VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸੱਪ ਦੇ ਸਿਰੋਂ ਮਣੀ ਚੁੱਕਣ ਵਾਲੇ ( ਪੰਜਾਬੀ ਜਾਗਰਣ –– 13th JULY, 2025)

ਵਰਿੰਦਰ ਵਾਲੀਆ

‘ਪੰਜਾਬ ਦਾ ਟੈਗੋਰ’, ਅਲਬੇਲਾ ਕਵੀ ਪ੍ਰੋਫੈਸਰ ਪੂਰਨ ਸਿੰਘ ਪੰਜਾਬੀਆਂ ਨੂੰ ‘ਗੁਰਾਂ ਵਾਲੇ ਸਾਂਚੇ’ ਵਿਚ ਢਲਣ ਦਾ ਹੋਕਾ ਦਿੰਦਾ ਹੈ। ਇਸ ਢਾਂਚੇ ਵਿਚ ਢਲਣ ਵਾਲਿਆਂ ਦਾ ਜੇਰਾ ਸਮੁੰਦਰ ਵਰਗਾ ਹੁੰਦਾ ਹੈ ਜਿਸ ’ਚ ਅਨੇਕ ਨਦੀਆਂ ਆਪਣੀ ਹੋਂਦ ਗੁਆ ਕੇ ਸਮਾ ਜਾਂਦੀਆਂ ਹਨ। ਪੰਜਾਬ ਦੀ ਧਰਤੀ ਨੂੰ ਨਤਮਸਤਕ ਹੁੰਦਾ ਉਹ ਵਜਦ ’ਚ ਆ ਜਾਂਦਾ ਹੈ। ਉਹ ਕਹਿੰਦਾ ਹੈ,

‘‘ਇਸ ਧਰਤੀ ’ਤੇ ਕਲਗੀ ਵਾਲੇ ਦੇ ਘੋੜੇ ਦੇ ਸੁੰਮਾਂ ਦੀ ਟਾਪ ਲੱਗੀ

ਇੱਥੇ ਸਤਗੁਰਾਂ, ਸੱਚੇ ਪਾਤਸ਼ਾਹਾਂ ਦਾ ਨਿਵਾਸ ਹੈ।’’

ਦਰਿਆਵਾਂ ਦੇ ਕਿਨਾਰੇ ਵਸਣ ਵਾਲੇ ਪੰਜਾਬੀਆਂ ਦੇ ਦਿਲ ਵੀ ਦਰਿਆ ਹੋ ਗਏ। ਉਨ੍ਹਾਂ ਦੀਆਂ ਲਹਿਰਾਂ ਨਾਲ ਇਕ-ਸੁਰ ਹੋਏ ਉਹ ਜਲ-ਤਰੰਗ ਛੇੜਦੇ ਭਾਸਦੇ। ਪੈਲੀਆਂ ਨੂੰ ਕਿਤਾਬਾਂ ਵਾਂਗ ਪੜ੍ਹਦੇ। ਬੈਲਾਂ ਦੇ ਗਲ ਪਈਆਂ ਟੱਲੀਆਂ ਦਾ ਸੰਗੀਤ ਉਨ੍ਹਾਂ ਦੀ ਰੂਹ ਨਸ਼ਿਆਉਂਦਾ। ਰੱਬ ਉਨ੍ਹਾਂ ਦੇ ਖੂਹ ’ਤੇ ਵਸਦਾ। ਢੋਲੇ ਗਾਉਂਦੇ, ਪੋਠੋਹਾਰੀ ਅਲਗੋਜ਼ੇ ਵਜਾਉਂਦੇ ਹੋਏ ਕੁਦਰਤ ਦੇ ਤਲਿਸਮ ਵਿਚ ਗਵਾਚ ਜਾਂਦੇ। ਪ੍ਰੋਫੈਸਰ ਪੂਰਨ ਸਿੰਘ ਇਨ੍ਹਾਂ ਦਰਿਆਦਿਲ ਪੰਜਾਬੀਆਂ ਨੂੰ ਰੱਬ ਦੇ ਰੰਗ ਵਿਚ ਰੰਗੇ ਜਾਣ ਦਾ ਮਸ਼ਵਰਾ ਦਿੰਦਾ ਹੈ,

