ਜੰਗਬੰਦੀ ਦਾ ਟਰੰਪ-ਕਾਰਡ ( ਪੰਜਾਬੀ ਜਾਗਰਣ –– 11th May, 2025)
ਵਰਿੰਦਰ ਵਾਲੀਆ
ਪਾਕਿਸਤਾਨ ਤੇ ਭਾਰਤ ਦਰਮਿਆਨ ਹੋ ਰਹੀ ਜ਼ਬਰਦਸਤ ਬੰਬਾਰੀ ਦੌਰਾਨ ਜੰਗਬੰਦੀ ਦੀ ਖ਼ੁਸ਼ਖ਼ਬਰੀ ਨੇ ਵੱਡੀ ਰਾਹਤ ਦਿੱਤੀ ਹੈ। ਇਸ ਦਾ ਸਾਲਸ ਅਮਰੀਕਾ ਦਾ ਸਦਰ ਡੋਨਾਲਡ ਟਰੰਪ ਬਣਿਆ ਹੈ ਜਿਸ ਨਾਲ ਦੋਨਾਂ ਦੇਸ਼ਾਂ ਦੇ ਸਹਿਮੇ ਅਵਾਮ ਨੇ ਸੁੱਖ ਦਾ ਸਾਹ ਲਿਆ ਹੈ। ਉਦਾਸ ਚਿਹਰਿਆਂ ’ਤੇ ਖੇੜਾ ਆਇਆ ਹੈ। ਰਾਜ਼ੀਨਾਮੇ ਨਾਲ ਵੱਡੇ ਪੱਧਰ ’ਤੇ ਹੋ ਰਹੀ ਹਿਜਰਤ ਰੁਕ ਗਈ ਹੈ। ਟਰੰਪ ਦੀ ਇਸ ਇਤਿਹਾਸਕ ਭੂਮਿਕਾ ਨੇ ਲੋਕਾਂ ਦਾ ਦਿਲ ਜਿੱਤਿਆ ਹੈ।
ਇਸ ਤੋਂ ਪਹਿਲਾਂ ਇਕ-ਦੂਜੇ ਮੁਲਕ ਨੂੰ ਲੜਾਉਣ ਲਈ ਅਮਰੀਕਾ ਬਦਨਾਮ ਸੀ। ਹਥਿਆਰਾਂ ਦਾ ਸਭ ਤੋਂ ਵੱਡਾ ਸੌਦਾਗਰ ਹੋਣ ਨਾਤੇ ਜੰਗਾਂ ਤੋਂ ਅਮਰੀਕਾ ਨੂੰ ਚੋਖਾ ਮੁਨਾਫ਼ਾ ਹੁੰਦਾ ਸੀ। ਭਾਰਤ-ਪਾਕਿਸਤਾਨ ਦਰਮਿਆਨ ਜੰਗਬੰਦੀ ਕਰਵਾਉਣ ਨਾਲ ਟਰੰਪ ਨੇ ਉਪਰੋਕਤ ਧੱਬੇ ਨੂੰ ਧੋ ਦਿੱਤਾ ਹੈ। ਫ਼ਿਲਹਾਲ ਉਹ ਇਸ ਖਿੱਤੇ ਦੇ ਅਵਾਮ ਲਈ ਅਮਨ ਦਾ ਮਸੀਹਾ ਬਣ ਕੇ ਉੱਭਰਿਆ ਹੈ ਜਿਸ ਕਾਰਨ ਸਰਹੱਦ ਦੇ ਆਰ-ਪਾਰ ਖ਼ੁਸ਼ੀ ਦੀ ਲਹਿਰ ਦੌੜ ਪਈ ਪਰ ਕਈ ਥਾਵਾਂ ’ਤੇ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਨਾ ਮੰਦਭਾਗਾ ਹੈ ਜਿਸ ਦਾ ਭਾਰਤ ਮਾਕੂਲ ਜਵਾਬ ਦੇ ਰਿਹਾ ਹੈ।

