ਦੋ ਕੌਮਾਂ ਦਾ ਅਰੂਜ਼ ਤੇ ਜ਼ਵਾਲ ( ਪੰਜਾਬੀ ਜਾਗਰਣ –– 8th FEBRUARY, 2026)
ਵਰਿੰਦਰ ਵਾਲੀਆ
ਸਦੀਆਂ ਪੁਰਾਣੀ ਭੂਗੋਲਿਕ, ਸੱਭਿਆਚਾਰਕ ਅਤੇ ਇਤਿਹਾਸਕ ਸਾਂਝ ਰੱਖਣ ਵਾਲੀਆਂ ਦੱਖਣੀ ਏਸ਼ੀਆ ਦੀਆਂ ਦੋ ਜੰਗਜੂ ਕੌਮਾਂ ਦੇ ਅਰੂਜ਼ (ਚੜ੍ਹਤ) ਅਤੇ ਜ਼ਵਾਲ (ਪਤਨ) ਦੀ ਮੁਤਵਾਜ਼ੀ ਗਾਥਾ ਸਭ ਨੂੰ ਹੈਰਾਨ ਕਰਦੀ ਹੈ। ਬਾਰੀਕਬੀਨੀ ਤੇ ਸੂਖ਼ਮ-ਦ੍ਰਿਸ਼ਟੀ ਨਾਲ ਕੀਤੇ ਮੁਲਾਂਕਣ ਤੋਂ ਜ਼ਾਹਰ ਹੁੰਦਾ ਹੈ ਕਿ ਲਹੂ-ਵੀਟਵੀਆਂ ਮੁਸਲਸਲ ਜੰਗਾਂ ਤੋਂ ਬਾਅਦ ਦੋਵਾਂ ਕੌਮਾਂ ਨੂੰ ਬਾਦਸ਼ਾਹਤ ਹਾਸਲ ਹੋਈ ਸੀ ਜੋ ਜਾਨਸ਼ੀਨਾਂ ਦਰਮਿਆਨ ਚੱਲੀ ਖ਼ੂਨੀ ਖ਼ਾਨਾਜੰਗੀ ਕਾਰਨ ਤਹਿਸ-ਨਹਿਸ ਹੋ ਗਈ। ਸਾਜ਼ਿਸ਼ਾਂ ਤੇ ਬੁਰਛਾਗਰਦੀ ਨੇ ਬਲ਼ਦੀ ’ਤੇ ਤੇਲ ਪਾਉਣ ਵਾਲਾ ਕੰਮ ਕੀਤਾ ਸੀ।

ਬਿਖਰੀ ਹੋਈ ਸ਼ਕਤੀ ਨੂੰ ਇਕਮੁੱਠ ਕਰ ਕੇ ਕਬਾਇਲੀਆਂ-ਅਬਦਾਲੀਆਂ ਨੇ ਬੈਰੂਨੀ ਧਾੜਵੀਆਂ ਲਈ ਹਰੀ ਚਰਾਂਦ ਸਮਝੇ ਜਾਣ ਵਾਲੇ ਅਫ਼ਗਾਨਿਸਤਾਨ ਵਿਚ ਸਵਦੇਸ਼ੀ ਬਾਦਸ਼ਾਹਤ ਕਾਇਮ ਕੀਤੀ ਸੀ। ਪਸ਼ਤੂਨਾਂ ਨੂੰ ਸੱਤ ਸਦੀਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਬਦਾਲੀ ਵਰਗਾ ਰਹਿਬਰ ਮਿਲਿਆ ਸੀ। ਇਸ ਦਾ ਮੁੱਢ 1722 ਨੂੰ ਹੇਰਾਤ ਵਿਚ ਜਨਮੇ ਅਹਿਮਦ ਸ਼ਾਹ ਅਬਦਾਲੀ (ਦੁੱਰਾਨੀ) ਨੇ ਬੰਨ੍ਹਿਆ ਸੀ ਜਿਸ ਨੂੰ ਅਫ਼ਗਾਨਿਸਤਾਨ ਦਾ ਬਾਬਾ-ਏ-ਕੌਮ ਕਿਹਾ ਜਾਂਦਾ ਹੈ।
