ਫ਼ੈਜ਼ਲ ਦੀ ਡਰਾਉਣੀ ਹਵਾਈ ਯਾਤਰਾ ( ਪੰਜਾਬੀ ਜਾਗਰਣ –– 28th SEPTEMBER, 2025)
ਵਰਿੰਦਰ ਵਾਲੀਆ
ਮੁੱਢ-ਕਦੀਮ ਤੋਂ ਮਨੁੱਖ ਹਰੀਆਂ ਚਰਾਂਦਾਂ ਦੀ ਤਲਾਸ਼ ਕਰਦਾ ਆ ਰਿਹਾ ਹੈ ਜੋ ਉਸ ਦੀ ਫ਼ਿਤਰਤ ਵਿਚ ਸ਼ਾਮਲ ਹੈ। ਜੇ ਕੋਈ ਆਪਣੀ ਜਿੰਦ-ਜਾਨ ਨੂੰ ਜੋਖ਼ਮ ਵਿਚ ਪਾ ਕੇ ਪਰਵਾਸ ਕਰਨਾ ਲੋਚਦਾ ਹੈ ਤਾਂ ਉਸ ਦੀ ਮਾਤ-ਭੂਮੀ ਉਦਾਸ ਹੋ ਜਾਂਦੀ ਹੈ। ਵਿਅਕਤੀ ਦੀ ਜੰਮਣ ਭੋਇੰ ਨੂੰ ਲੱਗਦਾ ਹੈ ਕਿ ਜੇ ਉਸ ਦੀ ਬੁੱਕਲ ਵਿਚ ਨਿੱਘ ਹੁੰਦਾ ਜਾਂ ਉਹ ਬੁਨਿਆਦੀ ਸਹੂਲਤਾਂ ਦੇਣ ਜੋਗੀ ਹੁੰਦੀ ਤਾਂ ਉਸ ਦਾ ਜਾਇਆ ਅਲਵਿਦਾ ਕਹਿ ਕੇ ਆਪਣੀਆਂ ਜੜ੍ਹਾਂ ਬੇਗਾਨੀ ਧਰਤੀ ’ਤੇ ਲਾਉਣ ਦਾ ਖ਼ਾਬ ਵੀ ਨਾ ਦੇਖਦਾ। ਵਿਕਾਸਸ਼ੀਲ ਦੇਸ਼ਾਂ ਦੇ ਬਾਸ਼ਿੰਦਿਆਂ ਦਾ ਪੱਛਮ ਦੇ ਵਿਕਸਤ ਦੇਸ਼ਾਂ ਵੱਲ ਜਾਣਾ ਆਮ ਵਰਤਾਰਾ ਹੈ। ਵਿਕਸਤ ਦੇਸ਼ਾਂ ਦੀ ਚਕਾਚੌਂਧ ਉਨ੍ਹਾਂ ਨੂੰ ਆਕਰਸ਼ਿਤ ਕਰਦੀ ਹੈ। ਆਪਣੇ ਮੁਲਕ ਦੀ ਕਰੰਸੀ ਕੱਖੋਂ ਹੌਲੀ ਜਾਪੇ ਤਾਂ ਉਹ ਡਾਲਰ, ਪੌਂਡ ਤੇ ਯੂਰੋ ਕਮਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਨ।

ਦੂਜੀ ਕਿਸਮ ਦਾ ਪਲਾਇਨ ਜੰਗਾਂ ਨਾਲ ਝੰਬੇ ਮੁਲਕਾਂ ਤੋਂ ਹੋ ਰਿਹਾ ਹੈ। ਇਨ੍ਹਾਂ ਲੋਕਾਂ ਨੇ ਆਪਣੇ ਘੁੱਗ ਵਸਦੇ ਘਰਾਂ ਨੂੰ ਖੰਡਰਾਤ ਹੁੰਦੇ ਤੱਕਿਆ ਹੈ। ਪੀੜਤਾਂ ਦੀ ਪੀੜਾ ਬਿਆਨਣ ਲਈ ਸ਼ਬਦਾਂ ਦੀ ਥੁੜ੍ਹ ਮਹਿਸੂਸ ਹੁੰਦੀ ਹੈ। ਇੱਕੀ ਸਤੰਬਰ 2025 ਨੂੰ ਤੇਰਾਂ ਸਾਲ ਦੇ ਅਫ਼ਗਾਨੀ ਬੱਚੇ ਫ਼ੈਜ਼ਲ ਦੀ ਖ਼ਤਰਿਆਂ ਭਰੀ ਉਡਾਣ ਪਿੱਛੇ ਵੀ ਇਹੀ ਤ੍ਰਾਸਦੀ ਹੈ। ਆਪਣੀ ਮਾਤਭੂਮੀ ਨੂੰ ਤਿਲਾਂਜਲੀ ਦੇ ਕੇ ਫ਼ੈਜ਼ਲ ਨੇ ਈਰਾਨ ਜਾਣ ਲਈ ਬੇਹੱਦ ਖ਼ੌਫ਼ਨਾਕ ਕਦਮ ਚੁੱਕਿਆ ਜੋ ਉਸ ਲਈ ਜਾਨਲੇਵਾ ਸਾਬਿਤ ਹੋ ਸਕਦਾ ਸੀ।
ਜੇਬ ’ਚ ਟਿਕਟ ਜੋਗੇ ਪੈਸੇ ਨਾ ਹੋਣ ਦੇ ਬਾਵਜੂਦ ਉਸ ਨੇ ਹਵਾਈ ਜਹਾਜ਼ ਰਾਹੀਂ ਈਰਾਨ ਜਾਣ ਦੀ ਠਾਣ ਲਈ ਸੀ। ਇੱਕੀ ਸਤੰਬਰ 2025 ਨੂੰ ਉਹ ਆਪਣੇ ਜੱਦੀ ਨਗਰ ਕੁੰਦੂਜ਼ ਤੋਂ 335 ਕਿੱਲੋਮੀਟਰ ਦਾ ਪੈਂਡਾ ਮਾਰ ਕੇ ਕਾਬੁਲ ਦੇ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜ ਗਿਆ। ਮੂੰਹ-ਹਨੇਰੇ ਉਹ ਯਾਤਰੀਆਂ ਦੇ ਝੁੰਡ ਵਿਚ ਰਲ ਕੇ ਹਵਾਈ ਅੱਡੇ ’ਤੇ ਤਾਇਨਾਤ ਸੁਰੱਖਿਆ ਤੇ ਇਮੀਗ੍ਰੇਸ਼ਨ ਕਰਮਚਾਰੀਆਂ ਨੂੰ ਝਕਾਨੀ ਦੇ ਕੇ ਦਿੱਲੀ ਨੂੰ ਜਾਣ ਵਾਲੀ ਕਾਮ ਏਅਰ ਫਲਾਈਟ ਆਰ ਕਿਊ 44001 ਨੇੜੇ ਪੁੱਜਣ ਵਿਚ ਕਾਮਯਾਬ ਹੋ ਗਿਆ। ਉਸ ਕੋਲ ਕਿਉਂਕਿ ਬੋਰਡਿੰਗ ਪਾਸ ਨਹੀਂ ਸੀ, ਇਸ ਲਈ ਉਹ ਦਾਅ ਲਾ ਕੇ ਜਹਾਜ਼ ਦੇ ਪਿਛਲੇ ਪਹੀਆਂ ਨੂੰ ਸਮੇਟਣ ਵਾਲੀ ਥਾਂ (ਗੇਅਰ ਵ੍ਹੀਲ ਵੈੱਲ) ਅੰਦਰ ਵੜ ਗਿਆ।
ਰਨ-ਵੇਅ ਤੋਂ ਬਾਅਦ ਪਹੀਏ ਇਸ ਥਾਂ ਅੰਦਰ ਸਿਮਟ ਜਾਂਦੇ ਹਨ। ਫ਼ੈਜ਼ਲ ਕੋਲ ਬਲੂ-ਟੁੱਥ ਵਾਲਾ ਲਾਲ ਰੰਗ ਦਾ ਸਪੀਕਰ ਤੇ ਦਵਾਈਆਂ ਦੇ ਕੁਝ ਪੱਤੇ ਸਨ। ਵ੍ਹੀਲ-ਵੈੱਲ ਛੇ ਫੁੱਟ ਲੰਬਾ, ਚਾਰ ਫੁੱਟ ਚੌੜਾ ਤੇ ਲਗਪਗ ਤਿੰਨ ਫੁੱਟ ਡੂੰਘਾ ਹੁੰਦਾ ਹੈ ਜਿਸ ਵਿਚ ਕੋਈ ਵਿਅਕਤੀ ਛੁਪ ਸਕਦਾ ਹੈ। ਟੇਕਆਫ ਵੇਲੇ ਇਸ ਥਾਂ ’ਤੇ ਕੰਨ-ਪਾੜਵੀਂ ਆਵਾਜ਼ ਅਤੇ ਅੰਤਾਂ ਦੀ ਤਪਸ਼ ਹੁੰਦੀ ਹੈ। ਤੀਹ-ਚਾਲੀ ਹਜ਼ਾਰ ਫੁੱਟ ਦੀ ਉੱਚਾਈ ’ਤੇ ਤਾਪਮਾਨ ਮਨਫ਼ੀ 60 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਅਚੰਭੇ ਦੀ ਗੱਲ ਇਹ ਹੈ ਕਿ ਜਹਾਜ਼ ਜਦੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰਦਾ ਹੈ ਤਾਂ ਫ਼ੈਜ਼ਲ ਗੇਅਰ-ਵ੍ਹੀਲ ਵੈੱਲ ’ਚੋਂ ਆਰਾਮ ਨਾਲ ਨਿਕਲ ਕੇ ਰਨ-ਵੇਅ ’ਤੇ ਟਹਿਲਣ ਲੱਗਦਾ ਹੈ। ਚੁਰਾਨਵੇਂ ਮਿੰਟ ਦੇ ਖ਼ਤਰਨਾਕ ਹਵਾਈ ਸਫ਼ਰ ਵਿਚ ਉਸ ਦਾ ਵਾਲ ਵਿੰਙਾ ਨਹੀਂ ਹੁੰਦਾ।
ਦਿੱਲੀ ਏਅਰਪੋਰਟ ’ਤੇ ਤਾਇਨਾਤ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਬੱਚੇ ਨੂੰ ਹਿੰਦੀ ਤੇ ਇੰਗਲਿਸ਼ ਨਾ ਆਉਣ ਕਰਕੇ ਜਾਂਚ ਅੱਗੇ ਨਹੀਂ ਸੀ ਵਧ ਰਹੀ। ਆਖ਼ਰ ਅਫ਼ਗਾਨ ਏਅਰਲਾਈਨਜ਼ ਦੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਤਾਂ ਅਸਲੀਅਤ ਦਾ ਖ਼ੁਲਾਸਾ ਹੋਇਆ। ਬੱਚੇ ਨੇ ਦੱਸਿਆ ਕਿ ਉਹ ਈਰਾਨ ਦੇ ਭੁਲੇਖੇ ਦਿੱਲੀ ਦੇ ਜਹਾਜ਼ ਵਿਚ ਚੜ੍ਹ ਗਿਆ ਸੀ। ਭਾਰਤ ਨੇ ਫਿਰਾਖ਼ਦਿਲੀ ਦਿਖਾਉਂਦਿਆਂ ਭਾਵੇਂ ਉਸ ਨੂੰ ਮੁੜਦੀ ਫਲਾਈਟ ’ਚ ਸੀਟ ’ਤੇ ਬਿਠਾ ਕੇ ਅਫ਼ਗਾਨਿਸਤਾਨ ਭੇਜ ਦਿੱਤਾ ਹੈ, ਫਿਰ ਵੀ ਫ਼ੈਜ਼ਲ ਵੱਲੋਂ ਚੁੱਕੇ ਗਏ ਬੇਹੱਦ ਖ਼ਤਰਨਾਕ ਕਦਮ ਨੇ ਕਈ ਅਣਸੁਲਝੇ ਸਵਾਲਾਂ ਨੂੰ ਜਨਮ ਦਿੱਤਾ ਹੈ।