ਉਂਜ ਟਰੰਪ ਦੀ ਕੋਸ਼ਿਸ਼ ਨੂੰ ਦੇਰ-ਆਇਦ, ਦਰੁਸਤ-ਆਇਦ ਕਹਿਣਾ ਵਾਜਿਬ ਹੋਵੇਗਾ। ਇਸ ਮੁਬਾਰਕ ਫ਼ੈਸਲੇ ਨਾਲ ਲੀਹੋਂ ਲੱਥੀ ਜ਼ਿੰਦਗੀ ਮੁੜ ਲੀਹ ’ਤੇ ਆਈ ਹੈ। ਆਦਮ ਜ਼ਾਤ ਜਦੋਂ ਆਦਮ-ਬੋ, ਆਦਮ-ਬੋ ਕਰਦੀ ਹੈ ਤਾਂ ਪੰਜ ਦਰਿਆਵਾਂ ਦਾ ਸਾਂਝਾ ਪੁੱਤਰ ਸਾਹਿਰ ਲੁਧਿਆਣਵੀ (ਅਬਦੁਲ ਹੈਈ) ਰਹਿ-ਰਹਿ ਕੇ ਯਾਦ ਆਉਂਦਾ ਹੈ। ਲੁਧਿਆਣਾ ਦਾ ਜੰਮਪਲ ਸਾਹਿਰ ਵੀਹਵੀਂ ਸਦੀ ਦੇ ਭਾਰਤ ਦਾ ਸਭ ਤੋਂ ਮਹਾਨ ਫਿਲਮੀ ਗੀਤਕਾਰ ਸੀ ਜਿਸ ਨੇ ਜੰਗ ਦੇ ਖ਼ਿਲਾਫ਼ ਲੰਬੀਆਂ ਨਜ਼ਮਾਂ ਲਿਖ ਕੇ ਮੁਹੱਬਤ ਦਾ ਪੈਗ਼ਾਮ ਦਿੱਤਾ ਹੈ। ਉਹ ਆਦਮ ਦੇ ਜਾਇਆਂ ਦਾ ਅਜਾਈਂ ਡੁੱਲ੍ਹਦਾ ਖ਼ੂਨ ਦੇਖ ਕੇ ਅਵਾਜ਼ਾਰ ਹੁੰਦਾ। ਉਹ ਆਦਮ ਨੂੰ ਖ਼ੁਦਾ ਦਾ ਜੇਠਾ ਪੁੱਤਰ ਮੰਨਦਾ ਹੈ ਜਿਸ ਨੂੰ ਉਸ ਨੇ ਮਿੱਟੀ ਤੋਂ ਘੜ ਕੇ ਆਪਣਾ ਹਮਸ਼ਕਲ ਬਣਾਇਆ ਸੀ। ਨਸਲ-ਏ-ਆਦਮ ਦੇ ਡੁੱਲ੍ਹਦੇ ਸੂਹੇ ਖ਼ੂਨ ਨਾਲ ਲਿਖੀਆਂ ਨਜ਼ਮਾਂ ਦਿਲ ਨੂੰ ਟੁੰਬਦੀਆਂ ਹਨ। ਵਿਸ਼ਵ ’ਚ ਕਿਤੇ ਵੀ ਜੰਗ ਛਿੜੇ ਤਾਂ ਸੰਵੇਦਨਸ਼ੀਲ ਲੋਕ ਉਪਰੋਕਤ ਰਚਨਾਵਾਂ ਦਾ ਹਵਾਲਾ ਜ਼ਰੂਰ ਦਿੰਦੇ ਹਨ।
ਬਾਈ ਅਪ੍ਰੈਲ, 2025 ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਭਾਰਤ-ਪਾਕਿਸਤਾਨ ਦਰਮਿਆਨ ਛਿੜੀ ਜੰਗ ਵੇਲੇ ਸਾਹਿਰ ਲੁਧਿਆਣਵੀ ਦਾ ਕਲਾਮ ਹੋਰ ਵੀ ਪ੍ਰਸੰਗਿਕ ਲੱਗਿਆ। ‘ਪਰਛਾਈਆਂ’ ਅਨੁਵਾਨ ਹੇਠ ਉਰਦੂ ਦੀ ਲੰਬੀ ਨਜ਼ਮ ਵਿਚ ਸਾਹਿਰ ਜੰਗ ਕਾਰਨ ਹੋਈ ਬਰਬਾਦੀ ਦੀ ਸ਼ਬਦਾਂ ਨਾਲ ਤਸਵੀਰਕਸ਼ੀ ਕਰਦਾ ਹੈ। ਇਹ ਕਵਿਤਾ ਆਸ਼ਿਕ ਤੇ ਉਸ ਦੀ ਮਹਿਬੂਬਾ ਦੇ ਦਿਲਾਂ ’ਚੋਂ ਉੱਠਦੀਆਂ ਚੀਸਾਂ ਨੂੰ ਰੂਪਮਾਨ ਕਰਦੀ ਹੈ ਜਿਨ੍ਹਾਂ ਦਾ ਜੰਗ ਨੇ ਵਿਛੋੜਾ ਪਾ ਦਿੱਤਾ ਸੀ। ਕਵੀ ਮਹਿਸੂਸ ਕਰਦਾ ਹੈ ਕਿ ਜੰਗ ਖ਼ਤਮ ਹੋ ਜਾਂਦੀ ਹੈ ਪਰ ਇਸ ਦੀ ਵਜ੍ਹਾ ਕਾਰਨ ਹੋਈ ਬਰਬਾਦੀ ਚਿਰਾਂ ਤੱਕ ਸਤਾਉਂਦੀ ਰਹਿੰਦੀ ਹੈ। ਇਹ ਅਜਿਹੇ ਜ਼ਖ਼ਮ ਹੁੰਦੇ ਹਨ ਜਿਨ੍ਹਾਂ ’ਤੇ ਕਦੇ ਅੰਗੂਰ ਨਹੀਂ ਆਉਂਦਾ। ਜੰਗ ਕਾਰਨ ਵਿਛੜੇ ਪ੍ਰੇਮੀਆਂ ਨੂੰ ਸਰਹੱਦ ’ਤੇ ਖੜ੍ਹੇ ਰੁੱਖ ਵੀ ਸੈਨਿਕਾਂ ਵਾਂਗ ਦਿਖਾਈ ਦਿੰਦੇ ਹਨ, ‘‘ਵੋ ਪੇੜ ਜਿਨ ਕੇ ਤਲੇ ਹਮ ਪਨਾਹ ਲੇਤੇ ਥੇ/ਖੜੇ ਹੈਂ ਆਜ ਭੀ ਸਾਕਿਲ ਕਿਸੀ ਆਰਮੀ ਕੀ ਤਰਹ।’’
ਇਕ ਸਮਾਂ ਸੀ ਜਦੋਂ ਹਰਕਾਰੇ ਦਾ ਇੰਤਜ਼ਾਰ ਹੁੰਦਾ ਸੀ। ਉਹ ਮੁਹੱਬਤ ਨਾਲ ਲਬਰੇਜ਼ ਚਿੱਠੀਆਂ ਦਾ ਅਦਾਨ-ਪ੍ਰਦਾਨ ਕਰਦਾ ਸੀ। ਪਰ ਮੁਹਾਜ਼-ਏ-ਜੰਗ ਤੋਂ ਤਾਰ ਲੈ ਕੇ ਬਹੁੜਿਆ ਹਰਕਾਰਾ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਨਜ਼ਮ ਆਪਣੇ ਅਰੂਜ਼ ਤੱਕ ਪਹੁੰਚਦੀ ਹੈ, ‘‘ਫਿਰ ਮੌਤ ਕੀ ਆਂਧੀ ਉਠੀ ਹੈ, ਫਿਰ ਜੰਗ ਕੇ ਬਾਦਲ ਛਾਏ ਹੈਂ...