ਅਫ਼ਗਾਨਿਸਤਾਨ ਉਹ ਖਿੱਤਾ ਹੈ ਜਿਸ ਨੂੰ ਸਾਮਰਾਜਾਂ ਦਾ ਕਬਰਿਸਤਾਨ ਕਿਹਾ ਜਾਂਦਾ ਹੈ। ਉਹ ਅਬਦਾਲੀ ਕਬੀਲੇ ਦੀ ਸਦੋਜ਼ਈ ਸ਼ਾਖਾ ਨਾਲ ਸਬੰਧ ਰੱਖਦਾ ਸੀ ਜਿਸ ਦਾ ਬਚਪਨ ਕੈਦ ਅਤੇ ਜਲਾਵਤਨੀ ਵਿਚ ਗੁਜ਼ਰਿਆ ਜਦੋਂ ਤੱਕ ਕਿ ਉਸ ਨੂੰ ਫ਼ਾਰਸ ਦੇ ਰਾਜੇ ਨਾਦਰ ਸ਼ਾਹ ਨੇ ਰਿਹਾਅ ਨਹੀਂ ਕਰ ਦਿੱਤਾ। ਉਸ ਦਾ ਬਾਪ ਮੁਹੰਮਦ ਜ਼ਮਾਨ ਖ਼ਾਨ ਕਬਾਇਲੀ ਸਰਦਾਰ ਸੀ ਜੋ ਮੌਤ ਨਾਲ ਖਹਿ ਕੇ ਲੰਘਣ ਦਾ ਆਦੀ ਸੀ। ਅਹਿਮਦ ਸ਼ਾਹ ਅਬਦਾਲੀ ਦੇ ਸਮਕਾਲੀ, ਸਿਰਲੱਥ ਸਿੱਖ ਸਰਦਾਰ, ਜੱਸਾ ਸਿੰਘ ਆਹਲੂਵਾਲੀਆ ਤੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ, ਚੜ੍ਹਤ ਸਿੰਘ ਸਨ।
ਅਫ਼ਗਾਨਿਸਤਾਨ ਵਿਚ ਹਕੂਮਤ ਕਾਇਮ ਕਰਨ ਤੋਂ ਬਾਅਦ ਅਬਦਾਲੀ ਨੇ ਬਰਾਸਤਾ ਪੰਜਾਬ, ਦਿੱਲੀ ’ਤੇ ਧਾਵੇ ਬੋਲਣੇ ਸ਼ੁਰੂ ਕਰ ਦਿੱਤੇ ਤਾਂ ਆਹਲੂਵਾਲੀਆ ਦੀ ਰਹਿਨੁਮਾਈ ਵਿਚ ਇਕਜੁੱਟ ਹੋਏ ਸਿੱਖ ਪੰਥ ਨੇ ਉਸ ਦੀ ਨੀਂਦ ਹਰਾਮ ਕਰ ਦਿੱਤੀ ਸੀ। ਚੜ੍ਹਤ ਸਿੰਘ ਵੀ ਆਹਲੂਵਾਲੀਆ ਦੀ ਅਗਵਾਈ ਵਿਚ ਅਫ਼ਗਾਨ ਲਸ਼ਕਰਾਂ ਨਾਲ ਲੋਹਾ ਲੈਂਦਾ ਰਿਹਾ ਸੀ। ਅਬਦਾਲੀ ਸਿੱਖ ਸ਼ਕਤੀ (ਦਲ ਖ਼ਾਲਸਾ) ਨੂੰ ਜੜ੍ਹੋਂ ਪੁੱਟਣਾ ਚਾਹੁੰਦਾ ਸੀ। ਇਹ ਜੰਗ ਤਿੰਨ ਪੀੜ੍ਹੀਆਂ ਤੱਕ ਚੱਲੀ। ਅਬਦਾਲੀ ਨੇ ਸਿੱਖਾਂ ਦੀ ਜੜ੍ਹ ਕੀ ਪੁੱਟਣੀ ਸੀ, ਉਲਟਾ ਘੋੜਿਆਂ ਦੀਆਂ ਕਾਠੀਆਂ ’ਤੇ ਸੌਣ ਵਾਲੇ ਸਿੰਘਾਂ ਨੇ ਅਫ਼ਗਾਨਾਂ ਦੀ ਜੜ੍ਹ ਪੁੱਟ ਦਿੱਤੀ ਜੋ ਮੁੜ ਕਦੇ ਹਰੀ ਨਾ ਹੋਈ।
