‘ਜੈੱਨ-ਜ਼ੀ’ ਨੂੰ ਸਮਝਣ ਦੀ ਲੋੜ ( ਪੰਜਾਬੀ ਜਾਗਰਣ –– 14th SEPTEMBER, 2025)
ਵਰਿੰਦਰ ਵਾਲੀਆ
ਅੰਬਰ ਨਾਲ ਬਾਤਾਂ ਪਾਉਂਦੇ ਹਿਮਾਲਿਆ ਪਰਬਤ ਦੀ ਗੋਦ ਵਿਚ ਵਸਿਆ ਨੇਪਾਲ ਅੱਜ ਅੱਗ ਦੀਆਂ ਲਪਟਾਂ ਵਿਚ ਘਿਰਿਆ ਹੋਇਆ ਹੈ। ਅਹਿੰਸਾ ਦੇ ਪੁਜਾਰੀ, ਸਿਧਾਰਥ (ਗੌਤਮ ਬੁੱਧ) ਦੀ ਜਨਮ ਭੋਇੰ ਵਿਚ ਫੈਲੀ ਹਿੰਸਾ ਨੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਹੈ। ਲੁੰਬਿਨੀ, ਕਪਿਲਵਸਤੂ ਤੇ ਬੁੱਧ ਦੀ ਚਰਨ ਛੋਹ ਪ੍ਰਾਪਤ ਸਾਰੇ ਅਸਥਾਨ ਘੋਰ ਉਦਾਸ ਹਨ। ਮੌਰੀਅਨ ਸਮਰਾਟ ਅਸ਼ੋਕ ਮਹਾਨ ਵੱਲੋਂ ਗੌਤਮ ਬੁੱਧ ਦੇ ਜਨਮ ਅਸਥਾਨ ’ਤੇ ਸਥਾਪਤ ਕੀਤਾ ਗਿਆ ਸਤੰਭ ਸਵਾਲ-ਦਰ-ਸਵਾਲ ਕਰਦਾ ਪ੍ਰਤੀਤ ਹੁੰਦਾ ਹੈ ਕਿ ਆਖ਼ਰ ਵਿਸ਼ਵ ਨੂੰ ਅਹਿੰਸਾ ਦਾ ਪਾਠ ਪੜ੍ਹਾਉਣ ਵਾਲੀ ਧਰਤੀ ’ਤੇ ਅਜਾਈਂ ਖ਼ੂਨ ਕਿਉਂ ਡੁੱਲ੍ਹਿਆ ਹੈ?

ਨੇਪਾਲ ਦਰਅਸਲ, ਗੋਰਖਿਆਂ ਦੀ ਬਹੁਤਾਤ ਵਾਲੀ ਧਰਤੀ ਹੈ। ਬਕੌਲ ਫੀਲਡ ਮਾਰਸ਼ਲ ਮਾਨਕਸ਼ਾਹ, ‘‘ਜੇ ਕੋਈ ਇਹ ਕਹੇ ਕਿ ਉਹ ਮੌਤ ਤੋਂ ਨਹੀਂ ਡਰਦਾ ਤਾਂ ਉਹ ਕੋਰਾ ਝੂਠ ਬੋਲ ਰਿਹਾ ਹੋਵੇਗਾ। ਹਾਂ, ਜੇ ਇਹ ਗੱਲ ਗੋਰਖਿਆਂ ਬਾਰੇ ਕਹੀ ਜਾਵੇ ਤਾਂ ਇਹ ਸੋਲਾਂ ਆਨੇ ਸੱਚ ਹੋਵੇਗੀ।’’ ਇਤਿਹਾਸ ਗਵਾਹ ਹੈ ਕਿ ਨੇਪਾਲ ਵਾਸੀ ਵਿਦੇਸ਼ੀ ਧਾੜਵੀਆਂ ਦੇ ਦੰਦ ਖੱਟੇ ਕਰਦੇ ਆਏ ਹਨ। ਈਸਟ ਇੰਡੀਆ ਕੰਪਨੀ ਨੇ ਵੀ ਜਦੋਂ ਨੇਪਾਲ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਗੋਰਖਿਆਂ ਨੇ ਆਪਣੀ ਆਜ਼ਾਦੀ ਬਰਕਰਾਰ ਰੱਖਣ ਲਈ ਮਣਾਂ-ਮੂੰਹੀ ਖ਼ੂਨ ਡੋਲ੍ਹਿਆ ਸੀ। ਕਹਿਣ ਤੋਂ ਭਾਵ, ਲੜਾਕੂਪਣ ਨੇਪਾਲੀਆਂ ਦੇ ਖ਼ੂਨ ਦੇ ਅੰਦਰ ਹੈ। ਅਫ਼ਸੋਸ! ਨੇਪਾਲ ਨਾਲ ਬੇਗਾਨਿਆਂ ਤੋਂ ਵੱਧ ਆਪਣਿਆਂ ਨੇ ਧਰੋਹ ਕਮਾਇਆ ਹੈ।
ਸੰਨ 2008 ਵਿਚ ਲੰਗੜੀ ਜਮਹੂਰੀਅਤ ਦੇ ਆਗਾਜ਼ ਤੋਂ ਪਹਿਲਾਂ ਨੇਪਾਲ ਵਿਚ ਰਾਜਾਸ਼ਾਹੀ ਨੇ ਆਪਣੀ ਪਰਜਾ ਨੂੰ ਸਦੀਆਂ ਤੱਕ ਲੁੱਟਿਆ ਤੇ ਕੁੱਟਿਆ ਸੀ। ਸ਼ਾਹੀ ਘਰਾਣੇ ਇੱਕੋ ਨਸਲ ਦੇ ਸਨ। ਭੋਲੀ ਪਰਜਾ ਆਪਣੇ ਰਾਜੇ ਨੂੰ ਵਿਸ਼ਨੂੰ ਦੇ ਅਵਤਾਰ ਹੋਣ ਦਾ ਭਰਮ ਪਾਲਦੀ ਰਹੀ। ਇੱਕੀਵੀਂ ਸਦੀ ਵਿਚ ਲੋਕਤੰਤਰ ਨੇ ਅੰਗੜਾਈ ਲਈ ਤਾਂ ਸੱਤਾ ’ਤੇ ਮੁੜ ਪਰਿਵਾਰਵਾਦ ਹਾਵੀ ਹੋ ਗਿਆ। ਬੇਰੁਜ਼ਗਾਰੀ 20 ਫ਼ੀਸਦ ਤੋਂ ਵੀ ਟੱਪ ਗਈ ਤਾਂ ਨੌਜਵਾਨ ਪੀੜ੍ਹੀ ਵਿਚ ਬੇਚੈਨੀ ਫੈਲਣ ਲੱਗ ਪਈ। ਜਨਸੰਖਿਆ ਦਾ ਹਰ ਪੰਜਵਾਂ ਸ਼ਖ਼ਸ ਬੇਰੁਜ਼ਗਾਰ ਹੋਣਾ ਚਿੰਤਾ ਤੇ ਚਿੰਤਨ ਦਾ ਵਿਸ਼ਾ ਬਣ ਗਿਆ। ਭ੍ਰਿਸ਼ਟਾਚਾਰ ਦੇ ਬੋਲਬਾਲੇ ਕਾਰਨ ਨੌਜਵਾਨ ਪੀੜ੍ਹੀ ਦਾ ਜਮਹੂਰੀਅਤ ਤੋਂ ਵੀ ਮੋਹ ਭੰਗ ਹੋ ਗਿਆ। ਅੱਕ-ਥੱਕ ਤੇ ਨਿਰਾਸ਼ ਹੋ ਕੇ ਨੌਜਵਾਨ ਪੀੜ੍ਹੀ ਨੇ ਹਰੀਆਂ ਚਰਾਂਦਾਂ ਦੀ ਤਲਾਸ਼ ਵਿਚ ਵਿਦੇਸ਼ਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ।
