VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਸ਼੍ਰੋਮਣੀ ਕਮੇਟੀ ਬਨਾਮ ਏਆਈ ( ਪੰਜਾਬੀ ਜਾਗਰਣ –– 3rd AUGUST, 2025)

ਵਰਿੰਦਰ ਵਾਲੀਆ

ਬੁੱਤਘਾੜੇ ਨੇ ਪੱਥਰ ਨੂੰ ਤਰਾਸ਼ ਕੇ ਰੱਬ ਦੀ ਮੂਰਤ ਬਣਾਈ ਤੇ ਫਿਰ ਤਾਉਮਰ ਉਸ ਅੱਗੇ ਨਤਮਸਤਕ ਹੁੰਦਾ ਰਿਹਾ। ਮਸ਼ੀਨੀ ਬੁੱਧੀ, ਮਸਨੂਈ ਬੁੱਧੀ/ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਸਿਰਜਣਾ ਤੋਂ ਬਾਅਦ ਮਨੁੱਖ ਨਾਲ ਕੁਝ ਅਜਿਹਾ ਹੀ ਵਾਪਰ ਰਿਹਾ ਹੈ। ਮਸ਼ੀਨ ਜਿਉਂ-ਜਿਉਂ ਬੁੱਧੀਮਾਨ ਹੁੰਦੀ ਜਾ ਰਹੀ ਹੈ, ਤਿਉਂ-ਤਿਉਂ ਮਨੁੱਖ ਹੈਰਾਨ-ਪਰੇਸ਼ਾਨ ਹੋ ਰਿਹਾ ਹੈ। ਮਨੁੱਖੀ ਦਿਮਾਗ ਨੇ ਹੀ ਤਾਂ ਉਸ ਨੂੰ ਮਹਾਬਲੀ ਬਣਾਇਆ ਸੀ। ਮਨੁੱਖੀ ਦਿਮਾਗ ਕੋਲ ਵਿਚਾਰ-ਵਿਮਰਸ਼ ਕਰਨ ਦੀ ਸ਼ਕਤੀ ਹੈ ਜੋ ਉਸ ਨੂੰ ਦੂਜੇ ਜਾਨਵਰਾਂ, ਜੀਵ-ਜੰਤੂਆਂ ਤੇ ਪੰਖੇਰੂਆਂ ਨਾਲੋਂ ਉੱਤਮ/ਸਰਵ-ਸ੍ਰੇਸ਼ਟ ਬਣਾਉਂਦੀ ਹੈ।

ਦਿਮਾਗ ਦਰਅਸਲ ਮਨੁੱਖੀ ਸਰੀਰ ਦਾ ਸਭ ਤੋਂ ਮਹੱਤਵਪੂਰਨ ਤੇ ਜਟਿਲ ਅੰਗ ਹੈ। ਇਸ ਨੂੰ ਸਰੀਰ ਦਾ ਕਮਾਂਡ ਸੈਂਟਰ ਕਹਿੰਦੇ ਹਨ। ਹਰ ਦਿਨ ਮਨੁੱਖੀ ਦਿਮਾਗ ਵਿਚ ਔਸਤਨ 70 ਹਜ਼ਾਰ ਤੋਂ ਵੱਧ ਵਿਚਾਰ ਉਤਪੰਨ ਹੁੰਦੇ ਹਨ। ਹਰ ਨਸ ਵਿਚ ਦਿਮਾਗ ਦਾ ਹੀ ਹੁਕਮ ਚੱਲਦਾ ਹੈ। ਹੱਥਾਂ ਤੋਂ ਅੱਥਰੂਆਂ ਤੱਕ! ਦੂਜੇ ਪਾਸੇ ਮਨੁੱਖ ਦੇ ਦਿਮਾਗ ਦੀ ਸਿਰਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਾ ਅੱਕਦੀ ਹੈ ਤੇ ਨਾ ਥੱਕਦੀ ਹੈ। ਇਸ ਨੂੰ ਆਰਾਮ ਦੀ ਲੋੜ ਨਹੀਂ। ਮਨੁੱਖੀ ਦਿਮਾਗ ਵਿਚ 86 ਖਰਬ ਨਿਉਰੋਨਾਂ ਦਾ ਜਾਲ਼ ਵਿਛਿਆ ਹੋਇਆ ਹੈ। ਹਰ ਨਿਉਰੋਨ ਹਜ਼ਾਰਾਂ ਹੋਰ ਨਿਉਰੋਨਾਂ ਨਾਲ ਜੁੜਿਆ ਹੋਇਆ ਹੈ। ਮਸ਼ੀਨੀ ਦਿਮਾਗ ਕੋਲ ਅਜਿਹਾ ਕੁਝ ਵੀ ਨਹੀਂ ਹੈ, ਫਿਰ ਵੀ ਇਹ ਮਨੁੱਖ ਨੂੰ ਹਰ ਖੇਤਰ ਵਿਚ ਮਾਤ ਦੇ ਰਿਹਾ ਹੈ।

