VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਪਰਮ ਦਾ ਛੇਵਾਂ ਚਿਰਾਗ਼ ( ਪੰਜਾਬੀ ਜਾਗਰਣ –– 5th OCTOBER, 2025)

ਵਰਿੰਦਰ ਵਾਲੀਆ

ਮੋਗਾ ਜ਼ਿਲ੍ਹੇ ਦੇ ਅਦਨੇ ਜੇਹੇ ਪਿੰਡ, ਦੁਨੇਕੇ ਵਿਚ ਕੰਮੀਆਂ ਦੇ ਘਰ ਜਨਮ ਲੈਣ ਵਾਲੀ ਪਰਮਜੀਤ ਕੌਰ ਉਰਫ਼ ਪਰਮ ਦੀ ਦਮਦਾਰ ਤੇ ਮਖਮਲੀ ਆਵਾਜ਼ ਨੇ ਉਸ ਨੂੰ ਚੰਦ ਦਿਨਾਂ ਵਿਚ ਹੀ ਫਰਸ਼ ਤੋਂ ਅਰਸ਼ ’ਤੇ ਪਹੁੰਚਾ ਦਿੱਤਾ ਹੈ। ਮੂੰਹ ਵਿਚ ਕਾਠ ਦਾ ਚਮਚਾ ਲੈ ਕੇ ਜੰਮਣ ਵਾਲੀ ਇਸ ਕੁੜੀ ਨੂੰ ਸੋਸ਼ਲ ਮੀਡੀਆ ਨੇ ਸੁਰਖ਼ਾਬ ਦੇ ਐਸੇ ਖੰਭ ਲਾਏ ਕਿ ਅੱਜ ਹਰ ਕੋਈ ਉਸ ਦੇ ਸੋਹਲੇ ਗਾ ਰਿਹਾ ਹੈ।

ਉਸ ਦੀ ਮਾਂ ਭਾਵੇਂ ਲੋਕਾਂ ਦੇ ਘਰਾਂ ਵਿਚ ਪੋਚੇ ਲਾਉਂਦੀ ਹੈ ਤੇ ਪਿਤਾ ਦਿਹਾੜੀਦਾਰ ਹੈ, ਫਿਰ ਵੀ ਪਰਮ ਸਣੇ ਸਾਰਾ ਟੱਬਰ ਹੀਣ-ਭਾਵਨਾ ਦਾ ਸ਼ਿਕਾਰ ਨਹੀਂ। ਚੜ੍ਹਦੀ ਕਲਾ ਵਿਚ ਰਹਿਣ ਵਾਲੇ ਤੇ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਵਾਲੇ ਜੋੜੇ ਨੇ ਆਪਣੀ ਧੀ ਨੂੰ ਪੁੱਤਾਂ ਤੋਂ ਵੱਧ ਪਿਆਰ ਨਾਲ ਪਾਲਿਆ ਸੀ। ਪਰਮ ਨੇ ਆਪਣੇ ਮਾਂ-ਬਾਪ ਨੂੰ ਗ਼ੁਰਬਤ ਦੀ ਜਿੱਲ੍ਹਣ ’ਚੋਂ ਕੱਢਣ ਲਈ ਕਈ ਸੁਪਨੇ ਬੁਣੇ ਸਨ। ਜਦੋਂ ਉਸ ਦਾ ਰੈਂਪ ‘ਦੈਟ ਗਰਲ’ ਸੋਸ਼ਲ ਮੀਡੀਆ ’ਤੇ ਰਿਲੀਜ਼ ਹੋਇਆ ਤਾਂ ਉਹ ਹਰ ਦਿਲ ਅਜ਼ੀਜ਼ ਬਣ ਗਈ। ‘ਵੇ ਮੈਂ ਅੱਡੀ ਨਾਲ ਪਤਾਸੇ ਜਾਵਾਂ ਭੋਰਦੀ/ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ’ ਗਾ ਰਹੀ ਇਸ ਸਾਧਾਰਨ ਦਿੱਖ ਵਾਲੀ ਕੁੜੀ ’ਚ ਅੰਤਾਂ ਦਾ ਭਰੋਸਾ ਹੈ।

ਆਮ ਗਾਇਕਾਂ ਵਾਂਗ ਉਸ ਨੇ ਮਹਿੰਗੇ ਕੱਪੜੇ ਨਹੀਂ ਪਾਏ ਤੇ ਨਾ ਹੀ ਉਸ ਦੀ ਸ਼ੂਟਿੰਗ ਕਿਸੇ ਵੱਡੇ ਸਟੂਡੀਓ ਵਿਚ ਹੋਈ ਹੈ। ਬਿਨਾਂ ਮੇਕਅੱਪ ਤੋਂ ਗਾਏ ਇਸ ਗੀਤ ਨੇ ਸੰਗੀਤ ਦੀ ਦੁਨੀਆ ਵਿਚ ਤਹਿਲਕਾ ਮਚਾ ਦਿੱਤਾ। ‘ਲੇਡੀ ਸਿੱਧੂ ਮੂਸੇਵਾਲਾ’ ਤੇ ਕਈ ਹੋਰ ਵਿਸ਼ੇਸ਼ਣਾਂ ਨਾਲ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਸਹੀ ਗੱਲ ਤਾਂ ਇਹ ਹੈ ਕਿ ਉਸ ਦੇ ਅੰਦਾਜ਼ ਦਾ ਕਿਸੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ।

ਮੂਸੇਵਾਲਾ ਖਾਂਦੇ-ਪੀਂਦੇ ਜ਼ਿਮੀਂਦਾਰ ਪਰਿਵਾਰ ਵਿਚ ਜੰਮਿਆ-ਪਲਿਆ ਸੀ ਪਰ ਪਰਮ ਹਾਸ਼ੀਏ ਤੋਂ ਹੇਠਾਂ ਸ਼੍ਰੇਣੀ ਨਾਲ ਸਬੰਧਤ ਹੈ। ਜਨਮ ਵੇਲੇ ਉਸ ਦੇ ਘਰ ਵਿਚ ਦੀਵਾ-ਵੱਟੀ ਜੋਗੇ ਪੈਸੇ ਵੀ ਨਹੀਂ ਸਨ। ਡੀਲ-ਡੌਲ, ਕੱਦ-ਕਾਠ ਤੇ ਰੰਗ-ਰੂਪ ਪੱਖੋਂ ਵੀ ਉਹ ਬੇਹੱਦ ਸਾਧਾਰਨ ਦਿਸਦੀ ਹੈ। ਇਸ ਸਭ ਦੇ ਬਾਵਜੂਦ ਉਸ ਨੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਨਹੀਂ ਬਲਕਿ ਲੁੱਟਿਆ ਹੈ। ਕੱਪੜਾ ਲੀੜਾ ਸੁੰਦਰਤਾ ਤੋਂ ਵੱਧ ਤਾਂ ਕੋਹਝ ਨੂੰ ਕੱਜਦਾ ਹੈ। ਇਸ ਲਿਹਾਜ਼ ਨਾਲ ਅਨੂਠੇ ਅੰਦਾਜ਼ ਵਿਚ ਗਾ ਰਹੀ ਪਰਮ ਬੇਹੱਦ ਖ਼ੂਬਸੂਰਤ ਜਾਪਦੀ ਹੈ।

