VARINDER WALIA

ਹਰਮਨਪਿਆਰਾ ਕਾਲਮ –– ਹਰਫ਼ ਹਮੇਸ਼ / POPULAR COLUMN -- HARPH HAMESH

ਕਿਉਂ ਵਿਸਰਿਆ ਸ਼ੇਖ ਸਾਅਦੀ? ( ਪੰਜਾਬੀ ਜਾਗਰਣ –– 15th MARCH, 2026)

ਵਰਿੰਦਰ ਵਾਲੀਆ

ਵਲ਼-ਵਲੇਵਿਆਂ ਤੋਂ ਰਹਿਤ, ਜੰਗ ਦਾ ਰਾਹ ਸਿੱਧਾ ਕਬਰਿਸਤਾਨਾਂ ਵੱਲ ਜਾਂਦਾ ਹੈ। ਜਿੱਤ ਹਾਸਲ ਕਰਨ ਲਈ ਹਮਲਾਵਰਾਂ ਨੂੰ ਖ਼ੂਨ ਦੇ ਦਰਿਆ ’ਚੋਂ ਲੰਘਣਾ ਹੀ ਪੈਂਦਾ ਹੈ। ਮਿੱਝ ’ਚੋਂ ਜਦੋਂ ਨਕਸ਼ਾਂ ਦੀ ਸ਼ਨਾਖ਼ਤ ਨਹੀਂ ਹੁੰਦੀ ਤਾਂ ਬੇਨਾਮੀ ਕੱਚੀਆਂ ਕਬਰਾਂ ਮਾਵਾਂ ਦੀਆਂ ਹਿੱਕਾਂ ’ਤੇ ਖ਼ੁਦ-ਬ-ਖ਼ੁਦ ਉੱਕਰੀਆਂ ਜਾਂਦੀਆਂ ਹਨ। ਅਮਰੀਕਾ ਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਨੇ ਵਿਸ਼ਵ ਦੇ ਪ੍ਰਾਚੀਨ ਸੱਭਿਅਤਾ ਵਾਲੇ ਮੁਲਕ, ਈਰਾਨ ਵਿਚ ਕਈ ਥਾਈਂ ਸੱਥਰ ਵਿਛਾ ਦਿੱਤੇ ਹਨ।

ਆਧੁਨਿਕ ਹਥਿਆਰਾਂ ਅਤੇ ਤਕਨਾਲੋਜੀ ਦੀ ਗੱਲ ਕਰੀਏ ਤਾਂ ਈਰਾਨ ਦੋਵਾਂ ਮੁਲਕਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਈਰਾਨ ਇਸਲਾਮਿਕ ਗਣਰਾਜ ਹੈ। ਦੀਨ ਦੇ ਜਜ਼ਬੇ ਨਾਲ ਮੋੜਵੇਂ ਹਮਲੇ ਕਰ ਕੇ ਇਸ ਨੇ ਟਰੰਪ ਅਤੇ ਨੇਤਨਯਾਹੂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਕਰਬਲਾ ਦੀ ਜੰਗ ਈਰਾਨੀਆਂ ਵਿਚ ਜੋਸ਼ ਭਰਦੀ ਆ ਰਹੀ ਹੈ। ਮਰਸੀਏ ਫ਼ਿਜ਼ਾ ਵਿਚ ਗੂੰਜਦੇ ਹਨ-ਕਤਲ-ਏ-ਹੁਸੈਨ ਦਰਅਸਲ ਮਰਗ-ਏ-ਯਜ਼ੀਦ ਹੈ/ਇਸਲਾਮ ਜ਼ਿੰਦਾ ਹੁੰਦੈ ਹਰ ਕਰਬਲਾ ਦੇ ਬਾਅਦ।’’

ਮਰਗ-ਏ-ਯਜ਼ੀਦ ਤੋਂ ਭਾਵ ਯਜ਼ੀਦ ਦੀ ਮੌਤ, ਜਿਸ ਦੇ ਜ਼ੁਲਮ ਕਾਰਨ ਹਜ਼ਰਤ ਇਮਾਮ ਹੁਸੈਨ ਤੇ ਉਨ੍ਹਾਂ ਦੇ ਕਾਫ਼ਲੇ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ ਸੀ। ਇਸਲਾਮਿਕ ਲੋਕਧਾਰਾ ਅਨੁਸਾਰ ਹਰ ਜ਼ਾਲਮ ਹਮਲਾਵਰ ਯਜ਼ੀਦ ਦਾ ਪ੍ਰਤੀਕ ਹੈ।

