VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਪੰਜਾਬੀਅਤ ਜ਼ਿੰਦਾਬਾਦ ( ਪੰਜਾਬੀ ਜਾਗਰਣ –– 4th May, 2025)

ਵਰਿੰਦਰ ਵਾਲੀਆ

ਪਹਿਲਗਾਮ ਖ਼ੂਨੀ ਕਾਂਡ ਪਿੱਛੋਂ ਪਾਕਿਸਤਾਨ ਨਾਲ ਵਧੀ ਕਸ਼ੀਦਗੀ ਦੇ ਚੱਲਦਿਆਂ ਜਦੋਂ ਸਮੁੱਚਾ ਦੇਸ਼ ਇਕਜੁੱਟ ਦਿਖਾਈ ਦੇਣਾ ਚਾਹੀਦਾ ਸੀ, ਉਸ ਵੇਲੇ ਅੰਤਰਰਾਜੀ ਦਰਿਆਈ ਪਾਣੀਆਂ ਦੀ ਤਕਸੀਮ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਸੁਬਿਆਂ ਵਿਚ ਛਿੜਿਆ ਵਿਵਾਦ ਬੇਹੱਦ ਮੰਦਭਾਗਾ ਹੈ। ਤਵਾਰੀਖ਼ ਗਵਾਹ ਹੈ ਕਿ 1965 ਦੀ ਭਾਰਤ-ਪਾਕਿਸਤਾਨ ਜੰਗ ਨੂੰ ਮੱਦੇ-ਨਜ਼ਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਤਤਕਾਲੀ ਲੀਡਰਸ਼ਿਪ ਨੇ ‘ਪੰਜਾਬੀ ਸੂਬਾ ਮੋਰਚਾ’ ਮੁਲਤਵੀ ਕਰ ਕੇ ਦੇਸ਼ ਵਾਸੀਆਂ ਕੋਲੋਂ ਵਾਹ-ਵਾਹ ਖੱਟੀ ਸੀ। ਅਣਵੰਡੇ ਪੰਜਾਬ ਦੇ ਦਰਿਆਵਾਂ, ਜਿਨ੍ਹਾਂ ਕਿਨਾਰੇ ਰਿਗ ਵੇਦ ਰਚਿਆ ਗਿਆ ਸੀ, ਦੇ ਪਾਣੀਆਂ ਵਿਚ ਇਸ ਵੇਲੇ ਸਿਆਸੀ ਮਧਾਣੀ ਪਾਉਣੀ ਤਰਕਸੰਗਤ ਨਹੀਂ ਲੱਗਦੀ।

ਦਰਿਆਈ ਪਾਣੀਆਂ ਦੀ ਵੰਡ ਨੂੰ ਲੈ ਕੇ ਪੰਜਾਬ ਨਾਲ ਕੀਤਾ ਗਿਆ ਧੱਕਾ ਕਈ ਦਹਾਕੇ ਪੁਰਾਣਾ ਹੈ ਜਿਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਫਿਰ ਵੀ ਅਜੋਕੇ ਵਿਵਾਦ ਨੂੰ ਸੰਵਾਦ ਰਾਹੀਂ ਨਜਿੱਠਣ ਦੀ ਬਜਾਏ ਇਸ ਨੂੰ ਹੋਰ ਉਲਝਾਉਣਾ ਫ਼ਿਲਹਾਲ ਰਾਸ਼ਟਰ ਦੇ ਹਿੱਤ ਵਿਚ ਨਹੀਂ ਹੈ। ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਹੋਣ ਦਾ ਮਾਣ ਹੈ ਜਿਸ ਨੇ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਸੁਨਹਿਰੀ ਇਤਿਹਾਸ ਰਚਿਆ ਸੀ। ਪਾਕਿਸਤਾਨ ਨਾਲ ਹੋਣ ਵਾਲੀਆਂ ਜੰਗਾਂ ਦੌਰਾਨ ਸਰਹੱਦੀ ਪੱਟੀ ਵਿਚ ਰਹਿਣ ਵਾਲੇ ਪੰਜਾਬੀ ਸੈਨਿਕਾਂ ਵਾਂਗ ਫ਼ੌਜ ਦਾ ਸਾਥ ਦਿੰਦੇ ਆਏ ਹਨ। ਜਿਸ ਵੇਲੇ ਜੰਗ ਵਾਲਾ ਮਾਹੌਲ ਹੋਵੇ, ਉਦੋਂ ਸਰਹੱਦੀ ਸੂਬੇ ਦੇ ਲੋਕਾਂ ਦਾ ਧਿਆਨ ਭਟਕਣਾ ਨਹੀਂ ਚਾਹੀਦਾ।

ਇਹ ਅੰਦਰੂਨੀ ਮਸਲੇ ਹਨ ਜਿਨ੍ਹਾਂ ਨੂੰ ਅਮਨ ਬਹਾਲੀ ਤੋਂ ਬਾਅਦ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਬਾਵਜੂਦ ਪਾਣੀਆਂ ਦੀ ਵੰਡ ਨੂੰ ਲੈ ਕੇ ਛਿੜੇ ਰੇੜਕੇ ’ਚੋਂ ਇਕ ਸੁਖਾਵੀਂ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਇਸ ਮੁੱਦੇ ਨੇ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ। ਇਕ-ਦੂਜੇ ’ਤੇ ਚਿੱਕੜ-ਉਛਾਲੀ ਦਾ ਕੋਈ ਮੌਕਾ ਨਾ ਖੁੰਝਾਉਣ ਵਾਲੀਆਂ ਸਿਆਸੀ ਜਮਾਤਾਂ ਦੇ ਨੇਤਾ ਲੰਬੇ ਅਰਸੇ ਬਾਅਦ ਇਕ ਮੰਚ ’ਤੇ ਇਕੱਠੇ ਬੈਠੇ ਦਿਖਾਈ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਦੇ ਸੱਦੇ ’ਤੇ ਬੁਲਾਈ ਗਈ ਸਰਬ-ਪਾਰਟੀ ਮੀਟਿੰਗ ਵਿਚ ਸਾਰਿਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਉਹ ਪੰਜਾਬ ਦੇ ਹਿੱਤਾਂ ਖ਼ਾਤਰ ਹਰ ਕਿਸਮ ਦੀ ਕੁਰਬਾਨੀ ਲਈ ਤਿਆਰ ਹਨ। ਇਸ ਉਲਝੇ ਹੋਏ ਮੁੱਦੇ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ’ਤੇ ਸਨ। ਹਰਿਆਣਾ ਤੇ ਕੇਂਦਰ ਦੀ ਸੱਤਾ ’ਤੇ ਕਾਬਜ਼ ਪਾਰਟੀ ਦੇ ਨੇਤਾ ਲਈ ਪੰਜਾਬ ਦੇ ਹੱਕ ਵਿਚ ਡਟ ਕੇ ਖੜ੍ਹੇ ਹੋਣਾ ਕਿਸੇ ‘ਧਰਮ ਸੰਕਟ’ ਤੋਂ ਘੱਟ ਨਹੀਂ ਸੀ। ਇਸ ਲਈ ਪਾਣੀਆਂ ਦੇ ਮੁੱਦੇ ’ਤੇ ਬੋਲਣ ਲੱਗਿਆਂ ਜਾਖੜ ਉਲਝ ਸਕਦੇ ਸਨ।