ਅਧਿਆਤਮਵਾਦ ਅਨੁਸਾਰ ਦਿਮਾਗ ਆਤਮਾ ਨਾਲ ਸਰੀਰ ਦੇ ਸੰਪਰਕ ਦਾ ਦਰਵਾਜ਼ਾ ਹੈ। ਮਨੁੱਖ ਕੋਲ ਤੀਜੀ ਅੱਖ ਹੋ ਸਕਦੀ ਹੈ ਜਿਸ ਦੀ ਮਸ਼ੀਨੀ ਬੁੱਧੀ ਵਿਚ ਘਾਟ ਹੈ। ਇਸੇ ਕਰਕੇ ਮਸਨੂਈ ਬੁੱਧੀ ਵਿਚ ਅਲਜ਼ਾਈਮਰ ਜਾਂ ਯਾਦ-ਸ਼ਕਤੀ ਦੀ ਕਮੀ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਨਾ ਹੀ ਇਸ ਦਾ ਦਿਲ ਡੁੱਬਦਾ ਤੇ ਨਾ ਹੀ ਇਹ ਕਿਸੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਸਕਦੀ ਹੈ। ਕਹਿਣ ਤੋਂ ਭਾਵ ਕਿ ਮਨੁੱਖੀ ਦਿਮਾਗ ਤੇ ਮਸ਼ੀਨੀ ਬੁੱਧੀ ਵਿਚ ਬੁਨਿਆਦੀ ਅੰਤਰ ਹੈ ਜੋ ਕਿਆਮਤ ਤੱਕ ਬਰਕਰਾਰ ਰਹੇਗਾ। ਸਪਸ਼ਟ ਹੈ ਕਿ ਮਸਨੂਈ ਬੁੱਧੀ ਮਨੁੱਖ ਨੂੰ ਉਹੀ ਪਰੋਸੇਗੀ ਜੋ ਉਸ ਨੂੰ ਮਨੁੱਖ ਨੇ ਅਰਪਿਤ ਕੀਤਾ ਹੋਵੇਗਾ।

ਸੰਨ 2022 ਵਿਚ ਜਦੋਂ ਓਪਨ-ਏਆਈ ਦੇ ਪਲੇਟਫਾਰਮ, ਚੈਟਜੀਪੀਟੀ ਦਾ ਉਦੈ ਹੋਇਆ ਸੀ ਤਾਂ ਇਸ ਨੇ ਤਹਿਲਕਾ ਮਚਾ ਦਿੱਤਾ ਸੀ। ਚੰਦ ਕੁ ਦਿਨਾਂ ਵਿਚ ਇਸ ਨੇ ਉਹ ਮੁਕਾਮ ਹਾਸਲ ਕਰ ਲਿਆ ਸੀ ਜੋ ਟਵਿੱਟਰ, ਯੂ-ਟਿਊਬ, ਫੇਸਬੁੱਕ ਆਦਿ ਨੂੰ ਵਰ੍ਹਿਆਂ ਵਿਚ ਨਸੀਬ ਨਹੀਂ ਸੀ ਹੋਇਆ। ਇਸ ਦੀ ਹਾਜ਼ਰ-ਜਵਾਬੀ ਨੇ ਮਨੁੱਖ ਨੂੰ ਅਚੰਭਿਤ ਤੋਂ ਵੱਧ ਖ਼ੌਫ਼ਜ਼ਦਾ ਕੀਤਾ ਸੀ। ਕਰੋੜਾਂ ਨੌਕਰੀਆਂ ਖਾਧੇ ਜਾਣ ਦਾ ਖ਼ਦਸ਼ਾ ਪੈਦਾ ਹੋ ਗਿਆ ਸੀ। ਦਿਮਾਗ ਜਿਸ ਨੇ ਮਨੁੱਖ ਨੂੰ ਹੋਰ ਪ੍ਰਾਣੀਆਂ ਦੇ ਤੁੱਲ ਸਰਵ-ਸ੍ਰੇਸ਼ਟ ਬਣਾਇਆ ਸੀ, ਪੂਰੀ ਤਰ੍ਹਾਂ ਚਕਰਾ ਕੇ ਰਹਿ ਗਿਆ ਸੀ।

