VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਜਲਗਾਹਾਂ ਬਚਾਓ, ਭਵਿੱਖ ਬਚਾਓ ( ਪੰਜਾਬੀ ਜਾਗਰਣ –– 1st FEBRUARY, 2026)

ਵਰਿੰਦਰ ਵਾਲੀਆ

ਛੰਭ, ਝੀਲਾਂ, ਟੋਭੇ, ਢਾਬਾਂ ਤੇ ਹੋਰ ਜਲਗਾਹਾਂ ਜਦੋਂ ਪਰਵਾਸੀ ਪੰਛੀਆਂ ਨੂੰ ਨਿਉਂਦਾ ਦਿੰਦੀਆਂ ਹਨ ਤਾਂ ਉਹ ਹਜ਼ਾਰਾਂ ਮੀਲਾਂ ਦਾ ਲੰਬਾ ਪੈਂਡਾ ਤੈਅ ਕਰ ਕੇ ਉਨ੍ਹਾਂ ਕੋਲ ਅੱਪੜ ਜਾਂਦੇ ਹਨ। ਮਹਿਮਾਨ ਪੰਛੀਆਂ ਦੀ ਆਮਦ, ਬਰਕਤਾਂ ਦੀ ਦਰ-ਆਮਦ ਮੰਨੀ ਜਾਂਦੀ ਹੈ। ਸਾਇਬੇਰੀਆ, ਯੂਰਪ ਅਤੇ ਮੱਧ ਏਸ਼ੀਆ ਦਾ ਬਰਫ਼ੀਲਾ ਮੌਸਮ ਜਦੋਂ ਉਨ੍ਹਾਂ ਦੀ ਚੋਗ ਨੂੰ ਚਿੱਟੀ ਚਾਦਰ ਨਾਲ ਢੱਕ ਲੈਂਦਾ ਹੈ ਤਾਂ ਉਹ ਜੰਗਲ-ਬੇਲਿਆਂ, ਪਹਾੜਾਂ ਅਤੇ ਸੱਤ ਸਮੁੰਦਰਾਂ ਨੂੰ ਪਾਰ ਕਰ ਕੇ ਪਰਦੇਸਾਂ ਦੀਆਂ ਜਲਗਾਹਾਂ ਨੂੰ ਰੈਣ-ਬਸੇਰਾ ਬਣਾ ਲੈਂਦੇ ਹਨ।

ਪ੍ਰਾਚੀਨ ਸਮੇਂ ਤੋਂ ਭਾਰਤ ਵਾਸੀ ‘ਅਤਿਥੀ ਦੇਵੋ ਭਵ’ ਦੀ ਸੰਸਕ੍ਰਿਤੀ ਨੂੰ ਪ੍ਰਣਾਏ ਹੋਏ ਹਨ। ਭਾਵ, ਉਹ ਅਤਿਥੀ ਨੂੰ ਰੱਬ ਦਾ ਰੂਪ ਮੰਨ ਕੇ ਉਸ ਦੀ ਖ਼ੂਬ ਆਓ ਭਗਤ ਕਰਦੇ ਆਏ ਹਨ। ਅਜਿਹੇ ਘਰਾਂ ਨੂੰ ਕਬਰਸਤਾਨ ਦੇ ਤੁੱਲ ਸਮਝਿਆ ਜਾਂਦਾ ਸੀ ਜਿਨ੍ਹਾਂ ਵਿਚ ਮਹਿਮਾਨਾਂ ਦੀ ਆਮਦ ਨਹੀਂ ਸੀ ਹੁੰਦੀ। ਅਤਿਥੀ ਨੂੰ ਵਿੱਤ ਅਨੁਸਾਰ ਭੋਜਨ ਪਰੋਸਿਆ ਜਾਂਦਾ। ਹਰ ਮਹਿਮਾਨ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਆਉਂਦਾ।