ਪਾਕਿਸਤਾਨ ਦਾ ਲੋਕ ਕਵੀ ਬਾਬਾ ਨਜਮੀ ਲਿਖਦਾ ਹੈ, ‘‘ਮੈਂ ਹੁਸੈਨੀ ਲਹੂ ਦਾ ਵਾਰਸ ਹਾਂ, ਏਸੇ ਲਈ ਤੈਨੂੰ ਤੇਰੀ ਹਾਰ ਵਿਖਾਉਣ ਆਇਆ ਹਾਂ।’’ ਈਰਾਨੀਆਂ ਨੇ ਆਪਣੇ ਪਿੰਡੇ ’ਤੇ ਅਣਗਿਣਤ ਸਿਤਮ ਹੰਢਾਏ ਹਨ। ਕਰਬਲਾ ਦੀ ਲਹੂ ਭਿੱਜੀ ਦਾਸਤਾਨ ਨੇ ਉਨ੍ਹਾਂ ਨੂੰ ਕਦੇ ਡੋਲਣ ਨਹੀਂ ਦਿੱਤਾ। ਫ਼ਰਾਤ ਦਰਿਆ ਦੇ ਕਿਨਾਰੇ ’ਤੇ ਹੋਈਆਂ ਸ਼ਹਾਦਤਾਂ ਨੂੰ ਜਦੋਂ ਈਰਾਨੀ ਯਾਦ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਦੁੱਖ ਬੌਣਾ ਲੱਗਦਾ ਹੈ। ਫ਼ਰਾਤ ਦੇ ਪਾਣੀਆਂ ਦੀ ਬੇਵਫ਼ਾਈ ਨੇ ਉਨ੍ਹਾਂ ਨੂੰ ਪਿਆਸੇ ਰਹਿ ਕੇ ਵੀ ‘ਇਰਾਦਾ-ਏ-ਹੁਸੈਨੀ’ ਉੱਤੇ ਕਾਇਮ ਰਹਿਣ ਦਾ ਮੰਤਰ ਬਖ਼ਸ਼ਿਆ। ਈਰਾਨੀ ਮੰਨਦੇ ਹਨ ਕਿ ਸਦੀਆਂ ਬਾਅਦ ਵੀ ਫ਼ਰਾਤ ਦੇ ਪਾਣੀਆਂ ’ਤੇ ਪਛਤਾਵੇ ਦਾ ਪਰਛਾਵਾਂ ਹੈ। ਈਰਾਨੀ ਲੋਕਧਾਰਾ ਅਨੁਸਾਰ ਪਾਣੀ ਨਾਲ ਭਾਵੇਂ ਪਿਆਸ ਬੁਝਦੀ ਹੈ।

