ਜੋ ਨਹੀਂ ਵਿਕਦੇ... ( ਪੰਜਾਬੀ ਜਾਗਰਣ –– 17th AUGUST, 2025)
ਵਰਿੰਦਰ ਵਾਲੀਆ
ਚੌਵੀ ਜੁਲਾਈ 1985 ਨੂੰ ਹੋਇਆ ‘ਪੰਜਾਬ ਸਮਝੌਤਾ’ ਸਮੁੱਚੇ ਪੰਜਾਬੀਆਂ ਨਾਲ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਕੋਝਾ ਮਜ਼ਾਕ ਸੀ। ਇਸ ਸਮਝੌਤੇ ਦੇ ਪਿਛੋਕੜ ਵਿਚ ਸਾਕਾ ਨੀਲਾ ਤਾਰਾ ਅਤੇ ਸਿੱਖ ਵਿਰੋਧੀ ਦੰਗੇ ਸਨ। ਸਿੱਖ ਭਾਈਚਾਰੇ ਵਿਚ ਬੇਗਾਨਗੀ ਦਾ ਅਹਿਸਾਸ ਸੀ ਅਤੇ ਉਨ੍ਹਾਂ ਦੇ ਦਿਲਾਂ ਵਿਚ ਭਾਂਬੜ ਮਚ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ‘ਪੰਜਾਬ ਸਮਝੌਤਾ’ ਉੱਤੇ ਦਸਤਖ਼ਤ ਕੀਤੇ ਤਾਂ ਪੰਥ ਬੁਰੀ ਤਰ੍ਹਾਂ ਦੋ ਖੇਮਿਆਂ ਵਿਚ ਵੰਡਿਆ ਗਿਆ ਸੀ। ਇਸ ਸਮਝੌਤੇ ਨੇ ਬਲਦੀ ’ਤੇ ਤੇਲ ਪਾਉਣ ਵਾਲਾ ਕੰਮ ਕੀਤਾ ਸੀ। ਰਿਸ ਰਹੇ ਜ਼ਖ਼ਮਾਂ ’ਤੇ ਲਾਈ ਜਾਣ ਵਾਲੀ ਮੱਲ੍ਹਮ ਲੂਣ ਦਾ ਲੇਪ ਸਾਬਿਤ ਹੋਈ। ਮੌਤ ਸਾਏ ਵਾਂਗ ਸੰਤ ਲੌਂਗੋਵਾਲ ਦਾ ਪਿੱਛਾ ਕਰਨ ਲੱਗੀ।

ਕੌਮ ਦੇ ਸਰਦਾਰ ਰਹੇ ਸੰਤ ਲੌਂਗੋਵਾਲ ਨੂੰ ਗ਼ਦਾਰ ਦੀ ਤਸ਼ਬੀਹ ਦਿੱਤੀ ਜਾਣ ਲੱਗੀ। ਪੰਜਾਬ ਸਮਝੌਤੇ ਦੇ ਚੰਦ ਦਿਨਾਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਤ ਲੌਂਗੋਵਾਲ ’ਤੇ ਹਮਲਾ ਹੋਇਆ ਜਿਸ ਨੂੰ ਸਤਰਕ ਸੁਰੱਖਿਆ ਕਰਮੀਆਂ ਨੇ ਪਛਾੜ ਦਿੱਤਾ ਸੀ। ਇਨ੍ਹੀਂ ਦਿਨੀਂ ਹਰਿਮੰਦਰ ਸਾਹਿਬ ਦੇ ਚਾਰ-ਚੁਫੇਰੇ ਸਾਕਾ ਨੀਲਾ ਤਾਰਾ ’ਚ ਮਾਰੇ ਗਏ ਵਿਅਕਤੀਆਂ ਦੀਆਂ ਤਸਵੀਰਾਂ ਧੜਾਧੜ ਵਿਕ ਰਹੀਆਂ ਸਨ। ਇਨ੍ਹਾਂ ’ਚ ਸੰਤ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ ਤੇ ਹੋਰ ਰਵਾਇਤੀ ਅਕਾਲੀ ਨੇਤਾਵਾਂ ਦੀ ਇਕ ਵੀ ਤਸਵੀਰ ਨਹੀਂ ਸੀ। ਤਸਵੀਰਾਂ ਵੇਚਣ ਵਾਲੇ ਹੋਕਰਾ ਦਿੰਦੇ, ‘‘ਜੋ ਵਿਕਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਨਹੀਂ ਵਿਕਦੀਆਂ।’’ ‘ਸਾਕਾ ਨੀਲਾ ਤਾਰਾ’ ਅਤੇ ਸਿੱਖ ਵਿਰੋਧੀ ਦੰਗੇ ਭਾਈਚਾਰੇ ਲਈ ਅਕਹਿ ਤੇ ਅਸਹਿ ਸਨ।