ਗੁਰੂ ਅੰਗਦ ਦੇਵ ਜੀ ਦੇ ਮਹਾਵਾਕ ‘‘ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ’’, ਦਾਣਾ-ਪਾਣੀ ਹਰ ਕਿਸੇ ਨੂੰ ਖਿੱਚ ਕੇ ਲੈ ਆਉਂਦਾ ਹੈ। ਦਾਣੇ-ਦਾਣੇ ’ਤੇ ਮੋਹਰ ਹੁੰਦੀ ਹੈ। ਪਰਵਾਸੀ ਪੰਛੀਆਂ ਨੂੰ ਵੀ ਜਲਗਾਹਾਂ ਦਾ ਦਾਣਾ-ਪਾਣੀ ਆਪਣੇ ਵੱਲ ਖਿੱਚ ਕੇ ਲਿਆਂਦਾ ਹੈ। ਹਰੀਕੇ ਪੱਤਣ, ਜਿੱਥੇ ਸਤਲੁਜ ਤੇ ਬਿਆਸ ਦਾ ਸੰਗਮ ਹੁੰਦਾ ਹੈ, ਉੱਤਰੀ ਭਾਰਤ ਦੀ ਸਭ ਤੋਂ ਵੱਡੀ ਵੈੱਟਲੈਂਡ ਹੈ।

ਸੰਨ 1990 ਵਿਚ ਇਸ ਨੂੰ ਆਲਮੀ ਰਾਮਸਰ ਸਾਈਟ ਦਾ ਦਰਜਾ ਪ੍ਰਾਪਤ ਹੋਇਆ ਸੀ। ਨਵੰਬਰ ਤੋਂ ਮਾਰਚ ਤੱਕ 200 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਇਸ ਜਲਗਾਹ ਦੀ ਰੌਣਕ ਵਧਾਉਂਦੇ ਹਨ। ਕਪੂਰਥਲਾ, ਫ਼ਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਲੱਗਦੀ ਇਸ ਪ੍ਰਮੁੱਖ ਜਲਗਾਹ ਵਿਚ ਕਈ ਦੁਰਲੱਭ ਪੰਖੇਰੂ ਵੀ ਨਜ਼ਰੀਂ ਪੈਂਦੇ ਹਨ। ਇੰਡਸ ਰਿਵਰ ਡਾਲਫਿਨ ਦੀ ਹੋਂਦ ਨੇ ਇਸ ਨੂੰ ਵਿਸ਼ਵ ਪੱਧਰ ਦੀ ਪ੍ਰਸਿੱਧੀ ਦਿੱਤੀ ਹੈ।

ਅੰਮ੍ਰਿਤ ਵੇਲੇ ਪਪੀਹੇ ਦੀ ਪੀਹੂ-ਪੀਹੂ ਦਾ ਅਲਾਪ ਰਾਤ ਭਰ ਦੇ ਸੰਨਾਟੇ ਨੂੰ ਤੋੜਦਾ ਹੈ (ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ।। ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ।।’’ ਪਹੁ-ਫੁਟਾਲੇ ਵੇਲੇ ਚਿੜੀਆਂ ਦੀ ਚੀਂ-ਚੀਂ ਵਿਚ ਲੰਬੀ ਗਰਦਨ ਵਾਲੀ ਸਾਇਬੇਰੀਅਨ ਕੂੰਜ ਦਾ ਮਧੁਰ ਸੁਰ ਮਿਲਦਾ ਹੈ ਤਾਂ ਸੁਨਹਿਰੇ-ਭੂਰੇ ਰੰਗ ਵਾਲਾ ਸੁਰਖਾਬ ਪਰ ਤੋਲਦਾ ਹੈ। ਪਿੰਟੇਲਾ ਸੀਟੀ ਵਰਗੀ ਆਵਾਜ਼ ਕੱਢ ਕੇ ਸੁਰ ਨਾਲ ਸੁਰ ਮਿਲਾਉਂਦਾ ਹੈ। ਚਪਟੀ ਚੁੰਝ ਵਾਲੀ ਉੱਤਰੀ ਸੋਵਲਰ ਨਰ ਟੁੱਕ-ਟੁੱਕ ਤੇ ਮਾਦਾ ਬਤਖ਼ ਕੁਐਕ-ਕੁਐਕ ਦੀ ਆਵਾਜ਼ ਕੱਢ ਕੇ ਹੁੰਗਾਰਾ ਦਿੰਦੀ ਪ੍ਰਤੀਤ ਹੁੰਦੀ ਹੈ।