ਮੀਟਿੰਗ ਵਿਚ ਕਪੂਰੀ ਵਿਖੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦਾ ਟੱਕ ਲਾਉਣ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ‘ਚੈੱਕ’ ਲੈਣ ਦੀ ਹਲਕੀ-ਫੁਲਕੀ ਚਰਚਾ ਜ਼ਰੂਰ ਹੋਈ। ਫਿਰ ਵੀ ਦੂਸ਼ਣਬਾਜ਼ੀ ਤੋਂ ਸੰਕੋਚ ਕੀਤਾ ਗਿਆ। ਸੁਨੀਲ ਜਾਖੜ ’ਚੋਂ ਨੇਤਾ ਨਹੀਂ ਸਗੋਂ ਪੰਜਾਬ ਦਾ ਕਿਸਾਨ ਬੋਲ ਪਿਆ ਜਿਸ ਨੇ ਸਭ ਤੋਂ ਵੱਧ ਧਿਆਨ ਖਿੱਚਿਆ। ਜਾਖੜ ਦੇ ਦਿਲ ’ਚੋਂ ਨਿਕਲੀ ਹੂਕ ਨੇ ਸਭ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਸਿਆਸਤ ਨੂੰ ਬਾਹਰ ਰੱਖ ਕੇ ਮੀਟਿੰਗ ਵਿਚ ਸ਼ਾਮਲ ਹੋਣ ਆਏ ਹਨ। ਉਨ੍ਹਾਂ ਕਿਹਾ ਕਿ ਪਿਆਰ ਨਾਲ ਪੰਜਾਬੀ ਜਾਨ ਨਿਛਾਵਰ ਕਰਨ ਲਈ ਤਿਆਰ-ਬਰ-ਤਿਆਰ ਹੁੰਦੇ ਹਨ। ਬਾਂਹ ਮਰੋੜ ਕੇ ਜਾਂ ਦਬਾਅ ਕੇ ਉਨ੍ਹਾਂ ਕੋਲੋਂ ਕੁਝ ਨਹੀਂ ਲਿਆ ਜਾ ਸਕਦਾ।

ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬ ਨੇ ਕਦੇ ਧੱਕਾ ਸਹਿਣ ਨਹੀਂ ਕੀਤਾ। ਉਨ੍ਹਾਂ ਦੇ ਨਾਲ ਬੈਠੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਾਖੜ ਪਾਣੀ ਪੀੜਤ ਫ਼ਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਹਨ ਜਿਨ੍ਹਾਂ ਨੇ ਦਰਿਆਵਾਂ ਦੀਆਂ ਟੇਲਾਂ ’ਤੇ ਵਸਣ ਵਾਲਿਆਂ ਦਾ ਦਰਦ ਖ਼ੁਦ ਹੱਡੀਂ ਹੰਢਾਇਆ ਹੈ। ਦਰਿਆਵਾਂ ਦੇ ਪਾਣੀਆਂ ’ਚੋਂ ਜੇ ਚਿੜੀ-ਬੋਟ ਵੀ ਚੁੰਝ ਭਰ ਲੈਣ ਤਾਂ ਇਸ ਦਾ ਅਸਰ ਅਬੋਹਰ-ਫ਼ਾਜ਼ਿਲਕਾ ਵਾਲਿਆਂ ਨੂੰ ਜ਼ਰੂਰ ਪੈਂਦਾ ਹੈ। ਬੋਲਣ ਵੇਲੇ ਜਾਖੜ ਨੇ ਸ਼ਾਇਦ ਹੀ ਵਿਚਾਰਿਆ ਹੋਵੇ ਕਿ ਉਨ੍ਹਾਂ ਨੂੰ ਅਜਿਹੀਆਂ ਬੇਬਾਕ ਟਿੱਪਣੀਆਂ ਦਾ ਕੀ ਲਾਭ ਜਾਂ ਨੁਕਸਾਨ ਹੋਵੇਗਾ। ਇਹ ਓਹੀ ਜਾਖੜ ਹਨ ਜਿਨ੍ਹਾਂ ਨੂੰ ਹਿੰਦੂ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਪੰਜਾਬ ਦਾ ਮੁੱਖ ਮੰਤਰੀ ਨਹੀਂ ਸੀ ਬਣਾਇਆ ਗਿਆ। ਸੀਨੀਅਰ ਕਾਂਗਰਸ ਲੀਡਰ ਅੰਬਿਕਾ ਸੋਨੀ ਨੇ ਮੀਟਿੰਗ ਵਿਚ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਸਿੱਖ ਹੋਣਾ ਚਾਹੀਦਾ ਹੈ। ਇਸ ਤਰਕ ਨੂੰ ਉਸ ਵੇਲੇ ਦੇ ਅਕਾਲ ਤਖ਼ਤ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਪੰਜਾਬ ਨੂੰ ਫਿਰਕਿਆਂ ’ਚ ਵੰਡਣਾ ਠੀਕ ਨਹੀਂ ਹੈ।

ਜਾਖੜ ਦੇ ਦਿਲ ਵਿਚ ਇਸ ਦਾ ਸੱਲ ਅਜੇ ਵੀ ਰਿਸਦਾ ਹੈ। ਸਰਬ-ਪਾਰਟੀ ਮੀਟਿੰਗ ਵਿਚ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਉਨ੍ਹਾਂ ਨੇ ਦੇ ਦਿੱਤਾ ਹੈ। ਇਸ ਦੇ ਨਾਲ-ਨਾਲ ਜਾਖੜ ਨੇ ਪਾਣੀਆਂ ਦੇ ਮੁੱਦੇ ਨੂੰ ਇਸ ਵੇਲੇ ਛੇੜਨਾ ਕੁਵੇਲੇ ਦਾ ਰਾਗ ਕਿਹਾ ਹੈ। ਉਨ੍ਹਾਂ ਠੀਕ ਹੀ ਕਿਹਾ ਹੈ ਕਿ ਇਹ ਅਜਿਹਾ ਮੁੱਦਾ ਨਹੀਂ ਸੀ ਜਿਸ ਨੂੰ ਲੈ ਕੇ ਉਸ ਵੇਲੇ ਉਲਝਿਆ ਜਾਵੇ ਜਦੋਂ ਸਰਹੱਦ ’ਤੇ ਜੰਗ ਦੇ ਬੱਦਲ ਮੰਡਰਾ ਰਹੇ ਹੋਣ। ਉਨ੍ਹਾਂ ਕਿਹਾ ਕਿ ਭਾਖੜਾ ਡੈਮ ਤੋਂ ਹਰਿਆਣਾ ਨੂੰ ਉਧਾਰ ਜਾਣ ਵਾਲਾ 8500 ਕਿਊਸਿਕ ਪਾਣੀ ਦਾ ਮੁੱਦਾ ਸੀ ਜਿਸ ’ਚੋਂ ਮੁੱਖ ਮੰਤਰੀ ਮਾਨ ਨੇ 4000 ਕਿਊਸਿਕ ਪਹਿਲਾਂ ਹੀ ਛੱਡਣ ਦੀ ਇਜਾਜ਼ਤ ਦਿੱਤੀ ਸੀ। ਇਕ ਹਫ਼ਤੇ ਲਈ ਬਾਕੀ ਪਾਣੀ ਛੱਡਣ ਦੇ ਮਸਲੇ ਨੂੰ ਗੱਲਬਾਤ ਰਾਹੀਂ ਨਜਿੱਠਿਆ ਜਾ ਸਕਦਾ ਸੀ। ਬਾਤ ਦਾ ਬਤੰਗੜ ਬਣਾਉਣ ਜਾਂ ਰਾਈ ਦਾ ਪਹਾੜ ਬਣਾਉਣਾ ਸ਼ੋਭਾ ਨਹੀਂ ਦਿੰਦਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਰਿਆਣਾ ਨੂੰ ਪਹਿਲਾਂ ਹੀ 