ਪਰ ਕਰਬਲਾ ਦੇ ਦੁਖਾਂਤ ਤੋਂ ਬਾਅਦ ਫ਼ਰਾਤ ਖ਼ੁਦ ਹੁਸੈਨ ਦੇ ਬੁੱਲ੍ਹਾਂ ਦਾ ਪਿਆਸਾ ਹੈ। ਮੁਹੱਰਮ ਦੇ ਦਿਨਾਂ ਵਿਚ ਮਰਸੀਏ ਪੜ੍ਹੇ ਜਾਂਦੇ ਹਨ, ‘‘ਵਗਦਾ ਰਿਹਾ ਫ਼ਰਾਤ, ਪਰ ਬੂੰਦ ਨਾ ਮਿਲੀ ਸਵੀਰਾਂ ਨੂੰ/ਲਿਖਿਆ ਸੀ ਖ਼ੂਨ ਨਾਲ, ਕਰਬਲਾ ਦੀਆਂ ਤਕਦੀਰਾਂ ਨੂੰ।’’ ਕਰਬਲਾ ਦੀ ਜੰਗ ਵਿਚ ਹਜ਼ਰਤ ਅੱਬਾਸ ਦੀ ਕਥਾ ਦਾ ਵਰਣਨ ਦਿਲ ਟੁੰਬਵਾਂ ਹੈ। ਆਪ ਨੂੰ ਅਲੰਬਰਦਾਰ (ਆਲਮਦਾਰ) ਅਤੇ ਸੱਕਾ (ਪਾਣੀ ਪਿਲਾਉਣ ਵਾਲਾ) ਕਿਹਾ ਜਾਂਦਾ ਹੈ। ਯਜ਼ੀਦ ਨੇ ਪਾਣੀਆਂ ’ਤੇ ਪਹਿਰਾ ਲਾਇਆ ਹੋਇਆ ਸੀ। ਹੁਸੈਨ ਦੇ ਬੱਚੇ, ਖ਼ਾਸ ਕਰ ਉਨ੍ਹਾਂ ਦੀ ਬੇਟੀ ਸਕੀਨਾ ਪਿਆਸ ਨਾਲ ਨਿਢਾਲ ਸਨ। ਮਸ਼ਕ ਵਿਚ ਪਾਣੀ ਭਰਦਿਆਂ ਅੱਬਾਸ ਨੇ ਡਾਢੀ ਪਿਆਸ ਹੋਣ ਦੇ ਬਾਵਜੂਦ ਖ਼ੁਦ ਪਾਣੀ ਨੂੰ ਮੂੰਹ ਲਾਉਣ ਦੀ ਬਜਾਏ ‘ਆਬ ਨੂੰ ਪਿਆਸਾ’ ਛੱਡ ਦਿੱਤਾ।

ਕਹਿੰਦੇ ਹਨ ਕਿ ਫ਼ਰਾਤ ਦੀ ਹਰ ਲਹਿਰ ਅੱਜ ਵੀ ਅੱਬਾਸ ਦੇ ਬੁੱਲ੍ਹਾਂ ਨੂੰ ਚੁੰਮਣ ਲਈ ਤਰਸਦੀ ਤੇ ਤੜਫਦੀ ਹੈ। ‘ਸ਼ਾਹ-ਏ-ਕਰਬਲਾ’ (ਹਜ਼ਰਤ-ਹੁਸੈਨ) ਨੇ ਯਜ਼ੀਦ ਦੇ ਜ਼ੁਲਮ ਅੱਗੇ ਸੀਸ ਝੁਕਾਉਣ ਦੀ ਬਜਾਏ ਅਣਖ ਨੂੰ ਪਹਿਲ ਦਿੱਤੀ। ਸੰਨ 680 (61 ਹਿਜਰੀ) ਵਿਚ ਕਰਬਲਾ ਦੇ ਰੇਗਿਸਤਾਨ ਦੀ ਦਾਸਤਾਨ ਨੇ ਈਰਾਨੀਆਂ ਦੇ ਸਿਦਕ ਨੂੰ ਬੁਲੰਦੀਆਂ ਬਖ਼ਸ਼ੀਆਂ ਹਨ। ਪੈਗੰਬਰ ਮੁਹੰਮਦ ਦੇ ਨਵਾਸੇ (ਦੋਹਤੇ) ਨੇ ਯਜ਼ੀਦ ਦੀ ਬੈਅਤ ਮੰਨ ਲਈ ਹੁੰਦੀ ਤਾਂ ਈਰਾਨ ਦੇ ਕੱਕੇ ਰੇਤੇ ਤੋਂ ਉਨ੍ਹਾਂ ਦੀਆਂ ਪੈੜਾਂ ਹਵਾ ਦੇ ਇਕ ਬੁੱਲੇ ਨੇ ਹੀ ਮਿਟਾ ਦੇਣੀਆਂ ਸਨ।