ਰੁਣ-ਝੁਣ ਲਾਈ ਮੋਰ ਪੀਹੂ-ਪੀਹੂ , ਤੋਤੇ ਦੀ ਟੈਂ-ਟੈਂ, ਕੋਇਲ ਦੀ ਕੂ-ਕੂ, ਕਾਂ ਦੀ ਕਾਵਾਂਰੌਲੀ ਅਤੇ ਕਬੂਤਰ ਦੀ ਘੁੱਗੂ-ਘੂੰ ਵਚਿੱਤਰ ਨਜ਼ਾਰਾ ਪ੍ਰਸਤੁਤ ਕਰਦੇ ਹਨ। ਪੰਛੀਆਂ ਦੀਆਂ ਆਵਾਜ਼ਾਂ ਇਕ-ਦੂਜੇ ਨੂੰ ਪਰੇਸ਼ਾਨ ਕੀਤੇ ਬਗੈਰ ਸਮੂਹਿਕ ਗਾਣ ਪੇਸ਼ ਕਰਦੀਆਂ ਹਨ। ਭਾਵ ਮੂਲ ਵਾਸੀ ਤੇ ਪਰਵਾਸੀ ਇਕ-ਦੂਜੇ ਦੇ ਰੰਗ ਵਿਚ ਭੰਗ ਨਹੀਂ ਪਾਉਂਦੇ ਬਲਕਿ ਕਾਦਰ ਦੀ ਕੁਦਰਤ ਵਿਚ ਵਿਲੱਖਣ ਰੰਗ ਬਖੇਰਦੇ ਹਨ। ਸੰਗੀਤ ਦੀਆਂ ਸੱਤ ਸੁਰਾਂ ਦਾ ਸਰੋਤ ਵੀ ਤਾਂ ਪਸ਼ੂ-ਪੰਛੀਆਂ ਦੀਆਂ ਆਵਾਜ਼ਾਂ ਹੀ ਹਨ।

ਸ਼ਾਸਤਰੀ ਸੰਗੀਤ ਦੀਆਂ ਸੱਤ ਸੁਰਾਂ (ਸਪਤਕ), ਸਾ, ਰੇ, ਗਾ, ਮਾ...ਵੱਖ-ਵੱਖ ਪਸ਼ੂ-ਪੰਛੀਆਂ ਦੀਆਂ ਆਵਾਜ਼ਾਂ ਤੋਂ ਹੀ ਲਏ ਗਏ ਹਨ। ਪੰਛੀਆਂ-ਪੰਖੇਰੂਆਂ ਦੇ ਗਾਉਣ ਦਾ ਨਿਸ਼ਚਿਤ ਸਮਾਂ ਹੁੰਦਾ ਹੈ। ਉਹ ਕੁਵੇਲੇ ਦਾ ਰਾਗ ਨਹੀਂ ਅਲਾਪਦੇ। ਮਸਲਨ ਪਹੁ-ਫੁਟਾਲੇ ਵਕਤ ਕੋਇਲ ਪੰਚਮ ਸੁਰ ਅਲਾਪਦੀ ਹੈ। ਫਿਰ ਤੋਤਾ, ਮੈਨਾਂ ਤੇ ਕਾਂ ਦੀ ਵਾਰੀ ਆਉਂਦੀ ਹੈ। ਰਾਤ ਨੂੰ ਉੱਲੂ ਤੇ ਟਟੀਰੀ ਹਾਜ਼ਰੀ ਲਵਾਉਂਦੇ ਹਨ। ਚਕੋਰ ਦੀ ਚੰਨ ਨਾਲ ਇਕਪਾਸੜ ਮੁਹੱਬਤ ਹੈ। ਇਹ ਪਾਉਣ ਨਹੀਂ, ਚਾਹੁਣ ਦੀ ਇਬਾਦਤ ਨੂੰ ਦਰਸਾਉਂਦੀ ਹੈ। ਰਿਸ਼ਮਾਂ ਚਕੋਰ ਦੀ ਰੂਹ ਵਿਚ ਲਪਕਦੀਆਂ ਹਨ। ਭਾਵ, ਜਲ-ਜੀਵਾਂ ਤੇ ਪੰਖੇਰੂਆਂ ਦਾ ਜਲਗਾਹਾਂ ’ਤੇ ਲੱਗਦਾ ਰੌਣਕ-ਮੇਲਾ ਦਿਲ ਟੁੰਬਵਾਂ ਹੁੰਦਾ ਹੈ।

