VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਪਾਕਿਸਤਾਨ ’ਚ ਜਾਂਬਾਜ਼ ਦੀ ਪਰਿਭਾਸ਼ਾ! ( ਪੰਜਾਬੀ ਜਾਗਰਣ –– 18th May, 2025)

ਵਰਿੰਦਰ ਵਾਲੀਆ

ਫ਼ਿਰਕਾਪ੍ਰਸਤੀ ਦੇ ਰੰਗ ਵਿਚ ਗੜੁੱਚ ਪਾਕਿਸਤਾਨ ਦੇ ਮੀਡੀਆ ਦਾ ਬਾਬਾ ਆਦਮ ਨਿਰਾਲਾ ਹੈ। ਅਲਪ ਸੰਖਿਅਕ ਭਾਈਚਾਰਿਆਂ ਨੂੰ ਟੀਰੀ ਅੱਖ ਨਾਲ ਵੇਖਣ ਵਾਲਾ ਪਾਕਿਸਤਾਨ ਦਾ ਮੀਡੀਆ ਅੱਜ-ਕੱਲ੍ਹ ਮਸੀਹੀ ਭਾਈਚਾਰੇ ਨਾਲ ਸਬੰਧਤ ਹਵਾਈ ਸੈਨਾ ਦੇ ਗਰੁੱਪ ਕਮਾਂਡਰ ਕਾਮਰਾਨ ਬਸ਼ੀਰ ਭੱਟੀ ਦੇ ਸੋਹਲੇ ਗਾਉਂਦਾ ਨਹੀਂ ਥੱਕਦਾ। ਕਸੀਦੇ ਪੜ੍ਹ ਰਿਹਾ ਅਵਾਮ ਵੀ ਕਾਮਰਾਨ ਨੂੰ ਕੌਮੀ ਨਾਇਕ ਕਹਿ ਕੇ ਤਾਰੀਫ਼ਾਂ ਦੇ ਪੁਲ਼ ਬੰਨ੍ਹ ਰਿਹਾ ਹੈ। ‘‘ਕਾਮਰਾਨ ਮਸੀਹ ਕੌਮ ਦਾ ਨਹੀਂ, ਪੂਰੇ ਪਾਕਿਸਤਾਨ ਦਾ ਫਰਜ਼ੰਦ ਹੈ’’ ਵਰਗੇ ਬੋਲ ਜ਼ਰੂਰ ਉਸ ਨੂੰ ਹੈਰਾਨ ਕਰਦੇ ਹੋਣਗੇ।

ਪਾਕਿਸਤਾਨ ਦੇ ਮੀਡੀਆ/ਸੋਸ਼ਲ ਮੀਡੀਆ ਅਨੁਸਾਰ ‘ਆਪ੍ਰੇਸ਼ਨ ਸਿੰਧੂਰ’ ਦੇ ਜਵਾਬੀ ਹਵਾਈ ਹਮਲੇ ਦੀ ਅਗਵਾਈ ਕਾਮਰਾਨ ਨੇ ਕੀਤੀ ਸੀ ਤੇ ਭਾਰਤ ਦੇ ਕਈ ਸਿਆਰਿਆਂ (ਜਹਾਜ਼ਾਂ) ਨੂੰ ਫੁੰਡ ਕੇ ਉਸ ਨੇ ਪਾਕਿਸਤਾਨ ਸੁਰੱਖਿਅਤ ਵਾਪਸੀ ਕੀਤੀ ਸੀ। ਇਸ ‘ਪ੍ਰਾਪਤੀ’ ਲਈ ਕਾਮਰਾਨ ਨੂੰ ‘ਕਿੰਗ ਆਫ ਸਕਾਈ’ ਕਹਿ ਕੇ ਵਡਿਆਇਆ ਜਾ ਰਿਹਾ ਹੈ। ਕਾਮਰਾਨ ਨੇ ਭਾਰਤ ਦਾ ਕਿੰਨਾ ਕੁ ਨੁਕਸਾਨ ਕੀਤਾ, ਇਹ ਵਿਵਾਦ ਦਾ ਵਿਸ਼ਾ ਹੈ ਪਰ ਹੈਰਾਨੀ ਦੀ ਗੱਲ ਤਾਂ ਪਾਕਿਸਤਾਨੀਆਂ ਦਾ ਹਿਰਦਾ ਪਰਿਵਰਤਨ ਹੈ। ਘੱਟ ਗਿਣਤੀਆਂ ਨੂੰ ਪਾਣੀ ਪੀ-ਪੀ ਕੇ ਕੋਸਣ ਵਾਲਾ ਪਾਕਿਸਤਾਨ ਦਾ ਮੀਡੀਆ/ਅਵਾਮ ਉਸ ਦੀ ਕਿਵੇਂ ਜੈ-ਜੈਕਾਰ ਕਰ ਰਿਹਾ ਹੈ, ਇਹ ਸਮਝ ਤੋਂ ਬਾਹਰ ਹੈ।