ਈਰਾਨ ਦੀ ਧਰਤੀ ’ਤੇ ਭਾਵੇਂ ਸਦੀਆਂ ਤੋਂ ਖ਼ੂਨ ਡੁੱਲ੍ਹਦਾ ਆਇਆ ਹੈ ਪਰ ਕਰਬਲਾ ਦੇ ਸ਼ਹੀਦਾਂ ਦੀ ਡੁੱਲ੍ਹੀ ਰੱਤ ਨੇ ਇਸ ਦੀ ਪਾਕ ਮਿੱਟੀ ਨੂੰ ਮਸਤਕਾਂ ਦਾ ਸ਼ਿੰਗਾਰ ਬਣਾਈ ਰੱਖਿਆ ਹੈ। ਤੇਲ ਅਤੇ ਕੁਦਰਤੀ ਗੈਸ/ਖਣਿਜਾਂ ਨੇ ਈਰਾਨ ਨੂੰ ਆਰਥਿਕ ਤੌਰ ’ਤੇ ਅਮੀਰ ਬਣਾਇਆ ਸੀ। ਅੱਜ ਉਹੀ ਕੁਦਰਤੀ ਦਾਤਾਂ ਇਸ ਲਈ ਮੁਸੀਬਤਾਂ ਸਹੇੜ ਰਹੀਆਂ ਹਨ। ਅਮਰੀਕਾ ਵਰਗੀ ਮਹਾ-ਸ਼ਕਤੀ ਇਸ ਦੇ ਕੁਦਰਤੀ ਭੰਡਾਰਾਂ ’ਤੇ ਆਪਣਾ ਏਕਾਧਿਕਾਰ ਚਾਹੁੰਦੀ ਹੈ। ਇਸ ਦੀ ਪੂਰਤੀ ਲਈ ਅਮਰੀਕਾ ਈਰਾਨ ਵਿਚ ਆਪਣੀ ਕਠਪੁਤਲੀ ਸਰਕਾਰ ਬਣਾਉਣ ਦੀਆਂ ਗੋਂਦਾਂ ਗੁੰਦਦਾ ਆ ਰਿਹਾ ਹੈ। ਸੰਨ 1979 ਦੀ ‘ਇਸਲਾਮਿਕ ਕ੍ਰਾਂਤੀ’ ਤੋਂ ਬਾਅਦ ਅਯਾਤੁੱਲਾ ਖ਼ੁਮੈਨੀ ਈਰਾਨ ਦਾ ਰਹਿਬਰ ਬਣਿਆ ਤਾਂ ਉਹ ਅਮਰੀਕਾ ਦੀਆਂ ਅੱਖਾਂ ਵਿਚ ਰੜਕਣ ਲੱਗਾ ਸੀ। ਖ਼ੁਮੈਨੀ ਨੇ ਸ਼ਾਹ ਮੁਹੰਮਦ ਰਜ਼ਾ ਪਹਿਲਵੀ ਦਾ ਤਖ਼ਤਾ ਪਲਟ ਕੇ ਇਸਮਾਮਿਕ ਗਣਰਾਜ ਸਥਾਪਤ ਕੀਤਾ ਸੀ।