‘‘ਦਿਲ ਦਰਿਆ ਹੋਣ ਰੱਬ ਦੀ ਜੋਤ ਵਾਲੇ

ਰੱਬ ਵਾਲੀ ਦਇਆ ਹੋਵੇ, ਰੱਬ ਵਰਗਾ ਬਖਸ਼ਣਾ

ਭੁੱਲ-ਚੁੱਕ ਬੁਰਦ ਦਰਿਆ ਸੱਭ ਦੀ

ਰੱਬ ਪਾਸੋਂ ਡਰਨਾ, ਸੱਭ ਦੇ ਕਰਨ ਖੋਟੇ ਖਰੇ ਜਾਣ ਆਪਣੇ

ਭੁੱਲਣਾ, ਬਖਸ਼ਣਾ, ਯਾਦ ਕਰਨਾ ਰੱਬ ਦੀਆਂ ਮਿਹਰਾਂ

ਕੋਈ ਨਾ ਹਿਸਾਬ ਹੋਵੇ, ਪਿਆਰ ਹੀ ਪਿਆਰ ਚੱਖਣਾ।’’

ਇਸੇ ਨੂੰ ਗੁਰਾਂ ਵਾਲੇ ਸਾਂਚੇ ਵਿਚ ਢਲਣਾ ਕਹਿੰਦੇ ਹਨ। ਇੱਕੀਵੀਂ ਸਦੀ ਵਿਚ ਆ ਕੇ ਤਾਂ ਰੰਗਲੇ ਪੰਜਾਬ ਦੇ ਰੰਗ ਹੋਰ ਵੀ ਫਿੱਕੇ ਪੈ ਗਏ ਹਨ। ਕੁਝ ਸਾਲਾਂ ਦੇ ਵਕਫ਼ੇ ਬਾਅਦ ਪੰਜਾਬ ਦੇ ਦਰਿਆਵਾਂ ਦਾ ਪਾਣੀ ਕਿਉਂ ਉਬਾਲੇ ਮਾਰਦਾ ਹੈ? ਇਸ ਨੂੰ ਕਿਸੇ ਦੀ ਨਜ਼ਰ ਲੱਗੀ ਹੁੰਦੀ ਤਾਂ ਕੌੜੀਆਂ ਮਿਰਚਾਂ ਇਸ ਦੇ ਸਿਰ ਤੋਂ ਵਾਰ ਕੇ ਇਸ ਨੇ ਲੱਥ ਜਾਣਾ ਸੀ। ਪੰਜਾਬ ਸਦੀਆਂ ਤੋਂ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ। ਇਸ ’ਚ ਦੋਖੀਆਂ ਤੋਂ ਜ਼ਿਆਦਾ ਪੰਜਾਬੀਆਂ ਦਾ ਆਪਣਾ ਕਸੂਰ ਵੱਧ ਹੈ।

ਗੁਰੂ ਦੇ ਆਸ਼ੇ ਨੂੰ ਭੁੱਲ ਕੇ ਉਹ ਕੁਰਾਹੇ ਪੈ ਗਏ। ਗਾਡੀ ਰਾਹ ’ਤੇ ਰੱਬ ਮਿਲਦਾ ਹੈ, ਔਝੜੇ ਰਾਹਾਂ ’ਤੇ ਸ਼ੈਤਾਨ ਬਾਹਾਂ ਖੋਲ੍ਹੀ ਕੁਰਾਹੀਆਂ ਦਾ ਬੇਤਾਬੀ ਨਾਲ ਇੰਤਜ਼ਾਰ ਕਰਦਾ ਹੈ। ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨੀ ਭੁੱਲੇ ਪੰਜਾਬੀਆਂ ਨੂੰ ਸਮਝ ਹੀ ਨਾ ਆਈ ਕਿ ਮਸ਼ੀਨੀ ਯੁੱਗ ਨੇ ਉਨ੍ਹਾਂ ਨੂੰ ਡਕਾਰ ਲੈਣਾ ਹੈ। ਪਰਵਾਸ ਕਰ ਗਏ ਤਾਂ ਉਨ੍ਹਾਂ ਦੀ ਥਾਂ ਪਰਵਾਸੀਆਂ ਨੇ ਮੱਲ ਲੈਣੀ ਹੈ। ਸਾਜ਼ਿਸ਼ੀ ਤਾਂ ਪਹਿਲਾਂ ਹੀ ਪੰਜਾਬੀਆਂ ਨੂੰ ਕੱਖੋਂ ਹੌਲਾ ਕਰਨ ਲਈ ਗੋਂਦਾਂ ਗੁੰਦਦੇ ਆ ਰਹੇ ਹਨ।