ਮਜ਼ੇਦਾਰ ਗੱਲ ਇਹ ਹੈ ਕਿ ਕਈ ਚੈਨਲਾਂ ਨੇ ਦਾਅਵਾ ਕੀਤਾ ਹੈ ਕਿ ਕਾਮਰਾਨ ਨੇ ਆਪਣੇ ‘ਮਿਸ਼ਨ’ ਦੀ ‘ਕਾਮਯਾਬੀ’ ਤੋਂ ਬਾਅਦ ਇਸਲਾਮ ਧਾਰਨ ਕਰ ਲਿਆ ਸੀ। ਪਾਦਰੀਆਂ ਅਤੇ ਮਸੀਹੀ ਧਰਮ ਗੁਰੂਆਂ ਨੇ ਉਪਰੋਕਤ ਦਾਅਵਿਆਂ ਦਾ ਪੁਰਜ਼ੋਰ ਖੰਡਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਤਨ-ਪ੍ਰਸਤ ਜਾਂਬਾਜ਼ਾਂ ਨੂੰ ਫ਼ਿਰਕਿਆਂ ਵਿਚ ਤਕਸੀਮ ਨਹੀਂ ਕੀਤਾ ਜਾ ਸਕਦਾ। ਦਰਅਸਲ, ਇਸਲਾਮ ਦੇ ਨਾਂ ’ਤੇ ਹੋਂਦ ਵਿਚ ਆਏ ਪਾਕਿਸਤਾਨ ਦੇ ਲੋਕ ਤੇ ਉੱਥੋਂ ਦੇ ਮੀਡੀਆ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਕੋਈ ਘੱਟ ਗਿਣਤੀ ਨਾਲ ਸਬੰਧਤ ਵੀ ਜਾਂਬਾਜ਼ ਹੋ ਸਕਦਾ ਹੈ।

ਖ਼ੁਦ ਨੂੰ ਦਿਲਾਸਾ ਦੇਣ ਲਈ ਫ਼ਿਰਕਾਪ੍ਰਸਤਾਂ ਨੇ ਨਵੀਂ ਕਹਾਣੀ ਘੜ ਲਈ ਕਿ ਉਸ ਨੇ ਆਪਣਾ ਧਰਮ ਹੀ ਬਦਲ ਲਿਆ ਹੈ। ਨਨਕਾਣਾ ਸਾਹਿਬ ਦਾ ਜੰਮਪਲ ਹਰਚਰਨ ਸਿੰਘ ਜਦੋਂ 2007 ਵਿਚ ਪਾਕਿਸਤਾਨ ਦਾ ਪਹਿਲਾ ਸਿੱਖ ਕਮਿਸ਼ਨਡ ਅਫ਼ਸਰ ਬਣਿਆ ਸੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਉਸ ਨੂੰ ਭੇਜੇ ਵਧਾਈ ਸੰਦੇਸ਼ ਵਿਚ ਕਿਹਾ ਸੀ ਕਿ ਉਹ ਆਪਣੇ ‘ਦੇਸ਼ ਤੇ ਕੌਮ’ਦੀ ਸੇਵਾ ਕਰੇਗਾ। ਹਰ ਫ਼ੌਜੀ ਦਾ ਮੁੱਢਲਾ ਫ਼ਰਜ਼ ਦੇਸ਼ ਸੇਵਾ ਹੀ ਹੁੰਦਾ ਹੈ। ਪਾਕਿਸਤਾਨ ਨੂੰ ਆਪਣਾ ਵਤਨ ਸਮਝਣ ਵਾਲੇ ਅਲਪ ਸੰਖਿਅਕਾਂ ਦੇ ਸ਼ਰਧਾ ਦੇ ਧਾਮਾਂ ਨੂੰ ਅੱਗ ਹਵਾਲੇ ਕਰਨਾ, ਉਨ੍ਹਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਹੁਰਮਤੀ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਦੇ ਅਪਹਰਨ ਆਮ ਵਰਤਾਰਾ ਹੈ।

