ਪਰਵਾਸੀ ਬਨਾਮ ਅਪਰਾਧੀ ( ਪੰਜਾਬੀ ਜਾਗਰਣ –– 21st SEPTEMBER, 2025)
ਵਰਿੰਦਰ ਵਾਲੀਆ
ਸਾਂਝੀਵਾਲਤਾ ਦੀ ਧਰਤੀ ’ਤੇ ‘ਪਰਵਾਸੀ ਭਜਾਓ, ਪੰਜਾਬ ਬਚਾਓ’ ਦੀ ਬਜਾਏ ‘ਅਪਰਾਧੀ ਭਜਾਓ, ਪੰਜਾਬ ਬਚਾਓ’ ਦੇ ਨਾਅਰੇ ਲੱਗਦੇ ਤਾਂ ਇਹ ਤਰਕਸੰਗਤ ਹੋਣਾ ਸੀ। ਗੁਰਾਂ ਦੇ ਨਾਂ ’ਤੇ ਜੀਣ-ਥੀਣ ਵਾਲੇ ਖਿੱਤੇ ਵਿਚ ਸੂਲਾਂ ਨਾਲ ਲਿਖੇ ਤਿੱਖੇ ਤੇ ਤੱਤੇ ਨਾਅਰੇ ਪੰਜਾਬੀਅਤ ਦੇ ਖਾਸੇ ਨੂੰ ਪ੍ਰਦੂਸ਼ਤ ਕਰਦੇ ਮਹਿਸੂਸ ਹੁੰਦੇ ਹਨ। ਇਹ ਵੀ ਕਠੋਰ ਸੱਚਾਈ ਹੈ ਕਿ ਬਿਨਾਂ ਪੁਣ-ਛਾਣ ਦੇ ਬਾਹਰੋਂ ਆਏ ਅਪਰਾਧੀਆਂ ਦੀਆਂ ਧਾੜਾਂ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਗ੍ਰਹਿਣ ਲਗਾਇਆ ਹੈ। ਸਰਹੱਦੀ ਸੂਬੇ ਵਿਚ ਵਧ ਰਹੀਆਂ ਅਪਰਾਧਕ ਘਟਨਾਵਾਂ ਵੀ ਉਨ੍ਹਾਂ ਦੇ ਖਾਤੇ ’ਚ ਪੈ ਰਹੀਆਂ ਹਨ।

ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਵਾਲੇ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਦੇ ਸਰਵ-ਪੱਖੀ ਵਿਕਾਸ ਵਿਚ ਚੋਖਾ ਹਿੱਸਾ ਪਾਇਆ ਹੈ। ਪਰਵਾਸ ਕੁਦਰਤੀ ਵਰਤਾਰਾ ਹੈ। ਪਰਵਾਸੀ ਭਾਰਤੀਆਂ ਵਿਚ ਪੰਜਾਬੀਆਂ ਦਾ ਨਾਂ ਵੀ ਪ੍ਰਮੁੱਖ ਹੈ। ਬਰਤਾਨਵੀ ਸਾਮਰਾਜ ਵੇਲੇ ਪੰਜਾਬੀਆਂ, ਖ਼ਾਸ ਤੌਰ ’ਤੇ ਸਿੱਖਾਂ ਨੇ ਵੱਡੀ ਗਿਣਤੀ ਵਿਚ ਕੈਨੇਡਾ, ਅਮਰੀਕਾ ਤੇ ਪੱਛਮੀ ਦੇਸ਼ਾਂ ਵੱਲ ਕੂਚ ਕੀਤਾ ਸੀ। ਵਿਕਸਤ ਦੇਸ਼ਾਂ ਦਾ ਵੀਜ਼ਾ ਲਗਵਾਉਣ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਤੇ ਅਖੰਡ ਪਾਠ ਤੱਕ ਕਰਵਾਏ ਜਾਂਦੇ।
ਦੁਆਬੇ ਦੇ ਇਕ ਗੁਰਧਾਮ ’ਚ ਖਿਡੌਣੇ ਰੂਪੀ ਜਹਾਜ਼ ਚੜ੍ਹਾਏ ਜਾਂਦੇ ਹਨ। ਕੁਦਰਤੀ ਸੀ ਕਿ ਪਰਵਾਸ ਕਰ ਗਏ ਪੰਜਾਬੀਆਂ ਵੱਲੋਂ ਛੱਡੀ ਗਈ ਥਾਂ ਨੂੰ ਪੁਰ ਕਰਨ ਲਈ ਪਰਵਾਸੀਆਂ ਨੇ ਹੀ ਆਉਣਾ ਸੀ। ਪਰਵਾਸੀ ਭਾਰਤੀਆਂ ਦੀਆਂ ਅਣਗਿਣਤ ਆਲੀਸ਼ਾਨ ਕੋਠੀਆਂ ਦੇ ਜਿੰਦਰੇ ਵੀ ਪਰਵਾਸੀਆਂ ਨੇ ਹੀ ਖੋਲ੍ਹੇ ਸਨ। ਪੰਜਾਬ ਵਿਚ ਪਰਵਾਸੀ ਮਜ਼ਦੂਰਾਂ ਦੀ ਵੱਡੀ ਤਾਦਾਦ ਵਿਚ ਆਮਦ ਦਾ ਦੂਜਾ ਵੱਡਾ ਸਬੱਬ ‘ਹਰੀ-ਕ੍ਰਾਂਤੀ’ ਬਣੀ ਸੀ। ਝੋਨਾ ਲਾਉਣ ਦੇ ਸੀਜ਼ਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਰਾਜਾਂ ’ਚੋਂ ਮਜ਼ਦੂਰ ਆਉਂਦੇ। ਸ਼ਮਲੇ ਵਾਲੀਆਂ ਪੱਗਾਂ ਵਾਲੇ ਜ਼ੈਲ-ਜ਼ਿਮੀਂਦਾਰ ਰੇਲਵੇ ਸਟੇਸ਼ਨਾਂ ’ਤੇ ਉਨ੍ਹਾਂ ਨੂੰ ਖ਼ੁਸ਼ਆਮਦੀਦ ਕਹਿਣ ਲਈ ਅੱਪੜਦੇ।
ਹਰੀ ਕ੍ਰਾਂਤੀ ਨਾਲ ਆਈ ਖ਼ੁਸ਼ਹਾਲੀ ਕਾਰਨ ਪੰਜਾਬੀਆਂ ਨੇ ਹੱਥੀਂ ਕਾਰ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਹੱਡੀਂ ਐਸਾ ਪਾਣੀ ਪਿਆ ਕਿ ਉਹ ਪੂਰੀ ਤਰ੍ਹਾਂ ਪਰਵਾਸੀਆਂ ’ਤੇ ਨਿਰਭਰ ਹੋ ਗਏ। ਸਥਾਨਕ ਲੋਕਾਂ ਵੱਲੋਂ ਤਿਆਗੀ ਗਈ ਥਾਂ ਜੇ ਕੋਈ ਦੂਜਾ ਭਰਦਾ ਹੈ ਤਾਂ ਇਸ ਲਈ ਪਰਵਾਸੀਆਂ ਨੂੰ ਦੋਸ਼ੀ ਕਿਵੇਂ ਠਹਿਰਾਇਆ ਜਾ ਸਕਦਾ ਹੈ? ਹੁਸ਼ਿਆਰਪੁਰ ਵਿਚ ਪੰਜ ਸਾਲਾ ਬੱਚੇ ਨਾਲ ਕੀਤੇ ਗਏ ਅਤਿ ਘਿਨੌਣੇ ਕੁਕਰਮ ਨੇ ਸਭ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਸਨ। ਦੋਸ਼ੀ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਸੰਵੇਦਨਸ਼ੀਲ ਲੋਕ ਇਕੱਠੇ ਹੋਏ। ਥਾਂ-ਥਾਂ ਰੋਸ ਮੁਜ਼ਾਹਰੇ ਹੋਏ। ਦੋਸ਼ੀ ਪਰਵਾਸੀ ਮਜ਼ਦੂਰ ਨੂੰ ਫਾਹੇ ਲਾਉਣ ਦੀ ਮੰਗ ਉੱਠੀ। ਦੇਖਦੇ ਹੀ ਦੇਖਦੇ ਸਮੁੱਚੇ ਪਰਵਾਸੀ ਇਸ ਲਾਵੇ ਦੀ ਜ਼ੱਦ ਵਿਚ ਆ ਗਏ।
ਪੰਜਾਬ ਨੂੰ ਪਰਵਾਸੀਆਂ ਤੋਂ ਮੁਕਤ ਕਰਨ ਲਈ ਕਈ ਗ੍ਰਾਮ ਪੰਚਾਇਤਾਂ ਵੱਲੋਂ ਮਤੇ ਤੱਕ ਪਾਏ ਗਏ। ਕਈ ਪੰਚਾਇਤਾਂ ਨੇ ਸ਼ਾਇਸਤਗੀ ਦਿਖਾਈ। ਸੂਝਵਾਨ ਪੰਚਾਇਤਾਂ ਨੇ ਮਤਿਆਂ ਵਿਚ ਕਿਹਾ ਕਿ ਉਨ੍ਹਾਂ ਦਾ ਪਰਵਾਸੀਆਂ ਨਾਲ ਨਹੀਂ, ਸਗੋਂ ਅਪਰਾਧੀਆਂ ਨਾਲ ਵਿਰੋਧ ਹੈ। ਇਸ ਤਰਕ ਵਿਚ ਸਿਆਣਪ ਨਜ਼ਰ ਆਉਂਦੀ ਹੈ। ਇਨ੍ਹਾਂ ਪਿੰਡਾਂ ਦੇ ਪੰਚ-ਸਰਪੰਚ ਕਹਿੰਦੇ ਕਿ ਪਿੰਡਾਂ ਵਿਚ ਬਾਹਰੋਂ ਆਏ ਹਰ ਵਿਅਕਤੀ ਕੋਲ ਆਧਾਰ ਕਾਰਡ ਜਾਂ ਕੋਈ ਹੋਰ ਸਰਕਾਰੀ ਪਛਾਣ ਪੱਤਰ ਹੋਣਾ ਲਾਜ਼ਮੀ ਹੈ। ਇਹ ਵੀ ਸੱਚਾਈ ਹੈ ਕਿ ਅਣਗਿਣਤ ਲੋਕ ਅਪਰਾਧ ਕਰ ਕੇ ਦੂਜੇ ਰਾਜਾਂ ਵਿਚ ਪਰਵਾਸ ਕਰ ਜਾਂਦੇ ਹਨ। ਪੰਜਾਬ ਵਿਚ ਹੋਈਆਂ ਗੋਲ਼ੀਬਾਰੀ ਦੀਆਂ ਅਣਗਿਣਤ ਘਟਨਾਵਾਂ ਵਿਚ ਯੂਪੀ, ਬਿਹਾਰ ਤੇ ਹੋਰ ਸੂਬਿਆਂ ਦੇ ਗੈਂਗਸਟਰ ਸ਼ਾਮਲ ਸਨ। ਉਹ ਸੁਪਾਰੀਆਂ ਲੈ ਕੇ ਦਿਨ-ਦਿਹਾੜੇ ਪੰਜਾਬ ਵਿਚ ਖ਼ੂਨੀ ਵਾਰਦਾਤਾਂ ਕਰ ਜਾਂਦੇ।
ਕਾਨੂੰਨ ਤਾਂ ਕਹਿੰਦਾ ਹੈ ਕਿ ਪੁੱਤ ਵੱਲੋਂ ਕੀਤੇ ਗਏ ਅਪਰਾਧ ਲਈ ਉਸ ਦੇ ਮਾਂ-ਬਾਪ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਮੁਹਿੰਮ ਦੀ ਅਗਵਾਈ ਭੀੜਤੰਤਰ ਕਰ ਰਿਹਾ ਹੈ। ਭੀੜ ਦਾ ਆਪਣਾ ਤਰਕ ਨਹੀਂ ਹੁੰਦਾ। ‘ਮੌਬ-ਮੈਂਟੈਲਿਟੀ’ ਤਾਂ ਭੀੜ ਵਿਚ ਸ਼ਾਮਲ ਸਭ ਤੋਂ ਘੱਟ ਦਿਮਾਗ ਵਾਲੇ ਵਿਅਕਤੀ ਅਨੁਸਾਰ ਆਕਾਰ ਲੈਂਦੀ ਹੈ। ਭੀੜ ’ਚੋਂ ਕੋਈ ਵਿਅਕਤੀ ਕਟਾਰ ਕੱਢ ਲਵੇ ਤਾਂ ਸਾਰੀ ਭੀੜ ਖ਼ੂਨ-ਖ਼ਰਾਬੇ ’ਤੇ ਉਤਰ ਆਉਂਦੀ ਹੈ। ਚੰਗੇ ਮਸ਼ਵਰੇ ਦੇਣ ਵਾਲੀ ਜ਼ੁਬਾਨ ਨੂੰ ਦਬਾ ਦਿੱਤਾ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰ ’ਚ ਅਜਿਹੀ ਕਬਾਇਲੀ ਮਾਨਸਿਕਤਾ ਲਈ ਕੋਈ ਥਾਂ ਨਹੀਂ ਹੈ।
ਮੁੱਢ-ਕਦੀਮ ਤੋਂ ਪੰਜਾਬੀ ਮਜ਼ਲੂਮਾਂ ਖ਼ਾਤਰ ਜਰਵਾਣਿਆਂ ਨਾਲ ਲੋਹਾ ਲੈਂਦੇ ਆਏ ਹਨ। ਜ਼ਾਲਮ ਦੀ ਧਿਰ ਉਹ ਕਦੇ ਨਹੀਂ ਬਣੇ। ਹੋ ਸਕਦਾ ਹੈ ਕਿ ਅਜਿਹੀ ਮੁਹਿੰਮ ਪੰਜਾਬ ਨੂੰ ਬਦਨਾਮ ਕਰਨ ਲਈ ਚਲਾਈ ਜਾ ਰਹੀ ਹੋਵੇ। ਕਿਸੇ ਸੂਬੇ ਵਿਸ਼ੇਸ਼ ਵਿਚ ਹੋਣ ਵਾਲੀਆਂ ਚੋਣਾਂ ਵਿਚ ਸਿਆਸੀ ਲਾਹਾ ਲੈਣ ਲਈ ਵੀ ਅਜਿਹੇ ਮਨਸੂਬਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੋ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਲੁਕਵੀਂ ਲੜਾਈ ਲੜਨ ਲਈ ਬਹਿਰੂਪੀਏ ਸਰਗਰਮ ਹੋ ਜਾਂਦੇ ਹਨ। ਮਨ-ਮਰਜ਼ੀ ਦੇ ਬਿਰਤਾਂਤ ਸਿਰਜ ਲਏ ਜਾਂਦੇ ਹਨ। ਅਦਿੱਖ ਤਾਕਤਾਂ ਤਕਸੀਮਾਂ ’ਚੋਂ ਸੱਤਾ ਦਾ ਪੰਧ ਨਾਪਦੀਆਂ ਹਨ।