ਲੱਚਰ ਗੀਤਾਂ ਨੇ ‘ਅੰਨ-ਦਾਤੇ’ ਕੋਲੋਂ ਹਲਾਂ ਦੀਆਂ ਹੱਥੀਆਂ ਤੇ ਪਾੜ੍ਹਿਆਂ ਕੋਲੋਂ ਕਲਮਾਂ ਖੋਹਣ ਦਾ ਮੁੱਢ ਬੰਨ੍ਹਿਆ ਸੀ। ਜਿਸ ਧਰਤੀ ’ਤੇ ਇਲਾਹੀ ਬਾਣੀ ਦੀ ਰਿਮਝਿਮ ਰੁੱਖਾਂ-ਮਨੁੱਖਾਂ ਤੋਂ ਇਲਾਵਾ ਸਾਰੀ ਕਾਇਨਾਤ ਨੂੰ ਨਸ਼ਿਆ ਦਿੰਦੀ ਸੀ, ਓਥੇ ਗੰਦੇ ਗੀਤਾਂ ਨੇ ਸਾਡੇ ਅਮੀਰ ਸੱਭਿਆਚਾਰ ਨੂੰ ਪਲੀਤ ਕਰਨ ਦੀ ਹਿਮਾਕਤ ਕੀਤੀ। ਜਿਸ ਧਰਤੀ ਨੇ ਦੂਜਿਆਂ ਖ਼ਾਤਰ ਲੜਨ-ਮਰਨ ਵਾਲੇ ਸੂਰਮੇ ਪੈਦਾ ਕੀਤੇ, ਉੱਥੋਂ ਦੇ ਜਾਇਆਂ ਨੂੰ ਆਪਸ ’ਚ ਲੜਾਉਣ ਦੇ ਮਨਸੂਬੇ ਤਿਆਰ ਹੋਏ।

ਭਗਤੀ ਲਹਿਰ ਨੇ ਪੰਜਾਬ ’ਚੋਂ ਜਾਤ-ਪਾਤ ਖ਼ਤਮ ਕਰਨ ਦਾ ਬੀੜਾ ਚੁੱਕਿਆ ਸੀ। ਉਨ੍ਹਾਂ ਨੂੰ ਮੁੜ ਵਰਣ-ਵੰਡ ਦੀ ਦਲਦਲ ’ਚ ਫਸਾਉਣ ਲਈ ਵੀ ਸਾਜ਼ਿਸ਼ਾਂ ਘੜੀਆਂ ਗਈਆਂ। ਇਕ-ਦੂਜੇ ਦੇ ਗਲ ਪਵਾਉਣ ਲਈ ‘ਖੋਜ ਕੇਂਦਰ’ ਖੁੱਲ੍ਹ ਚੁੱਕੇ ਹਨ। ਇੰਜ ਲੱਗਦਾ ਹੈ ਪੰਜਾਬੀ ਜਿਵੇਂ ਅੱਜ ਹਾਰੀ ਹੋਈ ਲੜਾਈ ਲੜ ਰਹੇ ਹਨ। ਪੰਜਾਬ ‘ਕਾਲਾ ਦੌਰ’ ਹੰਢਾ ਕੇ ਬਹੁਤ ਪਿੱਛੇ ਚਲਾ ਗਿਆ ਹੈ। ਕਰਜ਼ਾ-ਦਰ-ਕਰਜ਼ਾ ਇਸ ਦੀ ਹੋਣੀ ਬਣ ਚੁੱਕਾ ਹੈ।