ਮਨੁੱਖ ਨੂੰ ਲੱਗਿਆ ਕਿ ਉਸ ਨੇ ਆਪਣੀ ਕਬਰ ਖ਼ੁਦ ਖੋਦੀ ਹੈ। ਇਹ ਸ਼ੇਰ ਦੀ ਸਵਾਰੀ ਵਾਂਗ ਸੀ। ਮੌਕਾ ਮਿਲਦਿਆਂ ਸਾਰ ਸ਼ੇਰ ਨੇ ਆਪਣੇ ਅਸਵਾਰ ਨੂੰ ਹੜੱਪ ਜਾਣਾ ਸੀ। ਸ਼ੁਰੂ ਵਿਚ ਆਲਮੀ ਚਰਚਾ ਵਿਚ ਮਸ਼ੀਨੀ ਬੁੱਧੀ ਨੂੰ ਮਨੁੱਖ ਲਈ ਵਰਦਾਨ ਕਿਹਾ ਗਿਆ ਸੀ। ਜਿਉਂ-ਜਿਉਂ ਮਸ਼ੀਨ ਦੀ ਬੁੱਧੀ ਵਿਕਸਤ ਹੁੰਦੀ ਗਈ, ਤਿਉਂ-ਤਿਉਂ ਇਹ ਹਊਆ ਬਣ ਕੇ ਮਨੁੱਖ ਨੂੰ ਡਰਾਉਣ ਲੱਗੀ। ਫੋਟੋਸ਼ਾਪ ’ਤੇ ਮੌਲਿਕ ਤਸਵੀਰਾਂ ਨੂੰ ਬਦਲਣ ਲਈ ਕਾਫ਼ੀ ਸਮਾਂ ਲੱਗਦਾ ਸੀ। ਅੱਜ ਗੂਗਲ ਦਾ ਜੈਮਨੀ, ਚੈਟਜੀਪੀਟੀ ਤੇ ਹੋਰ ਐਪਸ ਇਹੀ ਕਾਰਜ ਚੁਟਕੀ ਵਿਚ ਕਰ ਦਿੰਦੇ ਹਨ। ਮਸਨੂਈ ਬੁੱਧੀ ਦੀ ਬਦੌਲਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਗਰਬਾ ਖਿਡਾਇਆ ਜਾ ਸਕਦਾ ਹੈ। ਇਸ ਤੋਂ ਵੀ ਖ਼ਤਰਨਾਕ ਹੈ ਆਵਾਜ਼ ਅਤੇ ਸ਼ਕਲ ਦੀ ਕਲੋਨਿੰਗ। ਇਸ ਦੀ ਤਾਜ਼ਾ ਮਿਸਾਲ ਕੁਝ ਫ਼ਰਜ਼ੀ ਚੈਨਲਾਂ ਵੱਲੋਂ ਭਾਰਤ ਦੇ ਮਸ਼ਹੂਰ ਟੀਵੀ ਜਰਨਲਿਸਟ ਰਵੀਸ਼ ਕੁਮਾਰ ਦੀ ਆਵਾਜ਼ ’ਚ ਕਈ ਗੁਮਰਾਹਕੁੰਨ ਪੋਸਟਾਂ ਪਾਈਆਂ ਜਾ ਰਹੀਆਂ ਹਨ।