ਕੈਰੀ ਨਜ਼ਰ ਨਾਲ ਵੇਖਣ ਵਾਲਿਆਂ ਨੂੰ ਉਹ ਵੰਗਾਰਦੀ ਹੋਈ ਕਹਿੰਦੀ ਹੈ ਕਿ ‘‘ਮੇਰੀ ਚੁੱਪ ਵੀ ਜਾਪਦੀ ਡੂੰਘੇ ਸ਼ੋਰ ਜਿਹੀ।’’ ਖ਼ੁਦ ਦੇ ਕਲਮਬੱਧ ਕੀਤੇ ਗਏ ਉਸ ਦੇ ਬੋਲਾਂ ’ਚੋਂ ਅਣਖ ਤੇ ਅਲਬੇਲਾਪਣ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਪਰਮ ਦੇ ਘਰਦਿਆਂ ਦੇ ਦਿਨ ਫਿਰੇ ਹਨ। ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਮੌਲਿਕ ਕਲਾ ਪੈਸੇ ਜਾਂ ਪ੍ਰਚਾਰ ਦੀ ਮੁਥਾਜ ਨਹੀਂ ਹੁੰਦੀ। ਆਰਟੀਫੀਸ਼ੀਅਲ ਇੰਟੈਲੀਜੈਂਸ (ਮਸ਼ੀਨੀ ਬੁੱਧੀ) ਦੀ ਬਦੌਲਤ ਬੇਸੁਰੇ ਵੀ ਸੁਰ ਵਿਚ ਗਾਉਂਦੇ ਨਜ਼ਰੀਂ ਪੈ ਜਾਂਦੇ ਹਨ। ਪਰਮ ਨੂੰ ਅਜਿਹੀ ਤਕਨਾਲੋਜੀ ਦੀ ਤੇ ਪ੍ਰਚਾਰ ਦੀ ਲੋੜ ਹੀ ਨਹੀਂ ਪਈ। ਬਰਤਾਨੀਆ ਦੇ ਮਕਬੂਲ ਮਿਊਜ਼ਿਕ ਡਾਇਰੈਕਟਰ ਮਨੀ ਸੰਧੂ ਨੇ ਉਚੇਚਾ ਭਾਰਤ ਆ ਕੇ ਉਸ ਦਾ ਗਾਣਾ ਕਿਰਾਏ ’ਤੇ ਲਏ ਛੋਟੇ ਜਿਹੇ ਕਮਰੇ ਵਿਚ ਰਿਕਾਰਡ ਕਰਵਾਇਆ ਸੀ।

ਕਿਸੇ ਵਿਸ਼ੇਸ਼ ਸੈੱਟ ਜਾਂ ਤਰੱਦਦ ਦੇ ਰਿਕਾਰਡ ਕੀਤਾ ਗਿਆ ਗੀਤ ਸੁਪਰ ਹਿੱਟ ਹੋਇਆ ਜਿਸ ਨੂੰ ਕੁਝ ਘੰਟਿਆਂ ਵਿਚ ਹੀ ਲੱਖਾਂ ਵਿਊਜ਼ ਮਿਲ ਗਏ। ਇਸ ਪ੍ਰਾਪਤੀ ਦਾ ਆਗਾਜ਼ ਮੋਗੇ ਦੀ ਦਾਣਾ ਮੰਡੀ ਤੋਂ ਹੋਇਆ ਜਿੱਥੇ ਕਿਰਤੀ ਦੇ ਪੁੱਤਰ ਜਸ਼ਨਪ੍ਰੀਤ ਸਿੰਘ ਨੇ ਰੈਪ ਗਾਉਣ ਲਈ ਛੋਟਾ ਜਿਹਾ ਗਰੁੱਪ ਬਣਾਇਆ ਸੀ। ਇਕ ਹੋਰ ਉਤਸ਼ਾਹੀ ਮੁੰਡਾ ਗੁਰਪ੍ਰੀਤ ਗੁਰੂ ‘ਸੰਤਾਲੀ’ ਵੀ ਇਸ ਦਾ ਹਿੱਸਾ ਸੀ। ਗੁਰੀ ਦਾ ਪਿਤਾ ਲੱਕੜ ਦਾ ਮਿਸਤਰੀ ਹੈ ਜਿਸ ਨੂੰ ਲਿਖਣ ਤੇ ਗਾਉਣ ਦਾ ਸ਼ੌਕ ਸੀ। ਪਰਿਵਾਰਕ ਝਮੇਲਿਆਂ ਕਾਰਨ ਉਹ ਬੁਲੰਦੀਆਂ ਹਾਸਲ ਨਾ ਕਰ ਸਕਿਆ। ਪਿਤਾ ਦਾ ਅਧੂਰਾ ਸੁਪਨਾ ਪੂਰਾ ਕਰਨ ਲਈ ਗੁਰੀ ਅੱਗੇ ਆਇਆ। ਪਰਮ ਵੀ ਆਪਣੇ ਕਾਲਜ ਦੇ ਸੰਗੀਆਂ-ਸਾਥੀਆਂ ਨਾਲ ਗੀਤ ਲਿਖਦੀ ਤੇ ਗਾਉਂਦੀ ਰਹੀ। ‘ਦੈਟ ਗਰਲ’ ਰੈਪ ਸੈਂਸੇਸ਼ਨ ਬਣ ਗਿਆ ਜਿਸ ਨੇ ਚਾਰ-ਚੁਫੇਰੇ ਧੁੰਮ ਮਚਾ ਦਿੱਤੀ। ਇਹ ਮਕਬੂਲੀਅਤ ਪੈਰ ਹੇਠ ਬਟੇਰ ਆਉਣ ਵਰਗੀ ਨਹੀਂ ਬਲਕਿ ਮੁਸਲਸਲ ਮਿਹਨਤ ਦਾ ਨਤੀਜਾ ਸੀ।

