕਸ਼ਮੀਰ ਜਾਣ ਵਾਲੇ ਸੈਲਾਨੀਆਂ ਲਈ ਬੈਸਰਨ ਸਭ ਤੋਂ ਮਨਭਾਉਂਦੀ ਜਗ੍ਹਾ ਹੈ। ਪੰਜਾਬੀ ਆਧੁਨਿਕ ਕਾਵਿ ਦੇ ਮੋਢੀ ਭਾਈ ਵੀਰ ਸਿੰਘ ਨੇ ਕਸ਼ਮੀਰ ਵਾਦੀ ਦੀ ਖ਼ੂਬਸੂਰਤੀ ਨੂੰ ਬਿਆਨ ਕਰਨ ਲਈ ਕਈ ਨਜ਼ਮਾਂ ਲਿਖੀਆਂ ਹਨ। ‘ਟੁਕੜੀ ਜੱਗ ਤੋਂ ਨਯਾਰੀ’ ਵਿਚ ਉਹ ਕਹਿੰਦੇ ਹਨ, ‘‘ਅਰਸ਼ਾਂ ਦੇ ਵਿਚ ਕੁਦਰਤ ਦੇਵੀ, ਸਾਨੂੰ ਨਜ਼ਰੀਂ ਆਈ/ ਹੁਸਨ ਮੰਡਲ ਵਿਚ ਖੜ੍ਹੀ ਖੇਡਦੀ, ਖ਼ੁਸ਼ੀਆਂ ਛਹਿਬਰ ਲਾਈ।’’ ਕਸ਼ਮੀਰ ਦੇ ਚਿਨਾਰਾਂ ਨੂੰ ਉਹ ਬੁੱਢੇ ਬਾਬੇ ਕਹਿ ਕੇ ਸੰਬੋਧਨ ਕਰਦੇ ਜਿਨ੍ਹਾਂ ਦੀਆਂ ਛਾਵਾਂ ਪਤਾ ਨਹੀਂ ਕਿੰਨੇ ਕੁ ਸੈਲਾਨੀ ਮਾਣ ਕੇ ਜਾ ਚੁੱਕੇ ਹਨ।

‘ਪਹਿਲਗਾਮ’ ਦੀ ਸ਼ਾਂਤੀ ਭਾਈ ਵੀਰ ਸਿੰਘ ਨੂੰ ਜਿਵੇਂ ਹਾਕਾਂ ਮਾਰਦੀ। ਕਸ਼ਮੀਰ ਵਾਦੀ ਵਿਚ ਰਬਿੰਦਰ ਨਾਥ ਟੈਗੋਰ ਵੀ ਕਈ ਵਾਰ ਗਏ। ਚਸ਼ਮਿਆਂ ਦਾ ਇਲਾਹੀ ਨਾਦ ਉਨ੍ਹਾਂ ਨੂੰ ਮੰਤਰ-ਮੁਗਧ ਕਰਦਾ। ਅਜਿਹੀ ਹੁਸੀਨ ਵਾਦੀ ਨੂੰ ਖ਼ੂਨ ਨਾਲ ਲਥਪਥ ਕਰਨ ਤੋਂ ਪਹਿਲਾਂ ਹੈਵਾਨ ਵੀ ਕਈ ਵਾਰ ਸੋਚਦਾ ਹੋਵੇਗਾ। ਅੱਲ੍ਹਾ ਦੇ ਨਾਂ ’ਤੇ ਬਣਾਏ ਮੁਲਕ ’ਚ ਕਸ਼ਮੀਰ ਦੀ ਸ਼ਾਂਤੀ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਇਹ ਵੀ ਇਤਫ਼ਾਕ ਹੈ ਕਿ ਪਾਕਿਸਤਾਨ ਦੀ ਫ਼ੌਜ ਦੇ ਮੁਖੀ ਆਸਿਮ ਮੁਨੀਰ ਨੇ 16 ਅਪ੍ਰੈਲ ਨੂੰ ਇਸਲਾਮਾਬਾਦ ਵਿਖੇ ਖਚਾਖਚ ਭਰੇ ਓਵਰਸੀਜ਼ ਪਾਕਿਸਤਾਨੀ ਸੰਮੇਲਨ ਵਿਚ ਜ਼ਹਿਰੀਲਾ ਭਾਸ਼ਣ ਦੇ ਕੇ ਭਾਰਤ ਖ਼ਿਲਾਫ਼ ਭੜਾਸ ਕੱਢੀ ਸੀ। ਉਸ ਨੇ ਕਸ਼ਮੀਰ ਨੂੰ ਪਾਕਿਸਤਾਨ ਦੀ ਸਾਹ-ਰਗ ਕਹਿੰਦਿਆਂ ਕੱਟੜਪੰਥੀਆਂ ਦੀ ਹਰ ਸੰਭਵ ਇਮਦਾਦ ਕਰਨ ਦਾ ਐਲਾਨ ਕੀਤਾ ਸੀ।