ਕਾਮਰਾਨ ਬਸ਼ੀਰ ਭੱਟੀ ਦੇ ਪਰਿਵਾਰ ਨੂੰ ਵੀ ਕਈ ਵਾਰ ਵੱਡੀ ਜ਼ਿੱਲਤ ਦਾ ਸਾਹਮਣਾ ਕਰਨਾ ਪਿਆ ਸੀ। ਕਾਮਰਾਨ ਨੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਅਬਦੁੱਸ ਸਲਾਮ ਦੇ ਨਾਂ ’ਤੇ ਬਣੇ ਕਾਲਜ ’ਚੋਂ ਐੱਫਐੱਸਸੀ ਕੀਤੀ ਸੀ। ਕਾਦੀਆਨੀ/ਅਹਿਮਦੀਆ ਮੁਸਲਮਾਨ ਹੋਣ ਕਾਰਨ ਅਬਦੁੱਸ ਸਲਾਮ ਦੀਆਂ ਪ੍ਰਾਪਤੀਆਂ ਨੂੰ ਸਲਾਮ ਕਰਨ ਦੀ ਬਜਾਏ ਉਨ੍ਹਾਂ ਨੂੰ ਰੱਜ ਕੇ ਜ਼ਲੀਲ ਕੀਤਾ ਗਿਆ ਸੀ। ਕਾਦੀਆਨੀ ਮੁਸਲਮਾਨਾਂ ਦੇ ਪਾਸਪੋਰਟਾਂ ’ਤੇ ਜਦੋਂ ‘ਗ਼ੈਰ-ਮੁਸਲਿਮ’ ਦੀਆਂ ਮੋਹਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਤਾਂ ਸਲਾਮ ਸਾਹਿਬ ਦਾ ਦਿਲ ਟੁੱਟ ਗਿਆ ਸੀ। ਗਿਰਜਾਘਰਾਂ ਦੀ ਵੱਡੇ ਪੱਧਰ ’ਤੇ ਹੁੰਦੀ ਸਾੜ-ਫੂਕ ਨੇ ਵੀ ਕਾਮਰਾਨ ਪਰਿਵਾਰ ਦਾ ਦਿਲ ਤੋੜਿਆ ਸੀ।

ਨਸਲੀ ਵਿਤਕਰਿਆਂ ਨੂੰ ਸਹਿੰਦਾ ਕਾਮਰਾਨ ਜਵਾਨ ਹੋਇਆ ਸੀ। ਕਾਲਜ ਦੇ ਦਿਨਾਂ ਦੌਰਾਨ ਵੀ ਕਈਆਂ ਨੇ ਉਸ ਦਾ ਹੁੱਕਾ-ਪਾਣੀ ਬੰਦ ਕੀਤਾ ਹੋਇਆ ਸੀ। ਜਿਹੜੇ ਲੋਕ ਉਸ ਨੂੰ ਫੁੱਟੀ ਅੱਖ ਨਹੀਂ ਸਨ ਭਾਉਂਦੇ, ਉਹ ਅੱਜ ਫੋਕੇ ਸੰਖ ਵਜਾਉਂਦੇ ਦਿਖਾਈ ਦੇ ਰਹੇ ਹਨ। ਅੱਜ ਉਸ ਨੂੰ ਸਾਰੇ ‘ਜ਼ਿੰਦਾ ਸ਼ਹੀਦ’ ਦਾ ਖ਼ਿਤਾਬ ਦੇ ਰਹੇ ਹਨ ਪਰ ਅਮਨ-ਅਮਾਨ ਤੋਂ ਬਾਅਦ ਉਸ ਦਾ ਮੁੱਲ ਫੁੱਟੀ ਕੌਡੀ ਨਹੀਂ ਪੈਣਾ। ਉਸ ਦੇ ਗੁਣਗਾਨ ਕਰਨ ਵਾਲਾ ਪਾਕਿਸਤਾਨੀ ਮੀਡੀਆ ਕਹਿ ਰਿਹਾ ਹੈ ਕਿ ਕਾਮਰਾਨ ‘ਅੱਲ੍ਹਾ’ ਦੀ ਮਿਹਰ ਨਾਲ ਜ਼ਿੰਦਾ ਮੁੜਿਆ ਹੈ। ਈਸਾ ਮਸੀਹ ਦੀ ਮਿਹਰ ਦਾ ਜ਼ਿਕਰ ਕਿਧਰੇ ਨਹੀਂ ਹੈ। ਪਾਕਿਸਤਾਨੀ ਈਸਾਈ ਖ਼ਾਤੂਨ ਆਸੀਆ ਨੋਰੀਨ (ਆਸੀਆ ਬੀਬੀ) ਨਾਲ ਹੋਈ ਸਿਤਮਜ਼ਰੀਫ਼ੀ ਵੀ ਕਾਮਰਾਨ ਨੂੰ ਚੰਗੀ ਤਰ੍ਹਾਂ ਯਾਦ ਹੈ। ਈਸ਼ਨਿੰਦਾ ਦੇ ਦੋਸ਼ ਵਿਚ ਜਦੋਂ ਆਸੀਆ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਕਾਮਰਾਨ ਦਾ ਪੂਰਾ ਪਰਿਵਾਰ ਉਸ ਦੇ ਕੇਸ ਦੀ ਪੈਰਵੀ ਕਰ ਰਿਹਾ ਸੀ।

