ਕਬਰਾਂ ’ਤੇ ਲਿਖੀ ਇਬਾਰਤ ( ਪੰਜਾਬੀ ਜਾਗਰਣ –– 25th May, 2025)
ਵਰਿੰਦਰ ਵਾਲੀਆ
ਭਾਰਤ ਤੇ ਪਾਕਿਸਤਾਨ ਮੁਲਕਾਂ ਵਿਚ ਮਈ ਨੂੰ ਪਰਮਾਣੂ ਬੰਬਾਂ ਦੇ ਪ੍ਰੀਖਣ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਅੱਧੀ ਸਦੀ ਪਹਿਲਾਂ 18 ਮਈ 1974 ਦੀ ਬੁੱਧ ਪੂਰਨਿਮਾ ਦੇ ਪਵਿੱਤਰ ਦਿਹਾੜੇ ਭਾਰਤ ਨੇ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਲੂਣੀ ਮਿੱਟੀ ਦੀਆਂ ਪੰਜ ਪਹਾੜੀ ਲੜੀਆਂ ਨਾਲ ਘਿਰੇ ਰੇਤਲੇ ਕਸਬੇ ਪੋਖਰਨ ਵਿਚ ‘ਸਮਾਇਲਿੰਗ ਬੁੱਧਾ’ ਪਰਮਾਣੂ ਬੰਬ ਦਾ ਪਹਿਲਾ ਸਫਲ ਪ੍ਰੀਖਣ ਕੀਤਾ ਤਾਂ ਇਸ ਦੇ ਜ਼ਬਰਦਸਤ ਧਮਾਕੇ ਨਾਲ ਗੁਆਂਢੀ ਮੁਲਕ ਪਾਕਿਸਤਾਨ ਕੰਬ ਉੱਠਿਆ ਸੀ। ਮਹਿਜ਼ ਢਾਈ ਕੁ ਸਾਲ ਪਹਿਲਾਂ ਦਸੰਬਰ 1971 ਦੀ ਜੰਗ ਪਿੱਛੋਂ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਸਨ ਤੇ ਦੁਨੀਆ ਦੇ ਨਕਸ਼ੇ ’ਤੇ ਨਵਾਂ ਮੁਲਕ ਬੰਗਲਾਦੇਸ਼ ਉੱਭਰ ਆਇਆ ਸੀ। ਹਾਰ ਕਾਰਨ ਪਾਕਿਸਤਾਨ ਵਿਚ ਨਿਰਾਸ਼ਾ ਦਾ ਆਲਮ ਸੀ।

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪਾਕਿਸਤਾਨੀ ਹਮ-ਰੁਤਬਾ ਜ਼ੁਲਿਫ਼ਕਾਰ ਅਲੀ ਭੁੱਟੋ ਨੇ ਤਿਲਮਲਾਉਂਦੇ ਹੋਏ ਕਿਹਾ ਸੀ ਕਿ ਪਾਕਿਸਤਾਨ ਨੂੰ ਭਾਵੇਂ ਘਾਹ ਖਾ ਕੇ ਗੁਜ਼ਾਰਾ ਕਰਨਾ ਪਵੇ ਪਰ ਉਹ ਹਰ ਹਾਲਤ ਵਿਚ ਪਰਮਾਣੂ ਬੰਬ ਜ਼ਰੂਰ ਬਣਾਵੇਗਾ। ‘ਸਮਾਇਲਿੰਗ ਬੁੱਧਾ’ ਪਿੱਛੋਂ ਭਾਰਤ ’ਚ ਜਸ਼ਨ ਦਾ ਮਾਹੌਲ ਸੀ ਪਰ ਪਾਕਿਸਤਾਨ ਸੋਗ ਦੇ ਸਾਗਰ ’ਚ ਡੁੱਬਿਆ ਪਿਆ ਸੀ। ਮਜ਼ੇਦਾਰ ਗੱਲ ਇਹ ਹੈ ਕਿ ਦੋਨਾਂ ਮੁਲਕਾਂ ਦੇ ਪਰਮਾਣੂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪੰਜ ਵਕਤ ਦੇ ਪੱਕੇ ਨਮਾਜ਼ੀਆਂ ਨੇ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਨੇ ਆਪਣੀ ਮਿੱਟੀ ਦੇ ਜਾਏ ਏਪੀਜੇ ਅਬਦੁਲ ਕਲਾਮ ਨੂੰ ਹੋਰ ਸਨਮਾਨਾਂ ਤੋਂ ਇਲਾਵਾ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ।
ਦੇਸ਼ ਦੀ ਵੰਡ ਵੇਲੇ ਜੇ ਅਬਦੁਲ ਪਰਿਵਾਰ ਪਾਕਿਸਤਾਨ ਚਲਾ ਜਾਂਦਾ ਤਾਂ ਉਸ ਨੂੰ ਤਾਉਮਰ ‘ਮੁਹਾਜਿਰ’ ਹੋਣ ਦੀ ਜ਼ਲਾਲਤ ਝੇਲਣੀ ਪੈਂਦੀ। ਉਨ੍ਹਾਂ ਦੇ ਉਲਟ ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਹਕੀਕੀ ਰੂਪ ਦੇਣ ਵਾਲੇ ਆਲਮੀ ਸ਼ੋਹਰਤ ਦੇ ਵਿਗਿਆਨੀਆਂ, ਅਬਦੁਲ ਕਦੀਰ ਖ਼ਾਨ (27 ਅਪ੍ਰੈਲ 1936-21 ਅਕਤੂਬਰ 2021) ਅਤੇ ਮੁਹੰਮਦ ਅਬਦੁਸ ਸਲਾਮ (29 ਜਨਵਰੀ 1926-21 ਨਵੰਬਰ 1996) ਨੂੰ ਆਪਣੇ ਮੁਲਕ ਵਿਚ ਹੀ ਅੰਤਾਂ ਦੀ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀ ਆਖ਼ਰੀ ਇੰਟਰਵਿਊ ਵਿਚ ਕਦੀਰ ਖ਼ਾਨ ਨੂੰ ਜਦੋਂ ਪੁੱਛਿਆ ਕਿ ਜ਼ਿੰਦਗੀ ’ਚ ਕੋਈ ਪਛਤਾਵਾ ਵੀ ਹੈ ਤਾਂ ਉਨ੍ਹਾਂ ਦੋ ਟੁੱਕ ਕਿਹਾ ਸੀ, ‘‘ਹਾਂ, ਆਪਣੇ ਮੁਲਕ ਦੀ ਸੇਵਾ ਕਰਨ ਦਾ।’’
ਡਾ. ਕਦੀਰ ਖ਼ਾਨ ਅਣਵੰਡੇ ਭਾਰਤ ਦੇ ਭੋਪਾਲ (ਮੱਧ ਪ੍ਰਦੇਸ਼) ਦੇ ਜੰਮਪਲ ਸਨ। ਉਨ੍ਹਾਂ ਦਾ ਪਰਿਵਾਰ ਭਾਵੇਂ ਇਸਲਾਮ ਦੀ ਬੁਨਿਆਦ ’ਤੇ ਬਣੇ ਪਾਕਿਸਤਾਨ ਚਲਾ ਗਿਆ ਪਰ ਉਨ੍ਹਾਂ ਅੰਦਰੋਂ ਭੋਪਾਲ ਮਰਦੇ ਦਮ ਤੱਕ ਨਹੀਂ ਸੀ ਨਿਕਲਿਆ। ਉੱਚ ਤਾਲੀਮ ਹਾਸਲ ਕਰਨ ਲਈ ਉਹ ਵਿਦੇਸ਼ ਗਿਆ। ਡੱਚ ਔਰਤ ਨਾਲ ਵਿਆਹ ਵੀ ਕਰ ਲਿਆ। ਇਸ ਦੇ ਬਾਵਜੂਦ ਉਹ ਪਾਕਿਸਤਾਨ ਦੀ ਸਰਜ਼ਮੀਨ ਨਾਲ ਜੁੜਿਆ ਰਿਹਾ। ਕਹੱਤਰ ਦੀ ਜੰਗ ਤੋਂ ਬਾਅਦ ਪਾਕਿਸਤਾਨ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਗਿਆ। ਇਹ ਫ਼ਿਕਰ ਡਾ. ਕਦੀਰ ਨੂੰ ਵੱਢ-ਵੱਢ ਖਾਂਦਾ ਸੀ। ਉਸ ਨੂੰ ਵਿਸ਼ਵਾਸ ਸੀ ਕਿ ਜੇ ਪਾਕਿਸਤਾਨ ਕੋਲ ਪਰਮਾਣੂ ਬੰਬ ਹੋਵੇ ਤਾਂ ਭਾਰਤ ਇਸ ਵੱਲ ਕੈਰੀ ਅੱਖ ਨਾਲ ਨਹੀਂ ਤੱਕ ਸਕਦਾ। ਆਪਣੇ ਮੁਲਕ ਨਾਲ ਅੰਤਾਂ ਦੀ ਮੁਹੱਬਤ ਕਰਨ ਵਾਲੇ ਨੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਭੁੱਟੋ ਨੂੰ ਖ਼ਤ ਲਿਖ ਕੇ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ।
‘ਅੰਨ੍ਹਾ ਕੀ ਭਾਲੇ, ਦੋ ਅੱਖਾਂ’ ਦੇ ਅਖਾਣ ਅਨੁਸਾਰ ਭੁੱਟੋ ਨੇ ਜਵਾਬੀ ਚਿੱਠੀ ’ਚ ਮੁਲਾਕਾਤ ਦੀ ਹਾਮੀ ਭਰ ਦਿੱਤੀ। ਵਿਦੇਸ਼ ਦੀਆਂ ਹਰੀਆਂ ਚਰਾਂਦਾਂ ਨੂੰ ਅਲਵਿਦਾ ਕਹਿ ਕੇ ਡਾ. ਕਦੀਰ ਨੇ ਪਾਕਿਸਤਾਨ ਨੂੰ ਪਰਮਾਣੂ ਸ਼ਕਤੀ ਬਣਾਉਣ ਲਈ ਦਿਨ-ਰਾਤ ਇਕ ਕਰ ਦਿੱਤਾ। ਲੰਬੇ ਸਮੇਂ ਤੱਕ ਪਾਕਿਸਤਾਨ ਦੀ ਫ਼ੌਜ ਤੇ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਆਈ ਨੂੰ ਵੀ ਭਿਣਕ ਨਾ ਲੱਗਣ ਦਿੱਤੀ ਗਈ। ਪਰਮਾਣੂ ਬੰਬ ਬਣਾਉਣ ਲਈ ਲੋੜੀਂਦਾ ਸਾਜ਼ੋ-ਸਾਮਾਨ ਟੁੱਟਵੇਂ ਰੂਪ ’ਚ ਦਰਾਮਦ ਕੀਤਾ ਜਾਂਦਾ। ਗਿਆਰਾਂ ਤੇ ਤੇਰਾਂ ਮਈ 1998 ਨੂੰ ਭਾਰਤ ਨੇ ਪੋਖਰਨ-2 (ਸ਼ਕਤੀ) ਬੰਬ ਧਮਾਕੇ ਕੀਤੇ ਤਾਂ 28 ਮਈ ਨੂੰ ਪਾਕਿਸਤਾਨ ਨੇ ਛੇ ਧਮਾਕਿਆਂ ਨਾਲ ਇਸ ਦਾ ਜਵਾਬ ਦਿੱਤਾ ਸੀ।
ਪਾਕਿਸਤਾਨ ਦੇ ਪਰਮਾਣੂ ਸ਼ਕਤੀ ਹੋਣ ਦਾ ਖ਼ੁਲਾਸਾ ਕੁਲਦੀਪ ਨਈਅਰ ਦੀ ਬਰਤਾਨਵੀ ਅਖ਼ਬਾਰ ’ਚ ਛਪੀ ਖ਼ਬਰ ਨਾਲ ਹੋਇਆ ਸੀ। ਉਪਰੋਕਤ ‘ਬ੍ਰੇਕਿੰਗ ਨਿਊਜ਼’ ਨੇ ਵਿਸ਼ਵ ਭਰ ’ਚ ਸਨਸਨੀ ਫੈਲਾ ਦਿੱਤੀ ਸੀ। ਨਈਅਰ ਨੇ ਡਾ. ਕਦੀਰ ਦੇ ਘਰ ਗ਼ੈਰ-ਰਸਮੀ ਗੱਲਬਾਤ ਨੂੰ ਇੰਟਰਵਿਊ ਬਣਾ ਕੇ ਛਪਵਾ ਲਿਆ ਸੀ। ਬਕੌਲ ਡਾ. ਕਦੀਰ , ਨਈਅਰ ਆਪਣੇ ਪਾਕਿਸਤਾਨੀ ਪੱਤਰਕਾਰ ਨੂੰ ਲੈ ਕੇ ਉਨ੍ਹਾਂ ਦੇ ਘਰ ਅਚਾਨਕ ਪੁੱਜੇ ਸਨ। ਇਸ ਮੁਲਾਕਾਤ ਲਈ ਅਗਾਊਂ ਸੂਚਨਾ ਨਹੀਂ ਸੀ ਦਿੱਤੀ ਗਈ। ਨਈਅਰ ਕਿਸੇ ਮਿੱਤਰ ਦੀ ਸ਼ਾਦੀ ’ਚ ਸ਼ਿਰਕਤ ਕਰਨ ਲਈ ਪਾਕਿ ਪੁੱਜੇ ਸਨ ਤੇ ਉਨ੍ਹਾਂ ਨੇ ਡਾ. ਕਦੀਰ ਨਾਲ ਮੁਲਾਕਾਤ ਦੀ ਇੱਛਾ ਪ੍ਰਗਟ ਕੀਤੀ। ਡਾ. ਕਦੀਰ ਦੇ ਘਰ ਕੌਫ਼ੀ ਦਾ ਪਿਆਲਾ ਸਾਂਝਾ ਕਰਨ ਵੇਲੇ ਗੱਪ-ਸ਼ੱਪ ਵੱਜਦੀ ਰਹੀ।
ਨਈਅਰ ਨੇ ਕਿਹਾ ਕਿ ਕਾਸ਼! ਹਿੰਦੁਸਤਾਨ ਤਕਸੀਮ ਨਾ ਹੁੰਦਾ ਤੇ ਨਾ ਹੀ ਲੱਖਾਂ ਲੋਕ ਕਤਲ ਹੁੰਦੇ ਤੇ ਨਾ ਹੀ ਡਾ. ਕਦੀਰ ਵਰਗੇ ਮੁਹਾਜਿਰ ਬਣ ਕੇ ਪਾਕਿਸਤਾਨ ’ਚ ਆਉਂਦੇ। ਅਜਿਹੇ ਬੋਲ ਸੁਣ ਕੇ ਡਾ. ਕਦੀਰ ਤਿਲਮਿਲਾ ਉੱਠਿਆ ਸੀ। ਉਸ ਨੇ ਝੱਬ ਕੇ ਕਿਹਾ, ਨਈਅਰ ਸਾਹਿਬ, ਪਾਕਿਸਤਾਨ ਹੁਣ ਹਕੀਕਤ ਹੈ, ਕੋਈ ਹੋਰ ਗੱਲ ਕਰੋ। ਨਈਅਰ ਨੇ ਗੱਲ ਤੋਰਦਿਆਂ 1971 ਦੀ ਜੰਗ ’ਚ ਪਾਕਿਸਤਾਨ ਦੇ ਹੋਏ ਹਸ਼ਰ ਦਾ ਜ਼ਿਕਰ ਕੀਤਾ। ਇਸ ਜ਼ਿਕਰ ਨੇ ਡਾ. ਕਦੀਰ ਦੇ ਅੱਲੇ ਜ਼ਖ਼ਮ ਉਚੇੜ ਦਿੱਤੇ ਸਨ। ਇਨ੍ਹਾਂ ਦੀ ਚੀਸ ਡਾ. ਕਦੀਰ ਦੇ ਚਿਹਰੇ ਤੋਂ ਪੜ੍ਹੀ ਜਾ ਸਕਦੀ ਸੀ। ‘ਭਾਰਤ ਹੁਣ ਪਰਮਾਣੂ ਸ਼ਕਤੀ ਹੈ, ਜੇ ਫਿਰ ਜੰਗ ਛਿੜੀ ਤਾਂ ਪਾਕਿਸਤਾਨ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ।’ ਕੁਲਦੀਪ ਨਈਅਰ ਡਾ. ਕਦੀਰ ਨੂੰ ਪ੍ਰਵੋਕ ਕਰ ਕੇ ਕੁਝ ਉਗਵਲਾਉਣਾ ਚਾਹੁੰਦਾ ਸੀ।