ਪਹਿਲਾਂ ਪੰਜਾਬ ਨੂੰ ਅੱਤਵਾਦ ਦੀ ਭੱਠੀ ਵਿਚ ਝੋਕਿਆ ਗਿਆ ਸੀ। ਰੰਗਲਾ ਪੰਜਾਬ ਆਰਥਿਕ ਤੌਰ ’ਤੇ ਕੰਗਲਾ ਬਣ ਗਿਆ ਸੀ। ਹੁਣ ਗੈਂਗਵਾਰ ਨੇ ਅੱਤਵਾਦ ਦਾ ਦੂਜਾ ਰੂਪ ਧਾਰ ਲਿਆ ਹੈ। ਇਨ੍ਹਾਂ ’ਚ ਬਹੁਤੇ ਖਿਡਾਰੀ ਹਨ/ਸਨ। ਖੇਡਾਂ ਦੇ ਮੈਦਾਨ ਨੂੰ ਤਿਲਾਂਜਲੀ ਦੇ ਕੇ ਉਹ ਅਪਰਾਧ-ਜਗਤ ਦੀ ਦਲਦਲ ’ਚ ਧਸਦੇ ਗਏ। ਹੜ੍ਹ ਦੇ ਪਾਣੀ ਵਾਂਗ ਅੱਥਰੀ ਜਵਾਨੀ ਦੀ ਕੋਈ ਦਿਸ਼ਾ ਨਹੀਂ ਹੁੰਦੀ। ਬਹੁਤੇ ਗੈਂਗਸਟਰ ਭਲਵਾਨ, ਕਬੱਡੀ ਖਿਡਾਰੀ, ਅਥਲੀਟ ਜਾਂ ਵਿਦਿਆਰਥੀ ਸਨ। ਗਲੈਮਰ ਨੇ ਉਨ੍ਹਾਂ ਨੂੰ ਭਵਿੱਖ ਬਾਰੇ ਸੋਚਣ ਹੀ ਨਾ ਦਿੱਤਾ।

ਜੇਲ੍ਹਾਂ ਵਿਚ ਬੈਠੇ ਕਈ ਗੈਂਗਸਟਰਾਂ ਨੂੰ ਆਪਣੇ ਮਾਂ-ਬਾਪ ਦੀਆਂ ਅਰਥੀਆਂ ਨੂੰ ਮੋਢਾ ਦੇਣ ਲਈ ਪੈਰੋਲ ਤੱਕ ਨਾ ਮਿਲੀ। ਭੈਣ-ਭਾਈਆਂ ਦੇ ਵਿਆਹ ਵੀ ਉਨ੍ਹਾਂ ਦੀ ਗ਼ੈਰ-ਹਾਜ਼ਰੀ ’ਚ ਹੀ ਹੋਏ। ਹਥਿਆਰਾਂ ਦੇ ਸ਼ੌਕ ਨੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਨੂੰ ਗ੍ਰਹਿਣ ਲਗਾ ਦਿੱਤਾ ਸੀ। ਪੰਜਾਬ ਵਿਚ ਅੱਸੀਵੀਆਂ ਵਿਚ ਅੱਤਵਾਦ ਦੇ ਸਮਾਨਾਂਤਰ ਗੈਂਗਵਾਰ ਦਾ ਉਭਾਰ ਹੋਇਆ ਸੀ। ਪੰਜਾਬ ਯੂਨੀਵਰਸਿਟੀ ਗੈਂਗਸਟਰਾਂ ਲਈ ਸਭ ਤੋਂ ਵੱਡੀ ਪਾਠਸ਼ਾਲਾ ਬਣ ਚੁੱਕੀ ਸੀ। ਸਭ ਤੋਂ ਕੁਰਖ਼ਤ ਗੈਂਗਸਟਰ ਲਾਰੈਂਸ ਬਿਸ਼ਨੋਈ ਭਾਵੇਂ ਚੰਡੀਗੜ੍ਹ ਦੇ ਡੀਏਵੀ ਕਾਲਜ ਦੀ ਪੜ੍ਹਾਈ ਦੌਰਾਨ ਵਿਦਿਆਰਥੀ ਨੇਤਾ ਬਣਿਆ ਸੀ ਪਰ ਪੰਜਾਬ ਯੂਨੀਵਰਸਿਟੀ ਨੇ ਉਸ ਨੂੰ ਅਪਰਾਧ ਦੀ ਦੁਨੀਆ ’ਚ ਜਾਣ ਲਈ ਰਾਹ ਮੋਕਲਾ ਕੀਤਾ।