ਬਾਈ ਸਾਲਾਂ ਦਾ ਕਾਮਰਾਨ ਉਸ ਵੇਲੇ ਕਾਲਜ ਦਾ ਵਿਦਿਆਰਥੀ ਸੀ। ਉਸ ਨੇ ਖ਼ੁਦ ਸਾਥੀ ਵਿਦਿਆਰਥੀਆਂ ਦੇ ਸਹਿਯੋਗ ਨਾਲ ਜਲਸੇ ਕੀਤੇ ਸਨ। ਖੇਤਾਂ ਵਿਚ ਆਸੀਆ ਬੀਬੀ ਕੰਮ ਕਰ ਰਹੀ ਸੀ ਜਦੋਂ ਇਕ ਮੁਸਲਮਾਨ ਔਰਤ ਨੇ ਇਲਜ਼ਾਮ ਲਗਾਇਆ ਕਿ ਆਸੀਆ ਨੇ ਉਸ ਦੇ ਗਲਾਸ ’ਚੋਂ ਪਾਣੀ ਪੀਤਾ ਹੈ ਤੇ ਪੈਗੰਬਰ ਮੁਹੰਮਦ ਸਾਹਿਬ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਬਲੀ ਵਰਤੀ ਹੈ। ਬੇਗੁਨਾਹ ਹੋਣ ਦੇ ਬਾਵਜੂਦ ਆਸੀਆ ਬੀਬੀ ਨੂੰ ਸਰੀਰਕ ਤੇ ਮਾਨਸਿਕ ਤਸ਼ੱਦਦ ਸਹਿਣਾ ਪਿਆ ਸੀ। ਪੋਪ ਤੱਕ ਨੇ ਉਸ ਦੀ ਰਿਹਾਈ ਦੀ ਮੰਗ ਕੀਤੀ ਸੀ। ਦੁਨੀਆ ਭਰ ਵਿਚ ਮਸੀਹੀ ਭਾਈਚਾਰੇ ਨੇ ਹੱਥਾਂ ’ਚ ਮਸ਼ਾਲਾਂ ਤੇ ਮੋਮਬੱਤੀਆਂ ਲੈ ਕੇ ਮਾਰਚ ਕੱਢੇ ਸਨ।