ਇਹ ਕਾਰਜ ਚੜ੍ਹਤ ਸਿੰਘ ਦੇ ਪੋਤੇ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਹੂਬਲ ਸਦਕਾ ਸੰਪੂਰਨ ਹੋਇਆ ਸੀ। ਉਸ ਨੇ ਲਾਹੌਰ ਦੇ ਕਿਲ੍ਹੇ ਦੇ ਮੁੱਖ ਦੁਆਰ ’ਤੇ ਖੜ੍ਹ ਕੇ ਸਮੇਂ ਦੇ ਹਾਕਮ ਸ਼ਾਹ ਜ਼ਮਾਨ ਨੂੰ ਉੱਚੀ ਆਵਾਜ਼ ਵਿਚ ਕਿਹਾ ਸੀ, ‘ਬਾਹਰ ਨਿਕਲ ਅਬਦਾਲੀ ਦਿਆ ਪੋਤਰਿਆ, ਤੈਨੂੰ ਚੜ੍ਹਤ ਸਿੰਘ ਸਰਦਾਰ ਦਾ ਪੋਤਾ ਲਲਕਾਰ ਰਿਹਾ ਏ।’’ ਬੜ੍ਹਕ ਸੁਣ ਕੇ ਸ਼ਾਹ ਜ਼ਮਾਨ ਅਫ਼ਗਾਨਿਸਤਾਨ ਭੱਜ ਗਿਆ ਤੇ ਰਣਜੀਤ ਸਿੰਘ ਨੇ ਖ਼ੁਦ ਨੂੰ ਅਖੰਡ ਪੰਜਾਬ ਦੇ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ।
ਇਹ ਇਤਫ਼ਾਕ ਹੀ ਸੀ ਕਿ 1699 ਈਸਵੀ ਦੀ ਵਿਸਾਖੀ ਸਮੇਂ ਹੋਈ ਸਿੱਖ ਪੰਥ ਦੀ ਸਾਜਨਾ ਦੇ ਐਨ ਸੌ ਸਾਲ ਬਾਅਦ ਲਾਹੌਰ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਝੁੱਲ ਗਿਆ। ਜਿਵੇਂ ਅਬਦਾਲੀ ਨੇ ਕਬਾਇਲੀ ਸ਼ਕਤੀ ਨੂੰ ਇਕੱਠਾ ਕਰਨ ਪਿੱਛੋਂ ਬਾਬਾ-ਏ-ਕੌਮ ਅਖਵਾਇਆ, ਉਸੇ ਤਰ੍ਹਾਂ ਬਾਰਾਂ ਮਿਸਲਾਂ ਨੂੰ ਇਕ ਮੰਚ ’ਤੇ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਨੇ ਸ਼ੇਰ-ਏ-ਪੰਜਾਬ ਦਾ ਲਕਬ ਹਾਸਲ ਕੀਤਾ। ਇਸ ਦਾ ਮੁੱਢ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਦਲ ਖ਼ਾਲਸਾ ਦੀ ਸਿਰਜਣਾ ਕਰ ਕੇ ਬੰਨ੍ਹ ਦਿੱਤਾ ਸੀ। ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਝੁੱਲਣ ਤੋਂ ਸੋਲਾਂ ਸਾਲ ਪਹਿਲਾਂ, 11 ਮਾਰਚ 1783 ਉਹ ਮਾਣਮੱਤਾ ਪਲ ਸੀ ਜਦੋਂ ਆਹਲੂਵਾਲੀਆ ਦਿੱਲੀ ਦੇ ਲਾਲ ਕਿਲ੍ਹੇ ਦੇ ‘ਤਖ਼ਤ-ਏ-ਤਾਊਸ’ ਉੱਤੇ ਬੈਠ ਕੇ ਸੁਲਤਾਨ-ਉਲ-ਕੌਮ ਅਖਵਾਇਆ ਸੀ।
ਅਜਿਹਾ ਖ਼ਿਤਾਬ ਹਾਸਲ ਕਰਨ ਲਈ ਉਨ੍ਹਾਂ ਨੇ ਆਪਣੀ ਹਿੱਕ ’ਤੇ 22 ਫੱਟ ਖਾਧੇ ਸਨ ਜਿਨ੍ਹਾਂ ਨੂੰ ਉਹ ਤਮਗਿਆਂ ਵਾਂਗ ਸਮਝਦੇ ਸਨ। ਸੰਨ 1747 ਤੋਂ 1772 ਤੱਕ 25 ਸਾਲ ਰਾਜ ਕਰਨ ਵਾਲੇ ਅਬਦਾਲੀ ਦੇ ਵਾਰਸਾਂ ਦੀਆਂ ਕਮਜ਼ੋਰੀਆਂ ਕਾਰਨ ਮੱਧ ਏਸ਼ੀਆ ਤੋਂ ਲੈ ਕੇ ਉੱਤਰੀ ਭਾਰਤ ਤੱਕ ਫੈਲਿਆ ਵਿਸ਼ਾਲ ਦੁੱਰਾਨੀ ਸਾਮਰਾਜ ਤੀਜੀ ਪੀੜ੍ਹੀ ਦੇ ਚਿਰਾਗ਼ ਬੁਝਣ ਤੱਕ (1823) ਖੇਰੂੰ-ਖੇਰੂੰ ਹੋ ਗਿਆ ਸੀ। ਦੁੱਰਾਨੀ ਸਾਮਰਾਜ ਦੇ ਜ਼ਵਾਲ ਸਮੇਂ ਸਿੱਖ ਸਾਮਰਾਜ ਆਪਣੇ ਅਰੂਜ਼ ’ਤੇ ਸੀ। ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਨੀਅਤ ਨਾਲ ਅਫ਼ਗਾਨ ਹਮਲਾਵਰਾਂ ਨੇ ਮਾਲੇਰਕੋਟਲਾ ਨੇੜੇ ਕੁਪ-ਰੁਹੀੜਾ ਵਿਖੇ ਮਾਲਵੇ ਨੂੰ ਵਹੀਰਾਂ ਘੱਤ ਕੇ ਜਾ ਰਹੇ ਕਾਫ਼ਲਿਆਂ ’ਤੇ ਹਮਲਾ ਕੀਤਾ ਸੀ ਜਿਸ ਵਿਚ 25,000 ਤੋਂ 30,000 ਸਿੱਖ ਔਰਤਾਂ, ਬੱਚੇ, ਬੁੱਢੇ ਤੇ ਜੰਗਜੂ ਸ਼ਹੀਦ ਹੋ ਗਏ ਸਨ।
ਇਸ ਤੋਂ ਮਹਿਜ਼ ਤਿੰਨ ਮਹੀਨਿਆਂ ਬਾਅਦ ਸਿੱਖ ਸੰਗਤ ਨੇ ਸਾਂਝਾ ਹੰਭਲਾ ਮਾਰ ਕੇ ਆਪਣੇ ਸਭ ਤੋਂ ਮੁਕੱਦਸ ਅਸਥਾਨ, ਗੁਰੂ ਨਗਰੀ, ਸ੍ਰੀ ਅੰਮ੍ਰਿਤਸਰ ਨੂੰ ਆਜ਼ਾਦ ਕਰਵਾ ਲਿਆ ਸੀ। ਅਬਦਾਲੀ ਤਿਲਮਿਲਾ ਉੱਠਿਆ। ਇਸ ਤੋਂ ਬਾਅਦ ਸਿੱਖਾਂ ਨੇ ਅਬਦਾਲੀ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ ਸੀ। ਧਾੜਵੀਆਂ ਵੱਲੋਂ ਉਧਾਲੀਆਂ ਧੀਆਂ ਨੂੰ ਛੁਡਾ ਕੇ ਉਨ੍ਹਾਂ ਨੂੰ ਘਰੋਂ-ਘਰੀਂ ਹਿਫ਼ਾਜ਼ਤ ਨਾਲ ਪਹੁੰਚਾਉਣ ਲਈ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ। ‘‘ਖਾਧਾ-ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ’’ ਦੀ ਲੋਕੋਕਤੀ ਦੁੱਰਾਨੀਆਂ ਦੇ ਹਮਲਿਆਂ ਦੀ ਸ਼ਿੱਦਤ ਨੂੰ ਦਰਸਾਉਂਦੀ ਹੈ।
ਦੁੱਰਾਨੀ ਸਾਮਰਾਜ ਦੇ ਖ਼ਾਤਮੇ ਤੋਂ ਬਾਅਦ ਅੱਜ ਵੀ ਅਹਿਮਦ ਸ਼ਾਹ ਅਬਦਾਲੀ ਨੂੰ ਪਸ਼ਤੂਨਾਂ/ਅਫ਼ਗਾਨਾਂ ਦਾ ਸਭ ਤੋਂ ਵੱਡਾ ਨਾਇਕ ਸਮਝਿਆ ਜਾਂਦਾ ਹੈ। ਕੌਮੀ ਤਰਾਨਾ ਅਫ਼ਗਾਨੀ ਕੌਮ ਦੀ ਰੂਹ ਦਾ ਤਰਜੁਮਾ ਹੈ। ‘ਮਿਲੀ ਸਰੂਦ’, ਕੌਮੀ ਤਰਾਨਾ ਉਸ ਕੌਮ ਦੀ ਬਾਤ ਪਾਉਂਦਾ ਹੈ ਜਿਸ ਵਿਚ ਸ਼ਾਮਲ ਵੱਖ-ਵੱਖ ਕਬੀਲੇ ਸਾਂਝੇ ਸਾਹ ਲੈਂਦੇ ਪ੍ਰਤੀਤ ਹੁੰਦੇ ਹਨ। ਇਸ ਦੀਆਂ ਸਤਰਾਂ, ‘‘ਪਸ਼ਤੂਨ-ਹਜ਼ਾਰਾ, ਤਾਜ਼ਿਕ-ਉਜ਼ਬੇਕ, ਤੁਰਕਮਾਨ-ਬਲੋਚ, ਪਸ਼ਾਈ-ਨੂਰਿਸਤਾਨੀ/ਸਾਰੇ ਭਰਾ, ਸਾਰੇ ਬਰਾਬਰ। ਇਕ ਵਤਨ ਇਕ ਜਾਨ/ਹਰ ਕਤਰਾ ਸ਼ਹੀਦਾਨ।’’ ਅਗਲੀਆਂ ਸਤਰਾਂ ਵਿਚ ਅਬਦਾਲੀ ਨੂੰ ਅਹਿਮਦ ਸ਼ਾਹ, ਬਾਬਾ-ਏ-ਕੌਮ ਕਹਿ ਕੇ ਅਕੀਦਤ ਪੇਸ਼ ਕੀਤੀ ਗਈ ਹੈ।
‘ਮਿਲੀ ਸਰੂਦ’ ਬਨਾਮ ‘ਕੌਮ’ ਦਾ ਮੁਲਾਂਕਣ ਵੀ ਕਈ ਰਮਜ਼ਾਂ ਖੋਲ੍ਹਦਾ ਹੈ। ਪੰਜਾਬ ਵਾਂਗ ਸਦੀਆਂ ਤੋਂ ਵਿਦੇਸ਼ੀ ਹਮਲਾਵਰ ਅਫ਼ਗਾਨਿਸਤਾਨ ਦੀ ਜ਼ਰਖ਼ੇਜ਼ ਭੋਇੰ ਨੂੰ ਲਤਾੜਦੇ ਆਏ ਸਨ। ਵੱਖ-ਵੱਖ ਜ਼ੁਬਾਨਾਂ ਬੋਲਣ ਵਾਲੇ ਹਮਲਾਵਰਾਂ ’ਚੋਂ ਕਈਆਂ ਨੇ ਪਸ਼ਤੂਨ/ਪਠਾਣ ਔਰਤਾਂ ਨਾਲ ਵਿਆਹ ਕਰਵਾ ਲਏ। ਵੱਖਰੇ ਕਬੀਲਿਆਂ ਦੀਆਂ ਵੱਖਰੀਆਂ ਜ਼ੁਬਾਨਾਂ ਤੇ ਰਵਾਇਤਾਂ ਸਨ, ਜਿਨ੍ਹਾਂ ਨੂੰ ਜੇਹਾਦ ਦੇ ਨਾਂ ’ਤੇ ਅਬਦਾਲੀ ਨੇ ਇਕ ਝੰਡੇ ਹੇਠ ਇਕੱਠਾ ਕੀਤਾ ਸੀ।
ਨਾਦਿਰ ਸ਼ਾਹ ਦੁੱਰਾਨੀ ਦੀ ਮੌਤ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਹੋਈ ਜਿਰਗਾ ਵਿਚ ਅਬਦਾਲੀ ਨੂੰ ਸ਼ਾਹ ਚੁਣ ਲਿਆ ਗਿਆ। ਜਿਰਗਾ ਤੋਂ ਪਹਿਲਾਂ ਸਰਬਰਾਹ ਹੋਣ ਦਾ ਫ਼ੈਸਲਾ ਤਲਵਾਰ ਨਾਲ ਹੋਇਆ ਕਰਦਾ ਸੀ। ਇਸ ਐਲਾਨ ਤੋਂ ਬਾਅਦ ਸਰਦਾਰੀ ਲਈ ਲੜ ਰਹੇ ਸਰਦਾਰਾਂ ਨੇ ਸੂਤੀਆਂ ਹੋਈਆਂ ਤਲਵਾਰਾਂ ਨੂੰ ਮਿਆਨਾਂ ਵਿਚ ਪਾ ਲਿਆ। ਮੁਖ਼ਤਲਿਫ ਕਬੀਲਿਆਂ ਨੂੰ ਭਰਾ ਮਾਰੂ ਜੰਗ ਤੋਂ ਬਚਾਉਣ ਲਈ ਸੂਫ਼ੀ-ਸੰਤਾਂ ਨੇ ਭੂਮਿਕਾ ਨਿਭਾਈ ਸੀ। ‘ਮਿਲੀ ਸਰੋਦ’ ਵਿਚ ਸਾਰੇ ਕਬੀਲਿਆਂ ਨੂੰ ਬਰਾਬਰ ਦੀ ਮਾਨਤਾ ਮਿਲੀ ਹੈ। ‘ਕੌਮ’ ਵਿਚ ਰਾਜ ਪਹਿਲਾਂ ਤੇ ‘ਮਿਲੀ’ ਵਿਚ ਅਵਾਮ ਪਹਿਲਾਂ ਹੁੰਦਾ ਹੈ। ‘ਮਿਲੀ’ ਵਿਚ ਕੋਈ ਸੰਵਿਧਾਨਕ ਦਾਬਾ/ਦਬਦਬਾ ਨਹੀਂ ਹੁੰਦਾ। ਇਸੇ ਲਈ ‘ਮਿਲੀ ਸਰੋਦ’ ਕਬਾਇਲੀਆਂ ਦੀ ਸਾਂਝੀ ਵਿਰਾਸਤ ਦਾ ਤਰਾਨਾ ਬਣ ਕੇ ਅਵਾਮ ਦੇ ਦਿਲਾਂ ਦੀ ਧੜਕਨ ਬਣ ਗਿਆ।