ਪਰਮ ਦੇ ਅੰਦਰ ਸੰਗੀਤ ਦਾ ਝਰਨਾ ਵਹਿ ਰਿਹਾ ਸੀ ਜਿਸ ਨੇ ਕਿਸੇ ਨਾ ਕਿਸੇ ਦਿਨ ਆਪਣੇ ਪ੍ਰਸ਼ੰਸਕਾਂ ਨੂੰ ਸਰਸ਼ਾਰ ਕਰਨਾ ਸੀ। ਇਤਿਹਾਸ ਦੇ ਵਰਕੇ ਫਰੋਲੀਏ ਤਾਂ ਪਤਾ ਚੱਲਦਾ ਹੈ ਕਿ ਸਾਧਾਰਨ ਘਰਾਂ ਵਿਚ ਪੈਦਾ ਹੋਣ ਵਾਲੇ ਬੱਚਿਆਂ ਨੇ ਅਸਾਧਾਰਨ ਪ੍ਰਾਪਤੀਆਂ ਕੀਤੀਆਂ ਹਨ। ਸੰਗੀਤ ਦੀ ਦੁਨੀਆ ਵਿਚ ਅਜਿਹੀਆਂ ਅਣਗਿਣਤ ਉਦਾਹਰਨਾਂ ਮਿਲ ਜਾਂਦੀਆਂ ਹਨ।

ਪੰਜਾਬੀ ਸੰਗੀਤ ਜਗਤ ਦੀ ਗੱਲ ਕਰੀਏ ਤਾਂ ‘‘ਲੈ ਜਾ ਛੱਲੀਆਂ ਭੁਨਾ ਲਈਂ ਦਾਣੇ, ਮਿੱਤਰਾ ਦੂਰ ਦਿਆ’ ਨਾਲ ਮਕਬੂਲ ਹੋਇਆ ਚਾਂਦੀ ਰਾਮ ਚਾਂਦੀ ਕਿਸੇ ਵੇਲੇ ਲੁਧਿਆਣਾ ਦੀਆਂ ਸੜਕਾਂ ’ਤੇ ਰਿਕਸ਼ਾ ਤੇ ਠੇਲ੍ਹਾ ਚਲਾਉਂਦਾ ਸੀ। ਕੁਲਦੀਪ ਮਾਣਕ, ਅਮਰ ਸਿੰਘ ਚਮਕੀਲਾ ਤੇ ਕਈ ਹੋਰ ਮਸ਼ਹੂਰ ਗਾਇਕ ਤੇ ਮਹਾਨ ਸੰਗੀਤਕਾਰਾਂ ਦਾ ਪਰਿਵਾਰਕ ਪਿਛੋਕੜ ਵੀ ਅਜਿਹਾ ਹੀ ਸੀ।