ਏਆਈ ਦਾ ਕਮਾਲ ਹੈ ਜੋ ਚਿਹਰਿਆਂ ’ਤੇ ਹੋਰ ਚਿਹਰੇ ਚਿਪਕਾਉਣ ਦੀ ਮੁਹਾਰਤ ਰੱਖਦੀ ਹੈ। ਡਿਜੀਟਲ ਤਕਨਾਲੋਜੀ, ਖ਼ਾਸ ਤੌਰ ’ਤੇ ਡੀਪਫੇਕ ਅਤੇ ਏਆਈ ਵਾਇਸ ਕਲੋਨਿੰਗ ਦੀ ਬਦੌਲਤ ਭਵਿੱਖ ਵਿਚ ਅਣਗਿਣਤ ਫ਼ਰਜ਼ੀ ਪੋਸਟਾਂ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਦੀਆਂ ਫ਼ਰਜ਼ੀ ਪੋਸਟਾਂ ਨਾਲ ਵੱਡੇ ਪੱਧਰ ’ਤੇ ਸਮਾਜਿਕ ਰਿਸ਼ਤੇ ਟੁੱਟ ਸਕਦੇ ਹਨ। ਮਸ਼ੀਨੀ ਬੁੱਧੀ ਮਨੁੱਖ ਵੱਲੋਂ ਸਿਖਾਏ ਜਾਣ ਨਾਲ ਦਿਨ-ਬ-ਦਿਨ ਤਿੱਖੀ ਹੋ ਰਹੀ ਹੈ। ਆਪਣੀਆਂ ਗ਼ਲਤੀਆਂ ਨੂੰ ਸੁਧਾਰ ਰਹੀ ਹੈ। ਮਸਲਨ, ਸ਼ੁਰੂ ਵਿਚ ਇਹ ਬੇਝਿਜਕ ਹੋ ਕੇ ਗੁਰੂਆਂ, ਪੀਰ-ਪੈਗੰਬਰਾਂ ਅਤੇ ਦੇਵੀ-ਦੇਵਤਿਆਂ ਬਾਰੇ ਲਤੀਫ਼ੇ/ ਚੁਟਕਲੇ ਸੁਣਾਉਂਦੀ ਸੀ। ਇਸ ’ਤੇ ਵੱਡੇ ਵਿਵਾਦ ਛਿੜੇ ਸਨ। ਇਸ ਖ਼ਿਲਾਫ਼ ਜਹਾਦ ਖੜ੍ਹਾ ਹੋ ਗਿਆ ਸੀ।

ਹੁਣ ਇਸ ਨੇ ਵਿਦਵਾਨਾਂ ਤੇ ਧਾਰਮਿਕ ਆਗੂਆਂ ਦੀ ਸੈਨਾ ਭਰਤੀ ਕਰ ਲਈ ਹੈ। ਜੇ ਕੋਈ ਚੈਟਜੀਪੀਟੀ ਨੂੰ ਹੁਣ ਪੈਗੰਬਰ ਮੁਹੰਮਦ ਸਾਹਿਬ, ਗੁਰੂਆਂ ਜਾਂ ਦੇਵੀ-ਦੇਵਤਿਆਂ ਬਾਰੇ ਲਤੀਫ਼ਾ ਸੁਣਾਉਣ ਬਾਰੇ ਕਹੇ ਤਾਂ ਜਵਾਬ ’ਚ ਇਹ ਕਹੇਗਾ, ‘‘ਮੈਂ ਮਾਫ਼ੀ ਚਾਹੁੰਦਾ ਹਾਂ। ਮੈਂ ਕਿਸੇ ਵੀ ਧਾਰਮਿਕ ਸ਼ਖ਼ਸੀਅਤ ਬਾਰੇ ਚੁਟਕਲੇ ਨਹੀਂ ਘੜ ਸਕਦਾ ਕਿਉਂਕਿ ਇਹ ਉਨ੍ਹਾਂ ’ਚ ਆਸਥਾ ਰੱਖਣ ਵਾਲਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਆਪਣੇ ਜਵਾਬ ’ਚ ਹੱਥ ਜੋੜ ਕੇ ਪੁੱਛਿਆ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਵਿਸ਼ੇਸ਼ ਧਾਰਮਿਕ ਸ਼ਖ਼ਸੀਅਤ ਦੇ ਉਪਦੇਸ਼ਾਂ ’ਤੇ ਆਧਾਰਤ ਕੋਈ ਪ੍ਰੇਰਕ ਕਥਾ-ਕਹਾਣੀ ਪੜ੍ਹਨੀ ਚਾਹੁੰਦੇ ਹੋ ਤਾਂ ਮੈਂ ਇਹ ਪੇਸ਼ ਕਰ ਸਕਦਾ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਏਆਈ ਦੇ ਵੱਖ-ਵੱਖ ਪਲੇਟਫਾਰਮਾਂ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ’ਤੇ ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਸਣੇ ਕਈ ਧਾਰਮਿਕ ਆਗੂਆਂ ਦੀਆਂ ਤਸਵੀਰਾਂ ਨੂੰ ਵੀ ਏਆਈ ਦੀ ਮਦਦ ਨਾਲ ਬਣਾਉਣਾ ਵਾਜਿਬ ਨਹੀਂ ਹੈ। ਧਾਮੀ ਸਾਹਿਬ ਦੀ ਸ਼ਿਕਾਇਤ ਵਾਜਿਬ ਹੈ। ਗੁਰੂ ਸਾਹਿਬਾਨ ਤੇ ਗੁਰਬਾਣੀ ਨੂੰ ਭਰੋਸੇਯੋਗ ਸਰੋਤਾਂ ਤੋਂ ਪ੍ਰਾਪਤ ਕਰਨ ਲਈ ਫਿਲਟਰ ਲੱਗ ਸਕਦੇ ਹਨ।