ਇੱਥੋਂ ਤੱਕ ਕਿ ਹਜ਼ਾਰਾਂ ਨੇਪਾਲੀ ਰੂਸ ਤੇ ਯੂਕਰੇਨ ਦੀਆਂ ਫ਼ੌਜਾਂ ਵਿਚ ਭਰਤੀ ਹੋ ਗਏ। ਇਸ ਜੰਗ ਵਿਚ ਅਣਗਿਣਤ ਨੇਪਾਲੀ ਨੌਜਵਾਨਾਂ ਨੇ ਆਪਣੀ ਜਾਨ ਗੁਆਈ। ਨਵੀਂ ਪੀੜ੍ਹੀ (ਜਨਰੇਸ਼ਨ-ਜ਼ੀ) ਦੇ ਦਿਲਾਂ ਅੰਦਰ ਗੁੱਸਾ ਸੁਲਗ ਰਿਹਾ ਸੀ। ਨਵੀਂ ਸੁਰ ਦੇ ਨਾਅਰੇ ਲੱਗਣੇ ਸ਼ੁਰੂ ਹੋਏ ‘‘ਹਾਕਮਾਂ ਦੇ ਬੱਚੇ ਗੁੱਚੀ ਬੈਗਾਂ ਨਾਲ ਵਿਦੇਸ਼ੋਂ ਪਰਤਦੇ ਹਨ ਜਦਕਿ ਬੇਗਾਨੇ ਮੁਲਕਾਂ ਦੀ ਫ਼ੌਜ ਵਿਚ ਭਰਤੀ ਹੋਏ ਆਮ ਘਰਾਂ ਦੇ ਪੁੱਤ ਤਾਬੂਤਾਂ ਅੰਦਰ ਵਤਨ ਵਾਪਸੀ ਕਰਦੇ ਹਨ।’’
ਸੋਸ਼ਲ ਮੀਡੀਆ ’ਤੇ ‘‘ਹੈਸ਼ਟੈਗ ਨੈਪੋਕਿਡਜ਼’’ ਟਰੈਂਡ ਕਰਨ ਲੱਗਾ। ਐਸ਼ਪ੍ਰਸਤੀ ਕਰਦੇ ਵੱਡੇ ਘਰਾਂ ਦੇ ਕਾਕੇ-ਕਾਕੀਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਤਾਂ ਮੁਲਕ ਵਿਚ ਜ਼ਲਜ਼ਲਾ ਜਿਹਾ ਆ ਗਿਆ। ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਤੇ ਉਸ ਦੇ ਮੰਤਰੀਆਂ ਨੇ ਸਮੇਂ ਦੀ ਨਜ਼ਾਕਤ ਨੂੰ ਨਾ ਪਛਾਣਦੇ ਹੋਏ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਉਣ ਦੇ ਰਾਹ ਨੂੰ ਚੁਣਿਆ। ਤਿੰਨ ਸਤੰਬਰ ਨੂੰ ਫੁਰਮਾਨ ਹੋਇਆ ਕਿ ਤਮਾਮ ਸੋਸ਼ਲ ਮੀਡੀਆ ਐਪਸ ਦਾ ਸਰਕਾਰ ਕੋਲ ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ। ਚੀਨ ਦੇ ਟਿਕ-ਟਾਕ ਤੇ ਕੁਝ ਇਕ ਸਾਈਟਾਂ ਨੇ ਹੁਕਮ ਦੀ ਤਾਮੀਲ ਕੀਤੀ।
ਆਦੇਸ਼ ਨਾ ਮੰਨਣ ਵਾਲੀਆਂ 26 ਸਾਈਟਾਂ ਜਿਨ੍ਹਾਂ ਵਿਚ ਫੇਸਬੁੱਕ, ਯੂ-ਟਿਊਬ, ਇੰਸਟਾਗ੍ਰਾਮ, ਐਕਸ (ਟਵਿੱਟਰ), ਵ੍ਹਟਸਐਪ ਆਦਿ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਤਾਂ ਨੌਜਵਾਨ ਪੀੜ੍ਹੀ (ਜੈੱਨ-ਜ਼ੀ) ਅੰਦਰ ਧੁਖ਼ ਰਿਹਾ ਲਾਵਾ ਫੁੱਟ ਉੱਠਿਆ। ਜਨ-ਸੈਲਾਬ ਸੜਕਾਂ ’ਤੇ ਉਮੜ ਆਇਆ। ਸਕੂਲਾਂ/ਕਾਲਜਾਂ ਦੀਆਂ ਯੂਨੀਫਾਰਮਾਂ ਪਾਈ ਵਿਦਿਆਰਥੀਆਂ ਨੇ ਮੁੱਕੇ ਤਾਣ ਲਏ ਤੇ ਅੱਠ ਸਤੰਬਰ ਨੂੰ ਉਨ੍ਹਾਂ ਨੇ ਸੰਸਦ ਭਵਨ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਦੀ ਅਗਵਾਈ ‘ਹਾਮੀ ਨੇਪਾਲ’ ਨਾਂ ਦੀ ਸਵੈ-ਸੇਵੀ ਸੰਸਥਾ ਕਰ ਰਹੀ ਸੀ। ਮਾਰਚ ਅਮਨਮਈ ਸੀ ਭਾਵੇਂ ਅੰਦੋਲਨਕਾਰੀਆਂ ਦੇ ਨਾਅਰੇ ਚਿਣਗਾਂ ਛੱਡ ਰਹੇ ਸਨ। ਉਨ੍ਹਾਂ ਦਾ ਸਵਾਗਤ ਜਲ-ਤੋਪਾਂ ਤੇ ਰਬੜ ਦੀਆਂ ਗੋਲ਼ੀਆਂ ਨਾਲ ਕੀਤਾ ਗਿਆ। ਅੰਦੋਲਨ ਹੋਰ ਭੜਕ ਉੱਠਿਆ। ਰਬੜ ਦੀ ਥਾਂ ਬਾਰੂਦ ਨੇ ਲੈ ਲਈ। ਨੇਪਾਲ ਦੀ ਤਵਾਰੀਖ ਵਿਚ ਇਹ ਪਹਿਲੀ ਵਾਰ ਹੋਇਆ ਸੀ ਕਿ ਪੁਲਿਸ ਨੇ ਬਾਰਾਂ ਸਾਲਾ ਬੱਚੇ ਸਣੇ 19 ਪ੍ਰਦਰਸ਼ਨਕਾਰੀਆਂ ਨੂੰ ਗੋਲ਼ੀਆਂ ਮਾਰ ਕੇ ਢੇਰ ਕਰ ਦਿੱਤਾ ਸੀ।
ਇਸ ਗੋਲ਼ੀਬਾਰੀ ਵਿਚ ਅਣਗਿਣਤ ਅੰਦੋਲਨਕਾਰੀ ਜ਼ਖ਼ਮੀ ਹੋਏ ਸਨ। ਦਮਨਕਾਰੀ ਰਵੱਈਏ ਨੇ ਮਚੇ ਹੋਏ ਭਾਂਬੜ ’ਤੇ ਤੇਲ ਪਾਉਣ ਦਾ ਕੰਮ ਕੀਤਾ। ਅੰਦੋਲਨ ਕਾਰਨ ਥਾਂ-ਥਾਂ ਫਟੇ ਜਵਾਲਾਮੁਖੀਆਂ ਨੇ ਹਾਕਮਾਂ ਦੇ ਨਿਵਾਸ ਅਸਥਾਨਾਂ ਨੂੰ ਲਾਂਬੂ ਲਾਉਣੇ ਸ਼ੁਰੂ ਕਰ ਦਿੱਤੇ। ਪ੍ਰਧਾਨ ਮੰਤਰੀ ਦੇ ਨਿਵਾਸ ਅਸਥਾਨ ਅਤੇ ਰਾਸ਼ਟਰਪਤੀ ਭਵਨ ਤੋਂ ਇਲਾਵਾ ਕਈ ਸਰਕਾਰੀ ਜਾਇਦਾਦਾਂ ਤੱਕ ਨੂੰ ਫੂਕਿਆ ਗਿਆ। ਇਕ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਵੀ ਇਸ ਸਾੜਫੂਕ ਦੀ ਬਲੀ ਚੜ੍ਹ ਗਈ।
ਅੱਧੀ ‘‘ਜੈੱਨ-ਜ਼ੀ’’ ਦਾ ਸੁਭਾਅ ਹੜ੍ਹ ਦੇ ਅਮੋੜ ਪਾਣੀਆਂ ਵਰਗਾ ਹੁੰਦਾ ਹੈ। ‘ਜੈੱਨ-ਐਕਸ’ ਵੇਲੇ ਕੰਪਿਊਟਰ ਯੁੱਗ ਦਾ ਆਗਾਜ਼ ਹੋਇਆ। ‘ਜੈੱਨ-ਵਾਈ’ (ਮਿਲੇਨੀਅਲਜ਼) ਨੇ ਇੰਟਰਨੈੱਟ ਵਿਚ ਆਈ ਕ੍ਰਾਂਤੀ ਨਾਲ ਦੁਨੀਆ ਦਾ ਨਕਸ਼ਾ ਬਦਲ ਦਿੱਤਾ। ‘ਜੈੱਨ-ਜ਼ੀ’ ਮਸਨੂਈ/ਮਸ਼ੀਨੀ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਨਾਲ ਵੱਡੀ ਹੋ ਰਹੀ ਹੈ। ਵਿਸ਼ਵ-ਪਿੰਡ ਤਾਂ ਇਸ ਤੋਂ ਪਹਿਲੀ ਪੀੜ੍ਹੀ ਦੀ ਮੁੱਠੀ ਵਿਚ ਆ ਚੁੱਕਾ ਸੀ ਪਰ ‘ਜੈੱਨ-ਜ਼ੀ’ ਨੇ ਤਾਂ ਗਲੋਬ ਨੂੰ ਆਪਣੇ ਪੋਟਿਆਂ ਨਾਲ ਘੁਮਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਪੀੜ੍ਹੀ ਨੇ ‘ਮਸ਼ੀਨੀ ਬੁੱਧੀ’ ਦੇ ਯੁੱਗ ਵਿਚ ਅੱਖਾਂ ਖੋਲ੍ਹੀਆਂ ਹੋਣ, ਉਹ ਹੱਥ ’ਤੇ ਵੀ ਸਰ੍ਹੋਂ ਜਮਾ ਸਕਦੀ ਹੈ।