ਐਨ ਛੇ ਦਿਨਾਂ ਬਾਅਦ ਪਹਿਲਗਾਮ ਦਾ ਖ਼ੂਨੀ ਕਾਂਡ ਵਾਪਰ ਗਿਆ। ਮੁਨੀਰ ਦਰਅਸਲ ਜ਼ਲਫਕਾਰ ਅਲੀ ਭੁੱਟੋ ਦੀ ਭਾਰਤ ਨੂੰ ‘ਹਜ਼ਾਰ ਜ਼ਖ਼ਮ’ ਦੇਣ ਦੀ ਬਦਨੀਤੀ ਨੂੰ ਹੀ ਅੱਗੇ ਵਧਾ ਰਿਹਾ ਹੈ। ਤਿੰਨ ਜੁਲਾਈ ਤੋਂ ਅਮਰਨਾਥ ਯਾਤਰਾ ਸ਼ੁਰੂ ਹੋਣੀ ਹੈ। ਪਹਿਲਗਾਮ ਦੀ ਹਿੰਸਾ ਦਾ ਮਨਹੂਸ ਪਰਛਾਵਾਂ ਇਸ ’ਤੇ ਵੀ ਪੈਣ ਦਾ ਖ਼ਦਸ਼ਾ ਹੈ। ਅਮਰਨਾਥ ਲਈ ਬਰਾਸਤਾ ਪਹਿਲਗਾਮ ਜਾਇਆ ਜਾਂਦਾ ਹੈ। ਇਸ ਰਸਤੇ ਰਾਹੀਂ ਅਮਰਨਾਥ ਗੁਫ਼ਾ ਤੱਕ ਪੁੱਜਣ ਲਈ ਤਿੰਨ ਦਿਨ ਲੱਗਦੇ ਹਨ। ਪਹਿਲਾ ਪੜਾਅ ਚੰਦਨਵਾੜੀ ਹੈ ਜਿੱਥੋਂ ਚੜ੍ਹਾਈ ਸ਼ੁਰੂ ਹੁੰਦੀ ਹੈ। ਅਗਲਾ ਪੜਾਅ ਸ਼ੇਸ਼ਨਾਗ ਹੁੰਦਾ ਹੈ। ਪੰਚਤਰਨੀ ਤੋਂ ਹੁੰਦੇ ਹੋਏ ਗੁਫ਼ਾ ਵਿਚ ਪ੍ਰਵੇਸ਼ ਕੀਤਾ ਜਾਂਦਾ ਹੈ। ਯਾਤਰਾ ਤੋਂ ਕੁਝ ਕੁ ਮਹੀਨੇ ਪਹਿਲਾਂ ਵਾਪਰੇ ਪਹਿਲਗਾਮ ਕਾਂਡ ਨੇ ਤੀਰਥ ਯਾਤਰੀਆਂ ਦੀ ਸੁਰੱਖਿਆ ਬਾਰੇ ਕਈ ਤੌਖ਼ਲੇ ਖੜ੍ਹੇ ਕੀਤੇ ਹਨ। ਪਹਿਲਗਾਮ ਕਾਂਡ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਪਹਿਲਾਂ ਤੋਂ ਆਈ ਤਰੇੜ ਹੁਣ ਪਾੜ ਬਣ ਚੁੱਕੀ ਹੈ। ਭਾਰਤ ਮਾਤਮ ਵਿਚ ਹੈ। ਭਾਰਤ ਵਾਸੀ ਖ਼ੁਦ ਨੂੰ ਜਾਨ ਗੁਆ ਚੁੱਕੇ ਪੀੜਤਾਂ ਦੇ ਪਰਿਵਾਰਾਂ ਨਾਲ ਸੱਥਰਾਂ ’ਤੇ ਬੈਠੇ ਮਹਿਸੂਸ ਕਰ ਰਹੇ ਹਨ।

ਭਾਰਤ ਨੇ 1960 ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਅਤੇ ਪਾਕਿਸਤਾਨ ਦੇ ਤਤਕਾਲੀ ਸਦਰ ਜਨਰਲ ਅਯੂਬ ਖਾਂ ਵਿਚਕਾਰ ਹੋਇਆ ਸਿੰਧੂ ਜਲ ਸਮਝੌਤਾ ਮਨਸੂਖ਼ ਕਰਨ ਦਾ ਐਲਾਨ ਕੀਤਾ ਹੈ। ਅਜਿਹਾ ਐਲਾਨ ਹਿੰਦ-ਪਾਕਿ ਜੰਗਾਂ ਵੇਲੇ ਵੀ ਨਹੀਂ ਸੀ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਹਨ ਕਿ ਖ਼ੂਨ ਤੇ ਪਾਣੀ ਨਾਲ-ਨਾਲ ਨਹੀਂ ਵਹਿ ਸਕਦਾ। ਅਟਾਰੀ-ਵਾਹਗਾ ਸਰਹੱਦ ਬੰਦ ਕਰਨਾ ਦਰਸਾਉਂਦਾ ਹੈ ਕਿ ਭਾਰਤ ਕਿਸੇ ਵੱਡੇ ਐਕਸ਼ਨ ਦੇ ਰੌਂਅ ਵਿਚ ਹੈ। ਰਿਸ਼ਤਿਆਂ ਵਿਚ ਆਈ ਕੜਵਾਹਟ ਦੀ ਵਜ੍ਹਾ ਪਾਕਿਸਤਾਨ ਆਧਾਰਤ ਕੱਟੜਪੰਥੀ ਤਨਜ਼ੀਮ ‘ਦਿ ਰੈਜ਼ਿਸਟੈਂਸ ਫਰੰਟ’ (ਟੀਆਰਐੱਫ) ਵੱਲੋਂ ਪਹਿਲਗਾਮ ਹਮਲੇ ਦੀ ਜ਼ਿੰਮੇਵਾਰੀ ਲੈਣਾ ਹੈ।

ਟੀਆਰਐੱਫ ਦਰਅਸਲ ਲਸ਼ਕਰ-ਏ-ਤੋਇਬਾ ਦੀ ਮਖੌਟਾ ਜਮਾਤ ਹੈ ਜੋ ਜੰਮੂ-ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਤੋਂ ਬਾਅਦ ਹੋਂਦ ਵਿਚ ਆਈ ਸੀ। ਸਿਵਿਆਂ ਵਿਚ ਅੱਗ ਬਲਦੀ ਹੋਵੇ ਤਾਂ ਅਜਿਹੀਆਂ ਤਨਜ਼ੀਮਾਂ ਜਸ਼ਨ ਮਨਾਉਂਦੀਆਂ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਪਾਕਿਸਤਾਨ ਆਧਾਰਤ ਕੱਟੜਪੰਥੀਆਂ ਵੱਲੋਂ ਭਾਰਤ ਦੇ ਕਿਸੇ ਖਿੱਤੇ ਵਿਚ ਵੀ ਚਾਂਦਮਾਰੀ ਹੋਵੇ, ਇਸ ਦਾ ਅਸਰ ਪੰਜਾਬ ’ਤੇ ਅਵੱਸ਼ ਹੁੰਦਾ ਹੈ।