ਇਤਿਹਾਸ ਗਵਾਹ ਹੈ ਕਿ ਸਾਕਿਆਂ ਦਾ ਸੇਕ ਕੌਮਾਂ ਸਦੀਆਂ ਤੱਕ ਸੇਕਦੀਆਂ ਹਨ। ਪੀੜਾ ਕਈ ਪੀੜ੍ਹੀਆਂ ਤੱਕ ਉਨ੍ਹਾਂ ਦਾ ਖਹਿੜਾ ਨਹੀਂ ਛੱਡਦੀ। ਜਿਨ੍ਹਾਂ ਨੇ ਅਜਿਹੀ ਪੀੜਾ ਹੱਡੀਂ ਹੰਢਾਈ ਹੁੰਦੀ ਹੈ, ਉਸ ਦੀ ਪੀੜ ਉਨ੍ਹਾਂ ਦੇ ਫੁੱਲ ਤਾਰਨ ਤੱਕ ਮੱਠੀ ਨਹੀਂ ਪੈਂਦੀ। ਸਮਝੌਤਾ ਸਹੀਬੰਦ ਕੀਤਿਆਂ ਨੂੰ ਹਾਲੇ ਮਹੀਨਾ ਵੀ ਨਹੀਂ ਸੀ ਬੀਤਿਆ ਕਿ ਗੁਸੈਲੇ ਹਥਿਆਰਬੰਦ ਨੌਜਵਾਨਾਂ ਨੇ 20 ਅਗਸਤ 1985 ਨੂੰ ਸੰਗਰੂਰ ਜ਼ਿਲ੍ਹੇ ਵਿਚ ਸ਼ੇਰਪੁਰ ਦੇ ਗੁਰਧਾਮ ਵਿਖੇ ਲੌਂਗੋਵਾਲ ਨੂੰ ਉਸ ਵੇਲੇ ਗੋਲ਼ੀਆਂ ਮਾਰ ਕੇ ਛਲਣੀ ਕਰ ਦਿੱਤਾ ਜਦੋਂ ਉਹ ਸੰਗਤ ਨੂੰ ਸੰਬੋਧਨ ਕਰ ਕੇ ਹਟੇ ਸਨ। ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ 53 ਸਾਲ ਦੀ ਸੀ।
ਪੰਜਾਬ ਦੇ ਹੱਕਾਂ ਦੀ ਬਲੀ ਦੇ ਕੇ ਕੀਤਾ ਗਿਆ ‘ਪੰਜਾਬ ਸਮਝੌਤਾ’ ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਲਈ ਵਰਦਾਨ ਸਾਬਿਤ ਹੋਇਆ ਸੀ। ਟਕਸਾਲੀ ਅਕਾਲੀ ਬਾਦਲ-ਟੌਹੜਾ ਧੜੇ ਨੂੰ ਠਿੱਬੀ ਮਾਰ ਕੇ ਉਨ੍ਹਾਂ ਨੇ ਸੱਤਾ ਜੋ ਸੰਭਾਲਣੀ ਸੀ। ਬਰਨਾਲਾ ਖੇਮੇ ਨੂੰ ਪੰਜਾਬ ਦੀ ਸੱਤਾ ਸੰਭਾਲਣ ਲਈ ਵਿਧਾਨ ਸਭਾ ਚੋਣਾਂ ਵੇਲੇ ਅਕਾਲੀ ਉਮੀਦਵਾਰਾਂ ਖ਼ਿਲਾਫ਼ ਕਾਂਗਰਸ ਨੇ ਜਾਣਬੁੱਝ ਕੇ ਕਮਜ਼ੋਰ ਉਮੀਦਵਾਰ ਉਤਾਰੇ ਸਨ। ਬਰਨਾਲਾ ਧੜੇ ਲਈ ਸਰਕਾਰ ਬਣਾਉਣ ਲਈ ਰਾਹ ਸਿਵਿਆਂ ’ਚੋਂ ਲੰਘਿਆ ਸੀ। ਪੰਜਾਬ ਦੇ ਹਿੱਤਾਂ ਦੀ ਕੁਰਬਾਨੀ ਦੇ ਕੇ ਕੀਤੇ ਗਏ ਸਮਝੌਤੇ ਦੀ ਇਕ ਵੀ ਮਦ ਲਾਗੂ ਨਾ ਹੋਈ।
ਬਰਨਾਲਾ ਸਰਕਾਰ ਤੋੜ ਕੇ ਪੰਜਾਬ ਵਿਚ ਮੁੜ ਰਾਸ਼ਟਰਪਤੀ ਰਾਜ ਲਗਾ ਦਿੱਤਾ ਗਿਆ। ਸਮਝੌਤੇ ਤੋਂ ਬਾਅਦ ਬਾਦਲ-ਟੌਹੜਾ ਧੜਾ ਸੰਤ ਲੌਂਗੋਵਾਲ ਦੀਆਂ ਬਰਸੀਆਂ ਮਨਾਉਣ ਤੋਂ ਕਿਨਾਰਾਕਸ਼ੀ ਕਰਦਾ ਰਿਹਾ। ਬਰਨਾਲਾ ਸਰਕਾਰ ਟੁੱਟਣ ਤੋਂ ਬਾਅਦ ਸੰਤ ਲੌਂਗੋਵਾਲ ਦੀ ‘ਸ਼ਹਾਦਤ’ ਜਿਵੇਂ ਰੁਲ ਹੀ ਗਈ। ਵਿਡੰਬਣਾ ਇਹ ਸੀ ਕਿ ਸੰਤ ਲੌਂਗੋਵਾਲ ਨੂੰ ਮਾਰਨ ਵਾਲੇ ਅਤੇ ਮਰਵਾਉਣ ਵਾਲੇ ਕੋਈ ਹੋਰ ਨਹੀਂ ਬਲਕਿ ਆਪਣੇ ਹੀ ਭਾਈਚਾਰੇ ਦੇ ਲੋਕ ਸਨ। ਸੰਤ ਲੌਂਗੋਵਾਲ ਖ਼ੁਦ ਭੋਲਾ-ਭਾਲਾ ਸਾਧ ਸੀ। ਬਾਣੀ ਅਤੇ ਬਾਣੇ ਦਾ ਪਰਪੱਕ ਪੇਂਡੂ ਸਾਧ। ਸਿਆਸਤ ਦੇ ਗਣਿਤ ਤੋਂ ਬਿਲਕੁਲ ਕੋਰਾ ਸੀ। ਸਵਾਰਥੀ ਅਕਾਲੀਆਂ ਨੇ ਨਾ ਕੇਵਲ ਪੰਜਾਬ ਦੇ ਹਿੱਤਾਂ ਦੀ ਬਲੀ ਦਿੱਤੀ ਬਲਕਿ ਆਪਣੇ ਪ੍ਰਧਾਨ ਦੀ ਕੁਰਬਾਨੀ ਵੀ ਦੇ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ 2002 ਵਿਚ ਬਣੀ ਕਾਂਗਰਸ ਸਰਕਾਰ ਨੇ ਸਰਕਾਰੀ ਪੱਧਰ ’ਤੇ ਸੰਤ ਲੌਂਗੋਵਾਲ ਦੀ ਬਰਸੀ ਮਨਾਉਣੀ ਸ਼ੁਰੂ ਕੀਤੀ ਤਾਂ ਟਕਸਾਲੀ ਅਕਾਲੀਆਂ ਨੇ ਖ਼ੂਬ ਹੋ-ਹੱਲਾ ਮਚਾਇਆ। ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਸੰਤ ਲੌਂਗੋਵਾਲ ਨੂੰ ‘ਅਮਨ ਦਾ ਮਸੀਹਾ’ ਕਹਿ ਕੇ ਪੁਕਾਰ ਰਹੇ ਸਨ। ਬਾਦਲ ਧੜਾ ਅਜੇ ਵੀ ਕਿਨਾਰਾ ਕਰਨ ਵਿਚ ਭਲਾਈ ਸਮਝਦਾ ਸੀ। ਇਸ ਦੇ ਨਾਲ-ਨਾਲ ਉਹ ਕੈਪਟਨ ਸਰਕਾਰ ਦੀ ਰੱਜ ਕੇ ਆਲੋਚਨਾ ਕਰ ਰਿਹਾ ਸੀ। ਇਹ ਵੱਖਰੀ ਗੱਲ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਅਕਾਲੀ ਮੁੱਖਧਾਰਾ ਦੇ ਨੇਤਾ ਬਣ ਗਏ ਤਾਂ ਉਨ੍ਹਾਂ ਨੇ ਸੰਤ ਲੌਂਗੋਵਾਲ ਦੀ ਬਰਸੀ ਵਿਚ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਸੀ। ਸੰਨ 1997 ਤੇ ਉਸ ਤੋਂ ਬਾਅਦ 2007 ਤੇ 2012 ’ਚ ਬਣੀਆਂ ਸਰਕਾਰਾਂ ਵੇਲੇ ਵੀ ਬਰਸੀਆਂ ਵਿਚ ਉਹ ਸ਼ਾਮਲ ਹੁੰਦੇ ਰਹੇ। ਪਰ ਪੰਜਾਬ ਸਮਝੌਤੇ ਦਾ ਜ਼ਿਕਰ ਉਹ ਆਪਣੀਆਂ ਤਕਰੀਰਾਂ ਵਿਚ ਕਰਨਾ ਜਿਵੇਂ ਭੁੱਲ ਚੁੱਕੇ ਸਨ।