4000 ਕਿਊਸਿਕ ਪਾਣੀ ਮਾਨਵਤਾ ਦੇ ਆਧਾਰ ’ਤੇ ਦਿੱਤਾ ਗਿਆ ਸੀ। ਜਦੋਂ ਪੰਜਾਬ ਦਾ ਨਹਿਰੀ ਸਿਸਟਮ ਦਰੁਸਤ ਕਰ ਕੇ ਟੇਲ-ਐਂਡਸ ਤੱਕ ਪਾਣੀ ਜਾਣ ਲੱਗ ਪਿਆ ਹੈ ਤਾਂ ਗਰਮੀਆਂ ਦੇ ਦਿਨਾਂ ਵਿਚ ਪਾਣੀ ਦੀ ਮੰਗ ਵਧ ਗਈ ਹੈ। ‘ਅਸੀਂ ਆਪਣਾ ਹੀ ਪਾਣੀ ਆਪਣੇ ਲੋਕਾਂ ਨੂੰ ਦੇਣ ਦੀ ਗੱਲ ਕਰੀਏ ਤਾਂ ਇਸ ਵਿਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।’ ਮਾਨ ਦੇ ਹਰਿਆਣਾ ਦੇ ਹਮਰੁਤਬਾ ਨਾਇਬ ਸਿੰਘ ਸੈਣੀ ਦਾ ਆਪਣਾ ਤਰਕ ਸੀ ਕਿ ਪਿਛਲੇ ਚਾਰ ਸਾਲਾਂ ਵਿਚ 9000 ਕਿਊਸਿਕ ਤੱਕ ਪਾਣੀ ਹਰਿਆਣਾ ਨੂੰ ਦਿੱਤਾ ਜਾਂਦਾ ਰਿਹਾ ਹੈ। ਦੋਨੇਂ ਮੁੱਖ ਮੰਤਰੀ ਮਿਹਣੋ-ਮਿਹਣੀ ਹੋ ਰਹੇ ਹਨ। ਅੱਤ ਦੀ ਗਰਮੀ ਵੇਲੇ ਦੋਨਾਂ ਸੂਬਿਆਂ ਦਾ ਸਿਆਸੀ ਪਾਰਾ ਸਿਖਰ ’ਤੇ ਪੁੱਜ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਦੂਜੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਪਾਣੀਆਂ ਨੂੰ ਸੂਬੇ ਦੀ ਜੀਵਨ ਰੇਖਾ ਦੱਸਿਆ ਹੈ। ਉਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਪੰਜਾਬ ਦੇ ਪਾਣੀਆਂ ’ਤੇ ਡਾਕਾ ਨਹੀਂ ਪੈਣਾ ਦਿੱਤਾ ਜਾਵੇਗਾ। ਕੇਂਦਰ ਵੱਲੋਂ ਸਬੰਧਤ ਸੂਬਿਆਂ ਦੇ ਮੁੱਖ ਸਕੱਤਰਾਂ ਦੇ ਵਿਸ਼ੇਸ਼ ਸੈਸ਼ਨ ਬੁਲਾ ਕੇ ਸਖ਼ਤ ਸਟੈਂਡ ਲੈਣ ਦੀਆਂ ਗੱਲਾਂ ਕਰਨ ਨਾਲ ਤਾਣੀ ਸੁਲਝਣ ਦੀ ਬਜਾਏ ਹੋਰ ਉਲਝ ਰਹੀ ਹੈ। ਇਸ ਸੰਵੇਦਨਸ਼ੀਲ ਮੁੱਦੇ ਨੂੰ ਫ਼ਿਲਹਾਲ ਠੰਢੇ ਬਸਤੇ ਵਿਚ ਪਾ ਕੇ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਬਣੇ ਜੰਗ ਵਰਗੇ ਹਾਲਾਤ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਹਾਲ ਦੀ ਘੜੀ ਸਥਾਨਕ ਮੁੱਦਿਆਂ ਨੂੰ ਮੁਲਤਵੀ ਕਰਨਾ ਹੀ ਰਾਸ਼ਟਰ ਹਿੱਤ ਵਿਚ ਹੋਵੇਗਾ। ਐਵੇਂ ਵਾਵਰੋਲੇ ਉਡਾਉਣ ਨਾਲ ਕੋਈ ਫ਼ਾਇਦਾ ਨਹੀਂ ਹੋਣਾ। ਐੱਸਵਾਈਐੱਲ ਦਾ ਕੇਸ ਉਂਜ ਵੀ ਸੁਪਰੀਮ ਕੋਰਟ ਵਿਚ ਹੈ।

ਸੁਨੀਲ ਜਾਖੜ ਦੀ ਗੱਲ ਮੰਨੀ ਜਾਵੇ ਤਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਫੌਰੀ ਹੱਲ ਲੱਭ ਸਕਦੇ ਹਨ। ਵੈਸੇ ਵੀ ਉਧਾਰ ਦੇ ਪਾਣੀ ਦੀ ਮੰਗ ਹਫ਼ਤੇ ਕੁ ਦੀ ਹੁੰਦੀ ਹੈ। ਜਾਖੜ ਦੀਆਂ ਸਾਫ਼ਗੋਈਆਂ ਹਰ ਪੰਜਾਬੀ ਦਾ ਧਿਆਨ ਮੰਗਦੀਆਂ ਹਨ। ਪੰਜਾਬ ਦੇ ਮਸਲੇ ਪੰਜਾਬੀ ਇਕੱਠੇ ਹੋ ਕੇ ਹੀ ਹੱਲ ਕਰਵਾ ਸਕਦੇ ਹਨ। ਫਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਅਜਿਹੇ ਮੁੱਦਿਆਂ ਨੂੰ ਸਾਂਝੇ ਰੂਪ ਵਿਚ ਉਠਾਉਣ ਦੀ ਲੋੜ ਹੁੰਦੀ ਹੈ। ਪੰਜਾਬ ਨੂੰ ਫਿਰਕਿਆਂ ਵਿਚ ਉਦੋਂ ਤੱਕ ਨਹੀਂ ਵੰਡਿਆ ਜਾ ਸਕਦਾ ਜਿੰਨੀ ਦੇਰ ਜਾਖੜ ਵਰਗੇ ਪੰਜਾਬੀ ਜਿਊਂਦੇ ਹਨ। ਬਾਕੀ ਸਿਆਸਤਦਾਨਾਂ ਵਾਂਗ ਜਾਖੜ ਨੂੰ ਭੁੰਨੇ ਤਿੱਤਰ ਉਡਾਉਣੇ ਨਹੀਂ ਆਉਂਦੇ। ਵਿਰੋਧੀਆਂ ਦੀ ਖਾਹਮਖਾਹ ਮਿੱਟੀ ਪੁੱਟ ਕੇ ਸਿਆਸੀ ਲਾਹਾ ਲੈਣਾ ਵੀ ਉਨ੍ਹਾਂ ਦੀ ਫਿਤਰਤ ਨਹੀਂ ਹੈ। ਐਵੇਂ ਫਾਰਸੀਆਂ ਮਾਰਨਾ ਵੀ ਉਨ੍ਹਾਂ ਨੂੰ ਨਹੀਂ ਆਉਂਦਾ।

ਪਾਣੀਆਂ ਦੀ ਕਾਣੀ ਵੰਡ ਕਾਰਨ ਪੰਜਾਬ ਨੇ ਪਹਿਲਾਂ ਹੀ ਵੱਡਾ ਸੰਤਾਪ ਭੋਗਿਆ ਹੈ। ਪਾਣੀਆਂ ਦੇ ਮਾਮਲੇ ਵਿਚ ਪੰਜਾਬ ਨਾਲ ਹੋਏ ਧੱਕੇ ਕਾਰਨ ਪਹਿਲਾਂ ਹੀ ਬਹੁਤ ਖ਼ੂਨ ਵਹਿ ਚੁੱਕਾ ਹੈ। ਇਸ ਲਈ ਦੋਨਾਂ ਸੂਬਿਆਂ ਦੀ ਲੀਡਰਸ਼ਿਪ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਸ ਨਾਲ ਪਾਣੀਆਂ ਨੂੰ ਫਿਰ ‘ਅੱਗ’ ਲੱਗੇ।