ਲਹਿੰਦੇ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਆਸੀਆ ਬੀਬੀ ਦੇ ਘਰ ਗਏ ਤਾਂ ਉਨ੍ਹਾਂ ਖ਼ਿਲਾਫ਼ ਤੂਫ਼ਾਨ ਖੜ੍ਹਾ ਹੋ ਗਿਆ ਸੀ। ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਤਾਸੀਰ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਸਦਰ ਕੋਲ ਰਹਿਮ ਦੀ ਅਪੀਲ ਸਵੀਕਾਰ ਕਰਨ ਦਾ ਅਧਿਕਾਰ ਹੈ ਤੇ ਆਸੀਆ ਜਲਦੀ ਹੀ ਰਿਹਾਅ ਹੋ ਜਾਵੇਗੀ। ਪਾਕਿਸਤਾਨੀ ਮੀਡੀਆ ਨੇ ਸਲਮਾਨ ਤਾਸੀਰ ਦੇ ਇਸ ਕਦਮ ਦੀ ਰੱਜ ਕੇ ਮੁਖ਼ਾਲਫ਼ਤ ਕੀਤੀ। ਮੀਡੀਆ ਨੂੰ ਸੰਬੋਧਿਤ ਹੁੰਦਿਆਂ ਤਾਸੀਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਤਹਿਕੀਕਾਤ ਮੁਤਾਬਕ ਆਸੀਆ ਬੀਬੀ ਬੇਕਸੂਰ ਹੈ ਕਿਉਂਕ ਉਸ ਨੂੰ ਰਸੂਲ-ਏ-ਪਾਕਿ ’ਤੇ ਪੂਰਾ ਯਕੀਨ ਹੈ। ਉਨ੍ਹਾਂ ਨੇ ਕੈਮਰੇ ਸਾਹਮਣੇ ਇਹ ਕਹਿਣ ਦੀ ਜੁਰੱਅਤ ਦਿਖਾਈ ਕਿ ਆਸੀਆ ਬੀਬੀ ਨੇ ਕੁਰਾਨ ਸ਼ਰੀਫ਼ ਜਾਂ ਮੁਹੰਮਦ ਸਾਹਿਬ ਦੀ ਸ਼ਾਨ ਖ਼ਿਲਾਫ਼ ਇਕ ਵੀ ਅਲਫ਼ਾਜ਼ ਨਹੀਂ ਬੋਲਿਆ।

ਜਦੋਂ ਤਾਸੀਰ ਨੂੰ ਪੁੱਛਿਆ ਗਿਆ ਕਿ ਅਜਿਹਾ ਕਹਿਣ ’ਤੇ ਡਰ ਨਹੀਂ ਲੱਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮੌਲਵੀਆਂ-ਮੁਲਾਣਿਆਂ ਤੇ ਉਨ੍ਹਾਂ ਦੇ ਫ਼ਤਵਿਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਜਾਹਲਾਂ ਨੇ ਤਾਂ ਕਾਇਦ-ਏ-ਆਜ਼ਮ ਨੂੰ ਵੀ ਕਾਫ਼ਰ-ਏ-ਆਜ਼ਮ ਕਹਿਣ ਦੀ ਹਿਮਾਕਤ ਕੀਤੀ ਸੀ। ਤਾਸੀਰ ਨੇ ਮੀਡੀਆ ਨੂੰ ਪੁੱਛਿਆ ਕਿ ਕੀ 96 ਫ਼ੀਸਦ ਮੁਸਲਿਮ ਆਬਾਦੀ ਵਾਲੇ ਮੁਲਕ ਵਿਚ ਅਲਪ-ਸੰਖਿਅਕ ਅਜਿਹੀ ਗੁਸਤਾਖ਼ੀ ਕਰ ਸਕਦਾ ਹੈ? ਜਾਗੀ ਜ਼ਮੀਰ ਵਾਲੇ ਸਲਮਾਨ ਤਾਸੀਰ ਨੂੰ ਕੀ ਪਤਾ ਸੀ ਕਿ ਸਾਏ ਵਾਂਗ ਨਾਲ ਚੱਲਣ ਵਾਲਾ ਸੁਰੱਖਿਆ ਕਰਮੀ ਮਲਿਕ ਮੁਮਤਾਜ਼ ਕਾਦਰੀ ਬੌਖਲਾਹਟ ’ਚ ਆ ਕੇ ਇਕ ਦਿਨ ਉਸ ਨੂੰ ਉਪਰੋਕਤ ਬਿਆਨਬਾਜ਼ੀ ਕਰ ਕੇ ਮੌਤ ਦੇ ਘਾਟ ਉਤਾਰ ਦੇਵੇਗਾ।