ਰਾਹ ਜਾਂਦੀ ਬਲਾ ਨੂੰ ਗਲ ਪਾਉਣ ਵਾਲੇ ਬਿਸ਼ਨੋਈ ਨੇ ਸਭ ਤੋਂ ਪਹਿਲਾਂ ਮਾਝੇ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਆਪਣੇ ਜ਼ਿਲ੍ਹੇ ਫ਼ਾਜ਼ਿਲਕਾ ਦੇ ਬਾਹੂਬਲੀ ਰੌਕੀ ਗੌਂਡਰ ਨਾਲ ਹੱਥ ਮਿਲਾਏ। ਦਸ ਅਕਤੂਬਰ 2020 ਨੂੰ ਅੱਧੀ ਰਾਤ ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ’ਚ ਵਿਦਿਆਰਥੀ ਨੇਤਾ ਗੁਰਲਾਲ ਬਰਾੜ ਦੇ ਕਤਲ ਨਾਲ ਬਿਸ਼ਨੋਈ ਗੈਂਗ ਤੇ ਬੰਬੀਹਾ ਗੈਂਗ ਦੇ ਸਿੰਗ ਫਸਣ ਦਾ ਮੁੱਢ ਬੱਝਾ। ਗੁਰਲਾਲ ਸੁਪੂ (ਸਟੂਡੈਂਟਸ ਯੂਨੀਅਨ ਆਫ ਪੰਜਾਬ ਯੂਨੀਵਰਸਿਟੀ) ਦਾ ਲੀਡਰ ਤੇ ਕੈਨੇਡਾ ’ਚ ਸ਼ਰਨ ਲਈ ਬੈਠੇ ਗੋਲਡੀ ਬਰਾੜ ਦਾ ਚਚੇਰਾ ਭਰਾ ਹੈ। ਇਸੇ ਕੜੀ ਨਾਲ ਹੀ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਲੜੀ ਜੁੜਦੀ ਹੈ।

ਗੁਰਲਾਲ ਤੋਂ ਬਾਅਦ 7 ਅਗਸਤ 2021 ਨੂੰ ਮੋਹਾਲੀ ਦੇ 71 ਸੈਕਟਰ ਵਿਚ ਦਿਨ-ਦਿਹਾੜੇ ਵਿੱਕੀ ਮਿੱਡੂਖੇੜਾ ਦਾ ਕਤਲ ਹੁੰਦਾ ਹੈ। ਮਿੱਡੂਖੇੜਾ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸੋਈ (ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ) ਦਾ ਲੀਡਰ ਸੀ ਜਿਸ ਨੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਜਿੱਤੀਆਂ ਸਨ ਤੇ ਲਾਰੈਂਸ ਬਿਸ਼ਨੋਈ/ਗੋਲਡੀ ਬਰਾੜ ਉਸ ਨੂੰ ਭਰਾਵਾਂ ਵਾਂਗ ਸਮਝਦੇ ਸਨ। ਸ਼ੱਕ ਦੀ ਸੂਈ ਪਹਿਲਾਂ ਹੀ ਮਾਰੇ ਜਾ ਚੁੱਕੇ ਦਵਿੰਦਰ ਬੰਬੀਹਾ ਗੈਂਗ ਦੁਆਲੇ ਘੁੰਮ ਰਹੀ ਸੀ। ਬਿਸ਼ਨੋਈ ਗੈਂਗ ਬਦਲੇ ਦੀ ਅੱਗ ਦਾ ਸ਼ਿਕਾਰ ਹੋ ਗਿਆ।