ਮਾਲਵਾ ਦਾ ਦਿਲ ਕਹੇ ਜਾਣ ਵਾਲੇ ਬਠਿੰਡਾ ਦੇ ਜੰਮ-ਪਲ ਸੰਨੀ ਹਿੰਦੁਸਤਾਨੀ ਨੇ ਵੀ ਪਰਮ ਵਾਂਗ 2019 ਵਿਚ ਸੰਗੀਤ ਦੀ ਦੁਨੀਆ ਵਿਚ ਤਹਿਲਕਾ ਮਚਾਇਆ ਸੀ। ਬੂਟ ਪਾਲਿਸ਼ ਕਰ ਕੇ ਘਰ ਦਾ ਗੁਜ਼ਾਰਾ ਕਰਨ ਵਾਲੇ ਸੰਨੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸੰਨੀ ਦਾ ਪਿਤਾ ਪੇਸ਼ੇ ਵਜੋਂ ਭਾਵੇਂ ਮੋਚੀ ਸੀ ਪਰ ਜੁੱਤੀਆਂ ਗੰਢਦਾ ਹੋਇਆ ਵੀ ਗੁਣਗੁਣਾਉਂਦਾ ਰਹਿੰਦਾ ਸੀ। ਮੰਦੇ ਭਾਗਾਂ ਨੂੰ ਪਿਤਾ ਦੀ ਮੌਤ ਤੋਂ ਬਾਅਦ ਗ਼ੁਰਬਤ ਦੀ ਚੱਕੀ ਵਿਚ ਪਿਸ ਰਹੇ ਪਰਿਵਾਰ ’ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਸੀ। ਸੰਨੀ ਦੀ ਮਾਤਾ ਬਠਿੰਡੇ ਦੀਆਂ ਗਲੀਆਂ-ਬਾਜ਼ਾਰਾਂ ’ਚ ਭਕਾਨੇ ਵੇਚਦੀ ਤੇ ਉਹ ਖ਼ੁਦ ਰੇਲਗੱਡੀ ਵਿਚ ਮੁਸਾਫਰਾਂ ਦੇ ਬੂਟ ਪਾਲਿਸ਼ ਕਰਦਾ। ਨੁਸਰਤ ਫ਼ਤਹਿ ਅਲੀ ਖ਼ਾਨ ਦਾ ਉਹ ਦੀਵਾਨਾ ਸੀ। ਉਸ ਦੇ ਗਾਏ ਹੋਏ ਗੀਤ ਉਸ ਦੇ ਧੁਰ ਅੰਦਰ ਉਤਰ ਗਏ ਤੇ ਉਹ ਉਨ੍ਹਾਂ ਨੂੰ ਗੁਣਗੁਣਾਉਂਦਾ ਰਹਿੰਦਾ। ਇਸ ਸ਼ੌਕ ਦੀ ਬਦੌਲਤ ਉਹ 23 ਫਰਵਰੀ 2020 ਨੂੰ ‘ਇੰਡੀਅਨ ਆਈਡਲ’ ਦਾ ਵਿਨਰ ਬਣ ਗਿਆ।