ਫਿਲਟਰ ਲੱਗਣ ਨਾਲ ਅਲਗੋਰਿਦਮ ਵਿਚ ਧਾਰਮਿਕ ਪ੍ਰਸੰਗਾਂ/ ਸੰਦਰਭਾਂ ਦੀ ਗ਼ਲਤ ਵਰਤੋਂ ’ਤੇ ਰੋਕ ਲੱਗ ਜਾਵੇਗੀ। ਇਸ ਕਾਰਜ ਲਈ ਸ਼੍ਰੋਮਣੀ ਕਮੇਟੀ ਨੂੰ ਏਆਈ ਮਾਹਿਰਾਂ ਦੀ ਟੀਮ ਬਣਾਉਣੀ ਪਵੇਗੀ। ਮਹਿਜ਼ ਚਿੱਠੀ-ਪੱਤਰ ਲਿਖ ਕੇ ਕੁਝ ਨਹੀਂ ਹੋਣ ਵਾਲਾ। ਮਸ਼ੀਨੀ ਬੁੱਧੀ (ਏਆਈ) ਉਹੀ ਕਰੇਗੀ ਜੋ ਇਸ ਨੂੰ ਸਿਖਾਇਆ ਜਾਵੇਗਾ। ਇਸ ਨੂੰ ਖੂਹ ਦੀ ਆਵਾਜ਼ ਸਮਝ ਕੇ ਚਾਰਾਜੋਈ ਕਰਨੀ ਪਵੇਗੀ। ਸਿੱਖ ਪੰਥ ਲਈ ਸ਼ੁੱਧ ਗੁਰਬਾਣੀ ਦਾ ਉਚਾਰਨ ਜਾਂ ਸੰਥਿਆ ਬੇਹੱਦ ਭਾਵੁਕ ਮੁੱਦਾ ਹੈ। ਚੌਥੇ ਨਾਨਕ, ਗੁਰੂ ਰਾਮਦਾਸ ਪਾਤਸ਼ਾਹ ਦਾ ਮਹਾਵਾਕ, ‘‘ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ’’ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਪੰਥ ਲਈ ਜਾਗਤ-ਜੋਤ ਗੁਰੂ ਹੈ। ਗੁਰਬਾਣੀ ਦੀਆਂ ਲਗਾਂ-ਮਾਤਰਾਵਾਂ ਨਾਲ ਮਾਮੂਲੀ ਜੇਹੀ ਛੇੜਛਾੜ ਵੀ ਵੱਡਾ ਧਾਰਮਿਕ ਮੁੱਦਾ ਬਣ ਸਕਦੀ ਹੈ।

ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸੱਤਵੇਂ ਨਾਨਕ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਵੱਡੇ ਪੁੱਤਰ ਰਾਮ ਰਾਇ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਗੁਰਬਾਣੀ ਦੀ ਪੰਕਤੀ ‘ਮਿਟੀ ਮੁਸਲਮਾਨ ਕੀ’ ਬਦਲ ਕੇ ‘ਮਿਟੀ ਬੇਈਮਾਨ ਕੀ’ ਕਿਹਾ ਤਾਂ ਗੁਰੂ ਸਾਹਿਬ ਨੇ ਉਸ ਨਾਲੋਂ ਨਾਤਾ ਤੋੜ ਲਿਆ ਸੀ। ਅਜਿਹੀ ਬੇਅਦਬੀ ਦੀ ਘਟਨਾ ਨਾ ਵਾਪਰੇ, ਇਸ ਲਈ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ। ਧਾਮੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਚਿੱਠੀ ਲਿਖ ਕੇ ਤਕਨੀਕੀ ਕਦਮ ਚੁੱਕੇ ਜਾਣ ਲਈ ਕਿਹਾ ਹੈ।

ਇਹ ਤਾਂ ਹੀ ਸੰਭਵ ਹੋਵੇਗਾ ਜੇ ਸ਼੍ਰੋਮਣੀ ਕਮੇਟੀ ਏਆਈ ਪਲੇਟਫਾਰਮਾਂ ਨਾਲ ਸਿੱਧਾ ਰਾਬਤਾ ਕਾਇਮ ਕਰ ਕੇ ਭਰੋਸੇਯੋਗ ਇਤਿਹਾਸਕ ਸੂਤਰਾਂ ਦਾ ਹਵਾਲਾ ਮੁਹੱਈਆ ਕਰਵਾਏ। ਅਜਿਹਾ ਨਾ ਕੀਤਾ ਗਿਆ ਤਾਂ ਮਸ਼ੀਨੀ ਬੁੱਧੀ ਉਹੀ ਸਮੱਗਰੀ ਚੁੱਕੇਗੀ ਜੋ ਇੰਟਰਨੈੱਟ ’ਤੇ ਪਈ ਹੋਈ ਹੈ। ਕਹਿਣ ਤੋਂ ਭਾਵ ਹੈ ਕਿ ਏਆਈ ਕੋਲ ਆਪਣਾ ਦਿਮਾਗ ਕੋਈ ਨਹੀਂ, ਇਸ ਨੇ ਤਾਂ ਦੂਜਿਆਂ ਦਾ ਮਗਜ਼ ਹੀ ਖਾਣਾ ਹੈ। ਸ਼੍ਰੋਮਣੀ ਕਮੇਟੀ ਆਪਣੀਆਂ ਪੁਰਾਣੀਆਂ ਇਤਿਹਾਸਕ ਗ਼ਲਤੀਆਂ ਤੋਂ ਸਿੱਖ ਕੇ ਏਆਈ ਨੂੰ ਹੋਰ ਬੁੱਧੀਮਾਨ ਬਣਾ ਸਕਦੀ ਹੈ।

ਉਸ ਵੱਲੋਂ ਤਤਕਾਲੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੀ ਸੰਪਾਦਿਤ ਕੀਤੀ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਸਣੇ ਕੁਝ ਕਿਤਾਬਾਂ ਛਾਪੀਆਂ ਗਈਆਂ ਸਨ ਜਿਨ੍ਹਾਂ ਵਿਚ ਕਈ ਤੱਥ ਇਤਿਹਾਸ ਨਾਲ ਮੇਲ ਨਹੀਂ ਸਨ ਖਾਂਦੇ। ਵਿਵਾਦ ਖੜ੍ਹਾ ਹੋਣ ਪਿੱਛੋਂ ਸ਼੍ਰੋਮਣੀ ਕਮੇਟੀ ਨੇ ਭਾਵੇਂ ਇਹ ਕਿਤਾਬ ਵਾਪਸ ਲੈ ਲਈ ਸੀ ਪਰ ਇਸ ਦੇ ਹਵਾਲੇ ਅਜੇ ਵੀ ਨੈੱਟ ’ਤੇ ਪਏ ਹੋਏ ਹਨ। ਜੇਕਰ ਇਨ੍ਹਾਂ ਨੂੰ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ਨਾ ਸੋਧਿਆ ਗਿਆ ਤਾਂ ਫਿਰ ਮਸਨੂਈ ਬੁੱਧੀ/ ਬੌਧਿਕਤਾ ’ਤੇ ਦੋਸ਼ ਮੜ੍ਹਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।