VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਇਕ ਕਤਲ, ਕਈ ਸਵਾਲ ( ਪੰਜਾਬੀ ਜਾਗਰਣ –– 15th JUNE, 2025)

ਵਰਿੰਦਰ ਵਾਲੀਆ

ਕੰਚਨ ਕੁਮਾਰੀ (ਤਿਵਾੜੀ) ਉਰਫ਼ ਕਮਲ ਕੌਰ (ਭਾਬੀ) ਦੇ ਵਹਿਸ਼ੀਆਨਾ ਕਤਲ ਨੇ ਅਨੇਕ ਸਵਾਲਾਂ ਨੂੰ ਜਨਮ ਦਿੱਤਾ ਹੈ। ਦਿਲ-ਕੰਬਾਊ ਵਾਰਦਾਤ ਤੋਂ ਬਾਅਦ ਇੰਟਰਨੈੱਟ ’ਤੇ ਸੋਗ ਪ੍ਰਗਟਾਉਣ ਵਾਲੇ ਨਾਮਾਤਰ ਤੇ ਮੌਤ ਦਾ ਜਸ਼ਨ ਮਨਾਉਣ ਵਾਲੇ ਲੱਖਾਂ ਹਨ। ਕੰਚਨ ਦੇ ਭਾਵੇਂ ਇੰਟਰਨੈੱਟ ’ਤੇ ਚਾਰ ਲੱਖ ਫਾਲੋਅਰ ਸਨ ਪਰ ਉਸ ਦੀ ਮੁਸ਼ਕ ਮਾਰਦੀ ਲਾਸ਼ ਨੂੰ ਚੁੱਕਣ ਲਈ ਘਰ ਦੇ ਤਿੰਨ ਜੀਆਂ ਤੋਂ ਇਲਾਵਾ ਕੋਈ ਨਹੀਂ ਸੀ। ਖੁੱਲ੍ਹਮ-ਖੁੱਲ੍ਹਾ ਜੀਵਨ ਬਸਰ ਕਰਨ ਵਾਲੀ ਕੰਚਨ , ‘ਬਦਨਾਮ ਹੂਏ ਤੋ ਕਿਆ ਹੂਆ, ਨਾਮ ਨਾ ਹੋਗਾ’ ਦੇ ਸਿਧਾਂਤ ਨੂੰ ਪਰਣਾਈ ਹੋਈ ਸੀ। ਸਮਾਜ ਨੂੰ ਟਿੱਚ ਜਾਣ ਕੇ ਉਸ ਨੇ ਲੱਚਰਤਾ ਨੂੰ ਆਪਣਾ ਲਕਸ਼ ਬਣਾ ਲਿਆ ਸੀ। ਉਸ ਨੂੰ ਕੀ ਪਤਾ ਸੀ ਕਿ ਭੜਕੀਲੇ ਲਿਬਾਸ ਅਤੇ ਕਾਮਿਕ ਸਰੀਰਕ ਭਾਸ਼ਾ ਕਾਰਨ ਫਾਲੋਅਰਜ਼ ਦੇ ਨਾਲ-ਨਾਲ ਉਸ ਨੇ ਕਾਲ ਨੂੰ ਵੀ ਪਿੱਛੇ ਲਾ ਲਿਆ ਹੈ।

ਉਹ ਭਾਵੇਂ ਲੁਧਿਆਣਾ ਨਿਵਾਸੀ ਪਰਵਾਸੀ ਮਾਂ-ਬਾਪ ਦੀ ਧੀ ਸੀ ਪਰ ਉਸ ਦਾ ਲਹਿਜ਼ਾ ਠੇਠ ਪੰਜਾਬੀ ਸੀ। ਸਿੱਧੇ ਰਾਹ ਚੱਲਦੀ ਤਾਂ ਉਹ ਵੱਡੀ ਕਲਾਕਾਰ ਬਣ ਸਕਦੀ ਸੀ। ਔਝੜੇ ਰਾਹ ਨੇ ਉਸ ਦੀਆਂ ਸੰਭਾਵਨਾਵਾਂ ਦਾ ਕਤਲ ਕਰ ਕੇ ਰੱਖ ਦਿੱਤਾ ਸੀ। ਦਿਲਾਂ ’ਤੇ ਰਾਜ ਕਰਨ ਦੀ ਬਜਾਏ ਉਸ ਨੇ ਮਨੋਰੋਗੀਆਂ ਤੇ ਮਨਚਲਿਆਂ ਦੀ ਨਾਇਕਾ ਬਣਨ ਨੂੰ ਤਰਜੀਹ ਦਿੱਤੀ। ਨਿਮਨ ਮੱਧ-ਵਰਗੀ ਪਰਿਵਾਰ ਦੀ ਕੰਚਨ ਦੀਆਂ ਘਰੇਲੂ ਮਜਬੂਰੀਆਂ ਨੇ ਉਸ ਨੂੰ ‘ਸ਼ਾਰਟ-ਕੱਟ’ ਅਪਣਾਉਣ ਲਈ ਮਜਬੂਰ ਕੀਤਾ ਸੀ। ਉਸ ਦਾ ਪਿਤਾ ਪਹਿਲਾਂ ਹੀ ਫ਼ੌਤ ਹੋ ਚੁੱਕਾ ਸੀ ਤੇ ਮਾਂ ਕੈਂਸਰ ਦੀ ਮਰੀਜ਼ ਸੀ। ਉਹ ਇਸ ਗੱਲ ਤੋਂ ਕੋਰੀ ਸੀ ਕਿ ਸੱਭਿਆਚਾਰ ਜੀਵੰਤ ਹੁੰਦਾ ਹੈ ਜਿਸ ਵਿਚ ਪ੍ਰਾਚੀਨ ਸੱਭਿਅਤਾ ਗੌਣ ਰੂਪ ਵਿਚ ਬਿਰਾਜਮਾਨ ਹੁੰਦੀ ਹੈ। ਮਨੁੱਖ ਦੀ ਸਿਰਜਣ ਕਲਾ ਦਾ ਵਾਹਨ ਵੀ ਪ੍ਰਾਕ੍ਰਿਤਕ ਸੱਭਿਆਚਾਰ ਹੀ ਹੁੰਦਾ ਹੈ। ਸੱਭਿਆਚਾਰ ਵਿਚ ਗੁੱਝੀਆਂ ਹੋਈਆਂ ਕੋਮਲ ਕਲਾਵਾਂ ਨਾਲ ਰੂਹ ਤ੍ਰਿਪਤ ਹੁੰਦੀ ਹੈ। ਬੋਲੀ/ਭਾਸ਼ਾ ਦੀ ਮਰਿਆਦਾ ਹੀ ਅਮੀਰ ਸੱਭਿਆਚਾਰ ਦੀ ਨਿਸ਼ਾਨੀ ਹੁੰਦੀ ਹੈ।

ਇਸੇ ਕਰਕੇ ਲੋਕ ਗੀਤਾਂ ਨੂੰ ਸਾਂਝੀ ਆਤਮਿਕ ਅਭਿਵਿਅਕਤੀ ਦੇ ਤੌਰ ’ਤੇ ਵੇਖਿਆ ਜਾਂਦਾ ਹੈ ਜਿਨ੍ਹਾਂ ਦੀਆਂ ਝਾਂਜਰਾਂ ਪੀੜ੍ਹੀ-ਦਰ-ਪੀੜ੍ਹੀ ਛਣਕਦੀਆਂ ਰਹਿੰਦੀਆਂ ਹਨ। ਕੰਚਨ ਦੇ ਘਰੇਲੂ ਹਾਲਾਤ ਚੰਗੇ ਹੁੰਦੇ ਤਾਂ ਸ਼ਾਇਦ ਉਹ ਇਨ੍ਹਾਂ ਸਰੋਕਾਰਾਂ ਬਾਰੇ ਜਾਗਰੂਕ ਹੁੰਦੀ। ਇੰਟਰਨੈੱਟ ਦੇ ਯੁੱਗ ਵਿਚ ਅਜਿਹਾ ਸੋਚਣ ਦਾ ਉਸ ਕੋਲ ਭਲਾ ਵਕਤ ਕਿੱਥੇ ਸੀ! ਦਰਅਸਲ ਉਹ ਦੂਰਅੰਦੇਸ਼ ਨਹੀਂ ਸੀ। ਦੀਰਘਕਾਲੀ ਦੀ ਬਜਾਏ ਉਸ ਨੇ ਅਲਪਕਾਲੀ ਪਹੁੰਚ ਨੂੰ ਅਪਣਾਇਆ। ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ‘ਚੰਗੇ ਕੰਟੈਂਟ’ ਨਾਲ ਫਾਲੋਅਰਾਂ ਦੀ ਗਿਣਤੀ ਬਹੁਤੀ ਨਹੀਂ ਬਣਨੀ। ਯੂ-ਟਿਊਬ ਤੋਂ ਪੈਸਾ ਕਮਾ ਕੇ ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ ਨੇ ਉਸ ਨੂੰ ਦੋ-ਅਰਥੀ ਕੰਟੈਂਟ ਪਰੋਸਣ ਦੇ ਰਾਹ ਤੋਰ ਦਿੱਤਾ। ਇਹ ਦਲਦਲ ਸੀ ਜਿਸ ’ਤੇ ਪੁੱਟਿਆ ਹਰ ਕਦਮ ਰਸਾਤਲ ਵੱਲ ਲਿਜਾਂਦਾ ਹੈ। ਮ੍ਰਿਗਤ੍ਰਿਸ਼ਨਾ ਉਸ ਨੂੰ ਏਧਰ-ਓਧਰ ਭਟਕਾ ਰਹੀ ਸੀ।

ਵਿਊਜ਼ ਦੇ ਚੱਕਰਵਿਊ ਵਿਚ ਅੰਦਰ ਜਾਣ ਦਾ ਰਸਤਾ ਤਾਂ ਹੁੰਦਾ ਹੈ ਪਰ ਇਸ ’ਚੋਂ ਬਾਹਰ ਆਉਣ ਦਾ ਨਹੀਂ ਹੁੰਦਾ। ਸੋਸ਼ਲ ਮੀਡੀਆ ’ਤੇ ਛਾ ਜਾਣ ਵਾਲਾ ਅਜਿਹਾ ਤਬਕਾ ਸ਼ੇਅਰਾਂ ਅਤੇ ਲਾਈਕਸ ਦੀ ਗਿਣਤੀ-ਮਿਣਤੀ ਕਰਦਾ ਆਪਣੇ-ਆਪ ਤੋਂ ਵੀ ਵਿਛੜ ਜਾਂਦਾ ਹੈ। ਪ੍ਰਦੂਸ਼ਿਤ ਸੱਭਿਆਚਾਰ ਦੀ ਘੁੰਮਣਘੇਰੀ ਵਿਚ ਬੁਰੀ ਤਰ੍ਹਾਂ ਫਸੀ ਕੰਚਨ ਨੂੰ ਮੱਤ ਦੇਣ ਵਾਲਾ ਵੀ ਕੋਈ ਨਹੀਂ ਸੀ। ਸੋਸ਼ਲ ਮੀਡੀਆ ਨੇ ਦਰਅਸਲ ਅਜੀਬੋ-ਗ਼ਰੀਬ ਪਲੀਤ ਸੱਭਿਆਚਾਰ ਦੀ ਸਿਰਜਣਾ ਕੀਤੀ ਹੈ। ਸਮਾਰਟਫੋਨ ਜੇ ਸਮਾਰਟ ਹੱਥਾਂ ਵਿਚ ਹੋਣ ਤਾਂ ਵਿਅਕਤੀ ਬੁਲੰਦੀਆਂ ਛੂਹੰਦਾ ਹੈ। ਜੇ ਇਹ ਅਨਾੜੀਆਂ ਦੇ ਹੱਥਾਂ ਵਿਚ ਆ ਜਾਣ ਤਾਂ ਇਹ ਬਰਬਾਦੀ ਦੇ ਰਾਹ ਤੋਰ ਦਿੰਦਾ ਹੈ। ਇੰਟਰਨੈੱਟ ਜਾਂ ਮਸਨੂਈ ਬੌਧਿਕਤਾ ਦੇ ਸਦਉਪਯੋਗ ਨਾਲ ਵਿਕਾਸ ਤੇ ਇਸ ਦੇ ਦੁਰਉਪਯੋਗ ਨਾਲ ਵਿਨਾਸ਼ ਦੇ ਦਰ-ਦਰਵਾਜ਼ੇ ਖੁੱਲ੍ਹਦੇ ਹਨ। ਲੱਚਰਤਾ ਨੇ ਵੱਖਰੀ ਤਰ੍ਹਾਂ ਦੇ ਖਪਤਕਾਰ ਪੈਦਾ ਕੀਤੇ ਹਨ।

ਖਪਤਕਾਰਾਂ ਦਾ ਭੀੜਤੰਤਰ ਲੱਚਰਤਾ ਪਰੋਸਣ ਵਾਲਿਆਂ ਦੀ ਹੌਸਲਾ-ਅਫ਼ਜ਼ਾਈ ਕਰਦਾ ਹੈ। ਪੰਜਾਬ ਸਰਕਾਰ ਨੇ ਬੰਦੂਕ ਸੱਭਿਆਚਾਰ ਜਾਂ ਅਸ਼ਲੀਲਤਾ ਪਰੋਸਣ ਵਾਲੇ ਗੀਤ-ਗਾਣਿਆਂ ’ਤੇ ਰੋਕ ਲਾਉਣ ਦੀ ਗੱਲ ਕਹੀ ਸੀ। ਇਸ ਫ਼ੈਸਲੇ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਹੁੰਦਾ ਤਾਂ ‘ਕਮਲ ਕੌਰ’ ਵਰਗੀਆਂ ਸ਼ਾਇਦ ਪੈਦਾ ਹੀ ਨਾ ਹੁੰਦੀਆਂ। ਇਸ ਖਲਾਅ ਨੂੰ ਪੁਰ ਕਰਨ ਲਈ ਆਪੂੰ ਬਣੇ ਸਮਾਜ ਦੇ ਠੇਕੇਦਾਰਾਂ ਨੇ ਤਾਂ ਅੱਗੇ ਆਉਣਾ ਹੀ ਸੀ। ਕਾਨੂੰਨ ਜਦੋਂ ਪਿਛਲੀ ਕੁਰਸੀ ’ਤੇ ਆਰਾਮ ਫੁਰਮਾ ਰਿਹਾ ਹੋਵੇ ਤਾਂ ਲੱਠਮਾਰ ਠੀਕਰੀ ਪਹਿਰੇ ’ਤੇ ਆ ਹੀ ਜਾਂਦੇ ਹਨ। ਧਾੜਵੀਆਂ ਤੇ ਜ਼ਾਲਮਾਂ ਖ਼ਿਲਾਫ਼ ਸਿਰ ਤਲੀ ’ਤੇ ਰੱਖਣ ਵਾਲੀਆਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦੇ ਬਾਣੇ ਵਿਚ ਕਈ ਲੋਕ ਹੁਣ ਸਮਾਜ ’ਚੋਂ ਅਸ਼ਲੀਲ ਕੰਟੈਂਟ ਪਰੋਸਣ ਵਾਲਿਆਂ ਨੂੰ ‘ਸੋਧਾ’ ਲਾਉਣ ਲਈ ਅੱਗੇ ਆਏ ਹਨ। ਸਿੱਖ ਸੱਭਿਆਚਾਰ ਵਿਚ ਨਿਹੱਥੀ ਨਾਰ ’ਤੇ ਵਾਰ ਕਰਨ ਦੀ ਕੋਈ ਉਦਾਹਰਨ ਨਹੀਂ ਮਿਲਦੀ। ਸਿੰਘ ਸੂਰਮੇ ਤਾਂ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਦੇ ਰਖਵਾਲੇ ਮੰਨੇ ਜਾਂਦੇ ਸਨ।

ਕੰਚਨ ਉਰਫ਼ ਕਮਲ ਕੌਰ ਨੇ ਅਮੀਰ ਪੰਜਾਬੀ ਸੱਭਿਆਚਾਰ ਦੀਆਂ ਧੱਜੀਆਂ ਉਡਾਉਣ ਵਿਚ ਕੋਈ ਕਸਰ ਨਹੀਂ ਛੱਡੀ, ਫਿਰ ਵੀ ਉਸ ਦੀ ਜਾਨ ਲੈ ਲੈਣਾ ਅਨਾਰਕੀ ਨਹੀਂ ਤਾਂ ਹੋਰ ਕੀ ਹੈ? ਕੰਚਨ ਦੇ ਕਤਲ ਦੀ ਜ਼ਿੰਮੇਵਾਰੀ ਨਿਹੰਗ ਬਾਣੇ ਦੀ ਤਿੱਕੜੀ ਨੇ ਲਈ ਹੈ ਜਿਸ ਦਾ ਜਥੇਦਾਰ ਅੰਮ੍ਰਿਤਪਾਲ ਸਿੰਘ ਮਹਿਰੋਂ ਦੱਸਿਆ ਜਾਂਦਾ ਹੈ। ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਮਹਿਰੋਂ ਅਜੇ ਵੀ ਭਗੌੜਾ ਹੈ। ਇਹ ਜਥਾ ਸਮਾਜ ’ਚੋਂ ਗੰਦ ਹੂੰਝਣ ਦੇ ਦਮਗਜੇ ਮਾਰ ਰਿਹਾ ਹੈ। ਕਮਲ ਕੌਰ ਵਰਗੇ ਅਸ਼ਲੀਲ ਕੰਟੈਂਟ ਪਰੋਸਣ ਵਾਲੇ ਹੋਰ ‘ਕਲਾਕਾਰਾਂ’ ਨੂੰ ਇੰਟਰਨੈੱਟ ਜ਼ਰੀਏ ਧਮਕੀਆਂ ਦੇ ਰਿਹਾ ਹੈ। ਡਰ ਦੇ ਮਾਰੇ ਅਜਿਹੇ ਕਈ ‘ਕਲਾਕਾਰਾਂ’ ਨੇ ਯੂ-ਟਿਊਬ ਤੋਂ ਆਪਣੀਆਂ ਲੱਚਰ ਪੋਸਟਾਂ ਡਿਲੀਟ ਕਰ ਦਿੱਤਆਂ ਹਨ। ਪੰਜਾਬੀ/ਸਿੱਖ ਸੱਭਿਆਚਾਰ ਵਿਚ ਨਿਹੰਗ ਸਿੰਘਾਂ ਨੂੰ ਬੇਹੱਦ ਸਤਿਕਾਰ ਮਿਲਿਆ ਹੈ। ਸੀਸ ’ਤੇ ਫਰਹਰੇ ਵਾਲੇ ਤੇ ਦੋਮਾਲੇ ਸਜਾ ਕੇ ਚੱਲਣ ਵਾਲੇ ਸ਼ਸਤਰਧਾਰੀ ਨਿਹੰਗਾਂ ਬਾਰੇ ਲੋਕੋਕਤੀ ਹੈ, ‘‘ਆਏ ਨੀ ਨਿਹੰਗ, ਬੂਹਾ ਖੋਲ੍ਹ ਦੇ ਨਿਸ਼ੰਗ।’’