ਉਪਰੋਕਤ ਕਤਲਾਂ ਦੀ ਵਜ੍ਹਾ ਪੰਜਾਬੀ ਦੀ ਵਧ-ਫੁੱਲ ਰਹੀ ਮਿਊਜ਼ਿਕ ਇੰਡਸਟਰੀ ਸੀ। ਗੁਰਲਾਲ ਬਰਾੜ ਨੇ ਵੀ ਮਿਊਜ਼ਿਕ ਕੰਪਨੀ ਬਣਾਈ ਸੀ ਤੇ ਉਸ ਨੇ ਸਿੱਧੂ ਮੂਸੇਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਂ ਦਾ ਗਾਣਾ ਰਿਕਾਰਡ ਕਰਵਾਇਆ ਸੀ। ਬਿਸ਼ਨੋਈ ਤੇ ਗੋਲਡੀ ਬਰਾੜ ਅਨੁਸਾਰ ਅਫਸਾਨਾ ਨੇ ਸਿੱਧੂ ਨੂੰ ਕੋਈ ਲੂਤੀ ਲਾਈ ਜੋ ਦੋਨਾਂ ਗਰੁੱਪਾਂ ਵਿਚ ਖ਼ੂਨੀ ਖੇਡ ਦਾ ਆਗਾਜ਼ ਬਣੀ। ਸਿੱਧੂ ਮੂਸੇਵਾਲਾ ਦੇ ਗਾਣੇ, ‘ਬੋਲੇ ਵੇ ਬੰਬੀਹਾ ਬੋਲੇ’ ਨੂੰ ਬਿਸ਼ਨੋਈ ਗੈਂਗ ਨੇ ਚੁਣੌਤੀ ਵਾਂਗ ਲਿਆ ਸੀ।

ਖ਼ੈਰ, ਦੋਨਾਂ ਗਰੁੱਪਾਂ ਦੀ ਖ਼ੂਨੀ-ਖੇਡ ਨੇ ਹੁਣ ਤੱਕ ਕਈ ਘਰਾਂ ’ਚ ਸੱਥਰ ਵਿਛਾ ਦਿੱਤੇ ਹਨ। ਸੋਸ਼ਲ ਮੀਡੀਆ ਦਾ ਲਾਹਾ ਲੈਂਦਿਆਂ ਉਨ੍ਹਾਂ ਨੇ ਰੱਜ ਕੇ ਫਿਰੌਤੀਆਂ ਵੀ ਲਈਆਂ। ਗਾਇਕ ਤੇ ਅਭਿਨੇਤਾ ਪਰਮੀਸ਼ ਵਰਮਾ ’ਤੇ ਕਾਤਲਾਨਾ ਹਮਲਾ ਵੀ ਫਿਰੌਤੀ ਦੇ ਮਕਸਦ ਨਾਲ ਕੀਤਾ ਗਿਆ ਸੀ। ਹੈਰਾਨੀ ਤੇ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਗੈਂਗਸਟਰ ਜੇਲ੍ਹਾਂ ’ਚੋਂ ਵੀ ਆਪਣਾ ਕਾਲਾ ਧੰਦਾ ਚਲਾ ਰਹੇ ਹਨ। ਸ਼ੇਰਾ ਖੁੱਬਣ, ਡਿੰਪੀ ਚੰਦਰਭਾਨ, ਵਿੱਕੀ ਗੌਂਡਰ ਤੇ ਸੁੱਖਾ ਕਾਹਲਵਾਂ ਆਦਿ ਦੇ ਮਾਰੇ ਜਾਣ ਦੇ ਬਾਵਜੂਦ ਗੈਂਗਸਟਰਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਨਹੀਂ ਪਈ।

ਯੂਪੀ ਦੇ ‘ਦੇਸੀ ਕੱਟੇ’ ਪੰਜਾਬ, ਹਰਿਆਣਾ ਤੇ ਹਿਮਾਚਲ ਵਿਚ ਤਾਂ ਅੜਿੰਗਦੇ ਹੀ ਸਨ, ਹੁਣ ਇਨ੍ਹਾਂ ਦੀ ਗੂੰਜ ਗੀਤਾਂ ’ਚ ਵੀ ਸੁਣੀ ਜਾ ਰਹੀ ਹੈ। ਗੈਂਗਵਾਰ ਹੁਣ ਸੱਤ ਸਮੁੰਦਰ ਪਾਰ ਕੈਨੇਡਾ ਤੇ ਹੋਰ ਦੇਸ਼ਾਂ ’ਚ ਵੀ ਪੁੱਜ ਚੁੱਕੀ ਹੈ। ਪਿੱਛੇ ਜਿਹੇ ਜੱਗੂ ਭਗਵਾਨੀਪੁਰੀਆ ਦੀ ਮਾਂ ਤੇ ਨੌਜਵਾਨ ਰਿਸ਼ਤੇਦਾਰ ਦਾ ਕਤਲ ਹੋਇਆ ਸੀ। ਜੱਗੂ ਆਪਣੀ ਮਾਂ ਦੀ ਦੇਹ ਨੂੰ ਅਗਨਿ ਭੇਟ ਕਰਨ ਵੀ ਨਾ ਜਾ ਸਕਿਆ। ਆਸਟ੍ਰੇਲੀਆ ਬੈਠਾ ਉਸ ਦਾ ਭਰਾ ਵੀ ਡਰਦਾ ਨਾ ਆਇਆ ਤਾਂ ਉਸ ਨੇ ਆਪਣੀ ਘਰ ਵਾਲੀ ਨੂੰ ਅੰਤਿਮ ਸੰਸਕਾਰ ਲਈ ਭੇਜਿਆ ਜੋ ਵਾਪਸੀ ਵੇਲੇ ਰਾਜਾਸਾਂਸੀ ਏਅਰਪੋਰਟ ਤੋਂ ਫੜ ਲਈ ਗਈ।

ਅਪਰਾਧ ਦੀ ਦੁਨੀਆ ’ਚ ਹਰ ਬਾਹੂਬਲੀ ਲਿੱਸੇ ਨੂੰ ਦਬੋਚਦਾ ਹੈ। ਪੁਲਿਸ ਅਜਿਹੇ ਅਪਰਾਧੀਆਂ ਨੂੰ ਸੱਚੇ ਜਾਂ ਝੂਠੇ ਮੁਕਾਬਲਿਆਂ ’ਚ ਢੇਰ ਕਰ ਦਿੰਦੀ ਹੈ। ਪ੍ਰੋਫੈਸਰ ਪੂਰਨ ਸਿੰਘ ਦੀ ਕਾਵਿ ਪੰਕਤੀ, ‘ਪੰਜਾਬੀ ਮਾਵਾਂ ਦੇ ਪੁੱਤ, ਰੱਖਣ ਨਾ ਜਾਨ ਸੰਭਾਲ ਕੇ’ ਨੂੰ ਅੱਖੋਂ-ਪਰੋਖੇ ਕਰ ਕੇ ਜਵਾਨੀਆਂ ਸਾਂਭਣੀਆਂ ਚਾਹੀਦੀਆਂ ਹਨ। ਫਿਰੌਤੀਆਂ ਲੈ ਕੇ ਰਾਤੋ-ਰਾਤ ਅਮੀਰ ਹੋਣ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਜਿਹਾ ਕਰਨਾ ਸੱਪ ਦੇ ਸਿਰੋਂ ਮਣੀ ਲਾਹੁਣ ਵਾਂਗ ਹੁੰਦਾ ਹੈ।