ਚਲੋ ਕਿ ਚਲ ਕੇ ਸਿਆਸੀ ਮੁਕਾਮਿਰੋਂ ਸੇ ਕਹੇਂ/ਕਿ ਹਮ ਕੋ ਜੰਗ-ਓ-ਜਦਲ ਕੇ ਚਲਨ ਸੇ ਨਫ਼ਰਤ ਹੈ/ਜਿਸੇ ਲਹੂ ਕੇ ਸਿਵਾ ਕੋਈ ਰੰਗ ਰਾਸ ਨਾ ਆਏ, ਹਮੇ ਹਯਾਤ ਕੇ ਉਸ ਪਹਿਰਨ ਸੇ ਨਫ਼ਰਤ ਹੈ।’’ ਜੰਗ ਮਸਲੇ ਸੁਲਝਾਉਣ ਦੀ ਬਜਾਏ ਹੋਰ ਉਲਝਾਉਂਦੀ ਹੈ। ਬਾਰੂਦ ਹਮੇਸ਼ਾ ਬਰਬਾਦੀ ਦਾ ਸਿਰਨਾਵਾਂ ਹੁੰਦਾ ਹੈ। ਇਕ ਹੋਰ ਲੰਬੀ ਨਜ਼ਮ ਵਿਚ ਸਾਹਿਰ ਲਿਖਦਾ ਹੈ,‘‘ਜੰਗ ਤੋ ਖ਼ੁਦ ਹੀ ਏਕ ਮਸਲਾ ਹੈ, ਜੰਗ ਕਯਾ ਮਸਲੋਂ ਕਾ ਹਲ ਦੇਗੀ।’’
ਸਾਹਿਰ ਕਹਿੰਦਾ ਹੈ ਕਿ ਜੰਗ ’ਚ ਕੋਈ ਜਿੱਤਦਾ ਜਾਂ ਹਾਰਦਾ ਨਹੀਂ। ਸਹੀ ਮਾਅਨਿਆਂ ਵਿਚ ਮਨੁੱਖਤਾ ਹਾਰਦੀ ਹੈ। ਜੰਗ ਦੀਆਂ ਘੋਰ ਘਟਾਵਾਂ ਅੱਥਰੂ ਵਰ੍ਹਾਉਂਦੀਆਂ ਹਨ। ਪਾਣੀ ਵਾਂਗ ਖ਼ੂਨ ’ਤੇ ਪਾਈਆਂ ਲਕੀਰਾਂ ਕਦੇ ਸਥਿਰ ਨਹੀਂ ਹੁੰਦੀਆਂ। ਖ਼ੁਦਾ ਦੇ ਜੇਠੇ ਪੁੱਤਰ ਦੀ ਨਸਲ ਨੂੰ ਆਪਣੇ ਅਤੇ ਬੇਗਾਨੇ ਵਿਚ ਨਹੀਂ ਵੰਡਿਆ ਜਾ ਸਕਦਾ। ਸਾਹਿਰ ਦੀਆਂ ਦਿਲ-ਟੁੰਬਵੀਆਂ ਸਤਰਾਂ, ‘‘ਖ਼ੂਨ ਅਪਨਾ ਹੋ ਯਾ ਪਰਾਇਆ ਹੋ/ਨਸਲ-ਏ-ਆਦਮ ਕਾ ਖ਼ੂਨ ਹੈ ਆਖ਼ਰ’’ ਵਿਚ ਮਨੁੱਖਤਾ ਲਈ ਵੱਡਾ ਪੈਗ਼ਾਮ ਹੈ। ਜੰਗ ਪੂਰਬ ਵਿਚ ਹੋਵੇ ਜਾਂ ਪੱਛਮ ਵਿਚ, ਇਸ ਨੇ ਵਿਨਾਸ਼ ਦੀ ਇਬਾਰਤ ਲਿਖਣੀ ਹੁੰਦੀ ਹੈ। ਖੇਤ ਆਪਣੇ ਜਲਣ ਜਾਂ ਦੂਜਿਆਂ ਦੇ, ਇਸ ਦਾ ਹਾਸਲ ਭੁੱਖਮਰੀ ਹੋਇਆ ਕਰਦੀ ਹੈ।’’ ਟੈਂਕ ਆਗੇ ਬੜੇਂ ਕਿ ਪੀਛੇ ਹਟੇਂ/ਕੋਖ ਧਰਤੀ ਕੀ ਬਾਂਝ ਹੋਤੀ ਹੈ’’ ਅਨੁਸਾਰ ਜੰਗ ਨੇ ਲਹਿਲਹਾਉਂਦੇ ਖੇਤਾਂ ਨੂੰ ਉਜਾੜ ਦੇਣਾ ਹੁੰਦਾ ਹੈ। ਹਰਿਆਵਲ ਡੀਕ ਲਾ ਕੇ ਪੀ ਜਾਣੀ ਹੁੰਦੀ ਹੈ। ਘਰ-ਘਰ ਸੱਥਰ ਵਿਛ ਜਾਂਦੇ ਹਨ। ਦੁਸ਼ਮਣੀ ਹਾਕਮਾਂ ਦਰਮਿਆਨ ਹੁੰਦੀ ਹੈ ਪਰ ਖ਼ਮਿਆਜ਼ਾ ਖ਼ਲਕਤ ਨੂੰ ਭੁਗਤਣਾ ਪੈਂਦਾ ਹੈ। ਸੀਮਾ-ਪੱਟੀ ਦੇ ਲੋਕਾਂ ਦੀ ਉਂਜ ਵੀ ਜੂਨ ਵੱਖਰੀ ਸਮਝੀ ਜਾਂਦੀ ਹੈ।
ਉਸਤਰੇ ਦੀ ਧਾਰ ’ਤੇ ਜੀਵਨ ਬਤੀਤ ਕਰਨ ਵਾਲੇ ਹਮੇਸ਼ਾ ਚਾਂਦਮਾਰੀ ਦੀ ਜ਼ੱਦ ਵਿਚ ਰਹਿੰਦੇ ਹਨ। ਇਸੇ ਲਈ ਸਰਹੱਦੀ ਖੇਤਰਾਂ ’ਚ ਲੋਕ ਪੱਕੇ ਘਰ ਬਣਾਉਣ ਤੋਂ ਗੁਰੇਜ਼ ਕਰਦੇ ਹਨ। ਸਰਹੱਦ ਦੇ ਨਾਲ-ਨਾਲ ਕੱਚੇ ਘਰਾਂ ਦੀਆਂ ਕਤਾਰਾਂ ਦੂਰੋਂ ਦਿਖਾਈ ਦਿੰਦੀਆਂ ਹਨ। ਥੋੜ੍ਹੀ ਕੁ ਠੂਹ-ਠਾਹ ਹਿਜਰਤ ਦਾ ਸਬੱਬ ਬਣ ਜਾਂਦੀ ਹੈ। ਲੋਕ ਗੱਡਿਆਂ, ਟਰੈਕਟਰ-ਟਰਾਲੀਆਂ ਜਾਂ ਟਰੱਕਾਂ ’ਚ ਘਰ ਦਾ ਸਾਮਾਨ ਲੱਦ ਕੇ ਸੁਰੱਖਿਅਤ ਥਾਵਾਂ ਲਈ ਹਿਜਰਤ ਕਰਦੇ ਹਨ। ਕਿਸੇ ਦੇ ਘਰ ਵਿਚ ਭਲਾ ਕਿੰਨੇ ਕੁ ਦਿਨ ਰਿਹਾ ਜਾ ਸਕਦਾ ਹੈ, ਇਹ ਹਿਜਰਤ ਕਰਨ ਵਾਲੇ ਲੋਕਾਂ ਨੂੰ ਪਤਾ ਹੈ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਫੁਰਮਾਉਂਦੇ ਹਨ, ‘‘ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ।। ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ।।’’
ਬੇਜ਼ੁਬਾਨਾਂ ਦੀ ਗੱਲ ਕਰੀਏ ਤਾਂ ਹਿਜਰਤ ਕਰਨ ਵਾਲੇ ਲੋਕ ਆਪਣਾ ਡੰਗਰ-ਵੱਛਾ ਪਿੱਛੇ ਛੱਡਣ ਲਈ ਮਜਬੂਰ ਹੁੰਦੇ ਹਨ। ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਵੀ ਉਦਾਸ ਹੋ ਜਾਂਦੀਆਂ ਹਨ। ਬੰਬਾਰੀ ਵਿਚ ਪੰਛੀਆਂ ਦੀਆਂ ਮਧੁਰ ਆਵਾਜ਼ਾਂ ਗੁਆਚ ਜਾਂਦੀਆਂ ਹਨ। ਚਿਮਨੀਆਂ ’ਚੋਂ ਧੂੰਆਂ ਨਾ ਨਿਕਲੇ ਤਾਂ ਸਰਹੱਦ ’ਤੇ ਖੜ੍ਹੇ ਰੁੱਖਾਂ ’ਤੇ ਮਾਯੂਸੀ ਛਾ ਜਾਂਦੀ ਹੈ। ਦੂਰ ਬੈਠਿਆਂ ਲਈ ਬੰਬਾਰੀ ਆਤਿਸ਼ਬਾਜ਼ੀ ਵਾਂਗ ਹੁੰਦੀ ਹੈ। ਸਰਹੱਦ ਦੇ ਆਰ-ਪਾਰ ਗ਼ੁਰਬਤ ਇੱਕੋ ਜਿਹੀ ਹੈ। ਪਾਕਿਸਤਾਨ ਦੀ ਬਹੁਤੀ ਵਸੋਂ ਨੂੰ ਚੱਜ ਨਾਲ ਦੋ ਡੰਗ ਦੀ ਰੋਟੀ ਨਸੀਬ ਨਹੀਂ ਹੁੰਦੀ। ਗ਼ੁਰਬਤ ਖ਼ਿਲਾਫ਼ ਸਾਂਝੀ ਜੰਗ ਲੜੀ ਜਾਂਦੀ ਤਾਂ ਦੋਨਾਂ ਮੁਲਕਾਂ ਨੇ ਜਿੱਤ ਜਾਣਾ ਸੀ। ਸੰਤਾਲੀ ’ਚ ਜ਼ਮੀਨ ਜਾਂ ਦਰਿਆ ਹੀ ਨਹੀਂ ਵੰਡੇ ਗਏ, ਕੁਝ ਹੱਦ ਤੱਕ ਲੋਕਾਂ ਦੇ ਦਿਲ ਵੀ ਤਕਸੀਮ ਹੋਏ ਸਨ।
ਮੁਰੱਬਿਆਂ ਦੇ ਮਾਲਕ ਉੱਜੜ ਕੇ ਉਸ ਪਾਰ ਗਏ ਜਾਂ ਏਧਰ ਆਏ, ਉਹ ਵੱਡੇ ਸੰਘਰਸ਼ ਤੋਂ ਬਾਅਦ ਹੀ ਪੈਰਾਂ ’ਤੇ ਖੜ੍ਹੇ ਹੋਣ ਜੋਗੇ ਹੋਏ ਸਨ। ਲੱਖਾਂ ਲੋਕਾਂ ਨੇ ਆਪਣਿਆਂ ਨੂੰ ਸਦਾ ਲਈ ਗੁਆਇਆ ਸੀ। ਅਣਗਿਣਤ ਧੀਆਂ, ਮਾਵਾਂ ਤੇ ਭੈਣਾਂ ਦੀ ਮਾਂਗ ’ਚੋਂ ਸੰਧੂਰ ਪੂੰਝਿਆ ਗਿਆ ਸੀ। ਸਿਰਾਂ ’ਤੇ ਚਿੱਟੇ ਦੁਪੱਟੇ ਆ ਗਏ ਸਨ। ਉੱਜੜ ਕੇ ਆਏ ਜਾਂ ਗਏ ਲੋਕ ਵਾਰ-ਵਾਰ ਉਜੜਨ ਤਾਂ ਇਸ ਦੀ ਕਸਕ ਬਸ ਉਹੀ ਜਾਣਦੇ ਹਨ। ਪਾਕਿ ਭਾਵੇਂ ਖ਼ੁਦ ਅੱਤਵਾਦ ਤੋਂ ਪੀੜਤ ਹੈ, ਫਿਰ ਵੀ ਉਹ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਬਲੋਚਿਸਤਾਨ ’ਚ ਭਾਵੇਂ ਉਹ ਬੁਰੀ ਤਰ੍ਹਾਂ ਖ਼ਾਨਾਜੰਗੀ ਦਾ ਸ਼ਿਕਾਰ ਹੈ, ਫਿਰ ਵੀ ਪਹਿਲਗਾਮ ਵਰਗੀਆਂ ਸਾਜ਼ਿਸ਼ਾਂ ਘੜਨ ’ਚ ਮਸਰੂਫ਼ ਰਹਿੰਦਾ ਹੈ।
ਜਿੰਨਾ ਖ਼ਰਚਾ ਭਾਰਤ ਤੇ ਪਾਕਿ ਹਥਿਆਰਾਂ ’ਤੇ ਕਰਦੇ ਹਨ,ਉਸ ਦੇ ਅੱਧ ਨਾਲ ਦੋਨਾਂ ਮੁਲਕਾਂ ’ਚ ਖ਼ੁਸ਼ਹਾਲੀ ਆ ਸਕਦੀ ਹੈ। ਬਦਕਿਸਮਤੀ ਨਾਲ ਗੁਆਂਢੀ ਬਦਲਿਆ ਨਹੀਂ ਜਾ ਸਕਦਾ, ਉਹ ਭਾਵੇਂ ਕਿੰਨਾ ਵੀ ਚੰਦਰਾ ਕਿਉਂ ਨਾ ਹੋਵੇ। ਆਪਣਾ ਘਰ ਨਾ ਸੰਭਲ ਰਿਹਾ ਹੋਵੇ ਤਾਂ ਧਿਆਨ ਭਟਕਾਉਣ ਲਈ ਸਰਹੱਦਾਂ ’ਤੇ ਚਾਂਦਮਾਰੀ ਸ਼ੁਰੂ ਹੋ ਜਾਂਦੀ ਹੈ। ਚੋਣਾਂ ਨੇੜੇ ਹੋਣ ਤਾਂ ਵੀ ਅਜਿਹਾ ਕੀਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਹਤ ਇੰਦੌਰੀ ਦਾ ਸ਼ਿਅਰ ਆਤਮਸਾਤ ਕਰੋ, ‘‘ਸਰਹੱਦੋਂ ਪਰ ਬਹੁਤ ਤਨਾਵ ਹੈ ਕਯਾ/ਕੁਛ ਪਤਾ ਤੋ ਕਰੋ, ਚੁਨਾਵ ਹੈ ਕਯਾ?’’ ਬੌਖਲਾਹਟ ’ਚ ਕਈ ਵਾਰ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ। ਰੂਸ-ਯੂਕਰੇਨ ਜਾਂ ਇਜ਼ਰਾਈਲ-ਹਮਾਸ ਵਿਚ ਛਿੜੀਆਂ ਜੰਗਾਂ ਇਸ ਦੀਆਂ ਤਾਜ਼ਾ ਮਿਸਾਲਾਂ ਹਨ। ਰੱਬ ਦਾ ਸ਼ੁਕਰ ਹੈ ਭਾਰਤ-ਪਾਕਿ ਜੰਗ ਬਹੁਤੀ ਲੰਬੀ ਨਹੀਂ ਚੱਲੀ।