ਸਨਕੀਆਂ ਦਾ ਤੋੜ-ਵਿਛੋੜਾ ( ਪੰਜਾਬੀ ਜਾਗਰਣ –– 8th JUNE, 2025)
ਵਰਿੰਦਰ ਵਾਲੀਆ
ਅਮਰੀਕਾ ਦੇ ਸਦਰ ਡੋਨਾਲਡ ਟਰੰਪ ਅਤੇ ਟੈਸਲਾ/ਸਪੇਸਐਕਸ ਦੇ ਖਰਬਾਂਪਤੀ ਕਰਤਾ-ਧਰਤਾ ਐਲਨ ਮਸਕ ਦੇ ਝਗੜੇ ਨੇ ਦੁਨੀਆ ਭਰ ਵਿਚ ਖਲਬਲੀ ਮਚਾ ਕੇ ਰੱਖ ਦਿੱਤੀ ਹੈ। ਦੋਨਾਂ ਮਹਾਂਰਥੀਆਂ ਦੀ ਤੂੰ-ਤੂੰ, ਮੈਂ-ਮੈਂ ਅਣਗਿਣਤ ਨਿਵੇਸ਼ਕਾਂ ’ਤੇ ਅਸਮਾਨੀ ਬਿਜਲੀ ਵਾਂਗ ਡਿੱਗੀ ਹੈ। ਬੇਕਦਰੇ ਯਾਰਾਂ ਦੀ ਤੜੱਕ ਕਰ ਕੇ ਟੁੱਟੀ ਪੱਕੀ ਯਾਰੀ ਤੋਂ ਬਾਅਦ ਟਰੰਪ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਜਾਪਦੀ ਹੈ। ਦੁਨੀਆ ਬਦਲਣ ਦੀ ਗੱਲ ਕਰਨ ਵਾਲਾ ਮਸਕ ਹੁਣ ਟਰੰਪ ਨੂੰ ਘਰ ਤੋਰਨ ਲਈ ਬਜ਼ਿੱਦ ਹੈ। ਟਰੰਪ ਖ਼ਿਲਾਫ਼ ਮਹਾਂਦੋਸ਼ ਦੀ ਮੰਗ ਕਰਦਿਆਂ ਉਸ ਨੇ ਜੇਡੀ ਵੇਂਸ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।
ਸਾਲ 2000 ਦੌਰਾਨ ਖਿੱਚੀ ਗਈ ਇਸ ਤਸਵੀਰ 'ਚ ਡੋਨਾਲਡ ਟਰੰਪ ਆਪਣੀ ਉਦੋਂ ਦੀ ਮਾਸ਼ੂਕਾ ਮੇਲਾਨੀਆ ਨਾਲ਼ ਅਤੇ ਜੈਫ਼ਰੇ ਐਪਸਟੀਨ ਆਪਣੀ ਸਾਥਣ ਮੈਕਸਵੈਲ ਨਾਲ਼ ਵਿਖਾਈ ਦੇ ਰਹੇ ਹਨ।
ਜੈਫਰੀ ਐਪਸਟੀਨ ਸੈਕਸ ਸਕੈਂਡਲ ਨਾਲ ਜੁੜੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਮੰਗ ਕਰਦਿਆਂ ਮਸਕ ਨੇ ਕਿਹਾ ਕਿ ਹੁਣ ਵੱਡੇ ਬੰਬ ਧਮਾਕੇ ਦਾ ਵੇਲਾ ਆ ਗਿਆ ਹੈ। ਦਰਅਸਲ, ਬ੍ਰਹਿਮੰਡ ਨੂੰ ਪੌੜੀਆਂ ਲਗਾ ਕੇ ਮੰਗਲ ਗ੍ਰਹਿ ’ਤੇ ਨਵੀਂ ਦੁਨੀਆ ਵਸਾਉਣ ਦੇ ਸੁਪਨੇ ਲੈਣ ਵਾਲੇ ਮਸਕ ਤੇ ਟਰੰਪ ਦਾ ਵਿਵਾਦਾਂ ਨਾਲ ਗੂੜ੍ਹਾ ਰਿਸ਼ਤਾ ਹੈ। ਦੋਵੇਂ ਆਪਣੇ ਸਨਕੀ ਵਿਵਹਾਰ ਤੇ ਅਜੀਬੋ-ਗ਼ਰੀਬ ਸਰੀਰਕ ਭਾਸ਼ਾ ਕਰਕੇ ਸਾਰੀ ਦੁਨੀਆ ਦੇ ਮੀਡੀਆ ਦੀਆਂ ਸੁਰਖੀਆਂ ਬਟੋਰਦੇ ਆਏ ਹਨ।
ਮਸਕ ਕਹਿ ਰਿਹਾ ਹੈ ਕਿ ਜੇ ਉਹ ਇਮਦਾਦ ਨਾ ਕਰਦਾ ਤਾਂ ਟਰੰਪ ਦਾ ਦੂਜੀ ਵਾਰ ਰਾਸ਼ਟਰਪਤੀ ਬਣਨ ਦਾ ਸੁਪਨਾ ਚਕਨਾਚੂਰ ਹੋ ਜਾਂਦਾ। ਦੂਜੇ ਪਾਸੇ ਟਰੰਪ ਨੇ ਐਲਨ ਮਸਕ ਦੀਆਂ ਸਾਰੀਆਂ ਕੰਪਨੀਆਂ ਨਾਲ ਕੀਤੇ ਕਰਾਰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਦੋਨਾਂ ਵਿਚ ਮਤਭੇਦ ਉਸ ਸਮੇਂ ਉੱਭਰ ਕੇ ਸਾਹਮਣੇ ਆਏ ਜਦੋਂ ਟੈਸਲਾ ਦੇ ਸੀਈਓ ਨੇ 28 ਮਈ ਨੂੰ ਅਮਰੀਕੀ ਰਾਸ਼ਟਰਪਤੀ ਦੇ ‘ਬਿਗ ਬਿਊਟੀਫੁਲ’ ਟੈਕਸ ਬਿੱਲ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ। ਤੁਰੰਤ ਬਾਅਦ ਮਸਕ ਨੇ ਟਰੰਪ ਸਰਕਾਰ ਦੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ (ਡੋਜ਼) ਤੋਂ ਅਲੱਗ ਹੋਣ ਦਾ ਐਲਾਨ ਕਰ ਦਿੱਤਾ।