ਅੰਮ੍ਰਿਤ ਵੇਲੇ ਤੋਂ ਸੂਰਜ ਅਸਤ ਹੋਣ ਤੱਕ ਪੰਛੀਆਂ ਦਾ ਸੰਗੀਤ ਹੁਲਾਸ ਪੈਦਾ ਕਰਦਾ ਹੈ। ਇੰਜ ਜਾਪਦਾ ਹੈ ਜਿਵੇਂ ਉਨ੍ਹਾਂ ਦਾ ਸੰਗੀਤ ਰੁੱਖਾਂ ਨੂੰ ਲੋਰੀ ਦੇ ਕੇ ਸੁਆਉਂਦਾ ਤੇ ਫਿਰ ਪਹੁ-ਫੁਟਾਲੇ ਵਕਤ ਝੂਣ ਕੇ ਉਠਾਉਂਦਾ ਹੈ। ਅਫ਼ਸੋਸ ਕਿ ਸਮੇਂ ਨਾਲ ਜਲਗਾਹਾਂ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਉਦਯੋਗਾਂ ਦਾ ਕੂੜਾ ਤੇ ਕੈਮੀਕਲ ਇਨ੍ਹਾਂ ਜਲਗਾਹਾਂ ਦੀ ਹੋਂਦ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਪੈਦਾ ਕਰ ਰਹੇ ਹਨ। ਖੇਤਾਂ ਵਿਚ ਜ਼ਹਿਰਾਂ ਦੇ ਛਿੜਕਾਅ ਨੇ ਵੀ ਜਲਗਾਹਾਂ ਨੂੰ ਪ੍ਰਦੂਸ਼ਿਤ ਕੀਤਾ ਹੈ।

ਭੌਂ-ਮਾਫ਼ੀਆ ਵੱਲੋਂ ਕੀਤੇ ਜਾ ਰਹੇ ਕਬਜ਼ਿਆਂ ਕਾਰਨ ਵੀ ਜਲਗਾਹਾਂ ਸੁੰਗੜ ਰਹੀਆਂ ਹਨ। ਫਲਸਰੂਪ ਪਰਵਾਸੀ ਪੰਛੀਆਂ ਦੀ ਆਮਦ ਘਟਣੀ ਸ਼ੁਰੂ ਹੋ ਗਈ ਹੈ। ਇਹ ਵਰਤਾਰਾ ਵਿਸ਼ਵ ਪੱਧਰੀ ਹੈ। ਭੋਜਨ ਦੀ ਭਾਲ ਅਤੇ ਪ੍ਰਜਣਨ ਖ਼ਾਤਰ ਹਜ਼ਾਰਾਂ ਮੀਲ ਦਾ ਸਫ਼ਰ ਕਰਨ ਵਾਲੇ ਪਰਵਾਸੀ ਪੰਛੀ ਉਦਾਸ ਹੋਏ ਤਾਂ ਜਲਗਾਹਾਂ ਦੀ ਸਾਂਭ-ਸੰਭਾਲ ਲਈ ਵਿਸ਼ਵ ਪੱਧਰੀ ਗੋਸ਼ਟੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਕੁਦਰਤ ਦੇ ‘ਗੁਰਦਿਆਂ’ ਦੀ ਸੰਭਾਲ ਲਈ ਕੈਸਪੀਅਨ ਸਮੁੰਦਰ ਦੇ ਦੱਖਣੀ ਕੰਢੇ ਵਸੇ ਈਰਾਨ ਦੇ ਖ਼ੂਬਸੂਰਤ ਤਟਵਰਤੀ ਨਗਰ ਰਾਮਸਰ ਵਿਚ 2 ਫਰਵਰੀ 1971 ਨੂੰ ‘ਜਲਗਾਹਾਂ ਬਚਾਓ, ਭਵਿੱਖ ਬਚਾਓ’ ਸਿਖਰ ਵਾਰਤਾ ਆਯੋਜਿਤ ਕੀਤੀ ਗਈ। ਜਲਗਾਹਾਂ ਨੂੰ ਕੁਦਰਤ ਦੇ ‘ਗੁਰਦੇ’ ਕਿਹਾ ਗਿਆ ਜੋ ਜਲ ਨੂੰ ਪੁਣ-ਛਾਣ ਕੇ ਧਰਤੀ ਹੇਠਲੇ ਪਾਣੀ ਦੇ ਸਮਤਲ ਨੂੰ ਬਰਕਰਾਰ ਰੱਖਣ ਵਿਚ ਮਦਦਗਾਰ ਹੁੰਦੇ ਹਨ।

ਸੁੰਦਰ ਵਾਦੀਆਂ ਤੇ ਜਲਗਾਹਾਂ ਨਾਲ ਘਿਰੇ ਰਾਮਸਰ ਨਗਰ ਵਿਚ ਜਲਗਾਹਾਂ ਬਾਰੇ ਦਰਸਾਈ ਚਿੰਤਾ ਤੇ ਚਿੰਤਨ ਤੋਂ ਬਾਅਦ ਦੋ ਫਰਵਰੀ ਨੂੰ ਵਿਸ਼ਵ ਜਲਗਾਹਾਂ ਦਿਵਸ ਮਨਾਉਣ ਦਾ ਫ਼ੈਸਲਾ ਹੋਇਆ। ਪਰਵਾਸੀ ਪੰਛੀਆਂ ਨੂੰ ਸੈਨਤਾਂ ਮਾਰਨ ਵਾਲੀਆਂ ਜਲਗਾਹਾਂ ਨੂੰ ਆਲਮੀ ਮਾਨਤਾ ਮਿਲਣੀ ਸ਼ੁਰੂ ਹੋਈ। ਭਾਰਤ ਵਿਚ 80 ਤੋਂ ਵੱਧ ਰਾਮਸਰ ਜਲਗਾਹਾਂ ਹਨ ਜਿਨ੍ਹਾਂ ਵਿਚ ਪੰਜਾਬ ਦੀਆਂ ਹਰੀਕੇ, ਕਾਂਜਲੀ, ਰੋਪੜ, ਕੇਸ਼ੋਪੁਰ ਛੰਭ, ਬਿਆਸ ਅਤੇ ਨੰਗਲ ਵੈੱਟਲੈਂਡਜ਼ ਸ਼ਾਮਲ ਹਨ। ਪੰਜ ਆਬਾਂ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬ ਵਿਚ ਜਲਗਾਹਾਂ ਦਾ ਬੇਹੱਦ ਮਹੱਤਵ ਹੈ। ਖੰਡ ਮਿੱਲਾਂ ਦਾ ਸੀਰਾ, ਪੇਪਰ ਮਿੱਲਾਂ ਤੇ ਹੋਰ ਸਨਅਤਾਂ ਦਾ ਕੈਮੀਕਲ ਜਾਂ ਫੈਕਟਰੀਆਂ ਦਾ ਕੂੜਾ-ਕਬਾੜ ਸੁੱਟੇ ਜਾਣ ਕਾਰਨ ਪਰਵਾਸੀ ਪੰਛੀਆਂ ਨੇ ਸਾਡੀਆਂ ਜਲਗਾਹਾਂ ਤੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ। ਇਹ ਸ਼ੁਭ ਸ਼ਗਨ ਨਹੀਂ ਹੈ।

ਪਾਣੀ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਇਸ ਨੂੰ ਨਹੀਂ ਸੰਭਾਲਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਧਰਤੀ ਨੂੰ ਪਾਣੀ ਦੀ ਹੋਂਦ ਕਰਕੇ ‘ਨੀਲਾ ਗ੍ਰਹਿ’ ਕਿਹਾ ਜਾਂਦਾ ਹੈ। ਪਾਣੀ ਦੀ ਹੋਂਦ ਕਾਰਨ ਹੀ ਇੱਥੇ ਜੀਵਨ ਸੰਭਵ ਹੈ। ਸਤਾਨਵੇਂ ਫ਼ੀਸਦ ਪਾਣੀ ਖਾਰਾ ਹੈ। ਦੋ ਫ਼ੀਸਦ ਗਲੇਸ਼ੀਅਰ ਹਨ। ਕਹੱਤਰ ਫ਼ੀਸਦ ਧਰਤੀ ਪਾਣੀ ਨਾਲ ਘਿਰੀ ਹੋਣ ਦੇ ਬਾਵਜੂਦ ਇਕ ਫ਼ੀਸਦ ਤੋਂ ਵੀ ਘੱਟ ਪਾਣੀ ਪੀਣਯੋਗ ਹੈ। ਪਾਣੀ ਦਾ ਸਦਉਪਯੋਗ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਸਾਬਿਤ ਹੋਵੇਗਾ। ਪਾਣੀ ਦੀ ਦੁਰਵਰਤੋਂ ਜਾਰੀ ਰਹੀ ਤਾਂ ਭਵਿੱਖ ਸਾਨੂੰ ਕੋਸੇਗਾ। ਜਲਗਾਹਾਂ ਦੇ ਆਸ-ਪਾਸ ਸ਼ਿਕਾਰੀਆਂ ਦੇ ਦਾਖ਼ਲੇ ਨੂੰ ਤੁਰੰਤ ਬੰਦ ਕਰਨਾ ਹੋਵੇਗਾ।

ਅਜਿਹੀ ਚਾਰਾਜੋਈ ਸਰਕਾਰੀ ਪੱਧਰ ’ਤੇ ਹੋਣੀ ਚਾਹੀਦੀ ਹੈ। ‘ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ’ ਦੇ ਮਹਾਵਾਕ ਅਨੁਸਾਰ ਪਾਣੀਆਂ ਦੇ ਸਰੋਤਾਂ ਦੀ ਸਾਂਭ-ਸੰਭਾਲ ਨਾਲ ਹੀ ਹਰ ਜੀਵ ਜਿਉਂਦਾ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਪੰਧ ਨਾਲ ਜੁੜੀ ਵੇਈਂ ਨਦੀ ਦੀ ਕਾਰ ਸੇਵਾ ਨੇ ਸਾਡਾ ਸਭ ਦਾ ਮਾਰਗ-ਦਰਸ਼ਨ ਕੀਤਾ ਹੈ। ਵਾਤਾਵਰਨ ਪ੍ਰੇਮੀ, ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੀ ਕਾਰ-ਸੇਵਾ ਇੱਕੀਵੀਂ ਸਦੀ ਦੇ ਆਰੰਭਲੇ ਵਰ੍ਹੇ ਸ਼ੁਰੂ ਕੀਤੀ ਸੀ। ਉਸ ਵੇਲੇ ਵਿਰਾਸਤੀ ਵੇਈਂ ਦਾ ਪਾਣੀ ਪ੍ਰਦੂਸ਼ਿਤ ਸੀ।