ਮਸੀਹੀ ਔਰਤ ਦੀ ਵਕਾਲਤ ਕਰਨ ਵਾਲੇ ਮਰਹੂਮ ਗਵਰਨਰ ਦੇ ਕੇਸ ਦੀ ਵਕਾਲਤ ਕਰਨ ਵਾਲਾ ਕੋਈ ਵਕੀਲ ਨਹੀਂ ਸੀ ਮਿਲਿਆ। ਮੁਮਤਾਜ਼ ਕਾਦਰੀ ਦੇ ਹੱਕ ਵਿਚ ਵਕੀਲਾਂ ਦੀ ਫ਼ੌਜ ਖੜ੍ਹ ਗਈ ਸੀ। ਕਾਦਰੀ ਨੂੰ ਗਾਜ਼ੀ ਲਕਬ ਦਿੱਤਾ ਗਿਆ ਜਿਸ ਨੇ ਮਸੀਹੀ ਔਰਤ ਦੇ ਹੱਕ ਵਿਚ ਬੋਲਣ ਵਾਲੇ ਨੂੰ ‘ਜੁਹੰਨਮ’ ਵਿਚ ਪਹੁੰਚਾ ਦਿੱਤਾ ਸੀ। ਆਖ਼ਰ ਕਾਦਰੀ ਨੂੰ ਸਜ਼ਾ-ਏ-ਮੌਤ ਹੋਈ। ਫਾਂਸੀ ਦੇਣ ਲਈ ਕਿਸੇ ਮੁਸਲਮਾਨ ਜਲਾਦ ਨੇ ਹਾਮੀ ਨਾ ਭਰੀ ਤਾਂ ਕਿਸੇ ਈਸਾਈ ਜਲਾਦ ਦਾ ਪ੍ਰਬੰਧ ਕੀਤਾ ਗਿਆ। ਇਸ ’ਤੇ ਕਾਦਰੀ ਹੋਰ ਖ਼ਫ਼ਾ ਹੋ ਗਿਆ। ਉਸ ਨੇ ਮੁਸਲਮਾਨ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕਿਸੇ ਮਸੀਹ ਹੱਥੋਂ ਗਲ ਵਿਚ ਰੱਸਾ ਨਹੀਂ ਪੁਆਉਣਾ ਚਾਹੁੰਦਾ।

ਆਖ਼ਰ ਇਕ ਮੁਸਲਮਾਨ ਜਲਾਦ ਨੂੰ ਰਜ਼ਾਮੰਦ ਕਰ ਲਿਆ। ਆਸੀਆ ਬੀਬੀ ਨੂੰ ਵੀ ਇਸਲਾਮ ਧਾਰਨ ਕਰਨ ਦੀ ਸ਼ਰਤ ’ਤੇ ਰਿਹਾਈ ਦੀ ਪੇਸ਼ਕਸ਼ ਹੋਈ ਸੀ ਪਰ ਉਸ ਨੇ ਆਪਣੇ ਇਮਾਨ ’ਤੇ ਖੜ੍ਹੇ ਰਹਿਣ ਨੂੰ ਤਰਜੀਹ ਦਿੱਤੀ ਸੀ। ਵਿਸ਼ਵ ਭਰ ਵਿਚ ਹੋ ਰਹੇ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਆਸੀਆ ਨੂੰ ਰਿਹਾਅ ਕਰ ਦਿੱਤਾ। ਰਿਹਾਈ ਦੇ ਅਗਲੇ ਦਿਨ ਹੀ ਉਹ ਪਰਿਵਾਰ ਸਣੇ ਕੈਨੇਡਾ ਚਲੀ ਗਈ। ਆਸੀਆ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਤਾਸੀਰ ਦੇ ਕਾਤਲ ਦੇ ਨਾਂ ’ਤੇ ਆਲੀਸ਼ਾਨ ਮਸਜਿਦ ਉਸਰਨਾ ਦਰਸਾਉਂਦਾ ਹੈ ਕਿ ਪਾਕਿਸਤਾਨੀ ਅਵਾਮ ਦੇ ਦਿਲ ਵਿਚ ਅਲਪ-ਸੰਖਿਅਕਾਂ ਖ਼ਿਲਾਫ਼ ਕਿੰਨੀ ਨਫ਼ਰਤ ਹੈ। ਇਸ ਦਾ ਗਿਆਨ ਕਾਮਰਾਨ ਨੂੰ ਹੈ। ਉਸ ਨੂੰ ਪਤਾ ਹੈ ਕਿ ਪਾਕਿਸਤਾਨ ’ਚ ਜਾਂਬਾਜ਼ ਦੀ ਸੀਮਤ ਪਰਿਭਾਸ਼ਾ ਹੈ।