ਪੌਣੇ ਚਾਰ ਲੱਖ ਦੀ ਆਬਾਦੀ ਵਾਲਾ ਫ਼ੈਜ਼ਲ ਦਾ ਨਗਰ ਕੁੰਦੂਜ਼ ਤਾਜ਼ਿਕਸਤਾਨ ਦੀ ਸਰਹੱਦ ਨੇੜੇ ਵਸਿਆ ਹੋਇਆ ਹੈ। ਅੱਠ ਅਗਸਤ 2021 ਨੂੰ ਜਦੋਂ ਤਾਲਿਬਾਨ ਦੇ ਟੈਂਕ ਕੁੰਦੂਜ਼ ਦੀਆਂ ਸੜਕਾਂ ਦਰੜਦੇ ਆਏ ਸਨ ਤਾਂ ਉੱਥੇ ਭੀਸ਼ਣ ਖ਼ਾਨਾਜੰਗੀ ਹੋਈ ਸੀ। ਤਾਲਿਬਾਨ ਦਾ ਅਫ਼ਗਾਨਿਸਤਾਨ ਵਿਚ ਕਬਜ਼ਾ ਹੋਣ ਤੱਕ ਅਣਗਿਣਤ ਨਗਰ ਵਾਸੀ ਮਾਰੇ ਗਏ ਜਿਨ੍ਹਾਂ ਵਿਚ ਬਹੁਤੇ ਬੱਚੇ ਸਨ। ਉਸ ਵੇਲੇ ਫ਼ੈਜ਼ਲ ਦੀ ਉਮਰ ਭਾਵੇਂ ਨੌਂ ਕੁ ਸਾਲ ਸੀ ਪਰ ਇਸ ਦਰਦਨਾਕ ਮੰਜ਼ਿਰ ਨੇ ਉਸ ਦੇ ਦਿਲ ’ਤੇ ਗਹਿਰਾ ਅਸਰ ਛੱਡਿਆ ਸੀ। ਅਫ਼ਗਾਨਿਸਤਾਨ ਦੀ ਜਰਖ਼ੇਜ਼ ਅਤੇ ਸਰਬਸੰਪੰਨ ਧਰਤੀ ਨੂੰ ਦਰਅਸਲ ਖ਼ਾਨਾਜੰਗੀ ਅਤੇ ਜੰਗਾਂ ਨੇ ਬਰਬਾਦ ਕੀਤਾ ਹੋਇਆ ਹੈ।
ਨਿਹਮਤਾਂ ਨਾਲ ਭਰਪੂਰ ਇਹ ਧਰਤੀ ਕੁਦਰਤੀ ਖ਼ਜ਼ਾਨਿਆਂ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਹੈ। ਕਾਬੁਲ, ਕੰਧਾਰ, ਹੇਰਾਤ ਅਤੇ ਮਜ਼ਾਰ-ਏ-ਸ਼ਰੀਫ਼ ਖਿੱਤਿਆਂ ਦੇ ਅੰਗੂਰ, ਖੁਰਮਾਨੀ, ਅਖਰੋਟ, ਬਦਾਮ ਤੇ ਅਨਾਰ ਦੁਨੀਆ ਭਰ ਵਿਚ ਮਸ਼ਹੂਰ ਹਨ। ਇਸ ਦੇ ਨਾਲ-ਨਾਲ ਪੋਸਤ/ਅਫੀਮ ਦੀ ਖੇਤੀ ਕਰਕੇ ਇਸ ਨੂੰ ‘ਕਾਲੇ ਸੋਨੇ’ ਦੀ ਧਰਤੀ ਵੀ ਕਿਹਾ ਜਾਂਦਾ ਹੈ। ਤਾਲਿਬਾਨ ਨੇ ਜਦੋਂ ਅਫ਼ਗਾਨਿਸਤਾਨ ’ਤੇ ਕਬਜ਼ਾ ਕੀਤਾ ਸੀ ਤਾਂ ਅਣਗਿਣਤ ਅਫ਼ਗਾਨੀ ਨਾਗਰਿਕ ਅਮਰੀਕਨ ਮਿਲਟਰੀ ਜਹਾਜ਼ਾਂ ’ਤੇ ਚੜ੍ਹਨ ਲਈ ਅੰਤਾਂ ਦਾ ਜੋਖ਼ਮ ਉਠਾ ਰਹੇ ਸਨ। ਵਾਇਰਲ ਵੀਡੀਓਜ਼ ਵਿਚ ਕਈ ਅਫ਼ਗਾਨੀ ਰਨ-ਵੇਅ ’ਤੇ ਚੱਲ ਰਹੇ ਜਹਾਜ਼ ’ਤੇ ਚੜ੍ਹਨ ਲਈ ਦੌੜਦੇ ਦਿਖਾਈ ਦੇ ਰਹੇ ਸਨ। ਉੱਡਣ ਵਾਲੇ ਜਹਾਜ਼ ਦੀਆਂ ਖਿੜਕੀਆਂ ਆਦਿ ਨੂੰ ਫੜੀ ਕਈ ਅਫ਼ਗਾਨੀ ਹਵਾ ’ਚੋਂ ਥੱਲੇ ਡਿੱਗਦੇ ਦਿਖਾਈ ਦਿੱਤੇ। ਅਜਿਹੇ ਦ੍ਰਿਸ਼ਾਂ ਨੇ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਸੀ।
ਅਫ਼ਗਾਨਿਸਤਾਨ ਵਿਚ ਖ਼ੂਨ-ਖ਼ਰਾਬਾ ਨਾ ਹੁੰਦਾ ਤਾਂ ਇਹ ਧਰਤੀ ਦਾ ਸਵਰਗ ਅਖਵਾਉਂਦਾ। ਤਾਲਿਬਾਨ ਦੇ ਰਾਜ ਦੌਰਾਨ ਹਾਲਾਤ ਸੁਧਰਨ ਦੀ ਬਜਾਏ ਹੋਰ ਖ਼ਰਾਬ ਹੋ ਰਹੇ ਹਨ। ਜਿਸ ਦਾ ਦਾਅ ਲੱਗੇ, ਉਹ ਆਪਣੇ ਮੁਲਕ ਨੂੰ ਤਿਲਾਂਜਲੀ ਦੇਣਾ ਲੋਚਦਾ ਹੈ। ਪੰਦਰਾਂ ਅਗਸਤ, 2021 ਨੂੰ ਜਦੋਂ ਭਾਰਤ ਆਜ਼ਾਦੀ ਦੀ 74ਵੀਂ ਵਰ੍ਹੇਗੰਢ ਮਨਾ ਰਿਹਾ ਸੀ, ਉਸ ਵੇਲੇ ਤਾਲਿਬਾਨ ਨੇ ਲਹੂ-ਵੀਟਵੀਂ ਖ਼ਾਨਾਜੰਗੀ ਉਪਰੰਤ ਆਪਣੇ ਮੁਲਕ ਦੀ ਵਾਗਡੋਰ ਸੰਭਾਲੀ ਸੀ। ਇਨ੍ਹਾਂ ਸਾਲਾਂ ਵਿਚ ਹਜ਼ਾਰਾਂ ਅਫ਼ਗਾਨੀ ਖ਼ੁਦ ਸਹੇੜੀ ਜਲਾਵਤਨੀ ਹੰਢਾ ਰਹੇ ਹਨ। ਫ਼ੈਜ਼ਲ ਵੱਲੋਂ ਚੁੱਕੇ ਗਏ ਖ਼ੌਫ਼ਨਾਕ ਕਦਮ ਨੂੰ ਇਸੇ ਸੰਦਰਭ ਵਿਚ ਵਾਚਿਆ ਜਾਣਾ ਚਾਹੀਦਾ ਹੈ।