ਡਾ. ਕਦੀਰ ਨੇ ਕਿਹਾ ਕਿ ਪਾਕਿਸਤਾਨੀਆਂ ਨੇ ਕਿਹੜਾ ਚੂੜੀਆਂ ਪਾਈਆਂ ਹੋਈਆਂ ਨੇ। ਨਈਅਰ ਫਿਰ ਬੋਲਿਆ, ਪਾਕਿਸਤਾਨ ਜੇ ਇਕ ਪਰਮਾਣੂ ਬੰਬ ਬਣਾਵੇਗਾ ਤਾਂ ਭਾਰਤ ਸੌ ਬੰਬ ਬਣਾਉਣ ਦੇ ਸਮਰੱਥ ਹੈ। ਇਹ ਸੁਣ ਕੇ ਡਾ. ਕਦੀਰ ਨੇ ਆਪਾ ਖੋ ਦਿੱਤਾ। ‘ਨਈਅਰ ਸਾਹਿਬ ਦੋਨਾਂ ਮੁਲਕਾਂ ਨੂੰ ਨੇਸਤੋ-ਨਾਬੂਦ ਕਰਨ ਲਈ ਸੌ ਨਹੀਂ, ਦੋ-ਚਾਰ ਬੰਬ ਹੀ ਬਥੇਰੇ ਨੇ। ਗੱਲਾਂ-ਗੱਲਾਂ ਵਿਚ ਉਸ ਨੇ ਸਪਸ਼ਟ ਸੰਕੇਤ ਦਿੱਤਾ ਕਿ ਪਾਕਿਸਤਾਨ ਪਹਿਲਾਂ ਹੀ ਪਰਮਾਣੂ ਸ਼ਕਤੀ ਬਣ ਚੁੱਕਾ ਹੈ। ਇਸ ਲਈ ਉਸ ਦੇ ਅਵਾਮ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਇਸ ਇੰਕਸ਼ਾਫ਼ ਤੋਂ ਬਾਅਦ ਡਾ. ਕਦੀਰ ਆਪਣੇ ਮੁਲਕ ਵਾਸੀਆਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਪਰ ਅਮਰੀਕਾ ਸਣੇ ਪੱਛਮੀ ਦੇਸ਼ਾਂ ਦੀਆਂ ਅੱਖਾਂ ’ਚ ਰੜਕਣ ਲੱਗ ਪਿਆ ਸੀ। ਪਾਕਿਸਾਤਨ ਨੇ ਜਦੋਂ ਮਈ 1998 ’ਚ ਜਵਾਬੀ ਧਮਾਕੇ ਕੀਤੇ ਤਾਂ ਡਾ. ਕਦੀਰ ਮੁਸਲਿਮ ਦੇਸ਼ਾਂ ਲਈ ਵੱਡਾ ਨਾਇਕ ਬਣ ਕੇ ਉੱਭਰਿਆ। ਅਮਰੀਕਾ ਦੇ ਦੌਰੇ ’ਤੇ ਗਏ ਪਾਕਿਸਤਾਨ ਦੇ ਸਦਰ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਸੀਆਈਏ ਡਾਇਰੈਕਟਰ ਜੌਰਜ ਟੈਨੇਟ ਨੇ ਦਸਤਾਵੇਜ਼ੀ ਪਰੂਫ ਦੇ ਕੇ ਇਲਜ਼ਾਮ ਲਾਇਆ ਕਿ ਡਾ. ਕਦੀਰ ਨੇ ਪਰਮਾਣੂ ਬੰਬ ਦਾ ਬਲੂ-ਪ੍ਰਿੰਟ ਤੇ ਅਹਿਮ ਖ਼ੁਫ਼ੀਆ ਜਾਣਕਾਰੀ ਲੀਬੀਆ, ਈਰਾਨ ਤੇ ਉੱਤਰੀ ਕੋਰੀਆ ਆਦਿ ਨੂੰ ਵੇਚੀ ਹੈ। ਮੁਸ਼ੱਰਫ਼ ਦਾ ਕਹਿਣਾ ਸੀ ਕਿ ਅਜਿਹੀ ਸ਼ਰਮਿੰਦਗੀ ਦਾ ਸਾਹਮਣਾ ਉਨ੍ਹਾਂ ਨੂੰ ਪਹਿਲੀ ਵਾਰ ਕਰਨਾ ਪਿਆ ਸੀ।
ਪਾਕਿ ਮੁੜਦਿਆਂ ਡਾ. ਕਦੀਰ ਨੂੰ ਘਰ ’ਚ ਨਜ਼ਰਬੰਦ ਕਰ ਲਿਆ ਗਿਆ। ਘਰਦਿਆਂ ਨੂੰ ਵੀ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਆਗਿਆ ਨਹੀਂ ਸੀ। ਹਰ ਵੇਲੇ ਪ੍ਰਸੰਸ਼ਕਾਂ ’ਚ ਘਿਰਿਆ ਰਹਿਣ ਵਾਲਾ ਕੌਮੀ ਨਾਇਕ ਤਨਹਾਈ ’ਚ ਜੀਵਨ ਬਤੀਤ ਕਰਨ ਲਈ ਮਜਬੂਰ ਸੀ। ਨਾਇਕ, ਖਲਨਾਇਕ ਬਣ ਗਿਆ ਸੀ। ਇਹੀ ਹਾਲ ਕਾਦਿਆਨੀ/ਅਹਿਮਦੀਆ ਮੁਸਲਮਾਨ ਡਾ. ਅਬਦੁਸ ਸਲਾਮ ਨਾਲ ਹੋਇਆ ਸੀ ਜਿਸ ਨੇ ਪਰਮਾਣੂ ਬੰਬ ਬਣਾਉਣ ਲਈ ਬੁਨਿਆਦੀ ਕੰਮ ਕੀਤਾ ਸੀ। ਸੰਨ 1979 ’ਚ ਜਦੋਂ ਸਲਾਮ ਪਹਿਲੇ ਪਾਕਿਸਤਾਨੀ ਤੇ ਦੂਜੇ ਮੁਸਲਮਾਨ ਨੋਬਲ ਪੁਰਸਕਾਰ ਵਿਜੇਤਾ ਬਣੇ ਤਾਂ ਉਨ੍ਹਾਂ ਨੂੰ ਅਹਿਮਦੀਆ ਹੋਣ ਕਾਰਨ ਉਹ ਸਨਮਾਨ ਨਾ ਮਿਲਿਆ ਜਿਸ ਦੇ ਉਹ ਹੱਕਦਾਰ ਸਨ। ਜਨਰਲ ਜ਼ਿਆ-ਉਲ-ਹੱਕ ਦੀ ਹਕੂਮਤ ਵੇਲੇ ਅਹਿਮਦੀਆ/ਕਾਦਿਆਨੀਆਂ ਨੂੰ ਗ਼ੈਰ-ਮੁਸਲਮਾਨ ਗਰਦਾਨਿਆ ਗਿਆ ਸੀ। ਇਸ ਫ਼ੈਸਲੇ ਨੇ ਡ. ਸਲਾਮ ਦਾ ਦਿਲ ਤੋੜ ਦਿੱਤਾ।
ਮਰਨ ਉਪਰੰਤ ਉਨ੍ਹਾਂ ਦੀ ਕਬਰ ਤੋਂ ਵੀ ਮੁਸਲਿਮ ਸ਼ਬਦ ਮਿਟਾ ਦਿੱਤਾ ਗਿਆ। ਡਾ. ਸਲਾਮ ਦੇ ਕੰਮ ਨੂੰ ਸਲਾਮ ਕਰਨ ਦੀ ਬਜਾਏ ਉਨ੍ਹਾਂ ’ਤੇ ਵਿਦੇਸ਼ੀ ਵਿਗਿਆਨੀਆਂ ਦੇ ਥੀਸਸ ਨਕਲ ਕਰਨ ਦੇ ਇਲਜ਼ਾਮ ਤੱਕ ਲਗਾਏ ਗਏ। ਇਨ੍ਹਾਂ ਦੋਨਾਂ ਪਾਕਿਸਤਾਨੀ ਵਿਗਿਆਨੀਆਂ ਦੇ ਮੁਕਾਬਲੇ ਡਾ. ਏਪੀਜੇ ਅਬਦੁਲ ਕਲਾਮ ਨੂੰ ਭਾਰਤ ਨੇ ਰਾਸ਼ਟਰਪਤੀ ਪਦ ਦੇ ਕੇ ਸਨਮਾਨਿਤ ਕੀਤਾ। ਨਿਊਕਲੀਅਰ ਪ੍ਰੋਗਰਾਮ ਨਾਲ ਸਬੰਧਤ ਤਿੰਨੇ ਮੁਸਲਿਮ ਵਿਗਿਆਨੀ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਚੁੱਕੇ ਹਨ ਪਰ ਉਨ੍ਹਾਂ ਦੀਆਂ ਕਬਰਾਂ ’ਤੇ ਲਿਖੀ ਇਬਾਰਤ ਬਹੁਤ ਕੁਝ ਬਿਆਨ ਕਰਦੀ ਹੈ।