ਸਾਨ੍ਹਾਂ ਦੇ ਭੇੜ ਵਿਚ ਨਿਵੇਸ਼ਕਾਂ ਦਾ ਮਿੱਧੇ ਜਾਣਾ ਕੁਦਰਤੀ ਵਰਤਾਰਾ ਸੀ। ਮਸਕ ਦੀ ਇਲੈਕਟ੍ਰਿਕ ਕੰਪਨੀ ਟੈਸਲਾ ਦੇ ਸ਼ੇਅਰ ਧੜੰਮ ਕਰ ਕੇ ਡਿੱਗੇ। ਇਕ ਦਿਨ ਦਾ ਘਾਟਾ ਪਾਕਿਸਤਾਨ ਦੇ ਕੁੱਲ ਬਜਟ ਤੋਂ ਦੁੱਗਣਾ ਸੀ। ਟਰੰਪ ਨੇ ਦੋਸ਼ ਲਗਾਇਆ ਕਿ ਸਬਸਿਡੀਆਂ ਨੂੰ ਖ਼ਤਮ ਕਰਨ ਦੇ ਪ੍ਰਸਤਾਵ ਕਾਰਨ ਟੈਸਲਾ ਨੂੰ ਹੋਣ ਵਾਲੇ ਅਰਬਾਂ ਡਾਲਰ ਦੇ ਸੰਭਾਵਿਤ ਘਾਟੇ ਦੀ ਕਨਸੋਅ ਮਿਲੀ ਤਾਂ ਮਸਕ ਬੌਖਲਾਹਟ ਵਿਚ ਆ ਗਿਆ।
ਟਰੰਪ ਤੇ ਮਸਕ ਦੋਵੇਂ ਹੱਦ ਦਰਜੇ ਦੇ ਸਨਕੀ ਤੇ ਬੜਬੋਲੇ ਹਨ। ਬੋਲਣ ਲੱਗਿਆਂ ਅੱਗਾ-ਪਿੱਛਾ ਨਹੀਂ ਦੇਖਦੇ। ਕਿਸੇ ਦੀ ਲਾਹ-ਪਾਹ ਕਰਨ ਲੱਗਿਆਂ ਮਿੰਟ ਨਹੀਂ ਲਾਉਂਦੇ। ‘ਤੋਲ-ਮੋਲ ਕੇ ਬੋਲ’ ਦੀ ਲੋਕ ਸਿਆਣਪ ਉਨ੍ਹਾਂ ਦੇ ਨੇੜੇ-ਤੇੜੇ ਨਹੀਂ ਹੈ। ਮਸਕ ਦੇ ਸਨਕੀਪਣ ਦਾ ਕਾਰਨ ਉਨ੍ਹਾਂ ਦਾ ‘ਆਟਿਜ਼ਮ ਸਪੈਕਟ੍ਰਮ ਡਿਸਆਰਡਰ’ (ਏਐੱਸਡੀ) ਤੋਂ ਪੀੜਤ ਹੋਣਾ ਹੈ। ਏਐੱਸਡੀ ਭਾਵੇਂ ਵਚਿੱਤਰ ਰੋਗ ਹੈ ਪਰ ਮਸਕ ਨੇ ਇਸ ਨੂੰ ਆਪਣੀ ਤਾਕਤ ਬਣਾ ਲਿਆ ਸੀ। ਏਐੱਸਡੀ ਵਾਲਾ ਵਿਅਕਤੀ ਕਿਸੇ ਨਾਲ ਗੱਲ ਕਰਨ ਲੱਗਿਆਂ ਅੱਖਾਂ ਚੁਰਾਉਂਦਾ ਹੈ। ਅਜਿਹੇ ਵਿਅਕਤੀ ਨੂੰ ਦੋਸਤ ਬਣਾਉਣ ਅਤੇ ਦੋਸਤੀ ਲੰਬਾ ਸਮਾਂ ਨਿਭਾਉਣ ਵਿਚ ਦਿੱਕਤ ਆਉਂਦੀ ਹੈ। ਹੱਥ ਹਿਲਾਉਣਾ ਅਤੇ ਪੈਰ ਥਪਥਪਾਂਦੇ ਰਹਿਣਾ ਉਸ ਦੀ ਆਦਤ ਹੁੰਦੀ ਹੈ। ਆਟਿਜ਼ਮ ਪੀੜਤ ਕਿਸੇ ਵੀ ਚੀਜ਼/ਵਿਸ਼ੇ ’ਤੇ ਲੋੜ ਤੋਂ ਵੱਧ ਧਿਆਨ ਕੇਂਦਰਿਤ ਕਰਦਾ ਹੈ। ਹਰ ਵੇਲੇ ‘ਆਊਟ ਆਫ ਬਾਕਸ’ ਸੋਚਣ ਕਰਕੇ ਅਜਿਹਾ ਵਿਅਕਤੀ ਆਪਣੇ ਸਾਥੀਆਂ ਦੇ ਹਾਵ-ਭਾਵ ਸਮਝਣ ਤੋਂ ਕੋਰਾ ਹੁੰਦਾ ਹੈ।