ਅਕਾਲੀ ਦਲ ਨੇ ਹੁਣ ਉਨ੍ਹਾਂ ਨੂੰ ‘ਅਮਨ ਦਾ ਮਸੀਹਾ’ ਤਸਲੀਮ ਕਰ ਲਿਆ ਸੀ। ਸਮੇਂ ਨੇ ਫਿਰ ਕਰਵਟ ਲਈ ਹੈ। ਪਹਿਲਾਂ ਕਈ ਧੜਿਆਂ ਵਿਚ ਵੰਡਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਇਕ ਹੋਰ ਖੇਮੇ ਵਿਚ ਤਕਸੀਮ ਹੋਇਆ ਹੈ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਬਣਿਆ ਮੁਤਵਾਜ਼ੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਸੰਤ ਲੌਂਗੋਵਾਲ ਦੀ ਬਰਸੀ ’ਤੇ ਆਪੋ-ਆਪਣੀਆਂ ਕਾਨਫਰੰਸਾਂ ’ਚ ਭਾਰੀ ਇਕੱਠ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਅਕਾਲੀ ਦਲ (ਮੁਤਵਾਜ਼ੀ) ਬਣਨ ਤੋਂ ਬਾਅਦ ਇਨ੍ਹਾਂ ਕਾਨਫਰੰਸਾਂ ਦੀ ਕਾਮਯਾਬੀ ਉਨ੍ਹਾਂ ਲਈ ਸੰਜੀਵਨੀ ਵਾਂਗ ਸਮਝੀ ਜਾ ਰਹੀ ਹੈ। ਇਸ ਮੌਕੇ ’ਤੇ ਹੋਣ ਵਾਲੀਆਂ ਕਾਨਫਰੰਸਾਂ ਵਿਚ ਸ਼ਾਇਦ ਹੀ ਕੋਈ ਨੇਤਾ ਬੋਲੇ ਕਿ ਸੰਤ ਲੌਂਗੋਵਾਲ ਨੇ ‘ਪੰਜਾਬ ਸਮਝੌਤਾ’ ਸਹੀਬੰਦ ਕਰ ਕੇ ਪੰਜਾਬ ਦਾ ਕਿੰਨਾ ਕੁ ਭਲਾ ਕੀਤਾ ਸੀ। ਇਸ ਸਮਝੌਤੇ ਦੀ ਇਕ ਵੀ ਮਦ ਲਾਗੂ ਹੋ ਜਾਂਦੀ ਤਾਂ ਮਰਹੂਮ ਸੰਤ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਜਾ ਸਕਦੇ ਸਨ।
ਸੱਚਾਈ ਤਾਂ ਇਹ ਹੈ ਕਿ ਸਵਾਰਥੀ ਅਕਾਲੀਆਂ ਨੇ ਸੰਤ ਨੂੰ ਗੁਮਰਾਹ ਕਰ ਕੇ ਇਸ ਸਮਝੌਤੇ ’ਤੇ ਹਸਤਾਖਰ ਕਰਵਾਏ ਸਨ। ਬਸ ਬਰਨਾਲਾ ਸਰਕਾਰ ਹੀ ਇਸ ਦਾ ਹਾਸਲ ਸੀ। ਇਸ ਦੇ ਬਾਵਜੂਦ ਸ਼ਾਂਤੀ ਬਹਾਲ ਹੋਣ ਦੀ ਬਜਾਏ ਪੰਜਾਬ ਦੇ ਦੁਖਾਂਤ ਨੇ ਜਰਬਾਂ ਖਾਧੀਆਂ ਸਨ। ਲੌਂਗੋਵਾਲ ਦਾ ਕੋਈ ਕਸੂਰ ਨਹੀਂ ਸੀ। ਸਾਧੂ ਸੁਭਾਅ ਸੱਤਾ ਦੇ ਲੋਭੀਆਂ ਦੇ ਹੱਥ ਚੜ੍ਹ ਗਿਆ ਸੀ। ਉਨ੍ਹਾਂ ਨੂੰ ਜਚਾਇਆ ਗਿਆ ਸੀ ਕਿ ਜੇ ਉਹ ਸਮਝੌਤਾ ਕਰ ਲੈਂਦੇ ਹਨ ਤਾਂ ਸਿੱਖ ਇਤਿਹਾਸ ਵਿਚ ਉਨ੍ਹਾਂ ਨੂੰ ‘ਅਮਨ ਦਾ ਮਸੀਹਾ’ਜਾਂ ‘ਯੁੱਗ-ਪੁਰਸ਼’ ਮੰਨਿਆ ਜਾਵੇਗਾ। ਹੋਇਆ ਇਸ ਦੇ ਐਨ ਉਲਟ।
ਬਰਨਾਲਾ ਸਰਕਾਰ ਟੁੱਟੀ ਤਾਂ ਪੰਜਾਬ ਵਿਚ ਇਕ ਵਾਰ ਫਿਰ ਰਾਸ਼ਟਰਪਤੀ ਰਾਜ ਲੱਗ ਗਿਆ। ਕਾਲਾ ਦੌਰ ਕਿਸੇ ਪ੍ਰੇਤ ਵਾਂਗ ਡਰਾ ਰਿਹਾ ਸੀ। ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਮੁੜ ਪ੍ਰਯੋਗਸ਼ਾਲਾ ਵਾਂਗ ਵਰਤਿਆ। ਅਕਾਲੀਆਂ ਵੱਲੋਂ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤੇ ਜਾਣ ਦੀ ਵਜ੍ਹਾ ਕਰਕੇ ਬੇਅੰਤ ਸਿੰਘ ਦੀ ਸਰਕਾਰ ਬਣੀ ਜਿਸ ਨੇ ਨੌਜਵਾਨਾਂ ’ਤੇ ਬੇਅੰਤ ਜ਼ੁਲਮ ਢਾਹੇ ਸਨ। ਦੇਸ਼ ਦਾ ਸਭ ਤੋਂ ਖ਼ੁਸ਼ਹਾਲ ਸੂਬਾ ਅੱਜ ਪੱਛੜੇ ਸੂਬਿਆਂ ਨਾਲੋਂ ਕਿਤੇ ਵੱਧ ਪੱਛੜ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਵੀ ਪੰਜਾਬ ਆਪਣੀ ਪੁਰਾਣੀ ਸ਼ਾਨ ਬਹਾਲ ਕਰਨ ’ਚ ਅਸਮਰੱਥ ਰਿਹਾ ਹੈ। ਸਮੇਂ-ਸਮੇਂ ਕੀਤੀਆਂ ਗ਼ਲਤੀਆਂ ਨੇ ਪੰਜਾਬ ਨੂੰ ਕੱਖੋਂ ਹੌਲੇ ਕਰ ਰੱਖਿਆ ਹੈ। ਦੂਜਿਆਂ ਦੀ ਆਲੋਚਨਾ ਕਰਨੀ ਸੌਖੀ ਹੁੰਦੀ ਹੈ। ਆਪਣੇ ਗਰੇਬਾਨ ਅੰਦਰ ਝਾਕਣ ਦਾ ਵੇਲਾ ਹੈ। ਜਨਤਕ ਤੌਰ ’ਤੇ ਭੁੱਲਾਂ ਬਖਸ਼ਾਉਣ ਨਾਲ ਅੱਗਾ ਸੰਵਰ ਸਕਦਾ ਹੈ। ਨਵਾਂ ਇਤਿਹਾਸ ਤਾਂ ਹੀ ਸਿਰਜਿਆ ਜਾ ਸਕਦਾ ਹੈ ਜੇ ਸਾਡੇ ਨੇਤਾ ਪੰਜਾਬ ਨਾਲ ਸਾਬਤ ਕਦਮੀਂ ਖੜ੍ਹੇ ਦਿਖਾਈ ਦੇਣ। ਅਜਿਹਾ ਨਹੀਂ ਹੁੰਦਾ ਤਾਂ ਤਸਵੀਰਾਂ ਵੇਚਣ ਵਾਲੇ ਫਿਰ ਹੋਕਰਾ ਮਾਰਦੇ ਸੁਣਾਈ ਦੇਣਗੇ, ‘‘ਜੋ ਨਹੀਂ ਵਿਕਦੇ, ਤਸਵੀਰਾਂ ਉਨ੍ਹਾਂ ਦੀਆਂ ਹੀ ਵਿਕਦੀਆਂ ਹਨ।’’