ਇੰਟਰਨੈੱਟ ’ਤੇ ‘ਸੋਧਾ ਲਾਉਣ’ ਦੀਆਂ ਚਿਤਾਵਨੀਆਂ ਤੋਂ ਬਾਅਦ ਹੁਣ ਲੱਚਰਤਾ ਪਰੋਸਣ ਵਾਲਿਆਂ ਨੂੰ ਨਿਹੰਗ ਬਾਣੇ ਵਾਲਿਆਂ ਤੋਂ ਡਰ ਲੱਗ ਰਿਹਾ ਹੈ। ਲੱਚਰਤਾ ਦੇ ਠਾਠਾਂ ਮਾਰਦੇ ਸਾਗਰ ’ਚੋਂ ਪੰਜ-ਸੱਤ ਬਾਲਟੀਆਂ ਬਾਹਰ ਨਿਕਲੀਆਂ ਹਨ। ਮਾਫ਼ੀਆਂ ਦਾ ਦੌਰ ਵੀ ਚੱਲ ਰਿਹਾ ਹੈ। ਇਕ ਵਰਗ ਵੱਲੋਂ ਇੰਟਰਨੈੱਟ ’ਤੇ ਇਸ ਜਥੇ ਦੀ ਵਾਹ-ਵਾਹ ਕੀਤੀ ਜਾ ਰਹੀ ਹੈ। ਊਠ ਤੋਂ ਛਾਣਨੀ ਲਾਹੁਣ ਲਈ ਜੇ ਕਾਨੂੰਨ ਦਾ ਰਸਤਾ ਅਪਣਾਇਆ ਹੁੰਦਾ ਤਾਂ ਇਸ ਜਥੇ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾ ਸਕਦਾ ਸੀ। ਕਾਨੂੰਨ ਨੂੰ ਹੱਥ ’ਚ ਲੈ ਕੇ ਉਨ੍ਹਾਂ ਨੇ ਆਪਣੇ ਲਈ ਖਾਹ-ਮਖਾਹ ਵੱਡੀ ਮੁਸੀਬਤ ਸਹੇੜ ਲਈ ਹੈ। ਖ਼ੈਰ, ਇੰਟਰਨੈੱਟ ਜ਼ਰੀਏ ਰਾਤੋ-ਰਾਤ ਅਮੀਰ ਬਣਨ ਦਾ ਖ਼ਾਬ ਦੇਖਣ ਵਾਲਿਆਂ ਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦਾ ਅਮੀਰ ਸੱਭਿਆਚਾਰ ਸਾਡੇ ਸਮਾਜ ਦੀ ਰੂਹ ਹੈ। ਪੰਜਾਬ ਦੇ ਸੱਭਿਆਚਾਰ ਵਿਚ ਸੂਫ਼ੀਆਂ, ਸੰਤਾਂ, ਗੁਰੂਆਂ ਅਤੇ ਹੋਰ ਪਾਕ ਰੂਹਾਂ ਦਾ ਯੋਗਦਾਨ ਹੈ ਜਿਨ੍ਹਾਂ ਨੇ ਇਸ ਨੂੰ ਅਮੀਰ ਬਣਾਇਆ ਹੈ। ਇੰਟਰਨੈੱਟ ਦੀ ਆੜ ਵਿਚ ਆਪਣੇ ਸੱਭਿਆਚਾਰ ਤੋਂ ਬੇਮੁੱਖ ਹੋਣਾ ਚੰਗੀ ਗੱਲ ਨਹੀਂ ਹੈ।