ਇਹ ਕਾਨੂੰਨ ਦੀ ਬਜਾਏ ਸਦੀਆਂ ਪੁਰਾਣੀਆਂ ਮੁਖ਼ਤਲਿਫ ਕਬਾਇਲੀ ਰਵਾਇਤਾਂ ਨੂੰ ਜੋੜਦਾ ਸੀ। ਇਕੱਠੀ ਕੀਤੀ ਕਬਾਇਲੀ ਸ਼ਕਤੀ ਦੀ ਬਦੌਲਤ ਅਬਦਾਲੀ ਨੇ ਮਰਾਠਿਆਂ ਸਣੇ ਹਿੰਦੁਸਤਾਨ ਦੀ ਖੰਡਿਤ ਸ਼ਕਤੀ ਨੂੰ ਸਹਿਜੇ ਹੀ ਦਬਾ ਲਿਆ ਸੀ। ਇਸ ਦੇ ਮੁਕਾਬਲੇ ‘ਪੰਥ ਕੀ ਜੀਤ’ ਦੇ ਜੈਕਾਰੇ ਛੱਡਣ ਵਾਲੇ ਬੈਰੂਨੀ ਧਾੜਵੀਆਂ ਨੂੰ ਸਵਾ ਸੇਰ ਹੋ ਕੇ ਟੱਕਰੇ। ਲੋਹੇ ਨਾਲ ਲੋਹਾ ਟਕਰਾਇਆ ਤਾਂ ਚੰਗਿਆੜੇ ਨਿਕਲਣੇ ਹੀ ਸਨ। ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉਡਾਉਣ ਤੇ ਸਰੋਵਰ ਨੂੰ ਪੂਰਨ ਦੀ ਹਿਮਾਕਤ ਕੀਤੀ।
ਲੋਕ ਧਾਰਨਾ ਅਨੁਸਾਰ ਬਾਰੂਦ ਨਾਲ ਉਡਾਉਣ ਸਮੇਂ ਇਕ ਇੱਟ ਅਬਦਾਲੀ ਨੇ ਨੱਕ ’ਤੇ ਵੱਜੀ। ਗੈਂਗਰੀਨ ਕਾਰਨ ਕਈ ਸਾਲਾਂ ਬਾਅਦ ਉਹ ਅੱਲ੍ਹਾ ਨੂੰ ਪਿਆਰਾ ਹੋ ਗਿਆ। ‘ਸਰਬੱਤ ਖ਼ਾਲਸਾ’ ਦੀ ਸਾਂਝੀ ਸ਼ਕਤੀ ਨੇ ਸ਼ਕਤੀਸ਼ਾਲੀ ਸਾਮਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ। ‘ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ/ਜਿਉਂ-ਜਿਉਂ ਮੰਨੂ ਵੱਢਦਾ, ਅਸੀਂ ਦੂਣ-ਸਵਾਏ ਹੋਏ’ ਦੇ ਅਖਾਣ ਮੁਤਾਬਕ ਸਿੱਖਾਂ ’ਤੇ ਜਿੰਨਾ ਜ਼ੁਲਮ ਹੁੰਦਾ, ਉਹ ਓਨਾ ਹੋਰ ਸ਼ਕਤੀਸ਼ਾਲੀ ਹੋ ਕੇ ਉੱਭਰਦੇ। ਸ਼ਹੀਦਾਂ ਦਾ ਮਣਾਂ-ਮੂੰਹੀਂ ਡੁੱਲ੍ਹਿਆ ਖ਼ੂਨ ਸਿੱਖੀ ਦੀਆਂ ਨੀਹਾਂ ਮਜ਼ਬੂਤ ਕਰਦਾ ਰਿਹਾ। ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਣ ਨੇਜਿਆਂ ’ਤੇ ਟੰਗੇ ਗਏ ਸਿਰਾਂ ’ਤੇ ਟਿਕਿਆ ਸੀ। ਦਰਬਾਰ ਦੀ ਬੁਰਛਾਗਰਦੀ ਕਾਰਨ ਸਿਰਾਂ ਦੇ ਮੁੱਲ ਤਾਰ ਕੇ ਹਾਸਲ ਕੀਤਾ ਰਾਜ ਖੇਰੂੰ-ਖੇਰੂੰ ਹੋ ਗਿਆ।