ਸ਼ਾਹ ਨੇ ਈਰਾਨ ਦਾ ਪੱਛਮੀ ਤਰਜ਼ ’ਤੇ ਵਿਕਾਸ ਕੀਤਾ ਕਿਉਂਕਿ ਉਹ ਕੱਟੜਤਾ ਦੇ ਵਿਰੁੱਧ ਸੀ। ਸ਼ਾਹ ਜਨਤਕ ਤੌਰ ’ਤੇ ਕਹਿੰਦਾ ਕਿ ਹਿਜਾਬ ਦੀ ਕੈਦ ’ਚੋਂ ਅਪਸਰਾਵਾਂ ਨੂੰ ਮੁਕਤ ਕਰ ਕੇ ਉਸ ਨੂੰ ਅੰਤਾਂ ਦਾ ਸਕੂਨ ਮਿਲਿਆ ਸੀ। ਇਸ ਖੁੱਲ੍ਹ ਨੂੰ ਲੈ ਕੇ ਖ਼ੁਮੈਨੀ ਨੇ ਜਹਾਦ ਖੜ੍ਹਾ ਕਰ ਦਿੱਤਾ। ਸ਼ੱਰ੍ਹਾ ਤੇ ਸ਼ਰੀਅਤ ਦਾ ਬੋਲਬਾਲਾ ਹੋ ਗਿਆ। ਸ਼ੁਰੂ ਵਿਚ ਅਵਾਮ ਨੇ ਖ਼ੁਮੈਨੀ ਨੂੰ ਪਲਕਾਂ ’ਤੇ ਬਿਠਾਇਆ ਸੀ। ਇਕ ਦਹਾਕੇ ਦੇ ਰਾਜ-ਕਾਲ ਤੋਂ ਬਾਅਦ ਉਹ ਅੱਲ੍ਹਾ ਨੂੰ ਪਿਆਰਾ ਹੋਇਆ ਤਾਂ ਕਮਾਨ ਉਸ ਦੇ ਚੇਲੇ ਖ਼ਾਮਨੇਈ ਦੇ ਹੱਥ ਆ ਗਈ। ਕੱਟੜਤਾ ਕਾਰਨ ਅਣਗਿਣਤ ਲੋਕ ਈਰਾਨ ਛੱਡ ਕੇ ਪਰਵਾਸ ਕਰਨ ਲੱਗ ਪਏ। ਅਮਰੀਕਾ ਤੇ ਇਜ਼ਰਾਈਲ ਈਰਾਨ ’ਤੇ ਹਮਲਾ ਕਰ ਕੇ ਖ਼ਾਮਨੇਈ ਸਣੇ ਸਿਖਰਲੀ ਕਤਾਰ ਦੇ ਨੇਤਾ ਨਾ ਮਾਰਦੇ ਤਾਂ ਹੋ ਸਕਦਾ ਸੀ ਕਿ ਅਵਾਮ ਹੀ ਉਨ੍ਹਾਂ ਖ਼ਿਲਾਫ਼ ਬਗ਼ਾਵਤ ਕਰ ਦਿੰਦਾ।

ਈਰਾਨ ਦੇ ਕੁਦਰਤੀ ਸਰੋਤਾਂ ਦੀ ਰਖਵਾਲੀ ਕਰਨ ਵਾਲੇ ਅਮਰੀਕਾ ਨੂੰ ਕਦੇ ਪਸੰਦ ਨਹੀਂ ਆਉਂਦੇ। ਜਮਹੂਰੀ ਤਰੀਕੇ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਮੁਹੰਮਦ ਮੁਸਾਦਿਕ (1951-1953) ਖ਼ਿਲਾਫ਼ ਅਮਰੀਕਾ ਦੀ ਖ਼ੁਫ਼ੀਆ ਏਜੰਸੀ ਸੀਆਈਏ ਅਤੇ ਬਰਤਾਨੀਆ ਦੀ ਏਜੰਸੀ ਯੂਕੇ (ਐੱਮ 16) ਨੇ ‘ਆਪ੍ਰੇਸ਼ਨ ਅਜੈਕਸ’ ਤਹਿਤ ਰਾਜ-ਪਲਟਾ ਕਰਵਾ ਦਿੱਤਾ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਪ੍ਰਧਾਨ ਮੰਤਰੀ ਬਣਦਿਆਂ ਸਾਰ ਮੁਸਾਦਿਕ ਨੇ ਤੇਲ, ਗੈਸ ਅਤੇ ਦੇਸ਼ ਦੇ ਹੋਰ ਕੁਦਰਤੀ ਸਰੋਤਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਸੀ।