ਫ਼ੈਜ਼ਲ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ। ਇਸੇ ਲਈ ਉਸ ਨੂੰ ‘ਮਿਰਾਕਲ ਬੁਆਏ’ ਕਿਹਾ ਜਾਂਦਾ ਹੈ। ਵਾਕਈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਉਸ ਦੀ ਫਲਾਈਟ ਲੰਬੀ ਹੁੰਦੀ ਤਾਂ ਭਾਣਾ ਵਰਤ ਸਕਦਾ ਸੀ। ਕਾਬੁਲ ਤੋਂ ਦਿੱਲੀ ਦਾ ਸਫ਼ਰ ਹਜ਼ਾਰ ਕੁ ਕਿੱਲੋਮੀਟਰ ਹੈ ਜੋ ਮਹਿਜ਼ 94 ਮਿੰਟਾਂ ਵਿਚ ਪੂਰਾ ਹੋ ਗਿਆ। ਅਜਿਹੇ ਜੋਖ਼ਮ ਪਹਿਲਾਂ ਵੀ ਉਠਾਏ ਜਾ ਚੁੱਕੇ ਸਨ। ਪਰ ਬਹੁਤੇ ਫ਼ੈਜ਼ਲ ਵਰਗੇ ਖ਼ੁਸ਼ਕਿਸਮਤ ਨਹੀਂ ਨਿਕਲੇ। ਉੱਚਾਈ ’ਤੇ ਜਾ ਕੇ ਕਈਆਂ ਦੇ ਸਰੀਰ ਦਾ ਤਾਪਮਾਨ ਖ਼ਤਰਨਾਕ ਹੱਦ ਤੱਕ ਘਟ ਗਿਆ ਜਾਂ ਆਕਸੀਜਨ ਦੀ ਘਾਟ ਨਾਲ ਰੱਬ ਨੂੰ ਪਿਆਰੇ ਹੋ ਗਏ।
ਫ਼ੈਜ਼ਲ ਵਾਗ ਪੰਜਾਬ ਦੇ ਦੋ ਸਕੇ ਭਰਾ, ਪ੍ਰਦੀਪ ਸੈਣੀ ਅਤੇ ਵਿਜੇ ਸੈਣੀ ਨੇ ਵੀ ਸੰਨ 1996 ਵਿਚ ਜਹਾਜ਼ ਦੇ ਪਹੀਆਂ ਵਾਲੀ ਥਾਂ ਅੰਦਰ ਬੈਠ ਕੇ ਦਿੱਲੀ ਤੋਂ ਇੰਗਲੈਂਡ ਦਾ ਸਫ਼ਰ ਕੀਤਾ ਸੀ। ਬਦਕਿਸਮਤੀ ਨਾਲ ਹੀਥਰੋ ਹਵਾਈ ਅੱਡੇ ’ਤੇ ਲੈਂਡ ਕਰਨ ਤੋਂ ਪਹਿਲਾਂ ਰਨ-ਵੇਅ ’ਤੇ ਦੌੜਨ ਲਈ ਜਹਾਜ਼ ਦੇ ਪਹੀਏ ਖੁੱਲ੍ਹੇ ਤਾਂ ਵਿਜੇ ਸੈਣੀ ਦੀ ਲਾਸ਼ ਹਵਾ ਵਿਚ ਲੁੜਕਦੀ ਹੋਈ ਹੇਠਾਂ ਡਿੱਗੀ ਸੀ। ਪ੍ਰਦੀਪ ਭਾਵੇਂ ਬਚ ਗਿਆ ਪਰ ਛੋਟੇ ਭਰਾ ਦੀ ਮੌਤ ਕਾਰਨ ਉਹ ਕਈ ਸਾਲ ਸਦਮੇ ਵਿਚ ਰਿਹਾ ਸੀ। ਅੱਜ ਵੀ ਜਦੋਂ ਉਸ ਨੂੰ ਇਸ ਡਰਾਉਣੇ ਸਫ਼ਰ ਦੀ ਯਾਦ ਆਉਂਦੀ ਹੈ ਤਾਂ ਉਹ ਨੀਂਦ ’ਚੋਂ ਤ੍ਰਭਕ ਕੇ ਉੱਠ ਪੈਂਦਾ ਹੈ।