ਸੰਤ ਸੀਚੇਵਾਲ ਖ਼ੁਦ ਵੇਈਂ ਵਿਚ ਵੜ ਕੇ ਜਲ-ਕੁੰਭੀ ਨੂੰ ਸਾਫ਼ ਕਰਦੇ ਅਕਸਰ ਦਿਖਾਈ ਦਿੰਦੇ। ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਾਡੀ ਕੁਦਰਤੀ ਵਿਰਾਸਤੀ ਧਰੋਹਰ ਨੂੰ ਚਾਰ ਚੰਨ ਲੱਗੇ ਹਨ। ‘ਸੀਚੇਵਾਲ ਮਾਡਲ’ ਨੂੰ ਵੇਖਣ ਲਈ ਤਤਕਾਲੀ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ 160 ਕਿੱਲੋਮੀਟਰ ਲੰਬੀ ‘ਕਾਲੀ ਵੇਈਂ’ ਦਾ 17 ਅਗਸਤ 2006 ਨੂੰ ਦੌਰਾ ਕੀਤਾ ਸੀ। ਸੰਗਤਾਂ ਦੁਆਰਾ ਕੀਤੀ ਗਈ ਸੇਵਾ ਤੋਂ ਪ੍ਰਭਾਵਿਤ ਹੁੰਦਿਆਂ ਉਨ੍ਹਾਂ ਨੇ ਸੰਤ ਸੀਚੇਵਾਲ ਨੂੰ ਵਾਤਾਵਰਨ ਦਾ ‘ਮਹਾਨ ਯੋਧਾ’ ਕਿਹਾ ਸੀ। ਸਦਰ ਦਾ ਅਹੁਦਾ ਛੱਡਣ ਤੋਂ ਬਾਅਦ 25 ਜੁਲਾਈ 2008 ਨੂੰ ਉਹ ਮੁੜ ਸੀਚੇਵਾਲ ਪਿੰਡ ਗਏ ਤੇ ਇਸ ਮਾਡਲ ਨੂੰ ਹਰ ਪੱਧਰ ’ਤੇ ਲਾਗੂ ਕਰਨ ਦਾ ਸੰਦੇਸ਼ ਦਿੱਤਾ।

ਉਨ੍ਹਾਂ ਦਾ ਤਰਕ ਸੀ ਕਿ ਜੇ ਲਗਪਗ 3000 ਸੰਗਤ ਅਜਿਹਾ ਚਮਤਕਾਰੀ ਕਾਰਜ ਕਰ ਸਕਦੀ ਹੈ ਤਾਂ ਇਹ ਤਜਰਬਾ ਹਰ ਥਾਂ ਅਜਮਾਇਆ ਜਾਣਾ ਚਾਹੀਦਾ ਹੈ। ਡਾ. ਕਲਾਮ ਦੀ ਸਵੈ-ਜੀਵਨੀ , ‘ਵਿੰਗਜ਼ ਆਫ ਫਾਇਰ’ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਟੀਚੇ ਦੀ ਪ੍ਰਾਪਤੀ ਲਈ ਮੱਛੀ ਦੀ ਅੱਖ ’ਤੇ ਟਿਕਟਿਕੀ ਲਗਾਉਣੀ ਚਾਹੀਦੀ ਹੈ। ਸੁਪਨਸਾਜ਼ਾਂ ਨੂੰ ਝੰਜੋੜਦਿਆਂ ਉਨ੍ਹਾਂ ਕਿਹਾ, ‘‘ਸੁਪਨੇ ਉਹ ਨਹੀਂ ਹੁੰਦੇ ਜੋ ਸੌਂਦੇ ਵਕਤ ਦੇਖੇ ਜਾਂਦੇ ਹਨ। ਦਰਅਸਲ, ਸੁਪਨੇ ਉਹੀ ਸਾਕਾਰ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ।’’