ਬਾਲੀਵੁੱਡ ਦੇ ਸਿਤਾਰਿਆਂ ਵਿਚ ਉਹ ਐਸਾ ਪਰਵਾਨ ਹੋਇਆ ਕਿ ਉਸ ਨੂੰ ਕਈ ਫਿਲਮਾਂ ਵਿਚ ਗੀਤ ਗਾਉਣ ਦਾ ਮੌਕਾ ਮਿਲਿਆ। ਪਾਕਿਸਤਾਨ ਦੀ ਵਣਜਾਰਨ ਗਾਇਕਾ ਰੇਸ਼ਮਾ ਤੇ ਬੰਗਲਾਦੇਸ਼ ਦੀ ਰੂਣਾ ਲੈਲਾ ਤੋਂ ਬਾਅਦ ਸੰਨੀ ਨੇ ‘‘ਦਮਾ ਦਮ ਮਸਤ ਕਲੰਦਰ’’ ਗਾਇਆ ਤਾਂ ਉਸ ਦੀ ਆਵਾਜ਼ ਦਾ ਲੋਹਾ ਬਾਲੀਵੁੱਡ ਇੰਡਸਟਰੀ ਨੇ ਮੰਨ ਲਿਆ ਸੀ। ਅੱਜ ਬੂਟ ਪਾਲਿਸ਼ ਕਰਨ ਵਾਲਾ ਮੁੰਡਾ ਦੁਨੀਆ ਦੇ ਕੋਨੇ-ਕੋਨੇ ਵਿਚ ਜਾ ਕੇ ਲਾਈਵ ਪ੍ਰੋਗਰਾਮ ਕਰ ਕੇ ਕਰੋੜਾਂ ਰੁਪਏ ਕਮਾ ਰਿਹਾ ਹੈ।

ਅੰਮ੍ਰਿਤਸਰ ਜ਼ਿਲ੍ਹੇ ਦੇ ਕੋਟਲਾ ਸੁਲਤਾਨ ਸਿੰਘ ਦੇ ਕੋਹਿਨੂਰ ਹੀਰੇ ਮੁਹੰਮਦ ਰਫ਼ੀ ਦਾ ਪਰਿਵਾਰਕ ਪਿਛੋਕੜ ਵੀ ਗ਼ੁਰਬਤ ਵਾਲਾ ਸੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਲਾਹੌਰ ਸਥਿਤ ਨਾਈ ਦੀ ਦੁਕਾਨ ’ਤੇ ਸਹਾਇਕ ਵਜੋਂ ਕੰਮ ਕਰਦਾ ਸੀ। ਵਾਲ ਕੱਟਦਾ ਤੇ ਦਾੜ੍ਹੀਆਂ ਦੇ ਖਤ ਬਣਾਉਂਦਾ ਰਫ਼ੀ ਗੀਤ ਗੁਣਗੁਣਾਉਂਦਾ ਰਹਿੰਦਾ। ਚੰਗੇ ਭਾਗਾਂ ਨੂੰ ਦਾੜ੍ਹੀ ਬਣਾਉਣ ਆਏ ਇਕ ਬਾਲੀਵੁੱਡ ਦੇ ਪ੍ਰੋਡਿਊਸਰ ਦੇ ਕੰਨਾਂ ਵਿਚ ਰਫ਼ੀ ਦੀ ਸੁਰਮਈ ਆਵਾਜ਼ ਪੈ ਗਈ। ਬਸ ਫਿਰ ਕੀ ਸੀ, ਥੋੜ੍ਹੇ ਅਰਸੇ ਵਿਚ ਰਫ਼ੀ ਸੰਗੀਤ ਸਮਰਾਟ ਬਣ ਗਿਆ।