ਨੈੱਟ ਦੀ ਦੁਨੀਆ ਵਿਚ ਨਿੱਜਤਾ ਦੀ ਕੋਈ ਹੱਦ ਨਿਰਧਾਰਤ ਨਹੀਂ ਹੈ। ਨੈਤਿਕਤਾ ਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਕੇ ਕੋਈ ਮਹਾਨ ਕਲਾਕਾਰ ਨਹੀਂ ਬਣ ਸਕਦਾ। ਗਲੈਮਰ ਕਦੇ ਵੀ ਚਿਰ-ਸਥਾਈ ਨਹੀਂ ਹੋ ਸਕਦਾ। ਸਿਰਜਣਾਤਮਕ ਰੁਚੀਆਂ ਦਾ ਘਾਣ ਮਨੁੱਖ ਕੋਲੋਂ ਬਹੁਤ ਕੁਝ ਖੋਹ ਲੈਂਦਾ ਹੈ। ਕਲਾ ਉਹ ਹੀ ਹੁੰਦੀ ਹੈ ਜਿਸ ਨੂੰ ਲੋਕ ਪ੍ਰਵਾਨ ਕਰਨ। ਚਟਪਟਾ ਕੰਟੈਂਟ ਕਿਸੇ ਵੀ ਚੰਗੇ ਕਲਾਕਾਰ ਨੂੰ ਬੌਣਾ ਬਣਾ ਦਿੰਦਾ ਹੈ। ਸਾਹਿਤ ਉਹੀ ਹੈ ਜੋ ਲੋਕਾਂ ਦੇ ਹਿੱਤ ਵਿਚ ਹੋਵੇ। ਇਸੇ ਤਰ੍ਹਾਂ ਕਲਾ ਉਹ ਹੁੰਦੀ ਹੈ ਜਿਸ ਨੇ ਦਿਲਾਂ ’ਚ ਜਲ-ਤਰੰਗ ਪੈਦਾ ਕਰਨੀ ਹੁੰਦੀ ਹੈ। ਗੰਦ ਪਰੋਸਣਾ ਆਤਮ-ਵਿਸਰਜਣ ਵਾਂਗ ਹੈ। ਦੋ-ਅਰਥੀ ਡਾਇਲਾਗਾਂ ਕਰਕੇ ਜਾਣੇ ਜਾਂਦੇ ਮਿਹਰ ਮਿੱਤਲ ਵਰਗੇ ਕਾਮੇਡੀਅਨ ਅਤੇ ਅਜਿਹੇ ਕਈ ਗੀਤਕਾਰ/ਗਾਇਕ ਸਨ ਜਿਨ੍ਹਾਂ ਨੇ ਆਖ਼ਰੀ ਸਮੇਂ ਲੱਚਰਤਾ ਤੋਂ ਤੌਬਾ ਕੀਤੀ ਸੀ। ਕਿਸੇ ਵੀ ਸੱਭਿਆਚਾਰ ਦਾ ਅਸਲ ਮੁਹਾਂਦਰਾ ਉਸ ਦੇ ਗੀਤ ਜਾਂ ਲੋਕ ਸਾਹਿਤ ਹੁੰਦਾ ਹੈ। ਪ੍ਰਦੂਸ਼ਿਤ ਪਾਣੀ ਸਰੀਰ ਦਾ ਨਾਸ ਮਾਰਦਾ ਹੈ ਅਤੇ ਪਲੀਤ ਸਾਹਿਤ ਤੇ ਕਲਾ ਪੂਰੇ ਸਮਾਜ ਦੀ ਜੱਖਣਾ ਪੁੱਟ ਕੇ ਰੱਖ ਦਿੰਦੇ ਹਨ। ਕਲਾਕਾਰਾਂ ਨੂੰ ਚਾਹੀਦਾ ਹੈ ਕਿ ਉਹ ਇੰਟਰਨੈੱਟ ਦੇ ਮੱਕੜਜਾਲ਼ ਤੋਂ ਮੁਕਤ ਹੋ ਕੇ ਚੰਗਾ ਸਮਾਜ ਸਿਰਜਣ ਵਿਚ ਸਹਾਈ ਹੋਣ।