ਬੰਗਲਾਦੇਸ਼ ਵਿਚ ਹੋਏ ਤਖ਼ਤਾ ਪਲਟ ਤੋਂ ਨੇਪਾਲ ਦੇ ਨੇਤਾਵਾਂ ਨੇ ਕੁਝ ਸਿੱਖਿਆ ਹੁੰਦਾ ਤਾਂ ‘ਜੈੱਨ-ਜ਼ੀ’ ਉਨ੍ਹਾਂ ਦੀ ਸੜਕਾਂ ’ਤੇ ਦੌੜਾ-ਦੌੜਾ ਕੇ ਛਿੱਤਰ-ਪਰੇਡ ਨਾ ਕਰਦੀ। ਇੰਟਰਨੈੱਟ ਤੇ ਸੋਸ਼ਲ ਮੀਡੀਆ ਨਵੀਂ ਪੀੜ੍ਹੀ ਦੀ ਜਿੰਦ-ਜਾਨ ਹਨ। ਫਿਰ ਸੋਸ਼ਲ ਮੀਡੀਆ ’ਤੇ ਲਗਾਈ ਗਈ ਪਾਬੰਦੀ ਨੂੰ ਇਸ ਪੀੜ੍ਹੀ ਨੇ ਕਿਵੇਂ ਬਰਦਾਸ਼ਤ ਕਰਨਾ ਸੀ? ਨੇਪਾਲ ਗ਼ਰੀਬ ਦੇਸ਼ ਹੈ ਪਰ ਭਾਈ-ਭਤੀਜਾਵਾਦ ਵਿਚ ਫਸੇ ਸਿਆਸਤਦਾਨ ਬੇਹੱਦ ਅਮੀਰ ਹਨ। ਆਰਥਿਕ ਪਾੜਾ ਨੇਪਾਲ ਨੂੰ ਅੰਦਰੋਂ ਤੋੜਨ ਲਈ ਕਾਫ਼ੀ ਸੀ। ਕਈ ਚਿੰਤਕ ਇਸ ਸੰਕਟ ਦੀ ਵਜ੍ਹਾ ਅਮਰੀਕਾ ਦੀ ਡੀਪ ਸਟੇਟ ਦੀ ਭੂਮਿਕਾ ਮੰਨਦੇ ਹਨ। ਉਨ੍ਹਾਂ ਮੁਤਾਬਕ ਚੀਨ ਦੀ ਆਰਥਿਕ ਚੜ੍ਹਤ ਨੂੰ ਠੱਲ੍ਹਣ ਲਈ ਸੀਆਈਏ ਨੇ ਚੀਨ-ਪੱਖੀ ਕਈ ਦੇਸ਼ਾਂ ਵਿਚ ਸੰਕਟਮਈ ਹਾਲਾਤ ਪੈਦਾ ਕੀਤੇ ਹਨ।
ਅਮਰੀਕਾ ਚਾਹੁੰਦਾ ਹੈ ਕਿ ਚੀਨ ਦੇ ਗੁਆਂਢ ਵਿਚ ਅੱਗ ਬਲਦੀ ਰਹੇ। ਨੇਪਾਲ ਦੀ ਚੀਨ ਅਤੇ ਭਾਰਤ ਨਾਲ ਸੱਭਿਆਚਾਰਕ ਤੇ ਸਮਾਜਿਕ ਸਾਂਝ ਹੈ। ਅਮਰੀਕਾ ਦੀਆਂ ਸਰਹੱਦਾਂ ’ਤੇ ਅਜਿਹਾ ਕੋਈ ਸੰਕਟ ਨਹੀਂ ਹੈ ਕਿਉਂਕਿ ਇਸ ਦੀਆਂ ਕੈਨੇਡਾ ਤੇ ਮੈਕਸੀਕੋ ਨਾਲ ਲੱਗਦੀਆਂ ਸਰਹੱਦਾਂ ’ਤੇ ਚੀਨ ਵਰਗੇ ਹਾਲਾਤ ਨਹੀਂ ਹਨ। ਇਨ੍ਹਾਂ ਸਰਹੱਦਾਂ ’ਤੇ ਬਹੁਤੀ ਠੂਹ-ਠਾਹ ਨਹੀਂ ਹੁੰਦੀ। ਕੁਝ ਵੀ ਹੋਵੇ, ਜੇ ਨੇਪਾਲ ਦੇ ਹਾਕਮ ਲੋਕ-ਪੱਖੀ ਹੁੰਦੇ ਤਾਂ ਇਸ ਨੂੰ ਅੰਦਰੋਂ ਸੰਨ੍ਹ ਲਾਉਣੀ ਆਸਾਨ ਨਹੀਂ ਸੀ। ਖਿਡੌਣਿਆਂ ਦੀ ਥਾਂ ਟੱਚ-ਸਕਰੀਨ ਨਾਲ ਖੇਡਣ ਵਾਲੀ ‘ਜੈੱਨ-ਜ਼ੀ’ ਵੀ ਸ਼ਾਇਦ ਇੰਨਾ ਵੱਡਾ ਵਿਦਰੋਹ ਨਾ ਕਰਦੀ। ਇਹ ਪੀੜ੍ਹੀ ਸ਼ਿਵ ਕੁਮਾਰ ਬਟਾਲਵੀ ਵਾਂਗ ‘ਮੁੱਖ ਦੀ ਕਿਤਾਬ’ ਪੜ੍ਹਨ ਦੀ ਬਜਾਏ ਫੇਸਬੁੱਕ ਦੇ ਨੇੜੇ ਹੈ। ਇਹ ਪੀੜ੍ਹੀ ਐਮੋਜੀਜ਼ ’ਚੋਂ ‘ਦੋਸਤਾਂ’ ਦੇ ਚਿਹਰੇ ਭਾਲਦੀ ਹੈ। ਮਸਨੂਈ ਦੁਨੀਆ ਵਿਚ ਵਿਚਰਦੀ ਇਹ ਪੀੜ੍ਹੀ ਤਨਹਾਈ ਦਾ ਸ਼ਿਕਾਰ ਹੋ ਜਾਂਦੀ ਹੈ।
ਸਮਾਜਿਕ ਤਾਣੇ-ਬਾਣੇ ਨੂੰ ਆਪਣੇ ਤਰੀਕਾਕਾਰ ਨਾਲ ਵਿਓਂਤਣ ਦੀ ਤਾਂਘ ਵਿਚ ਇਸ ਦੀ ਜੀਵਨਸ਼ੈਲੀ ਆਪਣੀਆਂ ਪੁਰਾਣੀਆਂ ਪੀੜ੍ਹੀਆਂ ਨਾਲੋਂ ਇਕਦਮ ਵੱਖਰੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿਚ ‘ਜੈੱਨ-ਜ਼ੀ’ ਦੀਆਂ ਅਕਾਂਕਸ਼ਾਵਾਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ, ਖ਼ਾਸ ਤੌਰ ’ਤੇ ਅੰਤਰਿਮ ਪ੍ਰਧਾਨ ਮੰਤਰੀ, ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ ਨੂੰ ਜਿਨ੍ਹਾਂ ਦੇ ਪਤੀ ਦੁਰਗਾ ਪ੍ਰਸਾਦ ਸੁਬੇਦੀ ਨੇ 1973 ਵਿਚ ਰਾਇਲ ਨੇਪਾਲ ਏਅਰਲਾਈਨਜ਼ ਦਾ ਜਹਾਜ਼ ਅਗਵਾ ਕੀਤਾ ਸੀ। ਜਹਾਜ਼ ਅਗਵਾ ਦਾ ਕਾਰਨ ਪੈਸਾ ਲੈ ਕੇ ਤਤਕਾਲੀ ਰਾਜਾ ਮਹਿੰਦਰ ਦੀ ਰਾਜਾਸ਼ਾਹੀ ਖ਼ਿਲਾਫ਼ ਹਥਿਆਰਬੰਦ ਅੰਦੋਲਨ ਕਰਨਾ ਸੀ। ਉਨ੍ਹਾਂ ਦੇ ਪਤੀ ‘ਬੇਬੀ ਬੂਮਰਜ਼’ (1946-1964) ਦਰਮਿਆਨ ਜਨਮ ਲੈਣ ਵਾਲੀ ਪੀੜ੍ਹੀ) ਵਾਲੇ ਹਨ। ਜੇ ਉਹ ਅਜਿਹਾ ਕਰ ਸਕਦੇ ਸਨ ਤਾਂ ‘ਜੈੱਨ-ਜ਼ੀ’ ਦੀ ਨਬਜ਼ ਵੀ ਟਟੋਲ ਲੈਣੀ ਚਾਹੀਦੀ ਹੈ।