ਇਸੇ ਤਰ੍ਹਾਂ ਦਾ ਪਰਿਵਾਰਕ ਪਿਛੋਕੜ ਪਾਕਿਸਤਾਨ ਦੀ ਵਣਜਾਰਨ ਗਾਇਕਾ ਰੇਸ਼ਮਾ ਦਾ ਹੈ। ਰੇਸ਼ਮਾ ਦਾ ਜਨਮ ਭਾਰਤ ਦੇ ਬੀਕਾਨੇਰ (ਰਾਜਸਥਾਨ) ਵਿਚ ਸੰਨ ਸੰਤਾਲੀ ਵਿਚ ਹੋਇਆ ਸੀ। ਦੇਸ਼ ਦੀ ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਦੇ ਤਟੀ ਮਹਾਨਗਰ ਕਰਾਚੀ ਚਲਾ ਗਿਆ। ਵਣਜਾਰਾ ਕਬੀਲੇ ਨਾਲ ਸਬੰਧਤ ਇਸ ਪਰਿਵਾਰ ਕੋਲ ਆਪਣਾ ਕੋਈ ਘਰ ਨਹੀਂ ਸੀ ਪਰ ਬੇਘਰਿਆਂ ਦੀ ਧੀ ਦੀ ਆਵਾਜ਼ ਦਾ ਜਾਦੂ ਘਰ-ਘਰ ਗੂੰਜਣ ਲੱਗਾ। ਦੇਸ਼ ਵੰਡਿਆ ਗਿਆ ਪਰ ਰੇਸ਼ਮਾ ਤਕਸੀਮ ਨਾ ਹੋਈ। ਉਸ ਨੇ ਬਾਲੀਵੁੱਡ ਲਈ ‘ਲੰਬੀ ਜੁਦਾਈ’ ਵਰਗੇ ਕਈ ਸਦਾਬਹਾਰ ਗੀਤ ਗਾਏ।

ਸ਼ੁਹਰਤ ਦੀਆਂ ਬੁਲੰਦੀਆਂ ਛੂਹਣ ਵਾਲੀ ਰੇਸ਼ਮਾ ਨੇ ਜਦੋਂ ਸਿੰਧ ਦੇ ਸ਼ਾਹ ਕਲੰਦਰ ਦਰਬਾਰ ਵਿਚ ‘ਦਮਾ ਦਮ ਮਸਤ ਕਲੰਦਰ’ ਗਾਇਆ ਤਾਂ ਉਹ ਕਰਾਚੀ ਰੇਡੀਓ ਦੇ ਪ੍ਰੋਡਿਊਸਰ ਸਲੀਮ ਗਿਲਾਨੀ ਦੀ ਨਜ਼ਰੇ ਚੜ੍ਹ ਗਈ। ਇਸ ਕਾਫੀ ਦੇ ਬੋਲ ‘‘ਚਾਰ ਚਿਰਾਗ ਤੇਰੇ ਬਲਣ ਹਮੇਸ਼ਾ/ਪੰਜਵਾਂ ਮੈਂ ਬਾਲਣ ਆਈ ਹਾਂ ਭਲਾ...’’ ਦੇ ਖ਼ਾਸ ਅਰਥ ਹਨ। ਚਾਰ ਚਿਰਾਗ਼ ਤਾਂ ਸ਼ਾਹ ਕਲੰਦਰ ਦੇ ਦਰਬਾਰ ਵਿਚ ਹਮੇਸ਼ਾ ਬਲਦੇ ਹੀ ਰਹਿੰਦੇ ਸਨ ਪਰ ਰੇਸ਼ਮਾ ਨੇ ਪੰਜਵਾਂ ਚਿਰਾਗ ਬਾਲ ਕੇ ਰੋਸ਼ਨੀ ਵਿਚ ਹੋਰ ਇਜ਼ਾਫ਼ਾ ਕੀਤਾ ਸੀ। ਸੰਨੀ ਹਿੰਦੁਸਤਾਨੀ ਨੇ ਜਦੋਂ ਇਹੀ ਕਾਫੀ ‘ਇੰਡੀਅਨ ਆਈਡਲ’ ਦੇ ਸੈੱਟ ’ਤੇ ਗਾਈ ਤਾਂ ਦੁਨੀਆ ਝੂਮ ਉੱਠੀ। ਪੰਜਵੇਂ ਤੋਂ ਬਾਅਦ ਹੁਣ ਪਰਮ ਨੇ ਛੇਵਾਂ ਚਿਰਾਗ਼ ਬਾਲ ਕੇ ਨਵੀਂ ਪਛਾਣ ਬਣਾਈ ਹੈ।