ਐਲਨ ਮਸਕ ਨੇ ਦਾਅਵਾ ਕੀਤਾ ਕਿ ਅਜਿਹੀ ਊਣਤਾ ਨੇ ਉਸ ਨੂੰ ਚੰਨ-ਤਾਰਿਆਂ ਨਾਲ ਸੰਵਾਦ ਰਚਾਉਣ ਲਈ ਰੁਚਿਤ ਕੀਤਾ। ਉਹ ਖ਼ਿਆਲੀ ਦੁਨੀਆ ਸਿਰਜ ਲੈਂਦਾ। ਬ੍ਰਹਿਮੰਡੀ ਸੋਚ ਉਸ ਨੂੰ ਟਿਕਣ ਨਾ ਦਿੰਦੀ। ਟੀਚਾ ਪੂਰਾ ਹੋਣ ਤੱਕ ਉਸ ਨੂੰ ਚੈਨ ਨਹੀਂ ਆਉਂਦਾ। ਉਹ ਕਹਿੰਦਾ, ਸੁਪਨੇ ਉਹ ਨਹੀਂ ਹੁੰਦੇ ਜੋ ਸੌਂਦੇ ਵਕਤ ਲਏ ਜਾਣ। ਸੁਪਨੇ ਤਾਂ ਉਹ ਹੁੰਦੇ ਹਨ ਜੋ ਸੌਣ ਨਹੀਂ ਦਿੰਦੇ। ਅਜਿਹੇ ਵਿਵਹਾਰ ਕਾਰਨ ਹੋਰ ਦਿਸਹੱਦਿਆਂ ਤੋਂ ਪਾਰ ਦੇਖਣ ਦਾ ਆਦੀ ਹੋ ਗਿਆ। ਨਵੀਨਤਮ ਖੋਜਾਂ/ਪ੍ਰਾਪਤੀਆਂ ਕਰ ਕੇ ਐਲਨ ਮਸਕ ਨੇ ਦੁਨੀਆ ਦਾ ਦਿਲ ਜਿੱਤਿਆ ਹੈ ਪਰ ਨਿੱਜੀ ਜ਼ਿੰਦਗੀ ਵਿਚ ਉਹ ਹਾਰਿਆ ਹੋਇਆ ਇਨਸਾਨ ਹੈ। ਉਸ ਨੇ ਕਈ ਸ਼ਾਦੀਆਂ ਕੀਤੀਆਂ ਜਿਨ੍ਹਾਂ ਨੂੰ ਉਹ ਨਿਭਾਅ ਨਾ ਸਕਿਆ। ਨਾਤਾ ਤੋੜਨ ਲੱਗਿਆਂ ਉਹ ਮਿੰਟ ਨਹੀਂ ਲਾਉਂਦਾ। ‘ਤਲਾਕ, ਤਲਾਕ, ਤਲਾਕ’ ਕਹਿਣ ਦੀ ਨੌਬਤ ਨਹੀਂ ਆਉਂਦੀ।
ਮਸਕ ਦਾ ਇਕ ਮੁੰਡਾ ਜ਼ੇਵੀਅਰ ਜੈਂਡਰ ਬਦਲ ਕੇ ਵਿਲਸਨ (ਕੁੜੀ) ਬਣ ਗਿਆ ਤਾਂ ਉਸ ਨੇ ਬੱਚੇ ਨਾਲੋਂ ਸਾਰੀ ਉਮਰ ਦਾ ਨਾਤਾ ਤੋੜ ਲਿਆ। ਮਸਕ 2008 ਤੋਂ ਡੈਮੋਕ੍ਰੈਟਿਕ ਪਾਰਟੀ ਦਾ ਸਮਰਥਕ ਰਿਹਾ ਸੀ। ਰਾਸ਼ਟਰਪਤੀ ਚੋਣਾਂ ਵਿਚ ਉਹ ਟਰੰਪ ਦੀ ਰਿਪਬਲਿਕਨ ਪਾਰਟੀ ਵਿਰੁੱਧ ਖੁੱਲ੍ਹ ਕੇ ਭੁਗਤਦਾ ਰਿਹਾ। ਟਰੰਪ ਨਾਲ ਯਾਰੀ ਪੈਣ ਤੋਂ ਬਾਅਦ ਉਸ ਨੇ ਆਪਣੀ ਵਿਚਾਰਧਾਰਾ ਬਦਲ ਲਈ ਸੀ। ਟਰੰਪ ਨੂੰ ਜਿਤਾਉਣ ਖ਼ਾਤਰ ਉਸ ਨੇ ਅਰਬਾਂ ਡਾਲਰ ਖ਼ਰਚ ਦਿੱਤੇ ਸਨ। ਟਰੰਪ ਨੇ ਵੀ ਉਸ ਦੇ ਵਪਾਰ ਨੂੰ ਵਧਾਉਣ ਲਈ ਕੋਈ ਕਸਰ ਨਾ ਛੱਡੀ। ਟਵਿਟਰ ਨੂੰ ਖ਼ਰੀਦ ਕੇ ਉਸ ਨੇ ਟਰੰਪ ਦੇ ਚੋਣ ਪ੍ਰਚਾਰ ਨੂੰ ਵੱਡਾ ਹੁਲਾਰਾ ਦਿੱਤਾ ਸੀ।
ਇਕ ਸਮਾਂ ਸੀ ਜਦੋਂ ਟਵਿਟਰ ਨੇ ਟਰੰਪ ’ਤੇ ਬੈਨ ਲਗਾਇਆ ਸੀ। ਮਸਕ ਨੇ ਟਵਿਟਰ ਨੂੰ ਖ਼ਰੀਦ ਕੇ ਇਸ ਦਾ ‘ਐਕਸ’ ਨਾਮਕਰਨ ਕੀਤਾ ਤਾਂ ਸਭ ਤੋਂ ਪਹਿਲਾਂ ਉਸ ਨੇ ਟਰੰਪ ’ਤੇ ਲਗਾਈ ਪਾਬੰਦੀ ਹਟਾਈ ਸੀ। ਦਿਲਚਸਪ ਗੱਲ ਇਹ ਹੈ ਕਿ ਵਾਸ਼ਿੰਗਟਨ ਪੋਸਟ ਦੇ ‘ਫੈਕਟ ਚੈੱਕਰ’ ਨੇ ਟਰੰਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਝੂਠਾ ਤੇ ਮੱਕਾਰ ਵਿਅਕਤੀ ਗਰਦਾਨਿਆ ਹੋਇਆ ਸੀ। ‘ਫੈਕਟ ਚੈੱਕਰ’ ਅਨੁਸਾਰ ਟਰੰਪ ਨੇ ਜਨਵਰੀ 2017 ਤੋਂ ਜਨਵਰੀ 2021 ਤੱਕ 30573 ਬੇਬੁਨਿਆਦ ਪੋਸਟਾਂ ਪਾ ਕੇ ਅਵਾਮ ਨੂੰ ਗੁਮਰਾਹ ਕਰਨ ਦੀ ਹਿਮਾਕਤ ਕੀਤੀ ਸੀ। ਇਸ ਦੇ ਬਾਵਜੂਦ ਮਸਕ ਆਪਣੇ ਆੜੀ ਟਰੰਪ ਦੇ ਹੱਕ ਵਿਚ ਖੜ੍ਹਾ ਹੋਇਆ ਸੀ।
ਇਹ ਦਰਅਸਲ ਇਕ ਧਨਾਢ ਵਪਾਰੀ ਵੱਲੋਂ ਦੂਜੇ ਵਪਾਰੀ ਦੀ ਮਦਦ ਕਰਨ ਵਾਲਾ ਕਦਮ ਸੀ। ਇਸ ਨੂੰ ਅਹਿਸਾਨ ਕਹਿਣਾ ਜਚਦਾ ਨਹੀਂ। ਉਹ ਤਾਂ ਇਕ-ਦੂਜੇ ਦੇ ਹਿੱਤਾਂ ਦੀ ਪੂਰਤੀ/ਰਾਖੀ ਕਰ ਰਹੇ ਸਨ। ਟਰੰਪ ਲਈ ਵ੍ਹਾਈਟ ਹਾਊਸ ਦੇ ਕਿਵਾੜ ਖੋਲ੍ਹਣ ਵਾਲੇ ਮਸਕ ਨੇ ਆਪਣੇ ਮਿੱਤਰ ਦੀ ਹਰ ਕਮਜ਼ੋਰੀ ’ਤੇ ਪਰਦਾ ਪਾਇਆ। ਤਿੰਨ ਜੂਨ 2024 ਨੂੰ ‘ਟਰੰਪ ਸ਼ੋਅ’ ਲਈ ਤਿੰਨ ਮਹਿਲਾ ਪੱਤਰਕਾਰਾਂ ਦੇ ਪੈਨਲ ਵੱਲੋਂ ਪੁੱਛੇ ਸਵਾਲਾਂ ਵਿਚ ਡੋਨਾਲਡ ਟਰੰਪ ਬੁਰੀ ਤਰ੍ਹਾਂ ਘਿਰ ਗਏ ਸਨ। ਇਕ ਪੱਤਰਕਾਰ ਨੇ ਬਹੁਤ ਹੁਸ਼ਿਆਰੀ ਨਾਲ ਹੇਠ-ਉੱਤੇ ਤਿੰਨ ਸਵਾਲ ਕੀਤੇ ਸਨ। ਪਹਿਲੇ ਦੋ ਸਵਾਲ ਅਮਰੀਕਾ ਦੇ ਜੋੜੇ ਮੀਨਾਰਾਂ (9/11) ਦੇ ਹਮਲੇ ਤੇ 22 ਨਵੰਬਰ 1963 ਨੂੰ ਤਤਕਾਲੀ ਰਾਸ਼ਟਰਪਤੀ ਜੌਹਨ ਐੱਫ ਕੈਨੇਡੀ ਦੇ ਕਤਲ ਬਾਰੇ ਦਸਤਾਵੇਜ਼ਾਂ ਬਾਰੇ ਸਨ। ਉਪਰੋਕਤ ਗੁਪਤ ਰੱਖੇ ਹੋਏ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਟਰੰਪ ਨੇ ਹਾਮੀ ਭਰੀ ਸੀ।
ਤੀਜਾ ਸਵਾਲ ਜੈਫਰੀ ਐਪਸਟੀਨ ਸੈਕਸ ਸਕੈਂਡਲ ਨਾਲ ਜੁੜੇ ਦਸਤਾਵੇਜ਼ਾਂ ਬਾਰੇ ਸੀ ਜਿਸ ਦਾ ਜਵਾਬ ਦੇਣ ਲੱਗਿਆਂ ਟਰੰਪ ਦੀ ਜ਼ੁਬਾਨ ਲੜਖੜਾ ਗਈ ਸੀ। ਉਨ੍ਹਾਂ ਨੇ ਗੋਲਮੋਲ ਜਵਾਬ ਦੇ ਕੇ ਖਹਿੜਾ ਛੁਡਾਇਆ ਸੀ ਕਿ ਅਜਿਹੇ ਦਸਤਾਵੇਜ਼ ਜਨਤਕ ਕਰਨ ਨਾਲ ਕਈਆਂ ਦੇ ਜੀਵਨ ਪ੍ਰਭਾਵਿਤ ਹੋਣਗੇ। ਇਸ ਵੇਲੇ ਤੱਕ ਵੀ ਮਸਕ ਚੁੱਪ ਸੀ। ਜਦੋਂ ਟਰੰਪ ਨਾਲ ਵਿਗੜ ਗਈ ਤਾਂ ਮਸਕ ਨੇ ਕਿਹਾ ਕਿ ‘This is time to drop the really big bomb.’ ਇਹ ਫਾਈਲਾਂ ਦਰਅਸਲ ਅੰਨ੍ਹੀ ਦੌਲਤ ਅਤੇ ਅੱਯਾਸ਼ੀਆਂ ਦਾ ਅਜਿਹਾ ਘਿਨੌਣਾ ਬਾਬ ਹੈ ਜਿਸ ਵਿਚ ਟਰੰਪ ਦਾ ਨਾਂ ਵੀ ਬੋਲਦਾ ਹੈ।