ਅਜਿਹੀਆਂ ਲੁਕਵੀਆਂ ਜੰਗਾਂ ਭਾਵੇਂ ਵਿਸ਼ਵ-ਵਿਆਪੀ ਵਰਤਾਰਾ ਹੋ ਗਿਆ ਹੈ ਪਰ ਪੰਜਾਬ ਲੰਬੇ ਸਮੇਂ ਤੋਂ ਇਸ ਦਾ ਪੀੜਤ ਹੈ। ਪੰਜਾਬ ਨੂੰ ਪ੍ਰਯੋਗਸ਼ਾਲਾ ਦੇ ਤੌਰ ’ਤੇ ਵਰਤਿਆ ਜਾ ਰਿਹਾ ਹੈ। ਇਕ ਤੋਂ ਬਾਅਦ ਦੂਜਾ ਬਿਖੇੜਾ ਖੜ੍ਹਾ ਕਰ ਦਿੱਤਾ ਜਾਂਦਾ ਹੈ। ਨਫ਼ਰਤ ਫੈਲਾ ਕੇ ਪੰਜਾਬ ਅਤੇ ਪੰਜਾਬੀਆਂ ਨੂੰ ਵੰਡੇ ਜਾਣ ਦਾ ਵਰਤਾਰਾ ਪੁਰਾਣਾ ਹੈ। ਸੱਤਾ ਦੇ ਲੋਭੀ ਨਫ਼ਰਤ ਦੀ ਸਨਅਤ ਵਿਚ ਸਭ ਤੋਂ ਵੱਧ ਨਿਵੇਸ਼ ਕਰਦੇ ਹਨ। ਪੰਜਾਬ ਦੀ ਧਰਤੀ ’ਤੇ ਸੇਹ ਦਾ ਤੱਕਲਾ ਗੱਡ ਕੇ ਉਹ ਪੰਜਾਬੀਆਂ ਨੂੰ ਚੈਨ ਨਾਲ ਬੈਠਣ ਨਹੀਂ ਦੇਣਾ ਚਾਹੁੰਦੇ।
ਪੰਜਾਬ ਵਿਚ ਬਦਅਮਨੀ ਫੈਲਾ ਕੇ ਦੇਸ਼ ਦੇ ਦੂਜੇ ਸੂਬਿਆਂ ’ਚ ਸਹਿਜੇ ਹੀ ਵੋਟਾਂ ਬਟੋਰੀਆਂ ਜਾਂਦੀਆਂ ਹਨ। ਪੰਜਾਬ ਦੀ ਸਾੜ-ਫੂਕ ਮਹਿੰਗੇ ਭਾਅ ਵਿਕਦੀ ਹੈ। ਵਿਡੰਬਣਾ ਇਹ ਹੈ ਕਿ ਪੰਜਾਬੀ ਬੀਤੇ ਤੋਂ ਵੀ ਕੁਝ ਸਿੱਖਣ ਨੂੰ ਤਿਆਰ ਨਹੀਂ ਹਨ। ਪੰਜਾਬ ਵਿਚ ਫੈਲਾਈ ਜਾਂਦੀ ਅੱਗ ਦਾ ਸਭ ਤੋਂ ਵੱਧ ਸੇਕ ਬਾਹਰਲੇ ਸੂਬਿਆਂ ਵਿਚ ਖ਼ੁਸ਼ਹਾਲ ਜੀਵਨ ਬਤੀਤ ਕਰਦੇ ਪੰਜਾਬੀਆਂ ਨੂੰ ਲੱਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਿਊਟਨ ਵੱਲੋਂ ਦਿੱਤੇ ‘ਮੋਸ਼ਨ’ ਦੇ ਤੀਜੇ ਸਿਧਾਂਤ ਅਨੁਸਾਰ ਹਰੇਕ ਐਕਸ਼ਨ ਦਾ ਉਲਟੀ ਦਿਸ਼ਾ ਵਿਚ ਬਰਾਬਰ ਰਿਐਕਸ਼ਨ ਹੁੰਦਾ ਹੈ। ਮਸਲਨ, ਜੇ ਤੁਸੀਂ ਕੰਧ ’ਤੇ ਜਿੰਨੀ ਤਾਕਤ ਨਾਲ ਗੇਂਦ ਮਾਰੋਗੇ, ਉਹ ਓਨੀ ਊਰਜਾ ਨਾਲ ਉਲਟੀ ਦਿਸ਼ਾ ਵਿਚ ਉਛਲੇਗੀ।
ਵਿਗਿਆਨਕ ਤੋਂ ਇਲਾਵਾ ਦਾਰਸ਼ਨਿਕ ਨਜ਼ਰੀਏ ਤੋਂ ਵੀ ਵਾਚੀਏ ਤਾਂ ਜਿਹੋ ਜੇਹਾ ਬੀਜਿਆ ਜਾਂਦਾ ਹੈ, ਉਹੀ ਵੱਢਣਾ ਪੈਂਦਾ ਹੈ। ਕਹਿਣ ਤੋਂ ਭਾਵ, ਕਿਸੇ ਇਕ ਖਿੱਤੇ ਵਿਚ ਹੋਈ ਜ਼ਿਆਦਤੀ ਦਾ ਬਦਲਾ ਦੂਜੇ ਖਿੱਤੇ ਵਿਚ ਲਏ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਬੇਕਸੂਰ ਤੇ ਭੋਲੇ-ਭਾਲੇ ਲੋਕ ਖਾਹ-ਮਖਾਹ ਨਿਸ਼ਾਨਾ ਬਣ ਜਾਂਦੇ ਹਨ। ਲੋਕਤੰਤਰ, ਜੰਗਲ ਰਾਜ ਵਿਚ ਤਬਦੀਲ ਹੋ ਸਕਦਾ ਹੈ। ਅਜਿਹੀ ਸਥਿਤੀ ਦਾ ਫ਼ਾਇਦਾ ਵਿਰੋਧੀ ਤਾਕਤਾਂ ਨੂੰ ਮਿਲਦਾ ਹੈ ਜਿਨ੍ਹਾਂ ਦੀ ਸੰਗ-ਏ-ਬੁਨਿਆਦ ਹੀ ਨਫ਼ਰਤ ’ਤੇ ਟਿਕੀ ਹੁੰਦੀ ਹੈ।
‘ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਇਕ ਹੈ’ ਦਾ ਨਾਅਰਾ ਦੇਣ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਕੁਝ ਰਾਜਾਂ ਵਿਚ ਬਾਹਰਲੇ ਲੋਕਾਂ ਵੱਲੋਂ ਓਥੇ ਜ਼ਮੀਨ ਖ਼ਰੀਦਣ ’ਤੇ ਪਾਬੰਦੀ ਲੱਗੀ ਹੋਈ ਹੈ। ਅਜਿਹਾ ਦੋਗਲਾ ਕਾਨੂੰਨ ਵੀ ਬੇਚੈਨੀ ਨੂੰ ਜਨਮ ਦਿੰਦਾ ਹੈ। ਪਰਵਾਸੀਆਂ ਖ਼ਿਲਾਫ਼ ਝੰਡਾ ਚੁੱਕੀ ਬੈਠੇ ਲੋਕ ਸਵਾਲ ਕਰਦੇ ਹਨ ਕਿ ਪੰਜਾਬ ਨੂੰ ਹੀ ਫਿਰ ਕਿਉਂ ‘ਦੇਸ਼ ਦੀ ਸ਼ਾਮਲਾਟ’ ਵਾਂਗ ਸਮਝਿਆ ਜਾ ਰਿਹਾ ਹੈ। ਅਜਿਹੇ ਤਰਕ, ਉਕਸਾਊ ਬਿਆਨਬਾਜ਼ੀ ਨੂੰ ਜਨਮ ਦਿੰਦੇ ਹਨ। ਸ਼ਰਾਰਤੀ ਅਨਸਰ ਬਲਦੀ ’ਤੇ ਤੇਲ ਪਾਉਣ ਵਿਚ ਦੇਰੀ ਨਹੀਂ ਕਰਦੇ। ਸਮੁੱਚੇ ਰਾਸ਼ਟਰ ’ਚ ਕਾਨੂੰਨਾਂ ਦੀ ਇਕਸਾਰਤਾ ਰਾਸ਼ਟਰੀ ਭਾਵਨਾ ਨੂੰ ਤਾਕਤ ਦੇਣ ਵਿਚ ਸਹਾਈ ਹੋ ਸਕਦੀ ਹੈ। ਦਿਲਾਂ ਦੇ ਟੋਏ-ਟਿੱਬੇ ਆਪਣੇ-ਆਪ ਪੱਧਰੇ ਹੋ ਜਾਣਗੇ।
ਪੂਰੇ ਦੇਸ਼ ਵਿਚ ਪਰਵਾਸ ਨੂੰ ਨਿਯਮਤ ਕਰਨ ਲਈ ਇੱਕੋ ਜੇਹੇ ਕਾਨੂੰਨ ਬਣਨ ਤਾਂ ਗ਼ੈਰ-ਸੰਵਿਧਾਨਕ ਤਰੀਕਿਆਂ ਨਾਲ ਪਾਸ ਕੀਤੇ ਜਾਂਦੇ ਮਤਿਆਂ ’ਤੇ ਰੋਕ ਲੱਗ ਜਾਵੇਗੀ। ਨਿਆਂ-ਪ੍ਰਣਾਲੀ ਦੀ ਤੱਕੜੀ ਵਿਚ ਪਾਸਕੂ ਨਹੀਂ ਹੋਵੇਗਾ ਤਾਂ ਅਜਿਹੇ ਗਿਲੇ-ਸ਼ਿਕਵੇ ਖ਼ੁਦ-ਬ-ਖ਼ੁਦ ਖ਼ਤਮ ਹੋ ਜਾਣਗੇ। ਨਿਯਮਾਂ ਤਹਿਤ ਪਿਤਰੀ ਸਥਾਨ ਤੋਂ ਕੀਤਾ ਗਿਆ ਪਰਵਾਸ ਹਰ ਕੋਈ ਖਿੜੇ ਮੱਥੇ ਪ੍ਰਵਾਨ ਕਰਨ ਲਈ ਪਾਬੰਦ ਹੋਵੇਗਾ। ਫਿਰ ਪੇਸ਼ਾਵਰ ਅਪਰਾਧੀਆਂ ਦੇ ਪਰਵਾਸ ਨੂੰ ਠੱਲ੍ਹਣ ਲਈ ਕੀਤੇ ਜਾਂਦੇ ਕਿਸੇ ਵੀ ਵਿਰੋਧ ਨੂੰ ਵਾਜਿਬ ਠਹਿਰਾਇਆ ਜਾ ਸਕੇਗਾ। ਕਿਸੇ ਵੀ ਸੂਬੇ ਦੇ ਪਰਵਾਸੀਆਂ ਦੀ ਨਿਸ਼ਾਨਦੇਹੀ, ਰਜਿਸਟ੍ਰੇਸ਼ਨ ਜਾਂ ਪੁਣ-ਛਾਣ ਤੋਂ ਭਲਾ ਕਿਸੇ ਨੂੰ ਕੀ ਇਤਰਾਜ਼ ਹੋਵੇਗਾ? ਬਿਨਾਂ ਵਜ੍ਹਾ ਟਕਰਾਅ ਪੈਦਾ ਕਰ ਕੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣਾ ਕਿਸੇ ਵੀ ਸੂਬੇ ਜਾਂ ਰਾਸ਼ਟਰ ਦੇ ਹਿੱਤ ’ਚ ਨਹੀਂ ਹੈ।