ਵੈਨੇਜ਼ੁਏਲਾ ਦੇ ਕਾਇਮ-ਮੁਕਾਮ ਸਦਰ ਨਿਕੋਲਸ ਮਾਦੁਰੋ ਨੂੰ ਤਿੰਨ ਜਨਵਰੀ 2026 ਨੂੰ ਦੇਸ਼ ਦੀ ਰਾਜਧਾਨੀ ’ਚੋਂ ਚੁੱਕਣ ਤੋਂ ਬਾਅਦ ਹੱਥਕੜੀਆਂ ਲਗਾ ਕੇ ਨਿਊਯਾਰਕ ਲਿਆਂਦਾ ਗਿਆ ਸੀ। ਨਸ਼ਾ ਤੇ ਮਨੁੱਖੀ ਤਸਕਰੀ ਦੇ ਬੇਬੁਨਿਆਦ ਇਲਜ਼ਾਮ ਲਗਾ ਕੇ ਉਸ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਟਰੰਪ ਦੀ ਵੈਨੇਜ਼ੁਏਲਾ ਦੇ ਕੁਦਰਤੀ ਸਰੋਤਾਂ ’ਤੇ ਅੱਖ ਸੀ। ਨੋਬਲ ਸ਼ਾਂਤੀ ਪੁਰਸਕਾਰ ਹਾਸਲ ਕਰਨ ਲਈ ਖ਼ੁਦ ਦੀ ਵਕਾਲਤ ਕਰਨ ਵਾਲਾ ਟਰੰਪ ਹੁਣ ਆਪਾ ਖੋ ਚੁੱਕਾ ਲੱਗਦਾ ਹੈ। ਦਬਾਅ ’ਚ ਆ ਕੇ ਜੇ ਚੋਣ ਕਮੇਟੀ ਉਸ ਨੂੰ ਸ਼ਾਂਤੀ ਪੁਰਸਕਾਰ ਦੇ ਦਿੰਦੀ ਤਾਂ ਅਲਫਰੈਡ ਨੋਬਲ ਦੀ ਆਤਮਾ ਬੇਚੈਨ ਹੋ ਜਾਣੀ ਸੀ।

ਖ਼ੈਰ, ਮੱਧ-ਪੂਰਬ ਦੇ ਤਣਾਅ ਦਾ ਅਸਰ ਦੁਨੀਆ ਭਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਉੱਥੋਂ ਦੀ ਅੱਗ ਦਾ ਸੇਕ ਭਾਰਤ ਸਣੇ ਕਈ ਦੇਸ਼ਾਂ ਵਿਚ ਮਹਿਸੂਸ ਹੋ ਰਿਹਾ ਹੈ। ਗੈਸ ਦੀ ਸਪਲਾਈ ਵਿਚ ਵਿਘਨ ਪੈਣ ਕਰਕੇ ਕਈ ਮੰਦਰਾਂ ਵਿਚ ਪਰਸ਼ਾਦਿਆਂ ਦੀ ਬਜਾਏ ਦਾਲ-ਚੌਲਾਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਪ੍ਰਾਚੀਨ ਸਮੇਂ ਅਖੰਡ ਹਿੰਦੁਸਤਾਨ ਦੀਆਂ ਹੱਦਾਂ-ਸਰਹੱਦਾਂ ਈਰਾਨ ਨਾਲ ਮਿਲਦੀਆਂ ਸਨ। ਮੱਧ-ਪੂਰਬ ਦੀ ਸਿਆਸਤ ਦਾ ਜ਼ਿਕਰ ਹੁੰਦਾ ਹੈ ਤਾਂ ਇਤਿਹਾਸ ਦੇ ਪੰਨੇ ਖ਼ੁਦ-ਬ-ਖ਼ੁਦ ਖੁੱਲ੍ਹ ਜਾਂਦੇ ਹਨ।

ਪੰਜਾਬ, ਪੰਜਾਬੀ ਤੇ ਪੰਜਾਬੀਅਤ ਸ਼ਬਦ ਫ਼ਾਰਸੀ (ਈਰਾਨ) ਦੀ ਦੇਣ ਹਨ। ਉਰਦੂ ਅਤੇ ਪੰਜਾਬੀ ਦੇ ਅੱਧੇ ਤੋਂ ਵੱਧ ਸ਼ਬਦਾਂ ਦਾ ਮੂਲ ਵੀ ਫ਼ਾਰਸੀ ਹੀ ਹੈ। ‘ਖ਼ਾਨਾ-ਖ਼ਰਾਬ’, ‘ਜ਼ਿੰਦਾ-ਦਿਲ’ ਤੇ ‘ਗੱਪ-ਸ਼ੱਪ’ ਆਦਿ ਤਤਸਮ ਰੂਪ ਵਿਚ ਪੰਜਾਬੀ-ਉਰਦੂ ਵਿਚ ਸਮਾਏ ਹੋਏ ਹਨ।

ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ, ਵਾਰਿਸ ਸ਼ਾਹ ਦੀ ‘ਹੀਰ’, ਕਿੱਸਾ-ਕਾਵਿ ਤੇ ਕਾਫ਼ੀਆਂ ਵਿਚ ਫ਼ਾਰਸੀ ਸ਼ਬਦਾਂ ਦੀ ਭਰਮਾਰ ਹੈ। ਆਰਥਿਕ, ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਤੌਰ ’ਤੇ ਫ਼ਾਰਸ (ਈਰਾਨ) ਅਤੇ ਹਿੰਦੁਸਤਾਨ ਨਿਕਟ-ਵਰਤੀ ਰਹੇ ਹਨ। ਈਰਾਨ ਦੇ ਖੁਰਾਸਾਨ ਦਾ ਜ਼ਿਕਰ ਤਾਂ ਨਾਨਕਬਾਣੀ (ਬਾਬਰਬਾਣੀ) ਵਿਚ ਵੀ ਆਉਂਦਾ ਹੈ। ਇਸ ਲਈ ਈਰਾਨ ਦੀ ਸਰਜ਼ਮੀਨ ’ਤੇ ਕੋਈ ਵੀ ਭਾਣਾ ਵਰਤਦਾ ਹੈ ਤਾਂ ਪੰਜਾਬੀਆਂ ਦਾ ਦਿਲ ਦੁਖਣਾ ਕੁਦਰਤੀ ਹੈ। ਅਮਰੀਕਾ ਦੀ ਦੋਗਲੀ ਨੀਤੀ ਜਗ ਜ਼ਾਹਰ ਹੈ।

ਹਕੀਕਤ ਇਹ ਹੈ ਕਿ ਮਨੁੱਖੀ ਅਧਿਕਾਰਾਂ ਦੇ ਸਭ ਤੋਂ ਵੱਡੇ ਅਲੰਬਰਦਾਰ ਨੇ ਮਨੁੱਖਤਾ ਦਾ ਸਭ ਤੋਂ ਵੱਧ ਘਾਣ ਕੀਤਾ ਹੈ। ਦੋ ਆਲਮੀ ਜੰਗਾਂ ਵਿਚ ਅਣਗਿਣਤ ਦੇਸ਼ ਤਬਾਹ ਹੋਏ ਸਨ ਤਾਂ ਸੰਯੁਕਤ ਰਾਸ਼ਟਰ ਸੰਘ ਹੋਂਦ ਵਿਚ ਆਇਆ ਸੀ। ਨਿਊਯਾਰਕ ਸਥਿਤ ਯੂਨਾਈਟਿਡ ਨੇਸ਼ਨਜ਼ ਦੇ ਦਰਵਾਜ਼ੇ ’ਤੇ ਫ਼ਾਰਸੀ ਦੇ ਮਹਾਨ ਕਵੀ ਸ਼ੇਖ਼ ਸਾਅਦੀ ਦੀ ਅੱਠ ਸਦੀਆਂ ਪਹਿਲਾਂ ਲਿਖੀ ਕਵਿਤਾ ‘ਬਨੀ ਆਦਮ’ ਉੱਕਰੀ ਮਿਲਦੀ ਹੈ।

ਇਸ ਰਚਨਾ ਦਾ ਸਾਰਾਂਸ਼ ਇਹ ਹੈ ਕਿ ਮਨੁੱਖ ਇਕ-ਦੂਜੇ ਦੇ ਅੰਗ ਹਨ। ਇਕ ਦੇ ਦੁੱਖ ਨਾਲ ਦੂਜਾ ਅੰਗ ਬੇਚੈਨ ਹੋ ਜਾਂਦਾ ਹੈ। ਸਾਰੀ ਮਨੁੱਖਤਾ ਸਾਂਝਾ ਭਾਈਚਾਰਾ ਹੈ। ਭਾਵ, ਇਕ ਦੇਸ਼ ਵਿਚ ਛਿੜੀ ਜੰਗ ਦਾ ਅਸਰ ਪੂਰੇ ਆਲਮ ’ਚ ਹੁੰਦਾ ਹੈ। ਕਾਸ਼! ਟਰੰਪ ਨੇ ਯੂਐੱਨ ਦੇ ਦਰਵਾਜ਼ੇ ’ਤੇ ਉੱਕਰੀ ਇਸ ਨਜ਼ਮ ਨੂੰ ਆਤਮਸਾਤ ਕੀਤਾ ਹੁੰਦਾ।