ਪੀੜ੍ਹੀ-ਦਰ-ਪੀੜ੍ਹੀ ਤੁਰਦੀ ਪੀੜਾ ( ਪੰਜਾਬੀ ਜਾਗਰਣ –– 1st JUNE, 2025)
ਵਰਿੰਦਰ ਵਾਲੀਆ
ਜੂਨ ਚੁਰਾਸੀ ਚੜ੍ਹਦਿਆਂ ਹੀ ਡਰ ਅਤੇ ਸਹਿਮ ਸਿਫ਼ਤੀ ਦੇ ਘਰ ਦੀ ਪਰਿਕਰਮਾ ਕਰ ਰਿਹਾ ਸੀ। ਪਹਿਲੀ ਜੂਨ ਨੂੰ ਜਦੋਂ ਅੰਬਰੋਂ ਅੱਗ ਵਰ੍ਹ ਰਹੀ ਸੀ ਤਦ ਸੀਆਰਪੀਐੱਫ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ/ਮੀਰੀ ਪੀਰੀ ਦੇ ਮਹਾਨ ਮਰਕਜ਼ ਸ੍ਰੀ ਅਕਾਲ ਤਖ਼ਤ ਦੀ ਹਦੂਦ ਅੰਦਰ ਮੋਰਚਾਬੰਦੀ ਕਰੀ ਬੈਠੇ ਹਥਿਆਰਬੰਦ ਮੁੰਡਿਆਂ ਦਰਮਿਆਨ ਅਚਾਨਕ ਹੋਈ ਗੋਲ਼ੀਬਾਰੀ ਨੇ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਸੀ। ਇਸ ਗੋਲ਼ੀਬਾਰੀ ਵਿਚ ਬਾਬਾ ਅਟੱਲ ’ਤੇ ਮੋਰਚਾ ਸੰਭਾਲੀ ਬੈਠਾ ਬੱਬਰ ਖ਼ਾਲਸਾ ਦਾ ਮਹਿੰਗਾ ਸਿੰਘ ਹਲਾਕ ਹੋ ਗਿਆ ਸੀ। ਤਿੰਨ ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ‘ਸਿਵਲ ਨਾਫੁਰਮਾਨੀ’ ਦਾ ਸੱਦਾ ਦਿੱਤਾ ਹੋਇਆ ਸੀ। ਸ਼ਹੀਦਾਂ ਦੇ ਸਿਰਤਾਜ ਦਾ ਸ਼ਹੀਦੀ ਪੁਰਬ ਮਨਾਉਣ ਲਈ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਪੁੱਜੀਆਂ ਹੋਈਆਂ ਸਨ। ਦੋ ਜੂਨ ਦੀ ਸ਼ਾਮ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੂਰਦਰਸ਼ਨ ਤੋਂ ਸੰਬੋਧਨ ਕਰਦਿਆਂ ਅਕਾਲੀ ਦਲ ਵੱਲੋਂ ਲਗਾਏ ਗਏ ਮੋਰਚੇ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਸੀ।

ਉਨ੍ਹਾਂ ਨੇ ਭਾਵੇਂ ਸਿੱਧੀ ਧਮਕੀ ਦਿੰਦਿਆਂ ਕਿਹਾ ਸੀ ਕਿ ਅਕਾਲੀ ਦਲ ਵੱਲੋਂ ਚਲਾਏ ਗਏ ਅੰਦੋਲਨ ਕਾਰਨ ਵਾਪਰ ਰਹੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਲੰਬਾ ਸਮਾਂ ਚੁੱਪ ਨਹੀਂ ਬੈਠਿਆ ਜਾ ਸਕਦਾ, ਫਿਰ ਵੀ ਇਸ ਸੰਬੋਧਨ ਵਿਚ ਪੰਜਾਬ ਨੂੰ ਫ਼ੌਜ ਹਵਾਲੇ ਕਰਨ ਦਾ ਕੋਈ ਜ਼ਿਕਰ ਨਹੀਂ ਸੀ। ਉਸ ਸਮੇਂ ਦੇ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਵੀ ਇਸ ਦੀ ਭਿਣਕ ਨਹੀਂ ਸੀ ਭਾਵੇਂ ਉਹ ਤਿੰਨੇ ਸੈਨਾਵਾਂ ਦੇ ਚੀਫ ਕਮਾਂਡਰ ਸਨ। ਇੰਦਰਾ ਦੇ ਸੰਬੋਧਨ ਤੋਂ ਚੌਵੀ ਘੰਟਿਆਂ ਅੰਦਰ ਹਰਿਮੰਦਰ ਸਾਹਿਬ ਦੇ ਨੇੜੇ-ਤੇੜੇ ਦੀਆਂ ਇਮਾਰਤਾਂ ’ਤੇ ਫ਼ੌਜ ਨੇ ਮੋਰਚੇ ਸੰਭਾਲ ਲਏ ਸਨ। ਵਾਕਈ ਇਹ ਦਿਲ-ਕੰਬਾਊ ਮੰਜ਼ਰ ਸੀ। ਇਹ ਪਹਿਲੀ ਵਾਰ ਸੀ ਕਿ ਆਪਣੀ ਹੀ ਫ਼ੌਜ ਆਪਣਿਆਂ ’ਤੇ ਚੜ੍ਹ ਕੇ ਆਈ ਸੀ। ਸਰਬ-ਸਾਂਝੀਵਾਲਤਾ ਦੇ ਕੇਂਦਰ ਨੂੰ ਫ਼ੌਜ ਨੇ ‘ਐਨਮੀਜ਼ ਟੈਰੇਟਰੀ’ (ਦੁਸ਼ਮਣ ਦਾ ਖੇਤਰ) ਐਲਾਨਿਆ ਸੀ।
ਸੰਨ 1971 ਦੀ ਜੰਗ ਦਾ ਨਾਇਕ ਮੇਜਰ ਜਨਰਲ ਸੁਬੇਗ ਸਿੰਘ (ਸੇਵਾ ਮੁਕਤ) ਆਪਣੀ ਹੀ ਫ਼ੌਜ ਲਈ ਖ਼ਲਨਾਇਕ ਬਣ ਚੁੱਕਾ ਸੀ। ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਦੀ ਹਦੂਦ ਅੰਦਰ ਉਸ ਨੇ ਜ਼ਬਰਦਸਤ ਮੋਰਚਾਬੰਦੀ ਕੀਤੀ ਹੋਈ ਸੀ ਜਿਸ ਕਾਰਨ ਭਾਰਤੀ ਫ਼ੌਜ ਦਾ ਭਾਰੀ ਨੁਕਸਾਨ ਹੋਣ ਵਾਲਾ ਸੀ। ਜਰਨੈਲ ਸਿੰਘ ਭਿੰਡਰਾਂਵਾਲਾ ਸੰਤ ਤੋਂ ਸਿਪਾਹੀ ਬਣ ਕੇ ਫ਼ੌਜ ਦੇ ਸਾਹਮਣੇ ਸਨ। ਇਹ ਟਕਰਾਅ ਦੀ ਚਰਮ ਸੀਮਾ ਸੀ ਜਿਸ ਨੇ ਆਜ਼ਾਦ ਭਾਰਤ ਵਿਚ ਵਾਪਰੇ ਖ਼ੂਨੀ ਸਾਕੇ ਦੀ ਇਬਾਰਤ ਲਿਖਣੀ ਸੀ। ਤਿੰਨ ਜੂਨ ਨੂੰ ਅੰਮ੍ਰਿਤ ਵੇਲੇ ਬਾਰਾਂ ਬਿਹਾਰ ਰੈਜੀਮੈਂਟ ਵੱਲੋਂ ਬੀੜੀਆਂ ਗਈਆਂ ਮਸ਼ੀਨਗੰਨਾਂ ਨੇ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਨੂੰ ਜੰਗ ਦਾ ਅਖਾੜਾ ਬਣਾ ਦਿੱਤਾ ਸੀ। ਸਾਕਾ ਨੀਲਾ ਤਾਰਾ ਨੂੰ ਅੰਜਾਮ ਦੇਣ ਲਈ ਭਾਵੇਂ ਕੁਝ ਸਾਲ ਪਹਿਲਾਂ ਹੀ ਮਨਸੂਬੇ ਘੜਨੇ ਸ਼ੁਰੂ ਹੋ ਗਏ ਸਨ। ਅਕਾਲੀਆਂ ਖ਼ਿਲਾਫ਼ ਕੇਂਦਰ ਦੀ ਕਾਂਗਰਸ ਸਰਕਾਰ ਨੇ ਗ਼ਲਤ ਬਿਰਤਾਂਤ ਸਿਰਜਣੇ ਸ਼ੁਰੂ ਕਰ ਦਿੱਤੇ ਸਨ। ਕੇਂਦਰ ਸਰਕਾਰ ਅਕਾਲੀਆਂ ਦੇ ਮੋਰਚੇ ਨੂੰ ਕੁਚਲ ਕੇ ਦੇਸ਼ ਦੇ ਦੂਜੇ ਸੂਬਿਆਂ ਵਿਚ ਸਿਆਸੀ ਲਾਹਾ ਲੈਣਾ ਚਾਹੁੰਦੀ ਸੀ।
ਉਤਰ ਪ੍ਰਦੇਸ਼ ਦੇ ਚਕਰਾਤਾ (ਹੁਣ ਉਤਰਾਖੰਡ) ਵਿਚ ਹਰਿਮੰਦਰ ਸਾਹਿਬ ਦਾ ਵੱਡਾ ਮਾਡਲ ਬਣਾ ਕੇ ਟਰੇਨਿੰਗ ਦਿੱਤੀ ਗਈ ਸੀ। ਸਪਸ਼ਟ ਹੈ ਕਿ ਤਿੰਨ ਜੂਨ ਚੁਰਾਸੀ ਦੇ ‘ਸਿਵਲ ਨਾਫੁਰਮਾਨੀ’ ਦੇ ਸੱਦੇ ਨੂੰ ਬਸ ਐਵੇਂ ਬਹਾਨਾ ਹੀ ਬਣਾਇਆ ਗਿਆ ਸੀ। ਅਕਾਲੀ ਤਾਂ ਇੰਦਰਾ ਗਾਂਧੀ ਦੀਆਂ ਅੱਖਾਂ ਵਿਚ ਐਮਰਜੈਂਸੀ ਵੇਲੇ ਲੱਗੇ ਮੋਰਚੇ ਤੋਂ ਬਾਅਦ ਹੀ ਰੜਕਣੇ ਸ਼ੁਰੂ ਹੋ ਗਏ ਸਨ। ਸੰਨ 1972 ਤੋਂ 1977 ਤੱਕ ਰਹੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਬਲਦੀ ’ਤੇ ਤੇਲ ਪਾਉਣ ਵਾਲਾ ਕੰਮ ਕੀਤਾ। ਉਨ੍ਹਾਂ ਨੂੰ ਭਾਵੇਂ ਪੰਜਾਬ ’ਚੋਂ ਕੱਢ ਕੇ ਕੇਂਦਰ ਵਿਚ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ ਪਰ ਉਨ੍ਹਾਂ ’ਚੋਂ ਪੰਜਾਬ ਕਦੇ ਨਾ ਨਿਕਲਿਆ। ਰਾਸ਼ਟਰਪਤੀ ਬਣਨ ਵੇਲੇ ਤੱਕ ਉਹ ਪੰਜਾਬ ਦੀ ਸਿਆਸਤ ਵਿਚ ਵਿਸ਼ੇਸ਼ ਰੁਚੀ ਦਿਖਾਉਂਦੇ ਰਹੇ। ਜਦੋਂ ਦਰਬਾਰਾ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਤਾਂ ਉਹ ਤਿਲਮਿਲਾ ਉੱਠੇ ਸਨ। ਹਰ ਹਰਬਾ ਵਰਤ ਕੇ ਉਹ ਉਨ੍ਹਾਂ ਨੂੰ ਅਹੁਦੇ ਤੋਂ ਫਾਰਗ ਕਰਵਾਉਣਾ ਚਾਹੁੰਦੇ ਸਨ।
ਜਦੋਂ ਅਕਤੂਬਰ 1983 ਵਿਚ ਢਿੱਲਵਾਂ ਬੱਸ ਕਾਂਡ ਵਾਪਰਿਆ ਤਾਂ ਉਨ੍ਹਾਂ ਦੀ ਸਰਕਾਰ ਤੋੜ ਕੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ ਸੀ। ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਦੀ ਨਿੱਜੀ ਦੁਸ਼ਮਣੀ ਨੇ ਪੰਜਾਬ ਦਾ ਅਣਕਿਆਸਿਆ ਨੁਕਸਾਨ ਕਰ ਦਿੱਤਾ। ਦੋਵੇਂ ਨੇਤਾ ਇਕ ਪੰਨੇ ’ਤੇ ਹੁੰਦੇ ਤਾਂ ਪੰਜਾਬ ਸਮੱਸਿਆ ਦਾ ਕੋਈ ਸੁਖਾਵਾਂ ਹੱਲ ਨਿਕਲ ਜਾਂਦਾ ਤੇ ਆਪ੍ਰੇਸ਼ਨ ਬਲਿਊ ਸਟਾਰ ਦੀ ਕਦੇ ਨੌਬਤ ਹੀ ਨਾ ਆਉਂਦੀ। ਪੰਜਾਬ ਦੇ ਖ਼ੂਨੀ ਦੌਰ ਦਾ ਆਰੰਭ 13 ਅਪ੍ਰੈਲ 1978 ਨੂੰ ਵਿਸਾਖੀ ਵਾਲੇ ਦਿਹਾੜੇ ਵਾਪਰੇ ਸਿੱਖ-ਨਿਰੰਕਾਰੀ ਕਾਂਡ ਨੂੰ ਮੰਨਿਆ ਜਾਂਦਾ ਹੈ ਜਿਸ ਵਿਚ ਅਖੰਡ ਕੀਰਤਨੀ ਜਥੇ ਦੇ 13 ਅੰਮ੍ਰਿਤਧਾਰੀ ਸਿੱਖ ਮਾਰੇ ਗਏ ਸਨ। ਇਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਉਭਾਰ ਹੁੰਦਾ ਹੈ। ਨਿਰੰਕਾਰੀ ਮੁਖੀ ਗੁਰਬਚਨ ਸਿੰਘ ਸਣੇ ਕਈ ਨਿਰੰਕਾਰੀਆਂ ਦਾ ਕਤਲ ਹੋਇਆ। ਅਜਿਹੇ ਵਿਸਫੋਟਕ ਹਾਲਾਤ ਵਿਚ ਅੱਠ ਅਪ੍ਰੈਲ 1982 ਨੂੰ ਇੰਦਰਾ ਗਾਂਧੀ ਨੇ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਆਪਸ ਵਿਚ ਜੋੜਨ ਲਈ ਕਪੂਰੀ ਪਿੰਡ ਵਿਚ ਟੱਕ ਲਗਾਇਆ ਤਾਂ ਪੰਜਾਬ ਵਿਚ ਗੁੱਸੇ ਦੀ ਲਹਿਰ ਦੌੜ ਗਈ। ਐੱਸਵਾਈਐੱਲ ਵਿਚ ਪਾਣੀ ਦੀ ਬਜਾਏ ਖ਼ੂਨ ਵਹਿਣਾ ਸ਼ੁਰੂ ਹੋ ਗਿਆ।
ਕਪੂਰੀ ਵਿਖੇ ਮੋਰਚਾ ਸ਼ੁਰੂ ਹੋ ਗਿਆ ਜੋ ਚਾਰ ਅਗਸਤ 1982 ਨੂੰ ਅਕਾਲ ਤਖ਼ਤ ਤੋਂ ਲੱਗਣਾ ਸ਼ੁਰੂ ਹੋ ਗਿਆ। ਮੋਰਚਾ ਡਿਕਟੇਟਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ‘ਕਰੋ ਜਾਂ ਮਰੋ’ ਦਾ ਨਾਅਰਾ ਦੇ ਕੇ ਮਰਜੀਵੜਿਆਂ ਦੀ ਫ਼ੌਜ ਬਣਾ ਲਈ। ਦਿੱਲੀ ਤਖ਼ਤ ਤੇ ਅਕਾਲ ਤਖ਼ਤ ਦਰਮਿਆਨ ਸਦੀਆਂ ਪੁਰਾਣਾ ਟਕਰਾਅ ਚਰਮ ਸੀਮਾ ’ਤੇ ਪੁੱਜ ਗਿਆ। ਅਕਾਲ ਤਖ਼ਤ ਤੋਂ ਅਰਦਾਸ ਕਰ ਕੇ ‘ਸ਼ਹੀਦੀ ਜਥੇ’ ਰਵਾਨਾ ਹੁੰਦੇ। ਗ੍ਰਿਫ਼ਤਾਰੀਆਂ ਦੇਣ ਵਾਲਿਆਂ ਦੀ ਵਧਦੀ ਤਾਦਾਦ ਕਾਰਨ ਜੇਲ੍ਹਾਂ ’ਚ ਕੋਈ ਥਾਂ ਨਾ ਬਚੀ। ਦੂਜੇ ਪਾਸੇ ਗਰਮ ਦਲੀਆਂ ਵੱਲੋਂ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਅਖ਼ਬਾਰਾਂ ਦੀਆਂ ਸੁਰਖ਼ੀਆਂ ਨਿਰਦੋਸ਼ਾਂ ਦੇ ਖ਼ੂਨ ਨਾਲ ਲਿਖੀਆਂ ਜਾਣ ਲੱਗੀਆਂ। ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਕੇਂਦਰ ਤੇ ਅਕਾਲੀ ਦਲ ਦੇ ਨੇਤਾਵਾਂ ਦਰਮਿਆਨ ਕਈ ਮੀਟਿੰਗਾਂ ਹੋਈਆਂ। ਇਨ੍ਹਾਂ ਦਾ ਜ਼ਿਕਰ ਕੇਂਦਰ ਸਰਕਾਰ ਵੱਲੋਂ ਛਾਪੇ ਗਏ ‘ਵ੍ਹਾਈਟ ਪੇਪਰ’ ਵਿਚ ਕੀਤਾ ਗਿਆ ਹੈ।
‘ਸਫ਼ੇਦ ਪੱਤਰ’ ਵਿਚ ਕਈ ਸਫ਼ੇਦ ਝੂਠ ਵੀ ਬੋਲੇ ਗਏ। ਇਸ ਦੇ ਜਵਾਬ ਵਿਚ ਅਕਾਲੀ ਦਲ ਨੇ ਵੀ ਵ੍ਹਾਈਟ ਪੇਪਰ ਛਾਪਿਆ। ਦੋਨਾਂ ਪੇਪਰਾਂ ਵਿਚ ਬਹੁਤ ਕੁਝ ਛੁਪਾਇਆ ਵੀ ਗਿਆ। ਅਕਤੂਬਰ 1983 ਤੋਂ 27 ਜੂਨ 1984 ਤੱਕ ਪੰਜਾਬ ਦੇ ਗਵਰਨਰ ਰਹੇ ਬੀਡੀ ਪਾਂਡੇ ਨੇ ਆਪਣੀ ਪੁਸਤਕ ਵਿਚ ਕੇਂਦਰ ਦੇ ਸਰਹੱਦੀ ਸੂਬੇ ਖ਼ਿਲਾਫ਼ ਘੜੇ ਗਏ ਮਨਸੂਬਿਆਂ, ਗਿਆਨੀ-ਦਰਬਾਰਾ ਸਿੰਘ ਦਰਮਿਆਨ ਰੇੜਕੇ ਕਾਰਨ ਹੋਏ ਨੁਕਸਾਨ ਤੇ ਕਈ ਹੋਰ ਓਹਲਿਆਂ ਦਾ ਇੰਕਸ਼ਾਫ਼ ਕੀਤਾ ਹੈ। ਪਾਂਡੇ ਦੀ ਇੱਛਾ ਮੁਤਾਬਕ ਇਹ ਕਿਤਾਬ ਉਨ੍ਹਾਂ ਦੇ ਮਰਨ ਤੋਂ ਪੰਜ ਸਾਲਾਂ ਬਾਅਦ ਛਾਪੀ ਗਈ ਸੀ। ਨਹੁੰ-ਮਾਸ ਤੇ ਰੋਟੀ-ਬੇਟੀ ਦੀ ਸਾਂਝ ਵਾਲੇ ਰਿਸ਼ਤਿਆਂ ਨੂੰ ਕਿਵੇਂ ਤਾਰ-ਤਾਰ ਕੀਤਾ ਗਿਆ, ਇਹ ਡੂੰਘੀਆਂ ਸਾਜ਼ਿਸ਼ਾਂ ਦਾ ਨਤੀਜਾ ਸੀ। ਪੰਜਾਬ ਵਿਚ ਲਾਂਬੂ ਲਾਉਣ ਨਾਲ ਸੂਬੇ ਨੂੰ ਨਹੀਂ ਬਲਕਿ ਪੂਰੇ ਦੇਸ਼ ਨੂੰ ਸੇਕ ਲੱਗਾ ਸੀ। ਇਹ ਪੀੜਾ, ਪੀੜ੍ਹੀ-ਦਰ-ਪੀੜ੍ਹੀ ਤੁਰਦੀ ਜਾਣੀ ਹੈ। ਵਲੂੰਧਰੀ ਸਿੱਖ ਮਾਨਸਿਕਤਾ ਦੀ ਚੀਸ ਇਤਿਹਾਸ ਦੇ ਪੰਨਿਆਂ ’ਚੋਂ ਉੱਠਦੀ ਰਹੇਗੀ। ਗ਼ਲਤੀਆਂ ਕਿੱਥੇ ਹੋਈਆਂ, ਇਨ੍ਹਾਂ ਬਾਰੇ ਸੱਚ ਟੁਕੜਿਆਂ ’ਚ ਬਿਖਰਿਆ ਪਿਆ ਹੈ। ਪੰਜਾਬ ਦੇ ਦੁਖਾਂਤ ਬਾਰੇ ਅਣਗਿਣਤ ਕਿਤਾਬਾਂ ਛਪੀਆਂ ਹਨ।
ਸੇਵਾ ਮੁਕਤ ਫ਼ੌਜੀ ਜਰਨੈਲਾਂ, ਪੁਲਿਸ ਅਫ਼ਸਰਾਂ, ਸਾਬਕਾ ਆਈਏਐੱਸ ਅਧਿਕਾਰੀਆਂ, ਸਿੱਖ ਬੁੱਧੀਜੀਵੀਆਂ ਤੇ ਲੇਖਕਾਂ ਨੇ ਵੱਖੋ-ਵੱਖ ਜ਼ਾਵੀਏ ਤੋਂ ਇਸ ਦੁਖਾਂਤ ਦਾ ਲੇਖਾ-ਜੋਖਾ ਕੀਤਾ ਹੈ। ਬਰਤਾਨੀਆ ਤੇ ਸੋਵੀਅਤ ਰੂਸ ਦੀ ਭੂਮਿਕਾ ਦੇ ਵੀ ਹਵਾਲੇ ਮਿਲਦੇ ਹਨ। ਕਈ ਫਿਲਮਾਂ ਤੇ ਡਾਕੂਮੈਂਟਰੀਆਂ ਵੀ ਬਣੀਆਂ ਹਨ। ਇੰਦਰਾ ਗਾਂਧੀ ਤੇ ਅਕਾਲੀਆਂ ਨਾਲ ਮਈ ਚੁਰਾਸੀ ਤੱਕ ਹੋਈਆਂ ਮੀਟਿੰਗਾਂ ਨੂੰ ਕਿਸ ਨੇ ਤਾਰਪੀਡੋ ਕੀਤਾ, ਇਹ ਇਕ ਬਲਦਾ ਸਵਾਲ ਹੈ। ਬੀਤੇ ਦੀ ਇਮਾਨਦਾਰੀ ਨਾਲ ਪੜਚੋਲ ਨਾ ਕੀਤੀ ਗਈ ਤਾਂ ਅਗਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਉਨ੍ਹਾਂ ਸਾਰਿਆਂ ਦੀ ਨਿਸ਼ਾਨਦੇਹੀ ਦੀ ਲੋੜ ਹੈ ਜਿਨ੍ਹਾਂ ਦੀ ਸਿਆਸਤ ਦੁਨਾਲੀ ’ਚੋਂ ਨਿਕਲਦੀ ਰਹੀ ਹੈ। ਉਹ ਕਿਹੜੀਆਂ ਤਾਕਤਾਂ ਸਨ ਜਿਨ੍ਹਾਂ ਦੇ ਤੱਤੇ ਨਾਅਰਿਆਂ ਨੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਕੋਲੋਂ ਕਿਤਾਬਾਂ ਖੋਹ ਕੇ ਉਨ੍ਹਾਂ ਦੇ ਹੱਥਾਂ ਵਿਚ ਅਗਨ-ਹਥਿਆਰ ਫੜਾ ਦਿੱਤੇ ਸਨ? ਪੀੜ੍ਹੀਆਂ ਇਨ੍ਹਾਂ ਬਲਦੇ ਸਵਾਲਾਂ ਦੇ ਜਵਾਬ ਮੰਗਦੀਆਂ ਰਹਿਣਗੀਆਂ।