ਸਾਧਾਰਨ ਘਰ ’ਚ ਜੰਮੇ-ਪਲੇ ਜੈਫ਼ਰੀ ਐਪਸਟੀਨ ਦਾ ਸਬੰਧ ਯਹੂਦੀ ਕੌਮ ਨਾਲ ਹੈ ਜਿਸ ਨੇ ਆਇਨਸਟਾਈਨ ਵਰਗੇ ਅਣਗਿਣਤ ਮਹਾਨ ਵਿਗਿਆਨੀਆਂ ਤੇ ਨੋਬਲ ਜੇਤੂਆਂ ਨੂੰ ਜਨਮ ਦਿੱਤਾ ਸੀ। ਇਸ ਦੇ ਉਲਟ ਐਪਸਟੀਨ ਦਾ ਨਾਂ ਕਾਲੇ ਕਾਰਨਾਮਿਆਂ ਕਰਕੇ ਬਦਨਾਮ ਹੈ। ਮਸਕ ਨੇ ਪੁਰਾਣੀਆਂ ਵੀਡੀਓ ਕਲਿੱਪਸ ਪੋਸਟ ਕਰ ਕੇ ਟਰੰਪ ਤੇ ਐਪਸਟੀਨ ਦੀ ਯਾਰੀ ਦਾ ਖ਼ੁਲਾਸਾ ਕੀਤਾ ਹੈ। ਸੰਨ 1990 ਤੋਂ ਟਰੰਪ ਐਪਸਟੀਨ ਦੇ ਪ੍ਰਾਈਵੇਟ ਜੈੱਟ ਜਹਾਜ਼ਾਂ ਵਿਚ ਸਫ਼ਰ ਕਰਦਾ ਰਿਹਾ ਜਿਸ ਦੀ ਸ਼ਾਹਦੀ ਫਲਾਈਟ ਲਾਗ ਬੁੱਕਸ ’ਚੋਂ ਮਿਲਦੀ ਹੈ। ਘੱਟੋ-ਘੱਟ 36 ਨਾਬਾਲਗ ਕੁੜੀਆਂ ਨੇ ਗਵਾਹੀ ਦੇ ਕੇ ਇਲਜ਼ਾਮ ਲਗਾਇਆ ਸੀ ਕਿ ਜੈਫ਼ਰੀ ਦੇ ਪਾਮ ਬੀਚ ’ਤੇ ਉਨ੍ਹਾਂ ਨਾਲ ਬਲਾਤਕਾਰ ਹੋਇਆ ਸੀ। ਟਰੰਪ ਸਰਕਾਰ ਦੀ ਪਹਿਲੀ ਪਾਰੀ (2019) ਵਿਚ ਜੈਫ਼ਰੀ ਨੂੰ ਕੈਦ ਕਰ ਲਿਆ ਸੀ ਤੇ ਉਸ ਨੇ ਹਵਾਲਾਤ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਸੀ। ਮਸਕ ਦਾ ਇਸ਼ਾਰਾ ਹੈ ਕਿ ਇਹ ਖ਼ੁਦਕੁਸ਼ੀ ਨਹੀਂ ਬਲਕਿ ਸਬੂਤ ਮਿਟਾਉਣ ਲਈ ਕੀਤੀ ਗਈ ਹੱਤਿਆ ਸੀ। ਇਹ ਸੰਗੀਨ ਇਲਜ਼ਾਮ ਹਨ ਜਿਨ੍ਹਾਂ ਤੋਂ ਬਰੀ ਹੋਣਾ ਟਰੰਪ ਲਈ ਆਸਾਨ ਨਹੀਂ ਹੈ।